ਵੱਖ-ਵੱਖ ਦੇਸ਼ਾਂ 'ਤੇ ਲਗਾਤਾਰ ਜਿੱਤਾਂ ਪ੍ਰਾਪਤ ਕਰਦਿਆਂ, ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਜੇ ਵਜੋਂ ਆਪਣੇ ਨਾਂਅ ਨਾਲ ਮਹਾਨ ਅਖਵਾਉਣ ਵਾਲੇ ਸਿਕੰਦਰ ਮਹਾਨ (1lexander The 7reat) ਨੂੰ 'ਪਰਾਂ ਹਟ, ਜ਼ਰਾ ਧੁੱਪ ਆਉਣ ਦੇ', ਕਹਿਣ ਦੀ ਹਿੰਮਤ ਇਤਿਹਾਸਿਕ ਬਾਗੀ ਫ਼ਕੀਰ ਡਾਇਓਜਨੀਜ਼ ਹੀ ਕਰ ਸਕਦਾ ਸੀ | ਡਾਇਓਜਨੀਜ਼ (4iogenes Of Sinope) ਦਾ ਜਨਮ 412 ਈਸਵੀ ਪੂਰਵ ਦੇ ਨੇੜੇ-ਤੇੜੇ ਸਿਨੋਪ (ਹੁਣ ਤੁਰਕੀ) ਵਿਖੇ ਹੋਇਆ | 'ਸਿਨੋਪ ਦਾ ਡਾਇਓਜਨੀਜ਼' ਪ੍ਰਾਚੀਨ ਯੂਨਾਨੀ ਫ਼ਲਸਫ਼ੇ ਵਿਚ ਸਭ ਤੋਂ ਦਿਲਚਸਪ ਅਤੇ ਵਿਲੱਖਣ ਸ਼ਖ਼ਸੀਅਤਾਂ ਵਿਚੋਂ ਇਕ ਹੈ | ਡਾਇਓਜਨੀਜ਼ ਦੇ ਪਿਤਾ ਹਿਕੇਸੀਆਸ (8icesias) ਸਿਨੋਪ ਵਿਚ ਇਕ ਬੈਂਕਰ ਵਜੋਂ ਆਪਣੀ ਚੋਖੀ ਪਹਿਚਾਣ ਰੱਖਦੇ ਸਨ | ਪ੍ਰਮੁੱਖ ਤੌਰ 'ਤੇ ਉਨ੍ਹਾਂ ਨੂੰ ਸਿੱਕੇ ਘੜਨ ਵਿਚ ਮੁਹਾਰਤ ਹਾਸਿਲ ਸੀ | ਇਕ ਘਟਨਾ ਉਪਰੰਤ ਡਾਇਓਜਨੀਜ਼ ਦੇ ਪਿਤਾ ਨੂੰ ਸਿੱਕਿਆਂ ਵਿਚ ਖੋਟ ਮਿਲਾਉਣ ਦੇ ਦੋਸ਼ ਵਿਚ ਸਿਨੋਪ ਤੋਂ ਬਾਹਰ ਹੋ ਜਾਣ ਦਾ ਹੁਕਮ ਸੁਣਾ ਦਿੱਤਾ ਗਿਆ | ਹੁਕਮ ਦੀ ਪਾਲਣਾ ਤਹਿਤ ਇਹ ਪਰਿਵਾਰ ਸਿਨੋਪ ਛੱਡ, ਏਥਨਜ਼ ਵਿਖੇ ਆ ਕੇ ਰਹਿਣ ਲੱਗ ਪਿਆ | ਏਥਨਜ਼ ਵਿਖੇ ਜਦੋਂ ਡਾਇਓਜਨੀਜ਼ ਨੂੰ ਪਤਾ ਲੱਗਾ ਕਿ ਉਸ ਸਮੇਂ ਦੇ ਸਾਰੇ ਯੂਨਾਨੀ ਦਾਰਸ਼ਨਿਕਾਂ ਵਿਚੋਂ ਐਂਟੀਸਥੀਨੀਜ਼ ਹੀ ਇਕ ਅਜਿਹਾ ਦਾਰਸ਼ਨਿਕ ਹੈ ਜੋ ਮਹਾਨ ਫ਼ਿਲਾਸਫਰ ਸ਼ੁਕਰਾਤ ਦੀ ਨਿਯਮਾਂਵਲੀ ਮੁਤਾਬਿਕ ਜ਼ਿੰਦਗੀ ਬਤੀਤ ਕਰ ਰਿਹਾ ਹੈ, ਤਾਂ ਆਪਣੇ ਅੰਦਰ ਉੱਠੀ ਹਲਚਲ ਤੋਂ ਮਜਬੂਰ ਡਾਇਓਜਨੀਜ਼ ਨੇ ਮਹਾਨ ਸੁਕਰਾਤ ਦੇ ਸਭ ਤੋਂ ਲਾਡਲੇ ਚੇਲੇ ਐਂਟੀਸਥੀਨੀਜ਼ ਦਾ ਸ਼ਾਗਿਰਦ ਬਣਨ ਦੀ ਠਾਣ ਲਈ | ਐਂਟੀਸਥੀਨੀਜ਼ ਇਕ ਅੱਤ ਦਰਜ਼ੇ ਦਾ ਗੁਸੈਲਾ ਦਾਰਸ਼ਨਿਕ ਸੀ, ਜੋ ਵੀ ਕੋਈ ਗੁਰੂ ਧਾਰਨਾ ਲਈ ਉਸ ਕੋਲ ਆਉਂਦਾ ਤਾਂ ਉਹ ਉਸ ਉੱਤੇ ਡੰਡਾ ਚੁੱਕਣ ਤੋਂ ਵੀ ਗੁਰੇਜ਼ ਨਾ ਕਰਦਾ | ਪਰ ਡਾਇਓਜਨੀਜ਼ ਦੀ ਜ਼ਿਦ, ਸਬਰ ਅਤੇ ਸੱਚਾਈ ਨੇ ਐਂਟੀਸਥੀਨੀਜ਼ ਦਾ ਮਨ ਛੂਹ ਲਿਆ | ਚੇਲਾ ਬਣਨ ਆਏ ਡਾਇਓਜਨੀਜ਼ ਉੱਤੇ ਆਪਣੇ ਸੁਭਾਅ ਅਨੁਸਾਰ ਜਦ ਐਂਟੀਸਥੀਨੀਜ਼ ਨੇ ਡੰਡਾ ਚੁੱਕ ਲਿਆ ਤਾਂ ਡਾਇਓਜਨੀਜ਼ ਨੇ ਆਖਿਆ ਕਿ, 'ਮਾਰੋ | ਮੈਨੂੰ ਜ਼ਰੂਰ ਮਾਰੋ, ਪਰ ਤੁਹਾਨੂੰ ਅਜਿਹਾ ਡੰਡਾ ਕਿਧਰੇ ਨਹੀਂ ਮਿਲੇਗਾ ਜੋ ਮੈਨੂੰ ਤੁਹਾਡੇ ਤੋਂ ਦੂਰ ਰੱਖ ਸਕੇ | ਮੈਂ ਉਦੋਂ ਤੱਕ ਤੁਹਾਡੇ ਕੋਲ ਹੀ ਹਾਂ ਜਦੋਂ ਤੱਕ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੇ ਕੋਲ ਮੈਨੂੰ ਸਿਖਾਉਣ ਲਈ ਅਜੇ ਬਹੁਤ ਕੁਝ ਬਾਕੀ ਹੈ' | ਡਾਇਓਜਨੀਜ਼ ਨੇ ਐਂਟੀਸਥੀਨੀਜ਼ ਦੀ ਸ਼ਰਨ ਵਿਚ ਰਹਿ ਕੇ ਆਪਣੇ-ਆਪ 'ਤੇ ਕਾਬੂ ਰੱਖਣਾ, ਦੁਨਿਆਵੀ ਚੀਜ਼ਾਂ ਪ੍ਰਤੀ ਨਫ਼ਰਤ ਦੀ ਧਾਰਨਾ ਪਕਾਉਣਾ ਅਤੇ ਮਹਾਨ ਸੁਕਾਰਤ ਦੀ ਵਿਰਾਸਤ ਨੂੰ ਅੱਗੇ ਤੋਰਨਾ ਆਦਿ ਸਿੱਖਿਆਵਾਂ ਪ੍ਰਾਪਤ ਕੀਤੀਆਂ |

ਅੱਜ ਡਾਇਓਜਨੀਜ਼ ਦੇ ਨਾਂਅ ਤੋਂ ਜਾਣੇ ਜਾਂਦੇ ਸਾਇਨਿਕਵਾਦ (3ynicism) ਦੀ ਬੁਨਿਆਦ ਅਸਲ ਵਿਚ ਐਂਟੀਸਥੀਨੀਜ਼ ਨੇ ਹੀ ਰੱਖੀ ਸੀ ਪਰ ਇਸ ਬੁਨਿਆਦ ਉੱਤੇ ਡਾਇਓਜਨੀਜ਼ ਨੇ ਅਜਿਹੀ ਇਮਾਰਤਸਾਜ਼ੀ ਕੀਤੀ ਕਿ ਸਾਇਨਿਕਵਾਦ ਡਾਇਓਜਨੀਜ਼ ਦੇ ਨਾਂਅ ਨਾਲ ਪੱਕੇ ਤੌਰ 'ਤੇ ਜੁੜ ਗਿਆ | ਸਾਇਨਿਕਵਾਦ ਦਾ ਸਾਇਨਿਕ (3ynic) ਸ਼ਬਦ ਗ੍ਰੀਕ ਭਾਸ਼ਾ ਦੇ ਸ਼ਬਦ ਕਿਨਿਕੋਸ (Kynikos) ਦਾ ਰੂਪਾਂਤਰਣ ਹੈ ਅਤੇ ਪੰਜਾਬੀ ਵਿਚ ਇਸ ਦਾ ਅਰਥ 'ਕੁੱਤੇ ਵਰਗਾ' ਹੋਣ ਤੋਂ ਹੈ | ਡਾਇਓਜਨੀਜ਼ ਨੇ ਸਾਇਨਿਕਵਾਦ ਨੂੰ ਫੈਲਾਇਆ ਹੀ ਨਹੀਂ ਸਗੋਂ ਆਪ ਕੁੱਤੇ (ਕਿਨਿਕੋਸ) ਵਾਂਗ ਸਾਦਾ, ਬੇ-ਪ੍ਰਵਾਹ ਅਤੇ ਕੁਦਰਤੀ ਨਿਯਮਾਂ ਅਨੁਸਾਰ ਜੀਵਨ ਜਿਊਾ ਕੇ ਵੀ ਵਿਖਾਇਆ | ਅਜਿਹਾ ਕਰਦਿਆਂ ਵੇਖ ਜਦ ਉਸ ਸਮੇਂ ਦੇ ਬੁੱਧੀਜੀਵੀ ਲੋਕਾਂ ਨੇ ਡਾਇਓਜਨੀਜ਼ ਨੂੰ ਚਿੜਾਉਣ ਲਈ ਉਸ ਨੂੰ ਕੁੱਤਾ ਆਖ ਕੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਡਾਇਓਜਨੀਜ਼ ਨੇ ਇਸ ਸਭ ਨੂੰ ਖਿੜੇ ਮੱਥੇ ਸਵੀਕਾਰ ਕੀਤਾ | ਕਿਉਂ ਜੋ ਕੁੱਤਾ, ਕੁਦਰਤ ਦੇ ਨੇੜੇ ਰਹਿ ਕੇ ਸਾਦਗੀ ਨਾਲ ਜਿਊਣਾ ਜਾਂ ਵਫ਼ਾਦਾਰ ਰਹਿਣਾ ਹੀ ਨਹੀਂ ਜਾਣਦਾ, ਸਗੋਂ ਖ਼ਤਰਾ ਹੋਣ 'ਤੇ ਉਹ ਦੂਜੇ ਉੱਤੇ ਭੌਂਕਣਾ ਵੀ ਬਾ-ਖੂਬੀ ਜਾਣਦਾ ਹੈ | ਆਪਣੀ 'ਮੈਂ' ਦੇ ਹੰਕਾਰ 'ਚ ਫਸੇ ਲੋਕਾਂ ਨੇ ਡਾਇਓਜਨੀਜ਼ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਵੀ ਹੱਥੋਂ ਨਾ ਜਾਣ ਦਿੱਤਾ | ਅਜਿਹੇ ਲੋਕ ਪਹਿਲਾਂ ਤਾਂ ਡਾਇਓਜਨੀਜ਼ ਨੂੰ ਆਪਣੇ ਨਿੱਜੀ ਸਮਾਗਮਾਂ ਵਿਚ ਹਾਜ਼ਰ ਹੋਣ ਲਈ ਸੱਦਾ ਦਿੰਦੇ ਤੇ ਫਿਰ ਪਤੀਲੇ 'ਚ ਧਰੇ ਜਾਨਵਰ ਦੀਆਂ ਬੋਟੀਆਂ ਉੱਤੋਂ ਮਾਸ ਆਪ ਚਰੂੰਡ ਲੈਣ ਉਪਰੰਤ ਹੱਡੀਆਂ ਡਾਇਓਜਨੀਜ਼ ਅੱਗੇ ਧਰ ਦਿੰਦੇ | ਡਾਇਓਜਨੀਜ਼ ਵੀ ਅੱਗਿਓਾ ਘੱਟ ਨਾ ਕਰਦਾ, ਉਹ ਸ਼ਰੇਆਮ ਆਪਣੀ ਲੱਤ ਚੁੱਕਦਾ ਅਤੇ ਇਨ੍ਹਾਂ ਹੱਡੀਆਂ ਉੱਪਰ ਕੁੱਤੇ ਵਾਂਗ ਪਿਸ਼ਾਬ ਦੀ ਧਾਰ ਮਾਰਦਾ ਹੋਇਆ ਸਮਾਰੋਹ ਵਿਚੋਂ ਬਾਹਰ ਚਲਾ ਜਾਂਦਾ |
ਡਾਇਓਜਨੀਜ਼ ਦੇ ਵਿਚਾਰ ਸਨ ਕਿ ਇਨਸਾਨ ਨੂੰ ਕੁਦਰਤ ਵਲੋਂ ਬਖਸ਼ੇ ਗਏ ਗੁਣ (virtue) ਹੀ ਉਸ ਦੀਆਂ ਖੁਸ਼ੀਆਂ ਲਈ ਖਜ਼ਾਨਾ ਹੁੰਦੇ ਹਨ | ਮਨੁੱਖ ਦੀ ਸਾਦਗੀ ਅਤੇ ਆਤਮ-ਨਿਰਭਰਤਾ ਅੱਗੇ ਭੌਤਿਕ ਵਸਤੂਆਂ ਜਿਵੇਂ ਕਿ ਪੈਸਾ, ਜਾਇਦਾਦ, ਸ਼ੋਹਰਤ, ਆਰਾਮ ਅਤੇ ਸਮਾਜਿਕ ਰੀਤੀ-ਰਿਵਾਜ਼ ਸਭ ਬੇਕਾਰ ਚੀਜ਼ਾਂ ਹਨ |
ਡਾਇਓਜਨੀਜ਼ ਸਮੁੱਚੀ ਮਨੁੱਖਤਾ ਨੂੰ ਕੁਦਰਤੀ ਲੋੜਾਂ ਤੱਕ ਸੀਮਤ ਰੱਖਦਿਆਂ ਸਭ ਤੋਂ ਵੱਧ ਸਾਦਗੀ ਅਤੇ ਸਵੈ-ਕਾਬੂ ਨਾਲ ਜਿਊਣ ਦਾ ਹੋਕਾ ਦਿੰਦਾ ਰਿਹਾ ਹੈ | ਉਸ ਅਨੁਸਾਰ ਜਦ ਅਸੀਂ ਸਭ ਕੁਦਰਤ ਦੁਆਰਾ ਬਣਾਏ ਹੋਏ ਇਕੋ ਜਿਹੇ ਜੀਵ ਹਾਂ ਤਾਂ ਫਿਰ ਸਭ ਪਸ਼ੂ ਪੰਛੀਆਂ ਨੂੰ ਛੱਡ ਕੇ ਇਹ ਸ਼ਰਮ-ਹਯਾ ਵਾਲਾ ਪਰਦਾ ਸਿਰਫ਼ ਮਨੁੱਖ ਲਈ ਹੀ ਕਿਉਂ ਹੈ? ਡਾਇਓਜਨੀਜ਼ ਮਨੁੱਖ ਨੂੰ ਸ਼ਰਮ-ਹਯਾ, ਸਮਾਜਿਕ ਰੀਤੀ-ਰਿਵਾਜ਼ ਅਤੇ ਧਾਰਮਿਕ ਰਸਮਾਂ ਤੋਂ ਮੁਕਤੀ ਪਾਉਂਦੇ ਹੋਏ ਕੁੱਤੇ ਵਾਂਗ ਜਿਊਣ ਦਾ ਸੁਨੇਹਾ ਲਾਉਂਦਾ ਹੈ | ਉਹ ਕਹਿੰਦਾ ਹੈ ਕਿ ਸਾਨੂੰ ਖਾਣਾ-ਪੀਣਾ, ਮਲ-ਤਿਆਗਣਾ ਜਾਂ ਕਾਮ ਇੱਛਾਵਾਂ ਦੀ ਪੂਰਤੀ ਕਰਨਾ ਸਭ ਬਾ-ਪਰਦਾ ਕਰਨ ਦੀ ਬਜਾਏ ਬੇ-ਪਰਦਾ ਕਰਨਾ ਚਾਹੀਦਾ ਹੈ, ਕਿਉਂ ਜੋ ਇਨਸਾਨ ਵੀ ਅਜਿਹਾ ਸਭ ਕੁਝ ਕਰਦਿਆਂ ਦੂਜੇ ਜੀਵਾਂ ਵਾਂਗ ਹੀ ਕੁਦਰਤ ਦੇ ਹੁਕਮਾਂ ਦੀ ਹੀ ਪਾਲਣਾ ਕਰ ਰਿਹਾ ਹੁੰਦਾ ਹੈ | ਯਾਦ ਰਹੇ ਕਿ ਡਾਇਓਜਨੀਜ਼ ਦੇ ਸਮੇਂ ਏਥਨਜ਼ ਦੇ ਲੋਕ ਸ਼ਰੇਆਮ ਬਾਜ਼ਾਰਾਂ ਵਿਚ ਮਲ-ਤਿਆਗਣਾ ਜਾਂ ਕਾਮ ਇਛਾਵਾਂ ਦੀ ਪੂਰਤੀ ਕਰਨ ਤਾਂ ਬਹੁਤ ਦੂਰ ਦੀ ਗੱਲ ਉਹ ਖੁੱਲ੍ਹੇ ਵਿਚ ਖਾਣਾ ਖਾਣ ਤੱਕ ਨੂੰ ਵੀ ਬਦਤਮੀਜ਼ੀ ਸਮਝਦੇ ਸਨ | ਡਾਇਓਜਨੀਜ਼ ਅਨੁਸਾਰ ਇਨਸਾਨ ਨੂੰ ਸ਼ਰਮ ਤਾਂ ਸਿਰਫ਼ ਬੁਰੇ ਕੰਮ ਕਰਨ ਲੱਗਿਆਂ ਆਉਣੀ ਚਾਹੀਦੀ ਹੈ | ਕੁਦਰਤੀ ਕੰਮ ਕਰਦਿਆਂ ਤਾਂ ਸਾਨੂੰ ਕੁਦਰਤ ਦੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ | 'ਸਾਧਾਂ ਨੂੰ ਕੀ ਐ ਸੁਆਦਾਂ ਨਾਲ' ਵਾਲੀ ਸਤਰ ਡਾਇਓਜਨੀਜ਼ 'ਤੇ ਪੂਰੀ ਤਰ੍ਹਾਂ ਢੁਕਦੀ ਨਜ਼ਰ ਪੈਂਦੀ ਹੈ | ਕਿਉਂਕਿ ਉਸ ਅਨੁਸਾਰ ਖਾਣਾ ਸੁਆਦ ਲੈਣ ਲਈ ਨਹੀਂ, ਬਲਕਿ ਭੁੱਖ ਮਿਟਾਉਣ ਲਈ ਖਾਧਾ ਜਾਣਾ ਚਾਹੀਦਾ ਹੈ |
ਸੱਚਾਈ ਭਰਪੂਰ ਅਤੇ ਇਕ ਇਮਾਨਦਾਰ ਜੀਵਨ ਜਿਊਣ ਵਾਲਾ ਡਾਇਓਜਨੀਜ਼ ਅਜਿਹੇ ਲੋਕਾਂ ਨੂੰ ਆਪਣੇ ਵਿਚਾਰਾਂ ਰਾਹੀਂ ਸ਼ਰੇਆਮ ਨੰਗਿਆਂ ਕਰਦਾ ਵਿਖਾਈ ਦਿੰਦਾ ਰਿਹਾ ਹੈ, ਜੋ ਨਕਲੀ ਅਤੇ ਧੋਖਿਆਂ ਭਰੀ ਜ਼ਿੰਦਗੀ ਜਿਊਾਦੇ ਹਨ |
ਡਾਇਓਜਨੀਜ਼ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਬਾਗੀ ਫ਼ਕੀਰਾਂ ਵਿਚ ਮਹੱਤਵਪੂਰਨ ਸਥਿਤੀ ਵਿਚ ਵੇਖਿਆ ਜਾ ਸਕਦਾ ਹੈ | ਉਸ ਦੀ ਫ਼ਕੀਰੀ ਕਿਸੇ ਧਰਮ ਜਾਂ ਰੱਬ ਦੀ ਭਗਤੀ ਲਈ ਨਹੀਂ ਸਗੋਂ ਸਮਾਜਿਕ ਪਾਖੰਡਾਂ ਦੇ ਵਿਰੁੱਧ ਇਕ ਬਗ਼ਾਵਤ ਵਿਚੋਂ ਨਿਕਲੀ ਸੀ | ਕੁਦਰਤ ਦੀ ਗੋਦ 'ਚ ਜਿਊਣਾ ਸਿਖਾਉਣ ਵਾਲੇ ਡਾਇਓਜਨੀਜ਼ ਦੀਆਂ ਲੋੜਾਂ ਨਾ ਦੇ ਬਰਾਬਰ ਸਨ | ਅੰਤਿਮ ਸਾਹਾਂ ਤੱਕ ਉਸ ਦੁਆਰਾ ਬਣਾਈ ਆਪਣੀ ਕੁੱਲ ਚੱਲ-ਅਚੱਲ ਜਾਇਦਾਦ ਵਿਚ ਉਸ ਕੋਲ ਬੱਸ ਤਿੰਨ ਵਸਤਾਂ ਸਨ, ਆਪਣਾ ਨੰਗ ਕੱਜਣ ਲਈ ਇਕ ਚੋਗਾ, ਸਹਾਰੇ ਲਈ ਇਕ ਡੰਡਾ ਅਤੇ ਖਾਣ-ਪੀਣ ਲਈ ਮਿਲੇ ਪਦਾਰਥ ਸੰਭਾਲਣ ਲਈ ਇਕ ਝੋਲਾ |
ਡਾਇਓਜਨੀਜ਼ ਦੁਆਰਾ ਬਾਗੀ ਹੋਣ ਦਾ ਢੰਗ ਯੂਨਾਨ ਵਿਚ 'ਪਾਰਹੇਸੀਆ' ਅਖਵਾਉਂਦਾ ਹੈ | ਪਾਰਹੇਸੀਆ ਤੋਂ ਭਾਵ 'ਬੇ-ਬਾਕੀ ਨਾਲ ਸੱਚ ਬੋਲਣਾ' ਹੁੰਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 98154-61875