14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਅੱਜ ਜਨਮ ਦਿਨ 'ਤੇ ਵਿਸ਼ੇਸ਼ ਪੰਜਾਬੀ ਲੋਕ ਗਾਇਕ ਅਤੇ ਕਲੀਆਂ ਦਾ ਬਾਦਸ਼ਾਹ : ਕੁਲਦੀਪ ਮਾਣਕ

ਅੱਜ ਜਨਮ ਦਿਨ 'ਤੇ ਵਿਸ਼ੇਸ਼ ਪੰਜਾਬੀ ਲੋਕ ਗਾਇਕ ਅਤੇ ਕਲੀਆਂ ਦਾ ਬਾਦਸ਼ਾਹ : ਕੁਲਦੀਪ ਮਾਣਕ

Ad Position 21
No active advertisement
ਅਜੀਤ ਡੈਸਕ 15-11-2026

ਪੰਜਾਬ ਦੇ ਲੋਕ ਗਾਇਕਾਂ ਵਿਚੋਂ ਕੁਲਦੀਪ ਮਾਣਕ ਇਕ ਅਜਿਹਾ ਗਾਇਕ ਸੀ, ਜਿਸ ਨੂੰ  ਜਿੰਨੀ ਸ਼ਿੱਦਤ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਸੁਣਦੀ ਹੈ, ਉਹ ਓਨਾ ਹੀ ਅੱਜ ਦੇ ਵਡੇਰੀ ਉਮਰ ਦੇ ਬਜ਼ੁਰਗਾਂ ਵਿਚ ਵੀ ਹਰਮਨ ਪਿਆਰਾ ਹੈ | ਅੱਜ ਵੀ 80ਵਿਆਂ ਨੂੰ  ਢੁਕੇ ਬਜ਼ੁਰਗ ਮਾਣਕ ਦੀਆਂ ਬਾਤਾਂ ਪਾਉਂਦੇ ਨਹੀਂ ਥੱਕਦੇ | ਹਿੱਕ ਦੇ ਜ਼ੋਰ ਨਾਲ ਗਾਉਣ ਅਤੇ ਤਾਰ ਸਪਤਕ ਦੇ ਸੁਰਾਂ ਨੂੰ  ਮਖੌਲ ਕਰਨ ਵਾਲੇ ਸੁਰੀਲੇ ਗਾਇਕ ਕੁਲਦੀਪ ਮਾਣਕ ਜਿਹਾ ਲੋਕ ਗਾਇਕ ਕਿਤੇ ਸਦੀਆਂ ਬਾਅਦ ਜੰਮਦਾ ਹੈ | ਅਸ਼ਲੀਲਤਾ ਭਰਪੂਰ ਗੀਤਾਂ ਤੋਂ ਕਿਨਾਰਾ ਕਰਦਿਆਂ ਪੰਚਮ ਦੇ ਸੁਰਾਂ ਵਿਚ ਤੂੰਬੀ ਦੀ ਟੁਣਕਾਰ ਨਾਲ ਕਈ ਦਹਾਕੇ ਕਲੀਆਂ/ਲੋਕ ਗਾਥਾਵਾਂ ਗਾਉਣ ਵਾਲੇ ਮਾਣਕ ਨੇ ਕਲੀਆਂ ਗਾਉਣ ਦੀ ਅਜਿਹੀ ਪਿਰਤ ਪਾਈ ਕਿ ਸੰਗੀਤ ਪ੍ਰੇਮੀ ਉਸ ਨੂੰ  ਅੱਜ ਵੀ 'ਕਲੀਆਂ ਦਾ ਬਾਦਸ਼ਾਹ' ਕਹਿ ਕੇ ਯਾਦ ਕਰਦੇ ਹਨ, ਜਦਕਿ ਇਕ ਤਾਰੇ ਤੋਂ ਪਹਿਲਾਂ ਕਲੀਆਂ ਗਾਉਣ ਲਈ ਕਲਾਕਾਰ ਢੱਡ ਅਤੇ ਸਾਰੰਗੀ ਦਾ ਪ੍ਰਯੋਗ ਕਰਦੇ ਸਨ | ਜਿਸ ਸਮੇਂ ਮਾਣਕ ਨੇ ਗਾਇਕੀ ਦੇ ਖੇਤਰ ਵਿਚ ਪੈਰ ਧਰਿਆ ਉਸ ਸਮੇਂ ਦੋਗਾਣਾ ਗਾਇਕੀ ਦਾ ਬੋਲਬਾਲਾ ਸੀ ਅਤੇ ਪਿੰਡਾਂ ਵਿਚ ਗਾਇਕਾਂ ਦੇ ਲੱਗਦੇ ਅਖਾੜਿਆਂ ਨੂੰ  ਦੇਖਣ ਲਈ ਲੋਕ ਕਈ-ਕਈ ਦਿਨ ਪਹਿਲਾਂ ਪੱਠਾ-ਦੱਥਾ ਸਾਂਭ ਬੜੇ ਚਾਵਾਂ ਨਾਲ ਦੇਖਣ ਜਾਂਦੇ | ਉਸ ਸਮੇਂ ਹੀ ਮਾਣਕ ਨੇ ਤੂੰਬੀ ਨਾਲ ਪੰਜਾਬ ਦੀਆਂ ਭੁੱਲੀਆਂ-ਵਿੱਸਰੀਆਂ ਲੋਕ-ਗਾਥਾਵਾਂ, ਕਲੀਆਂ, ਲੋਕ ਤੱਥਾਂ ਅਤੇ ਲੋਕ ਗੀਤਾਂ ਰਾਹੀਂ ਦੋਗਾਣਾ ਗਾਇਕੀ ਦੇ ਦੌਰ ਵਿਚ ਅਜਿਹੀ ਘੁਸਪੈਠ ਕੀਤੀ ਕਿ ਚਾਰੇ ਪਾਸੇ ਮਾਣਕ ਦੇ ਨਾਂਅ ਦੀ ਤੂਤੀ ਬੋਲਣ ਲੱਗੀ | ਆਪਣੇ ਸਟੇਜੀ ਪ੍ਰੋਗਰਾਮ ਦੀ ਸ਼ੁਰੂਆਤ ਉਹ ਸਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਤੋਂ ਕਰਦਾ | ਸਾਜਾਂ ਦੀ ਧੁਨ ਦੀ ਮਸਤੀ ਵਿਚ ਸੱਪ ਵਾਂਗ ਮੇਲਦਿਆਂ ਜਦ ਉਹ ਕੰਨ 'ਤੇ ਹੱਥ ਰੱਖ ਕੇ ਸਾਹਮਣੇ ਮਾਈਕ 'ਤੇ ਭਾਰੂ ਹੁੰਦਿਆਂ ਉੱਚੀ ਹੇਕ ਲਾਉਂਦਾ ਤਾਂ ਪੰਡਾਲ ਵਿਚ ਸੁੰਨ ਪਸਰ ਜਾਂਦੀ ਸੀ | ਉਸ ਦੇ ਅਖਾੜਿਆਂ ਵਿਚ ਤਿਲ ਸੁੱਟਣ ਜੋਗੀ ਜਗ੍ਹਾ ਨਹੀਂ ਸੀ ਹੁੰਦੀ | ਦੇਵ ਥਰੀਕੇ ਵਾਲੇ ਦੀ ਕਲਮ ਅਤੇ ਮਾਣਕ ਦੀ ਆਵਾਜ਼ ਦਾ ਜਾਦੂ ਸੰਗੀਤ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਿਆ | 1970 ਤੋਂ ਬਾਅਦ ਦੇ ਚਾਰ ਦਹਾਕੇ ਉਹ ਪੰਜਾਬ ਦੇ ਪਿੰਡਾਂ ਵਿਚ ਕੋਠਿਆਂ 'ਤੇ ਮੰਜੇ ਜੋੜ ਬੰਨੇ ਸਪੀਕਰਾਂ 'ਤੇ ਵੱਜਣ ਵਾਲੇ ਗਾਇਕਾਂ ਵਿਚੋਂ ਮੋਹਰੀ ਸਾਬਿਤ ਹੋਇਆ |

ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਵਿਖੇ 15 ਨਵੰਬਰ, 1951 ਨੂੰ  ਪਿਤਾ ਨਿੱਕਾ ਖਾਂ ਅਤੇ ਮਾਤਾ ਬਚਨ ਕੌਰ (ਬਚਨੀ) ਦੇ ਘਰ ਜਨਮੇ ਪੁੱਤਰ ਦਾ ਨਾਂਅ ਲਤੀਫ਼ ਮੁਹੰਮਦ ਰੱਖਿਆ ਗਿਆ | ਬਚਪਨ ਦੇ ਹਾਣੀ ਉਸ ਨੂੰ  ਪਿਆਰ ਨਾਲ ਲੱਧਾ ਕਹਿ ਕੇ ਬੁਲਾਉਂਦੇ | ਪਿਤਾ ਦੀ ਮੌਤ ਹੋਣ ਕਾਰਨ ਪਰਿਵਾਰ ਗਰੀਬੀ ਨਾਲ ਝੰਬਿਆ ਪਿਆ ਸੀ | 
ਮਧਰੇ ਕੱਦ ਦੇ ਚੁਸਤ ਅਤੇ ਫੁਰਤੀਲੇ ਗੱਭਰੂ ਲਤੀਫ਼ ਮੁਹੰਮਦ ਨੂੰ  ਹਾਕੀ ਖੇਡਣ ਦਾ ਬਹੁਤ ਸ਼ੌਂਕ ਸੀ | ਇਕ ਵਾਰੀ ਸਕੂਲ ਦੇ ਦਿਨਾਂ ਵਿਚ ਫ਼ਰੀਦਕੋਟ ਵਿਖੇ ਟੂਰਨਾਮੈਂਟ ਚੱਲ ਰਹੇ ਸਨ, ਜਿਸ ਵਿਚ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸੇ ਸਟੇਜ 'ਤੇ ਹੀ ਲਤੀਫ਼ ਮੁਹੰਮਦ ਨੇ ਆਪਣੇ ਸਕੂਲ ਦੇ ਹੈੱਡਮਾਸਟਰ ਕਸ਼ਮੀਰ ਸਿੰਘ ਵਲਟੋਹਾ ਦੇ ਕਹਿਣ 'ਤੇ ਇਕ ਗਾਣਾ ਸੁਣਾਇਆ, ਜਿਸ ਦੇ ਬੋਲ ਸਨ-ਜੱਟਾ ਉਏ ਜੱਟਾ, ਭੋਲਿਆ ਜੱਟਾ, ਤੇਰੇ ਸਿਰ ਪੈਂਦਾ ਘੱਟਾ, ਅੱਖਾਂ ਖੋਲ ਓਏ, ਵਿਹਲੜ ਬੰਦੇ ਮੌਜਾ ਮਾਣਦੇ | ਲਤੀਫ਼ ਮੁਹੰਮਦ ਦੀ ਟੁਣਕਦੀ ਆਵਾਜ਼ ਸੁਣ ਕੇ ਸਭ ਸਰੋਤੇ ਕੀਲੇ ਗਏ | ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਲਤੀਫ਼ ਦੀ ਪਿੱਠ ਥਾਪੜਦਿਆਂ ਇਨਾਮ ਦਿੰਦਿਆ ਕਿਹਾ ਕਿ ਇਹ ਮੁੰਡਾ ਤਾਂ ਮਾਣਕ ਏ ਮਾਣਕ | ਬਸ ਉਸੇ ਦਿਨ ਤੋਂ ਹੀ ਉਹ ਲਤੀਫ਼ ਮੁਹੰਮਦ ਤੋਂ ਕੁਲਦੀਪ ਮਾਣਕ ਬਣ ਗਿਆ | ਉਸਤਾਦ ਖੁਸ਼ੀ ਮੁਹੰਮਦ  ਦੀ ਸੰਗਤ ਵਿਚ ਦਿਨ-ਰਾਤ ਮਿਹਨਤ ਕਰਕੇ ਕੁਲਦੀਪ ਮਾਣਕ 'ਕੁੱਲ ਦਾ ਦੀਪ' ਬਣ ਗਿਆ |
ਮਾਣਕ ਦੇ ਵੱਡੇ-ਵਡੇਰੇ ਰਿਆਸਤ ਨਾਭਾ ਅਤੇ ਪਟਿਆਲਾ ਦੇ ਗਵੱਈਏ/ਸਜਿੰਦੇ ਰਹੇ ਸਨ | ਅਖਾੜੇ ਸੁਣਨ ਦਾ ਸ਼ੌਂਕ ਮਾਣਕ ਨੂੰ  ਸ਼ੁਰੂ ਤੋਂ ਹੀ ਸੀ | ਉਨ੍ਹਾਂ ਸਮਿਆਂ ਵਿਚ ਸਵ. ਯਮਲਾ ਜੱਟ, ਚਾਂਦੀ ਰਾਮ, ਨਰਿੰਦਰ ਬੀਬਾ, ਸਤਿੰਦਰ ਬੀਬਾ, ਹਰਚਰਨ ਗਰੇਵਾਲ, ਸੁਰਿੰਦਰ ਸੀਮਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ ਆਦਿ ਕਲਾਕਾਰਾਂ ਦੀ ਗਾਇਕੀ ਸਿਖਰ ਤੇ ਸੀ | ਮਾਣਕ ਇਨ੍ਹਾਂ ਦੀ ਗਾਇਕੀ ਅਤੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਤੋਂ ਬਹੁਤ ਪ੍ਰਭਾਵਿਤ ਸੀ | ਢੋਲਕ ਅਤੇ ਤੂੰਬੀ ਵਜਾਉਣ ਦੀ ਕਲਾ ਮਾਣਕ ਦੇ ਕੋਲ ਸੀ, ਜਿਸ ਕਰਕੇ ਸਕੂਲ ਵਿਚ ਪੜ੍ਹਦਿਆਂ ਹੀ ਗਾਇਕ ਹਰਚਰਨ ਗਰੇਵਾਲ ਉਸ ਨੂੰ  ਪ੍ਰਗਰਾਮਾਂ 'ਤੇ ਆਪਣੇ ਨਾਲ ਲੈ ਜਾਂਦਾ ਸੀ | ਇਥੋਂ ਹੀ ਮਾਣਕ ਨੇ ਸਟੇਜ ਅਤੇ ਗਾਇਕੀ ਦੇ ਦਾਅ ਪੇਚ ਸਿੱਖੇ ਅਤੇ ਫਿਰ ਪਿੱਛੇ ਮੁੜ ਨਾ ਵੇਖਿਆ | 
ਕੁਲਦੀਪ ਮਾਣਕ ਦਾ ਵਿਆਹ 18 ਸਤੰਬਰ, 1975 ਨੂੰ  ਰਾਜਗੜ੍ਹ (ਲੁਧਿਆਣਾ) ਦੇ ਸੂਬੀਆ ਖਾਨ ਅਤੇ ਬੀਬੀ ਰਤਨਾ ਦੀ ਧੀ ਸਰਬਜੀਤ ਕੌਰ ਨਾਲ ਹੋਇਆ | ਵਿਆਹ ਉਪਰੰਤ ਇਨ੍ਹਾਂ ਦੇ ਘਰ ਬੇਟੇ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਮਾਣਕ ਦਾ ਜਨਮ ਹੋਇਆ | ਯੁੱਧਵੀਰ ਮਾਣਕ ਨੇ ਟੁਣਕਦੀ ਅਵਾਜ਼ ਵਿਚ ਇਕ ਕੈਸਟ 'ਕਾਤਿਲ ਕੋਕਾ' ਨਾਲ ਮਾਰਕੀਟ ਵਿਚ ਪ੍ਰਵੇਸ਼ ਕੀਤਾ ਸੀ ਪਰ ਸਿਹਤ ਨਾਸਾਜ਼ ਰਹਿਣ ਕਰਕੇ ਉਹ ਅੱਗੇ ਨਾ ਵੱਧ ਸਕਿਆ | ਅਮਰੀਕਾ ਰਹਿੰਦੀ ਸ਼ਕਤੀ ਮਾਣਕ ਨੇ ਪਿਤਾ ਦੀ ਵਿਰਾਸਤ  ਨੂੰ  ਅੱਗੇ ਤੋਰਦਿਆਂ 'ਮਾਣਕ ਐਂਡ ਯੂ' ਗੀਤ ਨਾਲ ਗਾਇਕੀ ਦੇ ਪਿੜ ਵਿਚ ਪ੍ਰਵੇਸ਼ ਕੀਤਾ ਹੈ, ਜਿਸ ਤੋਂ ਸਰੋਤਿਆਂ ਨੂੰ  ਭਰਪੂਰ ਉਮੀਦਾਂ ਹਨ | ਗਾਇਕੀ ਦੇ ਪਿੜ ਵਿਚ ਆ ਕੇ ਸ਼ੁਰੂ-ਸ਼ੁਰੂ ਵਿਚ ਮਾਣਕ ਨੇ ਹਰਚਰਨ ਗਰੇਵਾਲ, ਮੁਹੰਮਦ ਸਦੀਕ ਅਤੇ ਕੁਲਵੰਤ ਕੋਮਲ, ਚਾਂਦੀ ਰਾਮ, ਜਗਮੋਹਨ ਕੌਰ, ਨਰਿੰਦਰ ਬੀਬਾ ਨਾਲ ਵੀ ਕੰਮ ਕੀਤਾ | ਸੰਗੀਤ ਦਾ ਆਪਣਾ ਗਰੁੱਪ ਬਣਾ ਕੇ ਉਸ ਨੇ ਪ੍ਰਕਾਸ਼ ਸੋਢੀ, ਨਰਿੰਦਰ ਬੀਬਾ, ਜਗਮੋਹਨ ਕੌਰ, ਸਤਿੰਦਰ ਬੀਬਾ, ਕੁਲਵੰਤ ਕੋਮਲ, ਗੁਲਸ਼ਨ ਕੋਮਲ, ਕੁਲਦੀਪ ਕੌਰ, ਪਰਮਿੰਦਰ ਸੰਧੂ, ਸੁਖਵੰਤ ਸੁੱਖੀ, ਅਮਰ ਨੂਰੀ, ਸੁਚੇਤ ਬਾਲਾ, ਸ਼ਸ਼ੀ, ਸੁਰਿੰਦਰ ਸੀਮਾ, ਸਵ. ਅਮਰਜੋਤ ਕੌਰ, ਸੁਰਿੰਦਰ ਕੌਰ, ਗੁਰਮੀਤ ਬਾਵਾ, ਦਿਲਰਾਜ ਕੌਰ ਸਮੇਤ ਅਨੇਕ ਗਾਇਕਾਵਾਂ ਨਾਲ ਗਾਇਆ | ਸੰਨ 1968 ਵਿਚ 17 ਸਾਲ ਦੀ ਉਮਰ ਵਿਚ ਉਸ ਦੇ ਸਭ ਤੋਂ ਪਹਿਲੇ ਗੀਤ ਪੱਥਰ ਦੇ ਰਿਕਾਰਡ ਵਿਚ ਸੁਰਿੰਦਰ ਸੀਮਾ ਨਾਲ ਰਿਕਾਰਡ ਹੋਏ, ਜਿਨ੍ਹਾਂ ਦੇ ਬੋਲ ਸਨ: ਲੌਂਗ ਕਰਾ ਮਿੱਤਰਾ ਮੱਛਲੀ ਪਾਉਣਗੇ ਮਾਪੇ' ਅਤੇ  ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ' ਸਨ | ਫਿਲਮਾਂ ਵਿਚ ਪਿੱਠਵਰਤੀ ਗਾਇਕ ਵਜੋਂ ਗਾਉਣ ਤੋਂ ਇਲਾਵਾ ਸੱਸੀ ਪੁੰਨੂੰ, ਸੋਹਣੀ ਮਹੀਂਵਾਲ, ਜੱਗਾ ਡਾਕੂ, ਬਲਵੀਰੋ ਭਾਬੀ, ਰੂਪ ਸ਼ੁਕੀਨਣ ਦਾ, ਬਗਾਵਤ, ਵਿਹੜਾ ਲੰਬੜਾਂ ਦਾ, ਸੈਦਾਂ ਜੋਗਨ, ਜੱਟ ਯੋਧੇ, ਮਾਵਾਂ ਠੰਢੀਆਂ ਛਾਵਾਂ, ਲੰਬੜਦਾਰਨੀ ਆਦਿ ਵਿਚ ਵੀ ਕੰਮ ਕੀਤਾ | ਪੰਜਾਬ ਦਾ ਹੁਣ ਤੱਕ ਦਾ ਇਹ ਪਹਿਲਾ ਅਤੇ ਆਖਰੀ ਗਾਇਕ ਹੀ ਮੰਨੀਏ ਜਿਸ ਨੇ ਹੀਰ-ਰਾਂਝਾ, ਮਿਰਜ਼ਾ-ਸਾਹਿਬਾ, ਸੱਸੀ-ਪੁੰਨੂ, ਸੋਹਣੀ-ਮਹੀਂਵਾਲ ਦੇ ਕਿੱਸਿਆਂ ਤੋਂ ਲੈ ਕੇ ਦੁੱਲਾ ਭੱਟੀ, ਜੈਮਲ ਫੱਤਾ ਜਿਹੇ ਸੂਰਮਿਆਂ, ਸੁੱਚਾ ਸੂਰਮਾ, ਜਿਊਣਾ ਮੌੜ ਜਿਹੇ ਸਦਾਚਾਰੀ ਡਾਕੂਆਂ, ਜੱਗਾ ਡਾਕੂ, ਜੱਗਾ ਜੱਟ, ਪੂਰਨ ਭਗਤ, ਸਰਵਣ ਵਰਗੇ ਭਗਤਾਂ, ਦਹੂਦ ਬਾਦਸ਼ਾਹ, ਬੇਗੋ ਨਾਰ, ਕਿਹਰ ਸਿੰਘ ਦੀ ਮੌਤ ਨੂੰ  ਬਾਖੂਬੀ ਗਾਇਆ | ਪੰਜਾਬ ਤੋਂ ਇਲਾਵਾ ਮਾਣਕ ਨੇ ਵਿਦੇਸ਼ਾਂ ਵਿਚ ਵੀ ਜਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ |
ਕੁਲਦੀਪ ਮਾਣਕ ਦੇ ਬਹੁਤ ਸਾਰੇ ਗੀਤ/ਕਲੀਆਂ/ਲੋਕ ਗਾਥਾਵਾਂ ਨੇ ਜਗਤ ਪ੍ਰਸਿਧੀ ਹਾਸਿਲ ਕੀਤੀ ਜਿਨ੍ਹਾਂ ਵਿਚੋਂ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ, ਟਿਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ , ਅੱਲਾ ਬਿਲਮਿਲਾ ਤੇਰੀ ਜੁਗਨੀ, ਤੇਰੇ ਟਿੱਲੇ ਤੋਂ ਔਹ ਸੂਰਤ ਦੀਹਦੀ ਆ ਹੀਰ ਦੀ, ਸੌਂਹ ਮੈਨੂੰ ਤੇਰੇ ਵੀਰ ਦੀ, ਨਹੀਂਾ ਛੱਡਦਾ ਮੁਲਾਹਜ਼ਾ ਤੇਰਾ, ਕੁੰਡਾ ਖੋਲ ਬਸੰਤਰੀਏ, ਛੇਤੀ ਕਰ ਸਰਵਣ ਪੁੱਤਰਾ, ਗੁੱਸੇ 'ਚ ਦੁੱਲੇ ਨੂੰ  ਮੇਹਰੂ ਮਾਰੇ ਬੋਲੀਆਂ, ਜੀ.ਟੀ. ਰੋਡ ਤੇ ਦੁਹਾਈਆਂ ਪਾਵੇ, ਕਿਤੋਂ ਆ ਜਾ ਬਾਬਲਾ ਵੇ ਦੁੱਖੜੇ ਸੁਣ ਜਾ ਧੀ ਦੇ ਆ ਕੇ, ਕਹੇ ਰਸਾਲੂ ਰਾਣੀਏ, ਦੁਲਿਆ ਵੇ ਟੋਕਰਾ ਚਕਾਈਾ ਆਣ ਕੇ, ਯੋਗੀ ਟਿਲਿਉ ਆ ਗਿਆ ਨੀ ਭਾਬੀ, ਸਹਿਤੀ ਹੱਸਦੀ-ਹੱਸਦੀ ਮੂਹਰੇ ਬਹਿ ਗਈ ਜੋਗੀ ਦੇ, ਸਾਥੋਂ ਨੀ ਮੱਝਾਂ ਚਾਰ ਹੁੰਦੀਆਂ, ਆਖੇ ਅਕਬਰ ਬਾਦਸ਼ਾਹ ਸੱਦ ਜੈਮਲ ਨੂੰ  ਦਰਬਾਰ, ਅੱਗ ਲਾ ਕੇ ਫੂਕ ਦੂੰ ਲੰਡਨ ਸ਼ਹਿਰ ਨੂੰ  ਆਦਿ | ਉਸ ਦੇ ਗਾਏ ਦੋਗਾਣਿਆਂ ਦੇ ਰਿਕਾਰਡ ਵੀ ਗਰਮ ਜਲੇਬੀਆਂ ਵਾਂਗ ਵਿਕੇ | ਹਿੱਟ ਦੋਗਾਣਿਆਂ ਵਿਚੋਂ 'ਹਾਲੀ ਨੇ ਮਖੌਲ ਕਰਦੇ ਤੇਰੀ ਆਈ ਨਾ ਦਲੀਪਿਆ ਪਿਆਰੀ (ਸੁਰਿੰਦਰ ਸੀਮਾ ਨਾਲ), ਦਾਰੂ ਪੀਣੀ ਕੁੱਕੜ ਖਾਣੇ (ਗੁਲਸ਼ਨ ਕੋਮਲ ਨਾਲ), ਮਛਲੀ ਦਾ ਪੱਤ ਬਣ ਕੇ (ਅਮਰਜੋਤ ਨਾਲ), ਨਾਲੇ ਬਾਬਾ ਲੱਸੀ ਪੀ ਗਿਆ (ਸਤਿੰਦਰ ਬੀਬਾ ਨਾਲ), ਤੇਰੇ ਦੁੱਧ ਦੇ ਗਲਾਸ ਵਿਚ ਮੱਖਣਾ ਮੈਂ ਘੁਲ ਜਾਵਾਂ ਖੰਡ ਬਣ ਕੇ (ਕੁਲਦੀਪ ਕੌਰ ਨਾਲ) ਆਦਿ ਜ਼ਿਕਰਯੋਗ ਹਨ | ਧਾਰਮਿਕ ਗੀਤਾਂ ਵਿਚੋਂ ਝੰਡੇ ਖਾਲਸਾ ਰਾਜ ਦੇ, ਚੜਿ੍ਹਆ ਸੋਧਣ ਧਰਤ ਲੋਕਾਈ, ਸ਼ਾਨ ਖ਼ਾਲਸੇ ਦੀ, ਨਾਮ ਦੇ ਪੁਜਾਰੀ, ਮਰਦ ਅਗੰਮੜਾ, ਖ਼ਾਲਸੇ ਪੰਜਾਬ ਦੇ, ਦੋ ਗੱਭਰੂ ਪੰਜਾਬ ਦੇ ਤੋਂ ਇਲਾਵਾ ਸ਼ਹੀਦ ਭਗਤ ਸਿੰਘ, ਸ. ਊਧਮ ਸਿੰਘ ਆਦਿ ਦਾ ਇਥੇ ਜ਼ਿਕਰ ਕਰਨਾ ਬਣਦਾ ਹੈ | ਉਸ ਨੇ ਆਪਣੀ ਗਾਇਕੀ ਦੇ ਬਲਬੂਤੇ ਦੇਸ਼-ਵਿਦੇਸ਼ ਵਿਚੋਂ ਅਨੇਕ ਮਾਣ ਸਨਮਾਨ ਵੀ ਹਾਸਿਲ ਕੀਤੇ, ਜਿਨ੍ਹਾਂ ਵਿਚੋਂ ਸੰਗੀਤ ਨਾਟਕ ਅਕਾਦਮੀ ਵਲੋਂ ਮਿਲਿਆ ਸਨਮਾਨ ਪ੍ਰਮੁੱਖ ਹੈ |
ਸੰਘਰਸ਼ਮਈ ਜੀਵਨ ਜਿਊਣ ਦਾ ਆਦੀ ਮਾਣਕ ਜ਼ਿੰਦਗੀ ਦੇ ਆਖਰੀ ਪੜਾਅ ਦੌਰਾਨ ਵੀ ਬਿਮਾਰੀ ਨਾਲ ਸੰਘਰਸ਼ ਕਰਦਾ ਰਿਹਾ ਪਰ ਮੌਤ ਦੇ ਦੈਂਤ ਤੋਂ ਪੰਜਾਬੀਆਂ ਦਾ ਇਹ ਹਰਮਨ ਪਿਆਰਾ ਗਾਇਕ ਵੀ ਬਚ ਨਾ ਸਕਿਆ | 30 ਨਵੰਬਰ, 2011 ਨੂੰ  ਲੱਖਾਂ ਨਹੀਂਾ, ਸਗੋਂ ਕਰੋੜਾਂ ਸਰੋਤਿਆਂ ਨੂੰ  ਅਲਵਿਦਾ ਆਖ ਉਹ ਉਥੇ ਚਲਾ ਗਿਆ, ਜਿਥੋਂ ਕੋਈ ਕਦੇ ਵਾਪਸ ਨਹੀਂ ਮੁੜਿਆ | ਉਸ ਦੀ ਆਵਾਜ਼ ਵਿਚ ਗਾਈਆਂ ਕਲੀਆਂ, ਲੋਕ ਗਾਥਾਵਾਂ, ਲੋਕ ਤੱਥ ਅਤੇ ਗੀਤ ਸਦਾ ਸੰਗੀਤ ਪ੍ਰੇਮੀਆਂ ਨੂੰ  ਉਸ ਦੀ ਯਾਦ ਦਿਵਾਉਂਦੇ ਰਹਿਣਗੇ |

-ਮੋਬਾਈਲ : 98554-53539

Ad Position 22
No active advertisement
ਪਿਛਲੀ ਖ਼ਬਰ ਮਨੁੱਖ ਨੂੰ ਕੁੱਤੇ ਵਾਂਗ ਜਿਊਣ ਦਾ ਸੁਨੇਹਾ ਲਾਉਣ ਵਾਲਾ ਡਾਇਓਜਨੀਜ਼ ਅਗਲੀ ਖ਼ਬਰ ਮਸ਼ੀਨ ਨੂੰ ਬੰਦਾ ਤੇ ਬੰਦੇ ਨੂੰ ਮਸ਼ੀਨ ਬਣਾਉਣ ਦੀ ਕਵਾਇਦ
Ad Position 24