ਵੱਡੀ ਦੋਧਕ ਦਾ ਵਿਗਿਆਨਕ ਨਾਂਅ 5uphorbia hirta ਹੈ | ਇਸ ਨੂੰ ਦਮਾ ਬੂਟੀ, ਦੂਧੀ, ਨਾਗਾਅਰਜੁਨੀ ਅਤੇ ਦੁਧਿਕਾ ਵੀ ਕਿਹਾ ਜਾਂਦਾ ਹੈ | ਇਸ ਦੇ ਤਣੇ ਉੱਪਰ ਵਿਰੋਧੀ ਦਿਸ਼ਾਵਾਂ ਵਿਚ ਦੋ ਪੱਤੇ ਲਗਦੇ ਹਨ ਅਤੇ ਦੋਵਾਂ ਪੱਤਿਆਂ ਦੇ ਵਿਚਕਾਰ ਬੈਂਗਣੀ ਭਾਅ ਮਾਰਦਾ ਹਲਕੇ ਭੂਰੇ ਰੰਗ ਦਾ ਫੁੱਲ ਬਣਦਾ ਹੈ | ਇਸ ਦੇ ਪੌਦੇ ਦਾ ਆਕਾਰ ਡੇਢ ਫੁੱਟ ਤੱਕ ਹੋ ਸਕਦਾ ਹੈ | ਇਸ ਦੇ ਤਣੇ ਤੇ ਛੋਟੇ ਛੋਟੇ ਵਾਲ ਹੁੰਦੇ ਹਨ | ਇਹ ਬਰਸਾਤਾਂ ਵਿਚ ਆਮ ਹੁੰਦੀ ਹੈ | ਇਸ ਦੇ ਤਣੇ ਨੂੰ ਤੋੜਨ ਤੇ ਇਸ ਵਿਚੋਂ ਦੁੱਧ ਨਿਕਲਦਾ ਹੈ | ਇਸ ਵਿਚ ਆਕਸੀਕਰਨ-ਰੋਧਕ, ਜੀਵਾਣੂ-ਰੋਧਕ, ਮਲੇਰੀਆ-ਰੋਧਕ ਅਤੇ ਸੋਜ-ਰੋਧਕ ਗੁਣ ਪਾਏ ਜਾਂਦੇ ਹਨ | ਇਸ ਦੀ ਤਾਸੀਰ ਠੰਢੀ ਹੈ | ਇਹ ਸਰੀਰ ਵਿਚ ਵਾਤ ਵਧਾਉਂਦੀ ਹੈ ਅਤੇ ਕਫ ਘਟਾਉਂਦੀ ਹੈ |

ਇਸ ਦਾ ਕਾੜ੍ਹਾ ਪੀਣ ਨਾਲ ਸਾਹ ਨਲੀ ਦਾ ਤਣਾਅ ਘਟਦਾ ਹੈ, ਸਾਹ ਲੈਣ ਵਿਚ ਆਸਾਨੀ ਹੁੰਦੀ ਹੈ | ਇਹ ਸਾਹ ਨਾਲੀ ਦੀ ਇਨਫੈਕਸ਼ਨ ਦੂਰ ਕਰਦੀ ਹੈ ਅਤੇ ਉਸ ਦੀ ਸੋਜ਼ ਘਟਾਉਂਦੀ ਹੈ | ਇਸ ਲਈ ਇਹ ਦਮੇਂ ਦੇ ਮਰੀਜ਼ਾਂ ਲਈ ਅਤਿ ਗੁਣਕਾਰੀ ਹੈ | ਇਸ ਦੇ ਇਕ ਚਮਚਾ ਚੂਰਨ ਨੂੰ ਬਰਾਬਰ ਮਿਸ਼ਰੀ ਵਿਚ ਮਿਲਾ ਕੇ ਖਾਣ ਨਾਲ ਖੰਘ ਠੀਕ ਹੁੰਦੀ ਹੈ | ਇਹ ਸਰੀਰ ਵਿਚ ਘਟੇ ਹੋਏ ਸੈੱਲਾਂ (Platelets) ਨੂੰ ਤੇਜ਼ੀ ਨਾਲ ਵਧਾਉਂਦੀ ਹੈ ਅਤੇ ਡੇਂਗੂ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨੀ ਜਾਂਦੀ ਹੈ | ਇਸ ਦੇ ਤਣੇ ਵਿਚੋਂ ਨਿੱਕਲੇ ਦੁੱਧ ਨੂੰ ਗੁਆਂਢਣੀ 'ਤੇ ਲਾਇਆ ਜਾਂਦਾ ਹੈ | ਇਸ ਦੇ ਪੱਤਿਆਂ ਨੂੰ ਹਲਦੀ ਅਤੇ ਨਾਰੀਅਲ ਦੇ ਤੇਲ ਵਿਚ ਸਾੜ ਕੇ ਲਾਉਣ ਨਾਲ ਕਰ੍ਹੋਈਆਂ ਠੀਕ ਹੁੰਦੀਆਂ ਹਨ ਅਤੇ ਤਲੀਆਂ ਵਿਚ ਹੁੰਦੀ ਖੁਜਲੀ ਨੂੰ ਆਰਾਮ ਮਿਲਦਾ ਹੈ | ਇਸ ਦੇ ਪੱਤਿਆਂ ਦੇ ਕਾੜ੍ਹੇ ਦੀ ਟਕੋਰ ਕਰਨ ਨਾਲ ਦਾਦ ਖਾਜ ਠੀਕ ਹੁੰਦੀ ਹੈ | ਇਸ ਦੀਆਂ ਜੜ੍ਹਾਂ ਦਾ ਕਾੜ੍ਹਾ ਪੀਣ ਨਾਲ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦਾ ਦੁੱਧ ਵਧਦਾ ਹੈ |
ਜਿਨ੍ਹਾਂ ਨੂੰ ਵਾਰ ਵਾਰ ਮਲ ਤਿਆਗਣ ਲਈ ਜਾਣਾ ਪਵੇ, ਉਨ੍ਹਾਂ ਨੂੰ ਵੱਡੀ ਦੋਧਕ ਦੇ 10-15 ਪੱਤੇ ਸਮੇਤ ਤਣੇ ਦੇ ਖਾਣ ਨਾਲ ਆਰਾਮ ਮਿਲਦਾ ਹੈ | ਇਸ ਨੂੰ ਕਰੇਲੇ ਦੇ ਦੋ ਚਮਚੇ ਰਸ ਨਾਲ ਲੈਣਾ ਸੰਗ੍ਰਹਿਣੀ ਲਈ ਲਾਭਦਾਇਕ ਹੈ | ਇਸ ਦੇ ਪੌਦੇ ਨੂੰ ਕੁੱਟ ਕੇ 2 ਚੁਟਕੀਆਂ ਫਟਕੜੀ ਮਿਲਾ ਕੇ ਲੈਣ ਨਾਲ ਪੇਚਿਸ ਤੋਂ ਆਰਾਮ ਮਿਲਦਾ ਹੈ | ਇਸ ਦੇ ਸੇਵਨ ਨਾਲ ਪੇਟ ਵਿਚ ਲਗਾਤਾਰ ਰਹਿਣ ਵਾਲਾ ਹਲਕਾ ਦਰਦ ਦੂਰ ਹੁੰਦਾ ਹੈ | ਇਸ ਦੇ ਦੁੱਧ ਨੂੰ ਮੱਸਿਆਂ 'ਤੇ ਇਕ ਮਹੀਨਾ ਦਿਨ ਵਿਚ ਦੋ ਵਾਰ ਲਾਉਣ ਨਾਲ ਮੱਸੇ ਬੈਠਦੇ ਹਨ | ਇਸ ਦੇ ਪਾਊਡਰ ਨੂੰ ਬਰਾਬਰ ਮਿਸ਼ਰੀ ਮਿਲਾ ਕੇ ਇਕ ਚਮਚਾ ਸਵੇਰੇ ਸ਼ਾਮ ਖਾਣ ਨਾਲ ਨਕਸੀਰ ਠੀਕ ਹੁੰਦੀ ਹੈ ਅਤੇ ਇਸ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ | ਇਸ ਦਾ ਖਾਲੀ ਪੇਟ ਕੋਸੇ ਪਾਣੀ ਨਾਲ ਇਕ ਚਮਚਾ ਚੂਰਨ ਸਰੀਰ ਵਿਚ ਇਨਸੂਲਿਨ ਪ੍ਰਤੀ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ ਅਤੇ ਸ਼ੂਗਰ ਨੂੰ ਘਟਾਉਂਦਾ ਹੈ |
ਇਸ ਪੌਦੇ ਦੀ ਵਰਤੋਂ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਅਤੇ ਉਨ੍ਹਾਂ ਨੂੰ ਜਮ੍ਹਾਂ ਕਰਨ ਦੀ ਸਮਰੱਥਾ ਨੂੰ ਘਟਾਉਂਦੀ ਹੈ | ਇਸ ਲਈ ਕਈ ਕਬੀਲਿਆਂ ਵਿਚ ਇਸ ਦੀ ਵਰਤੋਂ ਪਰਿਵਾਰ ਨਿਯੋਜਨ ਲਈ ਕੀਤੀ ਜਾਂਦੀ ਹੈ | ਸੰਤਾਨ ਦੇ ਚਾਹਵਾਨ ਜੋੜਿਆਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਇਸ ਨੂੰ ਵਰਤੋਂ ਵਾਸਤੇ ਸਾਫ ਸੁਥਰੀ ਜਗ੍ਹਾ ਤੋਂ ਹੀ ਲੈਣਾ ਚਾਹੀਦਾ ਹੈ |