14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਿੰਨਤ, ਤਰਲਾ, ਵਾਸਤਾ

ਮਿੰਨਤ, ਤਰਲਾ, ਵਾਸਤਾ

Ad Position 21
No active advertisement
ਅਜੀਤ ਡੈਸਕ 15-11-2026

'ਰੋਇਆ ਰੱਬ ਨਾ ਰੀਝਦਾ ਤੇ ਮਿੰਨਤਾਂ ਨਾਲ ਸ਼ਰੀਕ' ਪੰਜਾਬੀ ਦਾ ਇਹ ਅਖਾਣ ਅਕਸਰ ਵਿਅਕਤੀ ਆਪਣੀ ਹੱਡ ਬੀਤੀ ਅਤੇ ਤਜਰਬੇ ਦੇ ਆਧਾਰ 'ਤੇ ਵਰਤਦਾ ਹੈ | ਜਿਵੇਂ ਆਪਣੇ-ਆਪ ਨੂੰ  ਸਮਝਾਉਣ ਲਈ ਜਾਂ ਆਪਣੇ ਕਿਸੇ ਖਾਸ ਕਰੀਬੀ ਨੂੰ  ਹਿੰਮਤ ਦੇਣ, ਸਮਾਜਿਕ ਰਿਸ਼ਤਿਆਂ ਦੀ ਇਕ ਅਣਸੁਖਾਵੀਂ ਤਸਵੀਰ ਨੂੰ  ਵਿਚਾਰਨ ਲਈ, ਸਿੱਕੇ ਦੇ ਦੋਵੇਂ ਪਹਿਲੂਆਂ ਨੂੰ  ਦੇਖਣ-ਪਰਖਣ ਲਈ, ਕੁਦਰਤ ਦੇ ਨਿਯਮਾਂ ਨੂੰ  ਅਜਮਾਉਣ ਲਈ, ਵਕਤ ਦੀ ਨਜ਼ਾਕਤ ਤੇ ਨਬਜ਼ ਨੂੰ  ਪਹਿਚਾਨਣ ਲਈ ਆਦਿ | ਇਹ ਅਖਾਣ ਆਪਣੇ-ਆਪ ਵਿਚ ਇਕ ਤਜਰਬਾ ਤੇ ਸਿੱਖਿਆ ਹੈ | ਜ਼ਿੰਦਗੀ ਦੇ ਡੰੂਘੇ ਅਰਥ ਤੇ ਸਚਾਈ ਇਸ ਵਿਚ ਛਿਪੀ ਹੋਈ ਹੈ, ਜੋ ਤਲਖ ਹਾਲਾਤ ਦਾ ਸਾਹਮਣਾ ਕਰਨ, ਵਕਤ ਦੀ ਕਸੌਟੀ 'ਤੇ ਖਰੇ ਉਤਰਨ ਅਤੇ ਕੁਦਰਤ ਦੀ ਅਜ਼ਮਾਇਸ਼ ਵਿਚੋਂ ਪਾਸ ਹੋਣ ਦੀ ਜਾਚ ਸਿਖਾਉਂਦੀ ਹੈ |

'ਮਿੰਨਤ ਕਹਿੰਦੀ ਕੁਝ ਨਹੀਂ ਬਣਨਾ, ਤਰਲਾ ਕਹਿੰਦਾ ਕੁਝ ਨਹੀਂ ਸਰਨਾ', ਵਿਚਾਰਿਆ ਤੇ ਆਪਣੇ ਪਿੰਡੇ 'ਤੇ ਹੰਡਾਉਣ ਤੋਂ ਬਾਅਦ ਪਤਾ ਲਗਦਾ ਹੈ ਕਿ ਸਾਡੇ ਪੁਰਖਿਆਂ ਨੇ ਇਹ ਅਖਾਣ/ਮੁਹਾਵਰਾ ਆਪਣੀ ਜ਼ਿੰਦਗੀ ਦੇ ਗੂੜੇ੍ਹ ਤਜਰਬਿਆਂ ਦੇ ਅਧਾਰ 'ਤੇ ਘੜਿਆ ਹੈ, ਜਿਸ ਦੀ ਪ੍ਰਪੱਕਤਾ ਤੇ ਮੌਲਿਕਤਾ ਅੱਜ ਵੀ ਸਾਰਥਿਕ ਹੈ ਤੇ ਭਵਿੱਖ ਵਿਚ ਵੀ ਕਾਇਮ ਰਹੇਗੀ | 
'ਵਾਸਤਾ ਨਾ ਪਾ, ਕਿਸੇ ਨਾਲ ਨਹੀਂ ਖੜ੍ਹਨਾ' ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਹਰ ਸ਼ਖ਼ਸ ਆਪਣੀ ਜ਼ਿੰਦਗੀ ਵਿਚ ਵਕਤ ਦੀ ਮਾਰ, ਘਰ-ਪਰਿਵਾਰ ਦੇ ਰਿਸ਼ਤਿਆਂ ਦੀ ਬਦਲਦੀ ਨੁਹਾਰ, ਕੁਦਰਤ ਦਾ ਕਹਿਰ, ਕਾਰੋਬਾਰ ਵਿਚ ਵਿੱਤੀ ਘਾਟਾ, ਵਿਤਕਰਾ ਤੇ ਤਿ੍ਸਕਾਰ, ਮੌਤ ਦਾ ਦਰਦ, ਕਿਸੇ ਅਣਸੁਖਾਵੀਂ ਘਟਨਾ ਆਦਿ ਨੂੰ  ਸਹਿਣ ਕਰਦਾ ਹੈ | ਕਹਿੰਦੇ ਨੇ ਕਿ ਮੁਸੀਬਤ ਕਦੇ ਵੀ ਇਕੱਲਿਆਂ ਨਹੀਂ ਆਉਂਦੀ, ਜਦੋਂ ਕਿਸਮਤ, ਵਕਤ, ਕੁਦਰਤ ਦੀ ਮਾਰ ਚਾਰੇ ਪਾਸਿਓਾ ਤੋਂ ਪੈਂਦੀ ਹੈ ਤਾਂ ਇਨਸਾਨ ਦਾ ਮਾਨਸਿਕ ਸੰਤੁਲਿਨ ਵਿਗੜਦਾ ਹੈ | ਇਕ ਵਾਰ ਤਾਂ ਪਹਾੜ ਵਰਗਾ ਮਜ਼ਬੂਤ ਦਿਸਣ ਵਾਲਾ ਇਨਸਾਨ ਵੀ ਆਪਣੀ ਬੁਨਿਆਦ ਹਿਲਦੀ ਮਹਿਸੂਸ ਕਰਦਾ ਹੈ | ਸੁਭਾਵਿਕ ਤੌਰ 'ਤੇ ਇਨਸਾਨ ਖ਼ੁਦ ਨੂੰ  ਕਮਜ਼ੋਰ, ਅਸਹਾਈ, ਇਕੱਲਾ ਮਹਿਸੂਸ ਕਰਦਾ ਹੈ | ਉਸ ਦੀ ਕੁਦਰਤ ਅੱਗੇ ਕੋਈ ਪੇਸ਼ ਚਲਦੀ ਨਜ਼ਰ ਨਹੀਂ ਆਉਂਦੀ | ਥੱਕਿਆ-ਹਾਰਿਆ ਅਤੇ ਨਿਰਾਸ਼ਾ ਦੇ ਆਲਮ ਵਿਚ ਉਹ ਕੁਦਰਤ ਤੋਂ ਰਹਿਮ ਦੀ ਅਪੀਲ ਕਰਦਾ ਹੈ | ਆਪਣੇ ਸਕੇ-ਸੰਬੰਧੀਆਂ ਅੱਗੇ ਤਰਲਾ-ਮਿੰਨਤ-ਵਾਸਤਾ ਪਾਉਂਦਾ ਹੋਇਆ ਆਪਣੇ-ਆਪ ਨੂੰ  ਤਰਸ ਦਾ ਪਾਤਰ ਬਣਾ ਬੈਠਦਾ, ਉਹ ਆਲੇ-ਦੁਆਲੇ ਪਨਪਦੇ ਹਰ ਰਿਸ਼ਤੇ ਤੋਂ ਅਪਣੱਤ ਤੇ ਹਮਦਰਦੀ ਚਾਹੁੰਦਾ ਹੈ ਜੋ ਉਸ ਦਾ ਮਨੋਬਲ ਡੇਗਦੇ ਹਨ | ਕਿਉਂਕਿ ਤੁਹਾਨੂੰ ਲਿਫਿਆ ਹੋਇਆ ਤੇ ਕਮਜ਼ੋਰ ਪੈਂਦਾ ਦੇਖ ਸਭ ਤੁਹਾਡੀ ਪਿੱਠ 'ਤੇ ਹੱਸਦੇ ਹਨ | ਤੁਹਾਨੂੰ ਹਮਦਰਦੀ ਤੇ ਮਦਦ ਦੇਣ ਦੀ ਬਜਾਇ ਮਜ਼ਾਕ ਉਡਾਉਂਦੇ ਹਨ | ਕਹਿੰਦੇ ਨੇ ਕਿ ਬੁਰੇ ਵਕਤ 'ਚ ਗਲੀਆਂ ਦੇ ਕੱਖਾਂ ਦੀ ਲੋੜ ਵੀ ਪੈ ਜਾਂਦੀ ਹੈ, ਪਰ ਇਕ ਪਹਿਲੂ ਇਹ ਵੀ ਹੈ ਕਿ ਇਹ ਕੱਖ ਵੀ ਤੁਹਾਡੀਆਂ ਅੱਖਾਂ ਵਿਚ ਹੰਝੂ ਦਿੰਦੇ ਹਨ, ਇਹ ਵੀ ਤੁਹਾਡੇ 'ਤੇ ਹੱਸਦੇ ਹਨ |
ਬੇਬਸ ਅੱਖਾਂ ਨਾਲ ਅਸਾਂ ਸਭ ਨੂੰ  ਤੱਕਿਆ,
ਵਾਸਤਾ ਪਾਉਂਦਾ ਦਿਲ ਅੱਕਿਆ ਨਾ ਥੱਕਿਆ
ਨਾ ਮਿੰਨਤ ਹੀ ਖੈਰ ਪਈ
ਨਾ ਕੋਈ ਤਰਲਾ ਹੀ ਵਾਪਸ ਮੁੜਿਆ
ਅਸਾਂ ਹੰਝੂਆਂ ਨੂੰ  ਪਤਾ ਨਹੀਂ
ਕਿਵੇਂ ਸੀਨੇ ਵਿਚ ਡੱਕਿਆ?
ਕਹਿੰਦੇ ਨੇ ਕਿ ਜਦੋਂ ਰੱਬ ਨੇ ਕਿਸੇ ਸ਼ਖ਼ਸ ਦੀ ਜ਼ਿੰਦਗੀ ਦੀ ਖੇਡ ਖਤਮ ਕਰਨੀ ਹੋਵੇ ਜਾਂ ਸੰਘਰਸ਼ ਕਰਵਾਉਂਦਿਆਂ ਹੋਇਆਂ ਸੂਈ ਦੇ ਨੱਕੇ ਵਿਚੋਂ ਦੀ ਲੰਘਾਉਣਾ ਹੋਵੇ ਤਾਂ ਉਹ ਆਪਣੇ ਦਰਵਾਜ਼ੇ ਬੰਦ ਕਰ ਦਿੰਦਾ ਹੈ ਤਾਂ ਜੋ ਅਰਦਾਸ ਉਸ ਤੱਕ ਨਾ ਪਹੁੰਚ ਸਕੇ ਸ਼ਾਇਦ ਉਹ ਸਾਡੀ ਸ਼ਖ਼ਸੀਅਤ ਨੂੰ  ਨਿਖਾਰ ਕੇ ਜ਼ਿੰਦਗੀ ਨੂੰ  ਨਵੀਂ ਦਿਸ਼ਾ ਤੇ ਸੇਧ ਦੇਣਾ ਚਾਹੁੰਦਾ | ਸ਼ਾਇਦ ਇਹ ਵੀ ਰੱਬ ਦੀ ਕੋਈ ਸਿਖਾਉਣ ਅਤੇ ਇਨਸਾਨ ਦੇ ਕੁਝ ਸਿੱਖਣ ਦੀ ਪ੍ਰਕਿਰਿਆ ਹੈ | ਕੁਦਰਤ ਵਿਚ ਵੀ ਰੱਬ ਵਸਦਾ | ਇਨਸਾਨ ਨੂੰ  ਅੱਤ ਮੁਸ਼ਕਿਲ ਸਮੇਂ ਵਿਚ ਜਦ ਕੁਦਰਤ ਵਾਸਤਾ, ਤਰਲਾ, ਮਿੰਨਤਾਂ ਕਰਦਿਆਂ ਦੇਖਦੀ ਹੈ ਤਾਂ ਸ਼ਾਇਦ ਉਹ ਮਨੁੱਖ ਨੂੰ  ਇਹ ਸਮਝਾਉਣਾ ਚਾਹੁੰਦੀ ਹੈ ਕਿ ਤੂੰ ਅੱਕੀਂ ਪਲਾਹੀਂ ਹੱਥ ਮਾਰ ਕੇ ਵੇਖ ਲੈ, ਤੂੰ ਜਣੇ-ਖਣੇ ਦੇ ਤਰਲੇ-ਮਿੰਨਤਾਂ ਕਰਕੇ ਅਤੇ ਵਾਸਤਾ ਪਾ ਕੇ ਵੇਖ ਲੈ, ਤੇਰੀ ਬਾਂਹ ਫੜ ਕਿਸੇ ਨੇ ਮਦਦ ਨਹੀਂ ਕਰਨੀ | ਮੈਂ ਵੀ ਤੇਰਾ ਸਾਥ ਨਹੀਂ ਦੇਵਾਂਗੀ, ਜਦ ਤੱਕ ਤੂੰ ਖੁਦ ਦਾ ਮਦਦਗਾਰ ਖੁਦ ਨਹੀਂ ਬਣਦਾ | ਜਦ ਤੂੰ ਖੁਦ ਦੀ ਮਦਦ ਖੁਦ ਕਰੇਂਗਾ ਤਦ ਤੈਨੂੰ ਮੈਂ ਵੀ ਤੇਰੇ ਨਾਲ ਖੜ੍ਹੀ ਨਜ਼ਰ ਆਵਾਂਗੀ | ਜਿਸ ਨੇ ਦੂਰ ਜਾਣ ਦਾ ਸੋਚ ਲਿਆ ਉਹ ਦੂਰ ਜਾ ਕੇ ਹੀ ਰਹੇਗਾ, ਤੇਰਾ ਵਾਸਤਾ ਵਿਅਰਥ ਹੈ | ਜਿਸ ਨੇ ਜੋ ਸੋਚ ਲਿਆ ਉਹ ਕਰੇਂਗਾ ਕਿਸੇ ਦਾ ਫੈਸਲਾ ਤੇਰੀ ਮਿੰਨਤ ਨਹੀਂ ਬਦਲ ਸਕਦੀ | ਏਦਾਂ ਕਰਕੇ ਤੂੰ ਖੁਦ ਨੂੰ  ਦੁਖੀ ਹੀ ਕਰੇਗਾ | ਸੋ, ਕੁਦਰਤ ਕੋਲੋਂ ਉਸ ਸਮੇਂ ਸਬਰ ਹੀ ਮੰਗ | ਮੈਂ ਤੇਰੇ ਅਨੁਕੂਲ ਪ੍ਰਤੀਕੁਲ ਚੱਲਾਂਗੀ | ਹਵਾ ਰਾਹੀਂ ਤੈਨੂੰ ਸੰਦੇਸ਼ ਵੀ ਦੇਵਾਂਗੀ | ਪਰ ਤੈਨੂੰ ਮੇਰੀ ਆਵਾਜ਼ ਸੁਣਨੀ ਪਵੇਗੀ ਤੇ ਸਮਝਣੀ ਪਵੇਗੀ |
ਅਸਮਾਨ ਵੱਲ ਨਿਗ੍ਹਾ ਮਾਰ ਲੲੀਂ
ਕੋਈ ਪੰਛੀ ਆਜ਼ਾਦ ਨਜ਼ਰੀਂ ਪੈ ਜਾਵੇ
ਖੰਭ ਫੈਲਾ ਸ਼ਾਇਦ ਕੁਝ ਸਮਝਾ ਜਾਵੇ |
ਰੱਬ ਕਹਿੰਦਾ ਹੈ ਕਿ ਸ਼ੋਰ ਵਿਚ ਤੈਨੂੰ ਮੈਂ ਸੁਣਾਈ ਨਹੀਂ ਦੇਵਾਂਗਾ | ਸੋ, ਪਹਿਲਾਂ ਆਪਣਾ ਮਨ ਸ਼ਾਂਤ ਕਰ, ਇਕ ਠਹਿਰਾਅ ਲਿਆ, ਮੈਂ ਤੇਰੇ ਅੰਦਰ ਬੈਠਾ ਤੈਨੂੰ ਹਰ ਸਮੇਂ ਵੇਖ ਰਿਹਾਂ ਹਾਂ, ਸੁਣ ਰਿਹਾ ਹਾਂ, ਤੇਰੀਆਂ ਸੋਚਾਂ ਦੀ ਘੁੰਮਣਘੇਰੀ ਵਿਚ ਮੈਂ ਵੀ ਭਟਕ ਰਿਹਾ ਹਾਂ, ਪਰ ਤੈਨੂੰ ਮੈਂ ਹਰ ਪਲ ਸੁਚੇਤ ਕਰਦਾ ਹਾਂ, ਤੇਰੀ ਫ਼ਿਕਰ ਕਰਦਾ ਹਾਂ | ਮੈਂ ਤੈਨੂੰ ਗਲ ਨਾਲ ਲਗਾਉਂਦਾ ਹਾਂ ਪਰ ਤੂੰ ਹੀ ਮੇਰੀਆਂ ਰਮਜ਼ਾਂ ਨੂੰ  ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ | ਆਪਣੀਆਂ ਮਨਆਈਆਂ ਕਰਦਾ ਦਿਮਾਗ ਦੇ ਪਿਛੇ ਲੱਗ ਮੇਰੇ ਨਾਲ ਰੁਸਦਾ ਫਿਰ ਪਛਤਾਉਂਦਾ-ਰੋਂਦਾ ਕੁਰਲਾਉਂਦਾ ਪਰ ਹੱਥ ਕੁਝ ਨਹੀਂ ਆਉਂਦਾ, ਐਵੇਂ ਰਿਸ਼ਤਿਆਂ ਨਾਲ ਉਲਝਦਾ, ਚੁੱਪ ਰਹਿ ਕੇ ਕਿਨਾਰਾ ਕਰ ਜਾਹ, ਸ਼ਾਂਤ ਹੋ ਜਾਹ | ਵਕਤ ਦੇ ਅੱਗੇ ਸਮਰਪਣ ਕਰਕੇ ਉਸ 'ਤੇ ਵੀ ਕੁਝ ਫੈਸਲੇ ਛੱਡ ਦੇ | ਮਸਲੇ ਜ਼ਰੂਰ ਹੱਲ ਹੋਣਗੇ | ਆਪਣਾ ਕਰਮ ਤੇ ਧਰਮ ਇਮਾਨਦਾਰੀ ਨਾਲ ਨਿਭਾਅ, ਖੁਦ 'ਤੇ ਭਰੋਸਾ ਕਰ | ਸੋਚ-ਵਿਚਾਰ ਕੇ ਜ਼ਿੰਦਗੀ ਦੀਆਂ ਪੈੜਾਂ ਦੀ ਨਿਸ਼ਾਨਦੇਹੀ ਕਰ | ਮੌਤ ਨੂੰ  ਸਵੀਕਾਰ ਕਰ | ਮੈਂ ਅਰਦਾਸ ਸੁਣਦਾ ਹਾਂ ਜੋ ਤੇਰੇ ਭਲੇ ਦੀ ਹੋਵੇ, ਜੋ ਸਰਬੱਤ ਦੇ ਭਲੇ ਦੀ ਹੋਵੇ ਪਰ ਜਿਸ ਵਿਚ ਤੇਰਾ ਨਿੱਜੀ ਸੁਆਰਥ ਜਾਂ ਕਿਸੇ ਲਈ ਬੁਰੀ ਭਾਵਨਾ ਹੋਵੇ ਉਹ ਮੈਂ ਨਹੀਂ ਸੁਣਾਂਗਾ | ਮੈਨੂੰ ਆਪਣੇ ਤਰੀਕੇ ਨਾਲ ਤੇਰਾ ਇਨਸਾਫ਼ ਕਰਨ ਦੇ, ਜੇ ਤੰੂ ਖੁਦ ਹੀ ਬੋਲ-ਬੋਲ ਕੇ ਆਪਣੀ ਗੱਲ ਰੱਖਣੀ ਤਾਂ ਫਿਰ ਮੈਂ ਤੇਰੇ 'ਤੇ ਛੱਡ ਦਿੰਦਾ, ਜੋ ਤੇਰਾ ਦਿਲ ਕਰਦਾ ਉਹ ਕਰ ਲੈ, ਪਰ ਮੈਂ ਤੇਰਾ ਸਾਥ ਨਹੀਂ ਛੱਡਦਾ | ਫਾਲਤੂ ਦੀ ਸ਼ਬਦਾਂ ਦੇ ਬੋਲ-ਕੁਬੋਲਾਂ ਦੀ ਲੜਾਈ ਤੈਨੂੰ ਸਿਵਾਇ ਦਰਦ, ਪ੍ਰੇਸ਼ਾਨੀ ਤੋਂ ਕੁਝ ਨਹੀਂ ਦੇਵੇਗੀ | ਸੋ, ਸਹੀ ਮੌਕੇ ਦਾ ਇੰਤਜ਼ਾਰ ਕਰ | ਬੋਲਣ ਤੇ ਮਨ ਦੀ ਕਹਿਣ ਦਾ ਵੀ ਇਕ ਸਮਾਂ ਆਵੇਗਾ | ਤੂੰ ਆਪਣਾ ਕਰਮ ਕਰ, ਮੇਰੇ ਦਰ 'ਤੇ ਆ ਕੇ, ਘਰ ਬੈਠ ਕੇ ਕੁਝ ਪਲ ਮੇਰੇ ਨਾਲ ਬਿਤਾ, ਮੈਨੂੰ ਸਿਮਰ, ਮੈਂ ਖਾਮੋਸ਼ ਪਰਿੰਦਿਆਂ ਦੀ ਆਵਾਜ਼ ਵੀ ਸੁਣਦਾ, ਪੱਥਰਾਂ ਦੇ ਵਿਚਾਲੇ ਕੀਟ-ਪਤੰਗਿਆਂ, ਕੀੜਿਆਂ ਦੀ ਵੀ ਸੁਣਦਾਂ, ਫਿਰ ਤੇਰੀ ਕਿਉਂ ਨਾ ਸੁਣਾਂਗਾ | ਪਰ ਤੈਨੂੰ-ਮੈਨੂੰ ਸਮਝਣ ਦਾ ਵੱਲ ਸਿੱਖਣਾ ਪਵੇਗਾ | ਮੈਂ ਤੇਰੇ ਵੱਲ ਤੇ ਤੇਰੀ ਸਮਝ ਦੋਵਾਂ ਵਿਚ ਆਵਾਂਗਾ | ਮੈਂ ਕਰਮ ਵਿਚ ਹਾਂ, ਕਰਮ ਹੀ ਮੇਰਾ ਧਰਮ ਹੈ, ਮੈਂ ਧਰਮ ਵਿਚ ਹਾਂ ਪਰ ਮੈਂ ਰੋਇਆ ਤੇਰੇ ਵੱਸ 'ਚ ਨਹੀਂ ਆਵਾਂਗਾ, ਹਾਂ ਪ੍ਰੇਮ ਵਿਚ ਮੇਰੇ ਲਈ ਹੰਝੂ ਵਹਾ, ਮੈਂ ਤੈਨੂੰ ਜ਼ਰੂਰ ਪ੍ਰਤੀਤ ਹੋਵਾਂਗਾ, ਪਰ ਮੈਂ ਦਰਦ ਦੇਣੋਂ ਨਹੀਂ ਹਟਾਂਗਾ, ਤੈਨੂੰ ਅਜਮਾਉਣੋਂ ਨਹੀਂ ਹਟਾਂਗਾ | ਮੈਂ ਇਹ ਕਦੀ ਨਹੀਂ ਚਾਹਾਂਗਾ ਕਿ ਜੋ ਮੈਨੂੰ ਪ੍ਰੇਮ ਕਰਦਾ ਹੈ, ਉਹ ਕਿਸੇ ਇਨਸਾਨ ਦਾ ਤਰਲਾ-ਮਿੰਨਤ ਕਰੇ | ਅਰਦਾਸ ਕਰ... ਅਰਦਾਸ ਕਰ... ਬਾਣੀ ਪੜ੍ਹ, ਵਿਚਾਰ, ਨਿਤਨੇਮ ਦਾ ਪੱਲਾ ਨਾ ਛੱਡ, ਅਰਦਾਸ ਕਰ... ਅਰਦਾਸ ਕਰ.. ਕਿਉਂਕਿ, 'ਰੋਇਆਂ ਰੱਬ ਨਹੀਂ ਰੀਝਦਾ, ਮਿੰਨਤਾਂ ਨਾਲ ਸ਼ਰੀਕ... |'

-ਪਿੰ੍ਰਸੀਪਲ, ਫੋਰ ਐਸ. ਸਕੂਲ ਹਰੀਕੇ ਪੱਤਣ |
ਮੋਬਾਈਲ : 79739-80928

Ad Position 22
No active advertisement
ਪਿਛਲੀ ਖ਼ਬਰ ਦਿਲ ਨਹੀਂ ਕਰਦਾ • ਸਤਨਾਮ ਸਿੰਘ ਮਾਣਕ • (98726-21741) ਅਗਲੀ ਖ਼ਬਰ var di load
Ad Position 24