ਸੰਗੀਤ ਦੇ ਖੇਤਰ ਵਿਚ ਤਿੰਨ ਭੈਣਾਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੇ ਨਰਿੰਦਰ ਕੌਰ ਪਾਲੀ ਦੇ ਵਡਮੁੱਲੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ | ਉਹ ਲੋਕ ਗੀਤ, ਜੋ ਘਰਾਂ ਦੀ ਚਾਰਦੀਵਾਰੀ ਤੱਕ ਹੀ ਸੀਮਿਤ ਸਨ, ਨੂੰ ਰਿਕਾਰਡ ਕਰਵਾ ਕੇ ਉਨ੍ਹਾਂ ਦੀ ਹੋਂਦ ਅਤੇ ਧੁਨਾਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਇਨ੍ਹਾਂ ਤਿੰਨੋਂ ਭੈਣਾਂ ਨੇ ਕਈ ਦਹਾਕੇ ਮਿਹਨਤ ਕੀਤੀ ਅਤੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ | ਤਿੰਨੋਂ ਭੈਣਾਂ ਵਿਚੋਂ ਸੁਰਿੰਦਰ ਕੌਰ ਦਾ ਨਾਂਅ ਸੰਗੀਤ ਦੇ ਖੇਤਰ ਵਿਚ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ | ਪੰਜਾਬੀ ਲੋਕ ਗਾਇਕੀ ਵਿਚ 'ਪੰਜਾਬ ਦੀ ਕੋਇਲ' ਵਜੋਂ ਜਾਣੀ ਜਾਂਦੀ ਲੋਕ ਗਾਇਕਾ ਸੁਰਿੰਦਰ ਕੌਰ ਦੀ ਉਹੀ ਦੇਣ ਹੈ ਜੋ ਫ਼ਿਲਮੀ ਦੁਨੀਆਂ ਨੂੰ 'ਸੁਰਾਂ ਦੀ ਮਲਿਕਾ' ਲਤਾ ਮੰਗੇਸ਼ਕਰ ਦੀ | ਜਦ ਵੀ ਕਦੇ ਲੋਕ ਗੀਤਾਂ ਦੀ ਗੱਲ ਚਲਦੀ ਹੈ ਤਾਂ ਸੁਰਿੰਦਰ ਕੌਰ ਦਾ ਨਾਂਅ ਆਪ ਮੁਹਾਰੇ ਬੁੱਲ੍ਹਾਂ 'ਤੇ ਆ ਜਾਂਦਾ ਹੈ | ਉਸ ਨੇ ਸੁਹਾਗ, ਘੋੜੀਆਂ ਅਤੇ ਲੰਮੇ ਗੀਤਾਂ ਨੂੰ ਵੱਖਰੀਆਂ ਧੁਨਾਂ, ਸ਼ੈਲੀਆਂ ਅਤੇ ਲੈਆਂ ਵਿਚ ਗਾਇਆ ਅਤੇ ਇਨ੍ਹਾਂ ਨੂੰ ਵੱਖਰੇ ਅੰਦਾਜ਼ ਵਿਚ ਗਾ ਕੇ ਉਤੇ ਆਪਣੇ ਨਾਂਅ ਦੀ ਵੱਖਰੀ ਮੋਹਰ ਲਾ ਕੇ ਸਦੀਵੀ ਬਣਾ ਦਿੱਤਾ |
ਲਾਹੌਰ (ਪਾਕਿਸਤਾਨ) ਵਿਚ 25 ਨਵੰਬਰ, 1929 ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਗ੍ਰਹਿ ਵਿਖੇ ਸੁਰਿੰਦਰ ਕੌਰ ਦਾ ਜਨਮ ਹੋਇਆ | ਉਸ ਦਾ ਦਾਦਾ ਲੱਧਾ ਸਿੰਘ ਗੁਰਸਿੱਖ ਸੀ | ਭਾਰਤ-ਪਾਕਿ ਵੰਡ ਉਪਰੰਤ ਉਹ ਫਿਰੋਜ਼ਪੁਰ ਆ ਕੇ ਕੁਝ ਸਮਾਂ ਆਪਣੇ ਭਰਾ ਹਰਬੰਸ ਸਿੰਘ ਕੋਲ ਅਤੇ ਸੰਨ 1948 ਵਿਚ ਦਿੱਲੀ ਰਹਿਣ ਉਪਰੰਤ ਫ਼ਿਲਮ ਇੰਡਸਟਰੀ ਲਈ ਗਾਉਣ ਲਈ ਬੰਬਈ ਚਲੀ ਗਈ ਜਿਥੇ ਉਹ ਆਪਣੀ ਭੈਣ ਮਹਿੰਦਰ ਕੌਰ ਕੋਲ ਠਹਿਰੀ | ਇਥੇ ਮਿਊਜ਼ਿਕ ਡਾਇਰੈਕਟਰ ਹੁਸਨ ਲਾਲ ਭਗਤ ਰਾਮ ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਨਾ ਰਹਿ ਸਕੇ ਤੇ ਉਨ੍ਹਾਂ ਫ਼ਿਲਮ 'ਪਿਆਰ ਕੀ ਜੀਤ' ਲਈ ਗਾਉਣ ਲਈ ਕਿਹਾ | ਬੰਬਈ ਰਹਿੰਦਿਆਂ ਫ਼ਿਲਮੀ ਦੁਨੀਆ ਵਿਚ ਉਸ ਦੀ ਮੰਗ ਵਧਣ ਹੀ ਲੱਗੀ ਕਿ ਉਥੇ ਦਾ ਪੌਣ ਪਾਣੀ ਅਨੁਕੂਲ ਨਾ ਹੋਣ ਕਾਰਨ ਉਹ ਸੰਨ 1954 ਵਿਚ ਵਾਪਸ ਦਿੱਲੀ ਆ ਗਈ |
ਸੁਰਿੰਦਰ ਕੌਰ ਨੇ ਛੋਟੀ ਉਮਰ ਵਿਚ ਹੀ ਘੰਟਿਆਂਬੱਧੀ ਰਿਆਜ਼ ਕਰਕੇ ਆਪਣੀ ਆਵਾਜ਼ ਵਿਚ ਪਰਪੱਕਤਾ ਹਾਸਿਲ ਕਰ ਲਈ ਸੀ | ਮਾਂ ਮਾਇਆ ਦੇਵੀ ਸੁਵਖਤੇ ਉਠਾ ਕੇ ਉਸ ਨੂੰ ਸ਼ਬਦ ਗਾਉਣ ਲਈ ਆਖਦੀ | ਸੰਗੀਤ ਦੀ ਤਾਲੀਮ ਉਸ ਨੇ ਪਟਿਆਲਾ ਘਰਾਣੇ ਦੇ ਵੱਡੇ ਗੁਲਾਮ ਅਲੀ ਦੇ ਭਾਣਜੇ ਮਾਸਟਰ ਇਨਾਇਤ ਹੁਸੈਨ ਖ਼ਾਂ, ਪੰਡਿਤ ਕੁੰਦਨ ਲਾਲ, ਉਸਤਾਦ ਪੰਡਿਤ ਮਨੀ ਪ੍ਰਕਾਸ਼, ਸ਼ਾਮੀ ਸਲਾਮਤ, ਉਸਤਾਦ ਅਬਦੁਲ ਰਹਿਮਾਨ ਖਾਨ ਤੋਂ ਲਈ | 30 ਸਤੰਬਰ, 1943 ਨੂੰ 13 ਸਾਲ ਦੀ ਛੋਟੀ ਉਮਰ ਵਿਚ ਹੀ ਉਸ ਨੇ ਲਾਹੌਰ ਰੇਡੀਉ ਸਟੇਸ਼ਨ ਤੋਂ ਪਹਿਲਾ ਗੀਤ ਰਿਕਾਰਡ ਕਰਵਾਇਆ ਤੇ ਫਿਰ ਪਿੱਛੇ ਮੁੜ ਕੇ ਨਾ ਦੇਖਿਆ | ਅਸਲ ਵਿਚ ਉਹ ਬੱਚਿਆਂ ਦੇ ਪ੍ਰੋਗਰਾਮ ਵਿਚ ਰਿਕਾਰਡਿੰਗ ਲਈ ਗਈ ਸੀ ਪਰ ਉਸ ਦੀ ਆਵਾਜ਼ ਵਿਚ ਪਰਪੱਕਤਾ ਦੇਖਦਿਆਂ ਉਹ ਬਾਲਗਾਂ ਦੇ ਪ੍ਰੋਗਰਾਮ ਲਈ ਚੁਣੀ ਗਈ |
ਸੁਰਿੰਦਰ ਕੌਰ ਦਾ ਵਿਆਹ ਸੰਨ 1948 ਵਿਚ ਪੰਜਾਬੀ ਸਾਹਿਤ ਦੇ ਰਸੀਆ ਪ੍ਰੋ. ਜੋਗਿੰਦਰ ਸਿੰਘ ਸੋਢੀ, ਜੋ ਮਨੋਵਿਗਿਆਨ ਦੀ ਐਮ.ਏ. ਤੇ ਸੰਗੀਤ ਦੇ ਪ੍ਰੇਮੀ ਸਨ, ਨਾਲ ਗਾਜ਼ੀਆਬਾਦ ਵਿਖੇ ਹੋਇਆ | ਵਿਆਹ ਵਾਲੇ ਦਿਨ ਸੁਰਿੰਦਰ ਕੌਰ ਦੇ ਘਰ ਨਾਂਅ ਤਾਂ ਸ਼ਹਿਨਾਈਆਂ ਵੱਜੀਆਂ ਤੇ ਨਾਂਅ ਕੋਈ ਹੋਰ ਸਜਾਵਟੀ ਪ੍ਰਬੰਧ ਕੀਤੇ ਗਏ | ਘਰ ਦੇ ਕੱਚੇ ਵਿਹੜੇ ਵਿਚ ਉਹ ਢੋਲਕੀ ਵਜਾ ਕੇ ਖੁਦ ਵਿਆਹ ਵਾਲੇ ਗੀਤ ਗਾ ਰਹੀ ਸੀ ਤੇ ਮਾਂ ਦੀਆਂ ਅੱਖਾਂ ਨਮ ਸਨ | ਸੋਢੀ ਸਾਹਿਬ ਦੇ ਸਾਹਿਤਕਾਰਾਂ, ਕਲਾਕਾਰਾਂ ਅਤੇ ਗੀਤਕਾਰਾਂ ਨਾਲ ਨੇੜੇ ਦੇ ਸਬੰਧ ਹੋਣ ਕਾਰਨ ਸੁਰਿੰਦਰ ਕੌਰ ਨੂੰ ਵਧੀਆ ਗੀਤਾਂ ਦੀ ਕਦੇ ਘਾਟ ਨਾ ਆਈ | ਸੁਰਿੰਦਰ ਕੌਰ ਦੇ ਘਰ ਤਿੰਨ ਧੀਆਂ ਨੇ ਜਨਮ ਲਿਆ- ਡੌਲੀ ਗੁਲੇਰੀਆ, ਨੰਦਨੀ ਅਤੇ ਪ੍ਰਮੋਦਨੀ | ਲੋਕ ਗਾਇਕੀ ਦੇ ਖੇਤਰ ਵਿਚ ਮਾਂ ਦੀ ਉਂਗਲ ਫੜ ਕੇ ਡੌਲੀ ਗੁਲੇਰੀਆ ਨੇ ਇਕ ਵੱਖਰੀ ਪਹਿਚਾਣ ਬਣਾਈ ਹੈ | ਨੰਦਨੀ ਅਤੇ ਪ੍ਰਮੋਦਨੀ ਅਮਰੀਕਾ ਜਾ ਵਸੀਆਂ | ਸੰਨ 1976 ਵਿਚ ਪ੍ਰੋ. ਜੋਗਿੰਦਰ ਸਿੰਘ ਸੋਢੀ ਦੀ ਹੋਈ ਬੇਵਕਤੀ ਮੌਤ ਨੇ ਸੁਰਿੰਦਰ ਕੌਰ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿਤਾ ਸੀ ਪਰ ਸੰਗੀਤ ਨੇ ਉਸ ਨੂੰ ਤਕੜੀ ਰੱਖਿਆ |
ਪੰਜਾਬ ਦੀ ਇਸ ਧੀ ਨੇ 35 ਦੇ ਕਰੀਬ ਫ਼ਿਲਮਾਂ ਵਿਚ ਗਾਇਆ ਜਿਨ੍ਹਾਂ ਵਿਚੋਂ ਸ਼ਾਦੀ ਕੀ ਰਾਤ, ਨਾਵ, ਲਾਲ ਦੁਪੱਟਾ, ਨਦੀਆ ਕੇ ਪਾਰ, ਬਾਵਰੇ ਨੈਨ, ਸ਼ਿੰਗਾਰ, ਏਕ ਨਜ਼ਰ, ਸਬਕ, ਪਿਆਰ ਕੀ ਜੀਤ ਅਤੇ ਸ਼ਹੀਦ ਪ੍ਰਮੁੱਖ ਹਨ | ਉਸ ਦੀ ਸਭ ਤੋਂ ਪਹਿਲੀ ਫ਼ਿਲਮ 'ਸ਼ਹੀਦ' ਸੀ ਜਿਸ ਵਿਚ ਸੰਨ 1948 ਵਿਚ ਉਸ ਨੇ 'ਬਦਨਾਮ ਨਾ ਹੋ ਜਾਏ ਮੁਹੱਬਤ ਕਾ ਅਫ਼ਸਾਨਾ, ਓ ਦਰਦ ਭਰੇ ਆਂਸੂਓ ਆਖੋਂ ਮੇ ਨਾ ਆਨਾ' ਗਾਇਆ ਜੋ ਕਾਮਨੀ ਕੌਸ਼ਲ ਉਤੇ ਫ਼ਿਲਮਾਇਆ ਗਿਆ ਸੀ | ਉਸ ਨੇ ਹਿੰਦੀ, ਗੁਜਰਾਤੀ, ਮਰਾਠੀ, ਬੰਗਾਲੀ, ਰੂਸੀ ਅਤੇ ਚੀਨੀ ਗੀਤ ਵੀ ਗਾਏ | ਉਰਦੂ, ਫ਼ਾਰਸੀ ਅਤੇ ਪੰਜਾਬੀ ਗਜ਼ਲਾਂ ਵੀ ਗਾਈਆਂ | ਕਾਬੁਲ ਫੇਰੀ ਦੌਰਾਨ ਉਸ ਨੇ ਪਸ਼ਤੋ ਗੀਤ ਗਾ ਕੇ ਸੰਗੀਤ ਪ੍ਰੇਮੀਆਂ ਦੀ ਵਾਹ-ਵਾਹ ਖੱਟੀ | ਸੰਨ 1964 ਵਿਚ ਇੰਗਲੈਂਡ ਦੇ ਐਲਬਰਟ ਹਾਲ ਵਿਚ ਉਸ ਦੀ ਗਾਈ 'ਹੀਰ' ਅੱਜ ਵੀ ਸੰਗੀਤ ਪ੍ਰੇਮੀਆਂ ਦੇ ਕੰਨਾਂ ਵਿਚ ਉਸੇ ਤਰ੍ਹਾਂ ਗੂੰਜਦੀ ਹੈ | ਐਚ.ਐਮ.ਵੀ. ਕੰਪਨੀ ਵਿਚ ਉਸ ਦੀ ਪਹਿਲੀ ਰਿਕਾਰਡਿੰਗ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਹੋਈ, ਗੀਤ ਸੀ-'ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏਾ |' ਉਸ ਦੇ ਗਾਏ ਕੁਝ ਗੀਤਾਂ ਦਾ ਇਥੇ ਜ਼ਿਕਰ ਕਰਨਾ ਬਣਦਾ ਹੈ ਜੋ ਯਾਦਗਾਰੀ ਹੋ ਨਿੱਬੜੇ ਜਿਵੇਂ-ਲੱਠੇ ਦੀ ਚਾਦਰ, ਜੁੱਤੀ ਕਸੂਰੀ, ਜੇ ਮੁੰਡਿਆ ਸਾਡੀ ਟੋਰ ਤੂੰ ਵੇਖਣੀ, ਬੋਤਾ ਹੌਲੀ ਤੋਰ ਮਿੱਤਰਾ, ਇਕ ਮੇਰੀ ਅੱਖ ਕਾਸ਼ਨੀ, ਮੈਨੂੰ ਹੀਰੇ ਹੀਰੇ ਆਖੇ, ਵਾਸਤਾ ਈ ਮੇਰਾ ਮੇਰੇ ਦਿਲਾ ਦਿਆਂ ਮਹਿਰਮਾਂ, ਇਨ੍ਹਾਂ ਅੱਖੀਆਂ 'ਚ ਪਾਵਾਂ ਕਿਵੇ ਕੱਜਲਾ ਵੇ, ਚੰਨ ਕਿੱਥਾਂ ਗੁਜ਼ਾਰੀ ਆ ਰਾਤ ਵੇ, ਤੂੰਬਾ ਵੱਜਦਾ ਈ ਨਾ, ਮਹਿਰਮ ਦਿਲਾਂ ਦੇ ਮਾਹੀ, ਮਧਾਣੀਆਂ, ਮਾਵਾਂ ਤੇ ਧੀਆਂ ਰਲ ਬੈਠੀਆਂ ਆਦਿ | ਉਸ ਨੇ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਰਲ ਕੇ ਵੀ ਗੀਤ ਗਾਏ ਜਿਵੇ- ਚੁੰਮ-ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ, ਸੂਈ ਵੇ ਸੂਈ ਜ਼ਾਲਮਾਂ, ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ, ਕਾਲੇ ਰੰਗ ਦਾ ਪਰਾਂਦਾ ਆਦਿ | ਇਸੇ ਤਰ੍ਹਾਂ 'ਚੰਨ ਵੇ ਕਿ ਸ਼ੌਂਕਣ ਮੇਲੇ ਦੀ, ਆਪ ਮਾਹੀ ਨੇ ਚੁੱਗ ਲਈਆਂ ਨੀ ਮੇਰੀਆਂ ਦੁੱਖਣ ਕੰਨਾਂ ਦੀਆਂ ਵਾਲੀਆਂ, ਵਤਨਾਂ ਦੇ ਸਿਪਾਹੀਆ, ਕਾਲੇ ਰੰਗ ਦਾ ਪਰਾਂਦਾ, ਨਵੀਂ ਵਹੁਟੀ ਦੁੱਧ ਰਿੜਕੇ, ਦੋ ਛੜਿਆਂ ਨੂੰ ਫੋਟੋ ਲੱਭੀ ਮੇਮ ਦੀ, ਮੈਨੂੰ ਖ਼ੈਰ ਅੱਜ ਵਤਨਾਂ (ਛੋਟੀ ਭੈਣ ਨਰਿੰਦਰ ਕੌਰ ਪਾਲੀ ਨਾਲ)', ਸੁਹਾਗ: 'ਗਲੀਆਂ ਤੇ ਹੋਈਆਂ ਬਾਬਲ ਭੀੜੀਆਂ, ਨਿੱਕੀ-ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ, ਨੀ ਮਾਹੀ ਮੇਰਾ ਨਿੱਕਾ ਜਿਹਾ ਅਸੀਂ ਖਿੱਚ ਕੇ ਬਰਾਬਰ ਕੀਤਾ, ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ, ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ, ਬਾਰੀਂ ਬਰਸੀ ਖੱਟਣ ਗਿਉਂ, ਬੇਟੀ ਚੰਨਣ ਦੇ ਉਹਲੇ-ਉਹਲੇ ਕਿਉਂ ਖੜ੍ਹੀ, ਸਾਡਾ ਚਿੜੀਆਂ ਦਾ ਚੰਬਾ ਵੇ, ਤੂੰ ਮੇਰਾ ਬਾਂਕਾ ਲਾਲ, ਭਾਬੋ ਕਹਿੰਦੀ ਆ ਪਿਆਰਾ ਸਿੰਘਾ ਵੇਲਣਾ ਲਿਆ, ਰਸੀਆ ਨਿੰਬੂ ਲਿਆ ਦੇ ਵੇ ਮੇਰੇ ਉਠੀ ਕਲੇਜੇ ਪੀੜ, ਕੁੱਟ-ਕੁੱਟ ਬਾਜਰਾ ਮੈਂ ਕੋਠੇ ਉਤੇ ਪਾਉਨੀ ਆਂ, ਸੁੱਚੇ ਨੀ ਮੈਂ ਵਾਰ-ਵਾਰ ਪਈ ਡੋਲ੍ਹਦੀ (ਪ੍ਰਕਾਸ਼ ਕੌਰ ਅਤੇ ਨਰਿੰਦਰ ਕੌਰ ਪਾਲੀ ਨਾਲ)', ਰਿਕਾਰਡ ਮਿਲਦੇ ਹਨ |
ਸੁਰਿੰਦਰ ਕੌਰ ਨੇ ਵੱਖ-ਵੱਖ ਕਲਾਕਾਰਾਂ ਨਾਲ ਕਈ ਰੋਮਾਂਟਿਕ ਦੋਗਾਣੇ ਵੀ ਗਾਏ ਜਿਵੇਂ-ਕਰਦੇ ਮੈਨੂੰ ਤੰਗ ਗੁਆਂਢੀ, ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾ, ਧਰਤੀ ਨੂੰ ਕਲੀ ਕਰਾ ਦੇ ਵੇ, ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚਲੀਏ, ਤੂੰ ਕਾਹਦਾ ਲੰਬੜਦਾਰ ਵੇ ਦਰਵਾਜ਼ਾ ਹੈ ਨੀ, ਜੇ ਮੁੰਡਿਆਂ ਸਾਡੀ ਤੋਰ ਤੂੰ ਵੇਖਣੀ, ਮੈਂ ਵੀ ਕੁੜੀ ਆਂ ਵੇ ਚੰਨਾ ਦਿੱਲੀ ਸ਼ਹਿਰ ਦੀ, ਆ ਗਿਆ ਵਣਜਾਰਾ ਚੜ੍ਹਾ ਲੈ ਭਾਬੀ ਚੂੜੀਆਂ (ਹਰਚਰਨ ਗਰੇਵਾਲ ਨਾਲ), ਲਾਲ ਬੁੱਲੀਆਂ ਗੁਲਾਬੀ ਗੋਰਾ ਰੰਗ ਵੇ, ਛੂੰ ਮੰਤਰ, ਤੇਰੀ ਕਾਗਜ਼ ਵਰਗੀ ਭਾਬੀ, ਮਿੱਤਰਾਂ ਦਾ ਚੱਲਿਆ ਟਰੱਕ ਨੀ (ਰਮੇਸ਼ ਰੰਗੀਲਾ ਨਾਲ), ਲਾਊਡ ਸਪੀਕਰ ਵਾਲੇ ਮੁੰਡਿਆਂ ਵੇ, ਮਿੱਤਰਾਂ ਦੇ ਬਾਗ ਦੇ ਵਿਚੋਂ, ਮੈਂ ਕਾਲਜ ਵਿਚ ਪੜ੍ਹਦੀ ਵੇ, ਚੱਕ ਲਉ ਕਹਾਰੋ ਡੋਲੀ, ਨਾਭੇ ਦੀਏ ਬੰਦ ਬੋਤਲੇ, ਮੱਛਰਦਾਨੀ ਲੈ ਦੇ ਵੇ, ਨੀ ਉਠ ਵੇਖੇ ਨਣਾਨੇ ਕੌਣ ਪ੍ਰਾਹੁਣਾ ਆਇਆ (ਰੰਗੀਲਾ ਜੱਟ ਨਾਲ), ਚੜ੍ਹ ਗਿਆ ਮਹੀਨਾ ਸੌਣ ਕੁੜੇ, ਪੰਜੇ ਦਿਉਰ ਕੁਆਰੇ ਭਾਬੀ, ਚੰਨ ਵੇ ਕਿ ਸ਼ੌਕਣ ਮੇਲੇ ਦੀ, ਹੱਥੀ ਬੂਟਾ ਲਾ ਕੇ ਚੋਬਰਾ, ਆ ਜਾ ਭਾਬੀ ਦੇਖੀਏ ਧਰੂੰ ਤਾਰਾ, ਬੁੱਲ੍ਹੀਆਂ 'ਤੇ ਚੀਰ ਆ ਗਿਆ (ਦੀਦਾਰ ਸੰਧੂ ਨਾਲ), ਪੰਡਿਤ ਜੀ ਕੀ ਏ ਲਾਲ ਮੇਰਾ, ਮੈਨੂੰ ਬੋਸਕੀ ਦੀ ਸੁੱਥਣ ਸੁਆਦੇ (ਆਸਾ ਸਿੰਘ ਮਸਤਾਨਾ ਨਾਲ), ਮੇਰਾ ਨਰਮ ਕਾਲਜਾ ਬੋਤਲ ਵਰਗਾ ਲੱਕ ਵੇ, ਛੜੇ ਦੀ ਮਾਂ ਰੋਵੇ, ਲੰਗੇ ਡੰਗ ਪੈ ਗਈ ਬੱਕਰੀ (ਸਾਬਰ ਹੁਸੈਨ ਸਾਬਰ ਨਾਲ), ਜੇ ਮੁੰਡਿਆ ਤੇਰੀ ਅੱਖ ਵੇ ਦੁੱਖਦੀ, ਮੈਂ ਲੜ ਜਾਂ ਭਰਿੰਡ ਬਣ ਕੇ, ਮੇਰਾ ਲੌਂਗ ਗੁਆਚਾ, ਮੈਂ ਵੱਧ ਗਈ ਵੇਲ ਦੀ ਤਰ੍ਹਾਂ (ਮੁਹੰਮਦ ਸਦੀਕ ਨਾਲ), ਕਾਹਨੂੰ ਟੋਕਦਾਂ ਜੱਟਾ ਵੇ ਜੱਟੀ ਸ਼ਹਿਰ ਨੂੰ ਚਲੀ, ਲਾਰੀ ਦੇ ਅੰਦਰ ਭੀੜ ਬੜੀ, ਬੋਤਾ ਹੌਲੀ ਤੋਰ ਮਿੱਤਰਾ, ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ (ਕਰਨੈਲ ਗਿੱਲ ਨਾਲ), ਬੱਲੇ ਬੱਲੇ ਹੋਜੇ ਹਾਨਣੇ, ਮੇਰੀ ਤੋਬਾ ਤੋਬਾ (ਕਰਮ ਚੰਦ ਜਲੰਧਰੀ ਨਾਲ) ਆਦਿ | ਉਸ ਨੇ ਹੋਰ ਵੀ ਅਨੇਕ ਕਲਾਕਾਰਾਂ ਨਾਲ ਦੋਗਾਣੇ ਗਾਏ | ਉਸ ਦੇ ਕਈ ਧਾਰਮਿਕ ਗੀਤ ਵੀ ਹਿੱਟ ਰਹੇ ਜਿਵੇਂ- ਮਾਛੀਵਾੜੇ ਵਿਚ ਬੈਠਾ ਸ਼ਹਿਨਸ਼ਾਹ ਜਹਾਨ ਦਾ, ਚੁੰਮ-ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਕਿਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਆਦਿ | ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸਦੀ ਆਵਾਜ਼ ਵਿਚ ਧਾਰਮਿਕ ਸ਼ਬਦਾਂ ਦੀ ਰਿਕਾਰਡਿੰਗ ਵੀ ਕਰਵਾਈ | ਸ਼ਿਵ ਕੁਮਾਰ ਬਟਾਲਵੀ, ਪ੍ਰੋ. ਮੋਹਣ ਸਿੰਘ, ਅੰਮਿ੍ਤਾ ਪ੍ਰੀਤਮ ਅਤੇ ਨੰਦ ਲਾਲ ਨੂਰਪੁਰੀ ਦੇ ਲਿਖੇ ਗੀਤਾਂ ਨੂੰ ਇੰਨੀ ਪ੍ਰਸਿੱਧੀ ਨਾ ਮਿਲਦੀ ਜੇਕਰ ਉਨ੍ਹਾਂ ਨੂੰ ਸੁਰਿੰਦਰ ਕੌਰ ਆਵਾਜ਼ ਨਾ ਦਿੰਦੀ |
ਭਾਰਤ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਰੂਸ, ਕੀਨੀਆ, ਚੀਨ, ਮਲਾਇਆ ਆਦਿ ਦੇਸ਼ਾਂ ਵਿਚ ਵੀ ਸੁਰਿੰਦਰ ਕੌਰ ਨੇ ਪੰਜਾਬੀ ਲੋਕ ਗਾਇਕੀ ਨੂੰ ਪੁੱਜਦਾ ਕੀਤਾ | ਉਸ ਦਾ ਦਸੰਬਰ 1984 ਵਿਚ ਭਾਰਤੀ ਸਾਹਿਤ ਅਕਾਦਮੀ ਵਲੋਂ ਸਨਮਾਨ, ਸੰਨ 2000 ਵਿਚ ਭਾਰਤੀ ਸੰਗੀਤ ਅਤੇ ਨਾਟਕ ਅਕਾਦਮੀ ਵਲੋਂ ਸਨਮਾਨ, ਸੰਨ 2002 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਡਾਕਟ੍ਰੇਟ ਦੀ ਡਿਗਰੀ, ਭਾਸ਼ਾ ਵਿਭਾਗ ਪੰਜਾਬ ਵਲੋਂ 75ਵੇਂ ਜਨਮ ਦਿਨ 'ਤੇ ਵਿਸ਼ੇਸ਼ ਸਨਮਾਨ, ਦੂਰਦਰਸ਼ਨ ਕੇਂਦਰ, ਜਲੰਧਰ ਵਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸਰਬ ਭਾਰਤੀ ਕਾਨਫਰੰਸ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ | ਭਾਰਤ ਸਰਕਾਰ ਵਲੋਂ 29 ਮਾਰਚ, 2006 ਨੂੰ ਉਸ ਸਮੇਂ ਦੇ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਉਸ ਨੂੰ 'ਪਦਮ ਸ੍ਰੀ' ਪੁਰਸਕਾਰ ਨਾਲ ਨਿਵਾਜਿਆ |
ਸੁਰਿੰਦਰ ਕੌਰ ਕਈ ਸਾਲ ਪੰਚਕੂਲਾ ਰਹੀ ਜਿਥੇ ਉਸ ਦੀ ਸਿਹਤ ਨਾਸਾਜ਼ ਰਹਿਣ ਲੱਗੀ | ਬਿਮਾਰ ਮਾਂ ਦੀ ਦੇਖਭਾਲ ਅਤੇ ਇਲਾਜ ਲਈ ਉਸ ਦੀਆਂ ਨਿਊਜਰਸੀ (ਅਮਰੀਕਾ) ਰਹਿੰਦੀਆਂ ਦੋ ਧੀਆਂ ਪ੍ਰਮੋਦਨੀ ਅਤੇ ਨੰਦਨੀ ਉਸ ਨੂੰ ਅਮਰੀਕਾ ਲੈ ਗਈਆਂ ਪਰ ਸਿਹਤ ਵਿਚ ਕੋਈ ਸੁਧਾਰ ਨਾ ਆਇਆ | ਪਤੀ ਦੀ ਮੌਤ ਤੋਂ ਬਾਅਦ ਵੈਰਾਗ ਵਿਚ ਹਮੇਸ਼ਾ ਇਹ ਗੀਤ 'ਨੀ ਮੈਂ ਜਾਣਾ ਰੱਬ ਦੇ ਕੋਲ, ਦਿਲ ਦਾ ਮਹਿਰਮ ਛੱਡ ਗਿਆ ਮੈਨੂੰ, ਕਿੰਨੂੰ ਹਾਲ ਸੁਣਾਵਾਂ ਖੋਲ੍ਹ', ਗਾਉਣ ਵਾਲੀ ਸੁਰਿੰਦਰ ਕੌਰ 14 ਜੂਨ, 2006 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਹਮੇਸ਼ਾਂ ਲਈ ਦਿਲ ਦੇ ਮਹਿਰਮ ਕੋਲ ਜਾ ਪਹੁੰਚੀ | ਕਈ ਦਹਾਕੇ ਪਹਿਲਾਂ ਉਸ ਦੇ ਗਾਏ ਗੀਤ ਜਦੋਂ ਅੱਜ ਵੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਯੁਵਕ ਮੇਲਿਆਂ ਵਿਚ ਹੁੰਦੇ ਮੁਕਾਬਲਿਆਂ ਦੌਰਾਨ ਗਾਉਂਦੇ ਹਨ ਤਾਂ ਸੁਰਿੰਦਰ ਕੌਰ ਦੀ ਯਾਦ ਤਾਜ਼ਾ ਹੋ ਜਾਂਦੀ ਹੈ |
ਪਿ੍ੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 98554-53539