ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਈ ਜਾਣ ਵਾਲੀ ਦੀਵਾਲੀ ਇਕ ਪਵਿੱਤਰ ਤਿਉਹਾਰ ਹੋਣ ਦੇ ਨਾਲ-ਨਾਲ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲਾ ਦਿਵਸ ਵੀ ਹੈ | ਜਿੱਥੇ ਇਸ ਤਿਉਹਾਰ ਨੂੰ ਹਿੰਦੂਆਂ, ਸਿੱਖਾਂ, ਨਿਪਾਲੀਆਂ, ਬੋਧੀਆਂ ਆਦਿ ਵਲੋਂ ਆਪੋ-ਆਪਣੇ ਢੰਗ ਅਤੇ ਰਵਾਇਤ ਅਨੁਸਾਰ ਸਾਂਝੇ ਤੌਰ 'ਤੇ ਮਨਾਇਆ ਜਾਂਦਾ ਹੈ, ਉੱਥੇ ਹੀ ਭਾਰਤ ਦੇ ਨਾਲ-ਨਾਲ ਨਿਪਾਲ, ਸ੍ਰੀਲੰਕਾ, ਮੋਰੇਸ਼ੀਅਸ, ਸੁਰੀਨਾਮ, ਮਿਆਂਮਾਰ, ਮਲੇਸ਼ੀਆ, ਸਿੰਗਾਪੁਰ ਅਤੇ ਫਿਜ਼ੀ ਆਦਿ ਦੇਸ਼ਾਂ ਵਿਚ ਇਸ ਦਿਨ ਸਰਕਾਰੀ ਛੁੱਟੀ ਵੀ ਐਲਾਨੀ ਜਾਂਦੀ ਹੈ |

ਹਿੰਦੂ ਮੱਤ ਅਨੁਸਾਰ ਦੀਵਾਲੀ ਵਾਲੇ ਦਿਨ ਭਾਵ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਅਯੁੱਧਿਆ ਦੇ ਰਾਜਾ ਸ੍ਰੀ ਰਾਮ ਚੰਦਰ ਲੰਕਾ ਦੇ ਰਾਜਾ ਰਾਵਣ ਦੀ ਯੁੱਧ ਵਿਚ ਹੱਤਿਆ ਕਰਕੇ ਅਯੁੱਧਿਆ ਪਰਤੇ ਸਨ | ਉਨ੍ਹਾਂ ਦੇ ਵਾਪਸ ਪਰਤਣ ਦੀ ਖ਼ੁਸ਼ੀ ਵਿਚ ਅਯੁੱਧਿਆ ਵਾਸੀਆਂ ਵਲੋਂ ਘਿਓ ਦੇ ਦੀਵੇ ਬਾਲ ਕੇ ਰੌਸ਼ਨੀ ਕੀਤੀ ਗਈ, ਜੋ ਰਵਾਇਤ ਅੱਜ ਵੀ ਨਿਰਵਿਘਨ ਜਾਰੀ ਹੈ |
ਜੈਨੀ ਲੋਕਾਂ ਦਾ ਮੱਤ ਹੈ ਕਿ ਉਨ੍ਹਾਂ ਦੇ 24ਵੇਂ ਤੀਰਥੰਕਰ ਮਹਾਂਵੀਰ ਸਵਾਮੀ ਜੀ ਨੂੰ 527 ਬੀ. ਸੀ. ਵਿਚ ਦੀਵਾਲੀ ਦੇ ਦਿਨ ਹੀ ਪਟਨਾ ਦੀ ਪਾਵਾਪੁਰੀ ਵਿਚ ਮੋਕਸ਼ ਪ੍ਰਾਪਤ ਹੋਇਆ | ਜੈਨ ਗ੍ਰੰਥਾਂ ਅਨੁਸਾਰ ਮਹਾਂਵੀਰ ਸਵਾਮੀ ਨੇ ਦੀਵਾਲੀ ਤੋਂ ਪਹਿਲੀ ਰਾਤ ਨੂੰ ਅੱਧੀ ਰਾਤ ਸਮੇਂ ਆਪਣਾ ਆਖ਼ਰੀ ਉਪਦੇਸ਼ ਦਿੱਤਾ ਸੀ | ਉਨ੍ਹਾਂ ਦੁਆਰਾ ਦਿੱਤੇ ਆਖ਼ਰੀ ਉਪਦੇਸ਼ ਨੂੰ ਉਤਰਾਧਿਆਨ ਸੂਤਰ ਨਾਂਅ ਨਾਲ ਜਾਣਿਆ ਜਾਂਦਾ ਹੈ | ਇਸੇ ਦਿਨ ਮਹਾਤਮਾ ਗੌਤਮ ਬੁੱਧ ਦੇ ਅਨੁਆਈਆਂ ਨੇ 2500 ਸਾਲ ਪਹਿਲਾਂ ਗੌਤਮ ਬੁੱਧ ਦੇ ਸਵਾਗਤ ਦੀ ਖ਼ੁਸ਼ੀ ਵਿਚ ਦੀਪਮਾਲਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ | ਸਮਰਾਟ ਵਿਕ੍ਰਮਾਦਿਤ ਦੀਵਾਲੀ ਦੇ ਦਿਨ ਹੀ ਰਾਜ ਤਖ਼ਤ 'ਤੇ ਬੈਠੇ ਸਨ |
ਕੋਟਲਿਆ ਅਰਥਸ਼ਾਸਤਰ ਦੇ ਅਨੁਸਾਰ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਮੰਦਰਾਂ ਅਤੇ ਘਾਟਾਂ (ਨਦੀ ਦੇ ਕਿਨਾਰੇ) 'ਤੇ ਘਿਉ ਦੇ ਦੀਵੇ ਜਗਾਏ ਜਾਂਦੇ ਸਨ | ਪੁਰਾਤਤਵ ਮਾਹਿਰਾਂ ਅਨੁਸਾਰ 500 ਈ. ਪੂ. ਮੋਹੰਜੋਦੜੋ ਸੱਭਿਅਤਾ ਦੇ ਮਿਲੇ ਅਵਸ਼ੇਸ਼ਾਂ 'ਚੋਂ ਇਕ ਅਜਿਹੀ ਮਿੱਟੀ ਦੀ ਮੂਰਤੀ ਪ੍ਰਾਪਤ ਹੋਈ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਉਸ ਸਦੀ ਵਿਚ ਵੀ ਦੀਵਾਲੀ ਮਨਾਈ ਜਾਂਦੀ ਸੀ ਅਤੇ ਦੀਪਮਾਲਾ ਕੀਤੀ ਜਾਂਦੀ ਸੀ |
ਮੁਗ਼ਲ ਸ਼ਾਸਕ ਬਾਬਰ ਦੀਵਾਲੀ ਦੇ ਮੌਕੇ 'ਤੇ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਕੱਪੜੇ, ਮਠਿਆਈਆਂ ਅਤੇ ਹੋਰ ਜ਼ਰੂਰਤ ਦਾ ਸਾਮਾਨ ਦਾਨ ਕਰਕੇ ਆਪਣੇ ਰਾਜ ਮਹਲ ਵਿਚ ਰੌਸ਼ਨੀ ਕਰਦਾ ਸੀ | ਇਹ ਰਵਾਇਤ ਉਸ ਦੇ ਪੁੱਤਰ ਬਾਦਸ਼ਾਹ ਹਮਾਂਯੂੰ ਦੇ ਸਮੇਂ ਵੀ ਜਾਰੀ ਰਹੀ | ਖ਼ੁਦ ਨੂੰ ਦੀਨ-ਏ-ਇਲਾਹੀ ਮੰਨਣ ਵਾਲੇ ਮੁਗ਼ਲ ਬਾਦਸ਼ਾਹ ਅਕਬਰ ਦੇ ਸ਼ਾਸਨਕਾਲ ਸਮੇਂ ਉਨ੍ਹਾਂ ਵਲੋਂ ਸ਼ਾਹੀ ਕਿਲ੍ਹੇ 'ਚ ਆਪਣੇ ਦੌਲਤਖ਼ਾਨੇ ਦੇ ਸਾਹਮਣੇ 40 ਫੁੱਟ ਉੱਚੇ ਲਕੜੀ ਦੇ ਖੰਭੇ 'ਤੇ ਇਕ ਵੱਡਾ ਆਕਾਸ਼ਦੀਪ ਦੀਵਾਲੀ ਦੇ ਦਿਨ ਲਟਕਾਇਆ ਜਾਂਦਾ ਸੀ | ਬਾਦਸ਼ਾਹ ਜਹਾਂਗੀਰ ਵੀ ਦੀਵਾਲੀ ਧੂਮਧਾਮ ਨਾਲ ਮਨਾਉਂਦਾ ਸੀ | ਮੁਗ਼ਲ ਵੰਸ਼ ਦੇ ਆਖ਼ਰੀ ਸਮਰਾਟ ਬਹਾਦਰ ਸ਼ਾਹ ਜ਼ਫ਼ਰ ਦੀਵਾਲੀ ਨੂੰ ਤਿਉਹਾਰ ਦੇ ਰੂਪ ਵਿਚ ਮਨਾਉਂਦੇ ਸਨ ਅਤੇ ਇਸ ਮੌਕੇ 'ਤੇ ਕਰਾਏ ਜਾਣ ਵਾਲੇ ਪ੍ਰੋਗਰਾਮਾਂ ਵਿਚ ਖ਼ੁਦ ਸ਼ਾਮਿਲ ਹੁੰਦੇ ਸਨ | ਸ਼ਾਹ ਆਲਮ (ਦੂਸਰਾ) ਦੇ ਸਮੇਂ ਵੀ ਸਾਰੇ ਸ਼ਾਹੀ ਮਹਲ ਨੂੰ ਦੀਵਿਆਂ ਨਾਲ ਸਜਾਇਆ ਜਾਂਦਾ ਸੀ | ਨਿਪਾਲੀਆਂ ਲਈ ਦੀਵਾਲੀ ਦਾ ਤਿਉਹਾਰ ਇਸ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿਉਂਕਿ ਇਸੇ ਦਿਨ ਨਿਪਾਲ ਸੰਮਤ ਵਿਚ ਨਵਾਂ ਸਾਲ ਆਰੰਭ ਹੁੰਦਾ ਹੈ |
ਸਿੱਖ ਭਾਈਚਾਰੇ ਵਲੋਂ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਗੁਰੂ-ਘਰ ਦੇ ਵਿਰੋਧੀਆਂ ਦੀਆਂ ਝੂਠੀਆਂ ਸ਼ਿਕਾਇਤਾਂ 'ਤੇ ਮੁਗ਼ਲ ਬਾਦਸ਼ਾਹ ਜਹਾਂਗੀਰ ਵਲੋਂ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤੇ ਗਏ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀਵਾਲੀ ਵਾਲੇ ਦਿਨ ਹੀ ਆਪਣੇ ਨਾਲ ਕੈਦ ਹੋਰਨਾਂ 52 ਰਾਜਪੂਤ ਰਾਜਿਆਂ ਨੂੰ ਬੰਦੀ-ਮੁਕਤ ਕਰਵਾ ਕੇ ਵਾਪਸ ਪਰਤੇ ਸਨ | ਉਨ੍ਹਾਂ ਦੇ ਵਾਪਸ ਪਰਤਣ ਅਤੇ ਬੰਧਨ-ਮੁਕਤ ਹੋਣ ਦੀ ਖ਼ੁਸ਼ੀ ਵਿਚ ਉਸ ਰਾਤ ਬਾਬਾ ਬੁੱਢਾ ਜੀ ਦੇ ਹੁਕਮ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਪੂਰੇ ਅੰਮਿ੍ਤਸਰ ਸ਼ਹਿਰ ਵਿਚ ਦੀਪਮਾਲਾ ਕਰਕੇ ਖ਼ੁਸ਼ੀਆਂ ਮਨਾਈਆਂ ਗਈਆਂ | ਸ਼ਹੀਦ ਬਿਲਾਸ, ਭਾਈ ਸੇਵਾ ਸਿੰਘ ਭੱਟਖਰੀ (ਗੁਰਮੁਖੀ 'ਚ ਉਤਾਰਾ ਸ: ਛੱਜੂ ਸਿੰਘ) ਅਨੁਸਾਰ—ਭਾਈ ਮਨੀ ਸਿੰਘ ਜੀ ਨੇ ਸੰਮਤ 1790 ਬਿ. (1733 ਈ.) ਦੀ ਦੀਵਾਲੀ ਦੇ ਮੇਲੇ ਦੀ ਦਸ ਦਿਨਾਂ ਲਈ ਭਾਈ ਸੂਰਤ ਸਿੰਘ ਸੂਰੀ ਅਤੇ ਭਾਈ ਸੁਬੇਗ ਸਿੰਘ ਜੰਭਰ ਦੀ ਮਾਰਫ਼ਤ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਪਾਸੋਂ ਦਸ ਹਜ਼ਾਰ ਰੁਪਏ ਦੇਣੇ ਕਰ ਕੇ ਮਨਜ਼ੂਰੀ ਪ੍ਰਾਪਤ ਕਰ ਲਈ, ਪਰ ਜਦ ਮੇਲਾ ਨੇੜੇ ਆਇਆ ਤਾਂ ਹਕੂਮਤ ਦੀ ਨੀਯਤ ਬਦਲ ਗਈ | ਮੁਖ਼ਬਰਾਂ ਨੇ ਸੂਬੇ ਲਾਹੌਰ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਕਿ ਮੇਲੇ 'ਚ ਇਕੱਠੇ ਹੋਏ ਸਿੰਘਾਂ ਨੂੰ ਗਿ੍ਫ਼ਤਾਰ ਕਰ ਕੇ ਮਾਰ-ਮੁਕਾ ਦਿੱਤਾ ਜਾਵੇ | ਇਹ ਕਨਸੋਆਂ ਲਾਹੌਰੀ ਸਿੱਖਾਂ ਰਾਹੀਂ ਭਾਈ ਮਨੀ ਸਿੰਘ ਜੀ ਅਤੇ ਬਾਹਰਲੇ ਸਿੰਘਾਂ ਪਾਸ ਪੁੱਜ ਗਈਆਂ, ਜਿਸ ਕਾਰਨ ਮੇਲੇ ਵਿਚ ਰੁਕਾਵਟ ਪੈ ਗਈ ਅਤੇ ਕੋਈ ਵੀ ਸਿੰਘ ਦੀਵਾਲੀ ਸਮੇਂ ਅੰਮਿ੍ਤਸਰ ਦਰਸ਼ਨਾਂ ਲਈ ਨਾ ਆ ਸਕਿਆ | ਇਸ ਕਾਰਨ ਕੋਈ ਭੇਟਾ ਨਾ ਚੜ੍ਹਨ 'ਤੇ ਸੂਬੇ ਨੂੰ ਦਸ ਹਜ਼ਾਰ ਰੁਪਿਆ ਨਾ ਦਿੱਤਾ ਜਾ ਸਕਿਆ | ਟੈਕਸ ਦੀ ਰਕਮ ਅਦਾ ਨਾ ਕਰਨ ਦੇ ਦੋਸ਼ ਵਿਚ ਭਾਈ ਜੀ ਤੇ ਹੋਰ ਸਿੰਘਾਂ ਨੂੰ ਗਿ੍ਫ਼ਤਾਰ ਕਰਕੇ ਲਾਹੌਰ ਲੈ ਜਾਇਆ ਗਿਆ ਅਤੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ | ਦੀਵਾਲੀ ਨੂੰ ਹਿੰਦੂਆਂ ਸਿੱਖਾਂ ਸਮੇਤ ਦੂਸਰੇ ਧਰਮਾਂ ਦੇ ਲੋਕਾਂ ਦੁਆਰਾ ਸਾਂਝੇ ਰੂਪ ਵਿਚ ਮਨਾਏ ਜਾਣ ਕਰਕੇ ਇਹ ਤਿਉਹਾਰ ਕਿਸੇ ਇਕ ਸਮੂਹ ਦਾ ਨਾ ਹੋ ਕੇ ਪੂਰੇ ਰਾਸ਼ਟਰ ਦਾ ਸਾਂਝਾ ਤਿਉਹਾਰ ਬਣ ਚੁੱਕਿਆ ਹੈ |
- ਪ੍ਰਤੀਨਿਧੀ ਉਪ ਦਫ਼ਤਰ ਅਜੀਤ ਅੰਮਿ੍ਤਸਰ | ਮੋਬਾਈਲ : 9356127771