21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮਨੁੱਖ ਨੂੰ ਕੁੱਤੇ ਵਾਂਗ ਜਿਊਣ ਦਾ ਸੁਨੇਹਾ ਲਾਉਣ ਵਾਲਾ ਡਾਇਓਜਨੀਜ਼

ਮਨੁੱਖ ਨੂੰ ਕੁੱਤੇ ਵਾਂਗ ਜਿਊਣ ਦਾ ਸੁਨੇਹਾ ਲਾਉਣ ਵਾਲਾ ਡਾਇਓਜਨੀਜ਼

Ad Position 21
No active advertisement
ਅਜੀਤ ਡੈਸਕ 22-11-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਡਾਇਓਜਨੀਜ਼ ਕਿਸੇ ਅਮੀਰ, ਮੰਤਰੀ ਜਾਂ ਰਾਜੇ-ਮਹਾਰਾਜੇ ਤੋਂ ਸਾਰੀ ਜ਼ਿੰਦਗੀ ਕਦੇ ਡਰਾਇਆਂ ਵੀ ਨਾ ਡਰਿਆ | ਉਹ ਲੋਕਾਂ ਦੇ ਪਾਖ਼ੰਡਵਾਦ ਦਾ ਸ਼ਰੇਅਮ ਮਜ਼ਾਕ ਉਡਾਉਂਦਾ ਅਤੇ ਲੋਕਾਂ ਨੂੰ  ਅਹਿਸਾਸ ਕਰਵਾਉਂਦਾ ਕਿ ਉਹ ਮਾਨਸਿਕ ਤੌਰ 'ਤੇ ਕਿੰਨੇ ਗੁਲਾਮ ਹਨ | ਬਗ਼ਾਵਤ ਡਾਇਓਜਨੀਜ਼ ਦੇ ਸ਼ਬਦਾਂ ਵਿਚੋਂ ਨਹੀਂ ਬਲਕਿ ਉਸ ਦੀਆਂ ਹਰਕਤਾਂ ਵਿਚੋਂ ਉਪਜਦੀ ਸੀ |
ਕਿਹਾ ਜਾਂਦਾ ਹੈ ਕਿ ਡਾਇਓਜਨੀਜ਼ ਜਦੋਂ ਏਥਨਜ਼ ਤੋਂ ਸਮੁੰਦਰੀ ਰਸਤੇ ਰਾਹੀਂ ਏਜੀਨਾ (1egina) ਜਾ ਰਿਹਾ ਸੀ ਤਾਂ ਰਸਤੇ ਵਿਚ ਸਮੁੰਦਰੀ ਡਾਕੂਆਂ ਨੇ ਉਨ੍ਹਾਂ ਦੇ ਜਹਾਜ਼ ਉੱਤੇ ਹਮਲਾ ਕਰ ਦਿੱਤਾ | ਡਾਇਓਜਨੀਜ਼ ਸਮੇਤ ਉਨ੍ਹਾਂ ਸਾਰੇ ਯਾਤਰੀਆਂ ਨੂੰ  ਬੰਦੀ ਬਣਾ ਲਿਆ ਅਤੇ ਉਨ੍ਹਾਂ ਨੂੰ  ਗੁਲਾਮ ਵਜੋਂ ਵੇਚਣ ਲਈ ਕ੍ਰੀਟ (3rete) ਸ਼ਹਿਰ ਦੇ ਬਾਜ਼ਾਰ ਵਿਚ ਲੈ ਆਏ | ਬੰਦੀਆਂ ਦੀ ਗੁਲਾਮਾਂ ਵਜੋਂ ਚੱਲ ਰਹੀ ਨਿਲਾਮੀ ਤਹਿਤ ਜਦੋਂ ਡਾਇਓਜਨੀਜ਼ ਦੀ ਵਾਰੀ ਆਈ ਤਾਂ ਜਿੱਥੇ ਬਾਕੀ ਸਭ ਗੁਲਾਮ ਡਰੇ ਹੋਏ ਅਤੇ ਉਦਾਸ ਸਨ ਤਾਂ ਡਾਇਓਜਨੀਜ਼ ਬਿਲਕੁਲ ਸ਼ਾਂਤ ਅਤੇ ਨਿਡਰ ਬੈਠਾ ਸੀ | ਗੁਲਾਮਾਂ ਦਾ ਮੁੱਲ ਵੱਟਣ ਵਾਲਿਆਂ ਤੋਂ ਜਦੋਂ ਕੁਝ ਖਰੀਦਦਾਰਾਂ ਨੇ ਵਾਰੀ ਸਿਰ ਡਾਇਓਜਨੀਜ਼ ਦੀ ਖੂਬੀ ਜਾਨਣੀ ਚਾਹੀ ਤਾਂ ਡਾਇਓਜਨੀਜ਼ ਆਪਣੇ ਬਾਰੇ ਆਪ ਬੋਲਿਆ, “ਮੈਂ ਹੋਰ ਬਹੁਤਾ ਕੁਝ ਕੰਮ ਤਾਂ ਨਹੀਂ ਜਾਣਦਾ, ਪਰ ਮੈਂ ਮਨੁੱਖ 'ਤੇ ਰਾਜ ਕਰਨਾ ਜ਼ਰੂਰ ਜਾਣਦਾ ਹਾਂ |“ ਥੋੜ੍ਹੀ ਦੇਰ ਬਾਅਦ ਡਾਇਓਜਨੀਜ਼ ਨੇ ਖਰੀਦਦਾਰਾਂ ਵੱਲ ਮੂੰਹ ਉਠਾ ਕੇ ਉੱਚੀ ਦੇਣੀ ਹੋਕਾ ਦੇਣਾ ਸ਼ੁਰੂ ਕਰ ਦਿੱਤਾ, “ਜੇਕਰ ਕੋਈ ਆਪਣੇ ਲਈ ਮਾਲਕ ਖਰੀਦਣਾ ਚਾਹੁੰਦਾ ਹੈ ਤਾਂ ਉਹ ਆਵੇ ਅਤੇ ਮੈਨੂੰ ਖਰੀਦ ਲਵੇ |“ 
ਡਾਇਓਜਨੀਜ਼ ਦਾ ਅਜਿਹਾ ਹੋਕਾ ਸੁਣ ਕੇ ਜ਼ੇਨੀਆਡਸ (Xeniades) ਨਾਂਅ ਦਾ ਇਕ ਦੌਲਤਮੰਦ ਵਿਅਕਤੀ ਉਸਦੀ ਸ਼ਖ਼ਸੀਅਤ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ | ਉਸ ਨੇ ਡਾਇਓਜਨੀਜ਼ ਨੂੰ  ਆਪਣੇ ਗੁਲਾਮ ਵਜ਼ੋਂ ਤੁਰੰਤ ਖਰੀਦ ਲਿਆ | ਕੋਰਿੰਥ (3orinth) ਵਾਸੀ ਜ਼ੇਨੀਆਡਸ ਜਦੋਂ ਡਾਇਓਜਨੀਜ਼ ਨੂੰ  ਆਪਣੇ ਨਾਲ ਲੈ ਕੇ ਘਰ ਪਹੁੰਚਿਆ ਤਾਂ ਡਾਇਓਜਨੀਜ਼ ਨੇ ਜ਼ੇਨੀਆਡਸ ਨੂੰ  ਆਪਣਾ ਅਗਲਾ ਹੁਕਮ ਸੁਣਾ ਦਿੱਤਾ | ਅਖੇ! “ਭਾਵੇਂ ਕਿ ਮੈਂ ਅੱਜ ਤੋਂ ਤੁਹਾਡਾ ਗੁਲਾਮ ਹਾਂ ਪਰ ਤੁਹਾਨੂੰ ਮੇਰੀ ਗੱਲ ਮੰਨਣੀ ਪਵੇਗੀ, ਜਿਵੇਂ ਇਕ ਮਰੀਜ਼ ਨੂੰ  ਆਪਣੇ ਡਾਕਟਰ ਦੀ ਅਤੇ ਇਕ ਜਹਾਜ਼ ਸਵਾਰ ਨੂੰ  ਆਪਣੇ ਪਾਇਲਟ ਦੀ ਹਰ ਗੱਲ ਮੰਨਣੀ ਪੈਂਦੀ ਹੈ ਫਿਰ ਚਾਹੇ ਉਹ ਗੁਲਾਮ ਹੀ ਕਿਉਂ ਨਾ ਹੋਵੇ |
ਡਾਇਓਜਨੀਜ਼ ਦੇ ਮੂੰਹੋਂ ਇਹ ਸਭ ਸੁਣ ਜ਼ੇਨੀਆਡਸ ਦੇ ਅੰਦਰੋਂ ਆਵਾਜ਼ ਆਈ ਕਿ ਉਸ ਨੇ ਕੋਈ ਘਾਟੇ ਦਾ ਸੌਦਾ ਨਹੀਂ ਕੀਤਾ | ਡਾਇਓਜਨੀਜ਼ ਨੂੰ  ਉਸ ਨੇ ਆਪਣੇ ਬੱਚਿਆਂ ਦੇ ਅਧਿਆਪਕ ਵਜੋਂ ਨਿਯੁਕਤ ਕਰ ਲਿਆ | ਉਸ ਨੇ ਇਨ੍ਹਾਂ ਬੱਚਿਆਂ ਨੂੰ  ਸਿਲੇਬਸ ਦੇ ਨਾਲ-ਨਾਲ ਵੱਖਰੀ ਕਿਸਮ ਦੀ ਸਿੱਖਿਆ ਦਿੱਤੀ | ਬੱਚਿਆਂ ਨੂੰ  ਸ਼ਿਕਾਰ ਕਰਨ, ਘੋੜ ਸਵਾਰੀ ਕਰਨ ਅਤੇ ਸਾਹਿਤ ਪੜ੍ਹਦੇ ਰਹਿਣ ਲਈ ਤਿਆਰ ਕੀਤਾ ਤੇ ਨਾਲ ਦੀ ਨਾਲ ਉਸ ਨੇ ਨੇ ਬੱਚਿਆਂ ਨੂੰ  ਸਖ਼ਤ ਮਿਹਨਤ ਕਰਨਾ, ਸਾਦਾ ਖਾਣਾ ਅਤੇ ਸਾਧਾਰਨ ਬਸਤਰ ਪਹਿਨਦੇ ਹੋਏ ਖੁਸ਼ ਰਹਿਣਾ ਸਿਖਾਇਆ | ਜ਼ੇਨੀਆਡਸ ਆਪਣੇ ਬੱਚਿਆਂ ਵਿਚ ਆਇਆ ਅਜਿਹਾ ਬਦਲਾਅ ਵੇਖ ਕੇ ਐਨਾ ਖੁਸ਼ ਹੋਇਆ ਕਿ ਉਹ ਕੋਰਿੰਥ ਦੇ ਲੋਕਾਂ ਨੂੰ  ਦੱਸਦਾ ਫਿਰੇ ਕਿ ਮੇਰੇ ਘਰ ਵਿਚ ਡਾਇਓਜਨੀਜ਼ ਨਾਂਅ ਦੀ ਇਕ ਨੇਕ ਰੂਹ ਨੇ ਪ੍ਰਵੇਸ਼ ਕੀਤਾ ਹੋਇਆ ਹੈ | ਭਾਵੇਂ ਕਿ ਡਾਇਓਜਨੀਜ਼ ਨੂੰ  ਖ੍ਰੀਦਿਆ ਤਾਂ ਇਕ ਗੁਲਾਮ ਵਜੋਂ ਹੀ ਗਿਆ ਸੀ ਪਰ ਜਿਵੇਂ ਜਿਵੇਂ ਕੋਰਿੰਥ ਸ਼ਹਿਰ ਦੇ ਲੋਕ ਉਸ ਨੂੰ  ਜਾਣਦੇ ਗਏ ਤਿਵੇਂ-ਤਿਵੇਂ ਉਸ ਦਾ ਰੁਤਬਾ ਇਕ ਗੁਲਾਮ ਤੋਂ ਇਕ ਗੁਰੂ ਵਿਚ ਬਦਲਦਾ ਗਿਆ | 
ਪਲੂਟਾਰਕ ਅਤੇ ਡਾਇਓਜਨੀਜ਼ ਲੇਰਟੀਅਸ ਵਰਗੇ ਲੇਖਕਾਂ ਅਨੁਸਾਰ ਜਦੋਂ ਸਿਕੰਦਰ ਮਹਾਨ ਨੇ ਯੂਨਾਨੀ ਰਾਜਾਂ 'ਤੇ ਜਿੱਤ ਪ੍ਰਾਪਤ ਕੀਤੀ ਤਾਂ ਸਿਕੰਦਰ ਦੇ ਦਰਬਾਰ ਵਿਚ ਕੋਰਿੰਥ ਦੇ ਵੱਡੇ-ਵੱਡੇ ਸਿਆਸਤਦਾਨ ਅਤੇ ਦਾਰਸ਼ਨਿਕ ਉਸ ਨੂੰ  ਵਧਾਈ ਦੇਣ ਲਈ ਹਾਜ਼ਰ ਹੋਏ | ਸਿਕੰਦਰ ਨੂੰ  ਜਦੋਂ ਪਤਾ ਲੱਗਾ ਕਿ ਡਾਇਓਜਨੀਜ਼ ਸ਼ਹਿਰ 'ਚ ਹੋਣ ਦੇ ਬਾਵਜੂਦ ਵੀ ਉਸਨੂੰ ਮੁਬਾਰਕ ਆਖਣ ਨਹੀਂ ਆਇਆ ਤਾਂ ਸਿਕੰਦਰ ਮਹਾਨ ਆਪਣਾ ਲਾਮ-ਲਸ਼ਕਰ ਨਾਲ ਲੈ ਕੇ ਆਪ ਡਾਇਓਜਨੀਜ਼ ਨੂੰ  ਮਿਲਣ ਆਪ ਆ ਪਹੁੰਚਿਆ | ਇੱਧਰ ਮਿੱਟੀ ਦੇ ਵੱਡੇ ਘੜੇ ਕੋਲ ਧੁੱਪ ਸੇਕਦੇ ਹੋਏ ਡਾਇਓਜਨੀਜ਼ ਨੇ ਸਿਕੰਦਰ ਵੱਲ ਤੱਕਿਆ ਤੱਕ ਵੀ ਨਾ | 
ਸਿਕੰਦਰ ਨੇ ਡਾਇਓਜਨੀਜ਼ ਨੂੰ  ਬੜੇ ਹੀ ਸਤਿਕਾਰ ਵਜੋਂ ਆਖਿਆ, 'ਮੈਂ ਸਿਕੰਦਰ ਮਹਾਨ ਹਾਂ |
ਡਾਇਓਜਨੀਜ਼ ਨੇ ਬਿਨਾਂ ਕੋਈ ਪ੍ਰਭਾਵ ਕਬੂਲਦਿਆਂ ਆਖਿਆ, 'ਮੈਂ ਡਾਇਓਜਨੀਜ਼ ਕੁੱਤਾ ਹਾਂ ਅਤੇ ਮੈਂ ਕੁੱਤਾ ਅਖਵਾਉਣ 'ਤੇ ਮਾਣ ਮਹਿਸੂਸ ਕਰਦਾ ਹਾਂ | 
ਸਿਕੰਦਰ ਉਸ ਦੀ ਨਿਡਰਤਾ ਤੋਂ ਪ੍ਰਭਾਵਿਤ ਹੁੰਦੇ ਹੋਏ ਬੋਲਿਆ,'ਕਿਉਂ ਜੋ ਮੈਂ ਇਕ ਮਹਾਰਾਜਾ ਹਾਂ ਤੇ ਤੂੰ ਮੇਰੇ ਤੋਂ ਕੁਝ ਵੀ ਮੰਗ ਸਕਦਾ ਏਾ, ਜੋ ਵੀ ਤੇਰੀ ਇੱਛਾ ਹੋਵੇ, ਮੈਂ ਤੁਰੰਤ ਪੂਰੀ ਕਰਾਂਗਾ' | 
ਡਾਇਓਜਨੀਜ਼ ਨੇ ਬੜੀ ਸਾਦਗੀ ਨਾਲ ਕਿਹਾ,'ਤੂੰ ਮੈਨੂੰ ਉਹ ਸਭ ਨਹੀਂ ਦੇ ਸਕਦਾ ਜੋ ਕੁਦਰਤ ਮੈਨੂੰ ਬਿਨਾਂ ਮੰਗਿਆਂ ਦੇ ਰਹੀ ਏ | ਜੇਕਰ ਦੇ ਸਕਦਾ ਏਾ ਤਾਂ ਥੋੜ੍ਹਾ ਪਰਾਂ ਹੋ ਕੇ ਖੜ੍ਹ, ਮੈਂ ਧੁੱਪ ਸੇਕ ਰਿਹਾ ਹਾਂ | ਜੋ ਤੂੰ ਮੈਨੂੰ ਕਦੇ ਵੀ ਨਹੀਂ ਦੇ ਸਕਦਾ, ਹੁਣ ਇਹ ਧੁੱਪ ਮੇਰੇ ਤੋਂ ਖੋਹ ਵੀ ਨਾ | 
ਅਜਿਹਾ ਜੁਵਾਬ ਸੁਣ ਸਿਕੰਦਰ ਦੇ ਅਹਿਲਕਾਰ ਅੱਗ-ਬਬੂਲਾ ਹੋ ਗਏ, ਉਨ੍ਹਾਂ ਦਾ ਵੱਸ ਚੱਲਦਾ ਤਾਂ ਉਹ ਇਕ ਪਲ ਵਿਚ ਡਾਇਓਜਨੀਜ਼ ਦਾ ਸਿਰ ਕਲਮ ਕਰ ਦਿੰਦੇ | ਅਹਿਲਕਾਰਾਂ ਨੇ ਮੂੰਹ ਆਇਆ ਬੋਲਦਿਆਂ ਡਾਇਓਜਨੀਜ਼ ਨੂੰ  ਪਾਗਲ ਕਰਾਰ ਦੇ ਦਿੱਤਾ | 
ਪਰ ਸਿਕੰਦਰ ਮਹਾਨ ਨੇ ਆਪਣੇ ਸੈਨਿਕਾਂ ਨੂੰ  ਸਮਝਾਇਆ ਕਿ ਡਾਇਓਜਨੀਜ਼ ਪਾਗਲ ਨਹੀਂ ਹੈ, ਉਹ ਸਗੋਂ ਮੇਰੇ ਤੋਂ ਵੀ ਜ਼ਿਆਦਾ ਅਮੀਰ ਹੈ ਕਿਉਂ ਜੋ ਹੁਣ ਇਸ ਨੂੰ  ਕਿਸੇ ਚੀਜ਼ ਦੀ ਲੋੜ ਹੀ ਨਹੀਂ, ਕਿਸੇ ਤਰ੍ਹਾਂ ਦੀ ਕੋਈ ਤਮ੍ਹਾਂ ਨਹੀਂ | ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਚੁੱਕੀਆਂ ਹਨ | 
ਸਿਕੰਦਰ ਮਹਾਨ ਨੇ ਡਾਇਓਜਨੀਜ਼ ਦੇ ਇਸ ਅੰਦਾਜ਼ ਤੋਂ ਬਹੁਤ ਪ੍ਰਸੰਨ ਹੁੰਦੇ ਹੋਇਆਂ ਇਹ ਇਤਿਹਾਸਿਕ ਸ਼ਬਦ ਕਹੇ, 'ਜੇਕਰ ਮੈਂ ਅੱਜ ਸਿਕੰਦਰ ਮਹਾਨ ਨਾ ਹੁੰਦਾ, ਤਾਂ ਮੈਂ ਡਾਇਓਜਨੀਜ਼ ਹੋਣਾ ਪਸੰਦ ਕਰਦਾ |' 
ਸਿਕੰਦਰ ਦੇ ਬੋਲ ਸੁਣ ਡਾਇਓਜਨੀਜ਼ ਇਕ ਵਾਰ ਫ਼ਿਰ ਬੋਲਿਆ, 'ਜੇ ਮੈਂ ਅੱਜ ਡਾਇਓਜਨੀਜ਼ ਨਾ ਹੁੰਦਾ, ਤਾਂ ਵੀ ਮੈਂ ਡਾਇਓਜਨੀਜ਼ ਕੁੱਤਾ ਹੋਣਾ ਹੀ ਪਸੰਦ ਕਰਦਾ |' 
ਸਿਕੰਦਰ ਮਹਾਨ ਦੁਨੀਆ ਜਿੱਤ ਕੇ ਵੀ ਭਟਕਣ ਵਿਚ ਸੀ ਅਤੇ ਡਾਇਓਜਨੀਜ਼ ਆਪਣੇ-ਆਪ ਉੱਤੇ ਜਿੱਤ ਪ੍ਰਾਪਤ ਕਰਕੇ ਪੂਰੇ ਸਕੂਨ ਨਾਲ ਜ਼ਿੰਦਗੀ ਜਿਊ ਰਿਹਾ ਸੀ |
ਇਸੇ ਤਰ੍ਹਾਂ ਇਕ ਦਾਰਸ਼ਨਿਕ ਅਰਿਸਟਿਪਸ, ਜੋ ਰਾਜੇ ਦੀ ਚਾਪਲੂਸੀ ਕਰਕੇ ਪੂਰੇ ਐਸ਼ੋ-ਆਰਾਮ ਵਿਚ ਸੀ, ਨੇ ਡਾਇਓਜਨੀਜ਼ ਨੂੰ  ਸੜਕ ਕਿਨਾਰੇ ਬੈਠੇ ਦਾਲ ਸਾਫ਼ ਕਰਦਿਆਂ ਵੇਖਿਆ ਅਤੇ ਉਕਸਾਉਂਦੇ ਹੋਏ ਬੋਲਿਆ, ਡਾਇਓਜਨੀਜ਼! ਜੇ ਤੂੰ ਵੀ ਰਾਜੇ ਦੀ ਖੁਸ਼ਾਮਦ ਕਰਨੀ ਸਿੱਖ ਲੈਂਦਾ, ਤਾਂ ਤੈਨੂੰ ਨਿੱਤ ਦਿਨ ਇਹ ਸੁੱਕੀ ਦਾਲ ਨਾ ਖਾਣੀ ਪੈਂਦੀ |'
ਡਾਇਓਜਨੀਜ਼ ਨੇ ਮੁਸਕਰਾਉਂਦੇ ਹੋਏ ਕਿਹਾ, 'ਅਰਿਸਟਿਪਸ | ਜੇ ਤੂੰ ਸੁੱਕੀ ਦਾਲ ਖਾਣੀ ਸਿੱਖ ਲੈਂਦਾ, ਤਾਂ ਤੈਨੂੰ ਆਏ ਦਿਨ ਰਾਜੇ ਦੇ ਤਲਵੇ ਨਾ ਚੱਟਣੇ ਪੈਂਦੇ | 
ਇਨ੍ਹਾਂ ਦੋ ਘਟਨਾਵਾਂ ਰਾਹੀਂ ਡਾਇਓਜਨੀਜ਼ ਨੇ ਸਿੱਖਿਆ ਦਿੱਤੀ ਕਿ ਜੇਕਰ ਆਪਾਂ ਆਪਣੀਆਂ ਇੱਛਾਵਾਂ 'ਤੇ ਕਾਬੂ ਪਾ ਲਈਏ ਜਾਂ ਆਪਣੀਆਂ ਲੋੜਾਂ ਸੀਮਤ ਕਰ ਲਈਏ ਤਾਂ ਕੋਈ ਵੀ ਰਾਜਾ ਤੁਹਾਨੂੰ ਡਰਾ-ਧਮਕਾ ਕੇ ਜਾਂ ਲਾਲਚ ਦੇ ਕੇ ਆਪਣਾ ਗੁਲਾਮ ਨਹੀਂ ਬਣਾ ਸਕਦਾ ਅਤੇ ਨਾ ਹੀ ਮੁੱਠੀ ਭਰ ਸੁੱਖ-ਸਹੂਲਤਾਂ ਦੀ ਖਾਤਰ ਸਾਨੂੰ ਕਿਸੇ ਦੇ ਚੱਪਲ-ਚੱਟ ਬਣਨ ਦੀ ਲੋੜ ਪੈ ਸਕਦੀ ਹੈ | 
ਇਕ ਦਿਨ ਕੋਰਿੰਥ ਵਿਖੇ ਮਨੁੱਖੀ ਹੱਡੀਆਂ ਦੇ ਢੇਰ ਵਿਚੋਂ ਕੁਝ ਭਾਲ ਰਹੇ ਡਾਇਓਜਨੀਜ਼ 'ਤੇ ਸਿਕੰਦਰ ਮਹਾਨ ਦੀ ਨਿਗ੍ਹਾ ਪਈ ਤਾਂ ਸਿਕੰਦਰ ਨੇ ਪੁੱਛਿਆ, 'ਡਾਇਓਜਨੀਜ਼! ਇਨ੍ਹਾਂ ਵਿਚੋਂ ਕੀ ਲੱਭ ਰਿਹਾ ਐਂ?
ਡਾਇਓਜਨੀਜ਼ ਨੇ ਮਿਹਨਤ ਜਾਰੀ ਰੱਖਦਿਆਂ ਆਖਿਆ, ਮੈਂ ਇਸ ਮਨੁੱਖੀ ਹੱਡੀਆਂ ਦੇ ਢੇਰ ਵਿਚੋਂ ਤੁਹਾਡੇ ਪਿਤਾ (ਮਕਦੂਨੀਆਂ ਦਾ ਰਾਜਾ ਫਿਲਿਪ-ਦੂਜਾ) ਦੀਆਂ ਹੱਡੀਆਂ ਛਾਂਟਣੀਆਂ ਚਾਹੁੰਦਾ ਹਾਂ, ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਇਨ੍ਹਾਂ ਵਿਚੋਂ ਰਾਜੇ ਦੀਆਂ ਹੱਡੀਆਂ ਕਿਹੜੀਆਂ ਹਨ ਅਤੇ ਇਕ ਗੁਲਾਮ ਦੀਆਂ ਹੱਡੀਆਂ ਕਿਹੜੀਆਂ |'
ਅਜਿਹਾ ਕਰਦਿਆਂ ਡਾਇਓਜਨੀਜ਼ ਨੇ ਸਿੱਧ ਕਰ ਦਿੱਤਾ ਕਿ ਰਾਜਾ ਹੋਵੇ ਜਾਂ ਰੰਕ, ਮੌਤ ਸਭ ਨੂੰ  ਬਰਾਬਰ ਕਰ ਦਿੰਦੀ ਹੈ |
ਇਵੇਂ ਹੀ ਡਾਇਓਜਨੀਜ਼ ਨੇ ਕਿਸੇ ਨੌਜਵਾਨ ਨੂੰ  ਮਿੱਟੀ ਦੀ ਇਕ ਮੂਰਤੀ ਤੋਂ ਭੀਖ ਮੰਗਦੇ ਵੇਖਿਆ ਤਾਂ ਡਾਇਓਜਨੀਜ਼ ਬੋਲਿਆ ਕਿ, 'ਇਹ ਆਪਣੀ ਨਾ-ਕਾਮਯਾਬੀ ਸਹਿਣ ਲਈ ਅਭਿਆਸ ਕਰ ਰਿਹਾ ਹੈ' | 
ਇਨ੍ਹਾਂ ਬੋਲਾਂ ਰਾਹੀਂ ਉਸ ਨੇ ਸੁਨੇਹਾ ਦਿੱਤਾ ਕਿ ਆਪਣੇ ਹੱਥੀਂ ਬਣਾਈ ਮਿੱਟੀ ਦੀ ਮੂਰਤੀ ਨੂੰ  ਤਾਰਨਹਾਰ ਸਮਝਦੇ ਹੋਏ ਇਸ ਤੋਂ ਹੀ ਮੰਗਣ ਵਾਲੇ ਲੋਕ ਆਪਣੀ ਜ਼ਿੰਦਗੀ ਵਿਚ ਸਦਾ ਨਾ-ਕਾਮਯਾਬ ਹੋਣਗੇ ਅਤੇ ਅਜਿਹੀ ਹਾਰ ਨੂੰ  ਬਰਦਾਸ਼ਤ ਕਰਨ ਦਾ ਅਭਿਆਸ ਉਨ੍ਹਾਂ ਨੂੰ  ਅਕਸਰ ਹੀ ਕਰਦੇ ਰਹਿਣਾ ਚਾਹੀਦਾ ਹੈ | 
ਆਪਣੀ ਸਾਰੀ ਜ਼ਿੰਦਗੀ ਇਕ ਬੈਰਲ (ਮੱਟੀ ਜਾਂ ਮਿੱਟੀ ਦਾ ਵੱਡਾ ਸਾਰਾ ਘੜਾ) ਵਿਚ ਬਿਤਾਉਣ ਵਾਲੇ ਡਾਇਓਜਨੀਜ਼ ਨੇ ਆਪਣੀ ਇਸ ਸਾਦਗੀ ਰਾਹੀਂ ਮਨੁੱਖ ਨੂੰ  ਸੁਨੇਹਾ ਦਿੱਤਾ ਹੈ ਕਿ ਇਕ ਆਦਮੀ ਨੂੰ  ਘੱਟ ਤੋਂ ਘੱਟ ਸਹੂਲਤਾਂ ਨਾਲ ਖੁਸ਼ ਰਹਿਣਾ ਚਾਹੀਦਾ ਹੈ | ਉਹ ਆਪ ਸਾਰੀ ਜ਼ਿੰਦਗੀ ਖਾਣ-ਪੀਣ ਲਈ ਮਿੱਟੀ ਦੇ ਇਕ ਪਿਆਲੇ 'ਤੇ ਨਿਰਭਰ ਰਿਹਾ ਪਰ ਜਦ ਉਸ ਨੇ ਇਕ ਕੁੱਤੇ ਨੂੰ  ਨਦੀ ਵਿਚੋਂ ਮੂੰਹ ਨਾਲ ਪਾਣੀ ਪੀਂਦੇ ਵੇਖਿਆ ਤਾਂ ਖੁਦ ਨੂੰ  ਕੋਸਦੇ ਹੋਏ, ਉਸ ਨੇ ਇਹ ਪਿਆਲਾ ਵੀ ਵਗਾਹ ਮਾਰਿਆ ਕਿ 'ਜੇਕਰ ਇਕ ਕੁੱਤਾ ਕਿਸੇ ਭਾਂਡੇ 'ਤੇ ਨਿਰਭਰ ਹੋਏ ਬਗ਼ੈਰ ਕੁਝ ਵੀ ਖਾ ਸਕਦਾ ਹੈ, ਪਾਣੀ ਪੀ ਸਕਦਾ ਹੈ ਤਾਂ ਮੈਨੂੰ ਕਿਸੇ ਵਸਤੂ 'ਤੇ ਨਿਰਭਰ ਰਹਿਣ ਦੀ ਕੀ ਜ਼ਰੂਰਤ ਹੈ' |
ਦਿਨ ਦੇ ਤਿੱਖੇ ਉਜਾਲੇ 'ਚ ਏਥੇਂਜ਼ ਦੀਆਂ ਗਲੀਆਂ ਵਿਚ ਆਪਣੇ ਹੱਥ ਲਾਲਟੈਨ ਚੁੱਕੀ ਘੁੰਮਣ ਵਾਲਾ ਡਾਇਓਜਨੀਜ਼ ਸਮਾਜ ਉੱਤੇ ਇਹ ਕਹਿੰਦੇ ਹੋਏ ਲਾਹਣਤਾਂ ਪਾਉਂਦਾ ਰਿਹਾ ਕਿ ਮੈਂ ਸੂਰਜ ਦੇ ਉਜਾਲੇ ਵਿਚ ਲੈਂਪ ਚੁੱਕੀ ਇਕ ਇਮਾਨਦਾਰ ਅਤੇ ਸੱਚਾ ਇਨਸਾਨ ਲੱਭ ਰਿਹਾ ਹਾਂ | 
ਡਾਇਓਜਨੀਜ਼ ਆਪਣੇ ਸਮੇਂ ਦੇ ਨਾਮੀ ਦਾਰਸ਼ਨਿਕਾਂ ਨਾਲ ਅਕਸਰ ਹੀ ਪੇਚਾ ਪਾਈ ਰੱਖਦਾ ਸੀ | ਖਾਸ ਕਰਕੇ ਅਫ਼ਲਾਤੂਨ (Plato) ਨਾਲ ਤਾਂ ਉਸ ਦਾ ਸਦਾ ਹੀ ਛੱਤੀ ਦਾ ਅੰਕੜਾ ਰਿਹਾ | ਅਫ਼ਲਾਤੂਨ ਨੇ ਇਕ ਵਾਰ ਆਪਣੇ ਵਿਚਾਰ ਪ੍ਰਗਟਾਉਂਦਿਆਂ ਇਨਸਾਨ ਦੀ ਪਰਿਭਾਸ਼ਾ ਦੇ ਦਿੱਤੀ ਕਿ 'ਮਨੁੱਖ, ਦੋ ਪੈਰਾਂ ਵਾਲਾ ਅਜਿਹਾ ਜਾਨਵਰ ਹੈ, ਜਿਸ ਦੇ ਸਰੀਰ 'ਤੇ ਬੱਸ ਖੰਭ ਨਹੀਂ ਹੁੰਦੇ' | ਇਸ ਦਲੀਲ ਨਾਲ ਤਾਂ ਡਾਇਓਜਨੀਜ਼ ਨੂੰ  ਜਿਵੇਂ ਅਫਲਾਤੂਨ ਦੇ ਖੰਭ ਝਾੜਨ ਦਾ ਮੌਕਾ ਮਿਲ ਗਿਆ ਹੋਵੇ | ਉਸ ਨੇ ਇਕ ਮੁਰਗਾ ਲਿਆਂਦਾ ਅਤੇ ਉਸ ਦੇ ਸਾਰੇ ਖੰਭ ਨੋਚ ਕੇ ਅਫ਼ਲਾਤੂਨ ਦੀ ਅਕੈਡਮੀ ਵਿਚ ਸੁੱਟ ਦਿੱਤਾ ਤੇ ਸੰਦੇਸ਼ ਦਿੱਤਾ ਕਿ 'ਇਹ ਅਫ਼ਲਾਤੂਨ ਵਲੋਂ ਪ੍ਰਭਾਸ਼ਿਤ ਕੀਤਾ ਗਿਆ ਮਨੁੱਖ ਹੈ' |
ਕਹਿੰਦੇ ਨੇ ਕਿ ਇਸ ਘਟਨਾ ਤੋਂ ਬਾਅਦ ਅਫ਼ਲਾਤੂਨ ਨੂੰ  ਮਨੁੱਖ ਪ੍ਰਤੀ ਆਪਣੀ ਪਰਿਭਾਸ਼ਾ ਬਦਲਣ ਲਈ ਮਜ਼ਬੂਰ ਹੋਣਾ ਪਿਆ | ਉਸ ਨੇ ਆਖਿਆ ਕਿ 'ਮਨੁੱਖ, ਚੌੜੇ ਅਤੇ ਚਪਟੇ ਨਹੁੰਆਂ ਵਾਲਾ ਜਾਨਵਰ ਹੈ' | 
ਡਾਇਓਜਨੀਜ਼ ਨੇ ਜ਼ਿੰਦਗੀ ਭਰ ਕੋਈ ਕਿਤਾਬ ਨਹੀਂ ਲਿਖ਼ੀ ਪਰ ਉਸ ਦੇ ਸਾਇਨਿਕਵਾਦ ਨੇ ਮਾਰਕਸ ਔਰੇਲੀਅਸ, ਐਪੀਕਟੇਟਸ ਅਤੇ ਸੇਨੇਕਾ ਦੇ ਸਟੋਇਕਵਾਦ (Stoicism) ਨੂੰ  ਬਹੁਤ ਪ੍ਰਭਾਵਿਤ ਕੀਤਾ | ਜਿੱਥੇ ਸਟੋਇਕਵਾਦ ਇਨਸਾਨ ਨੂੰ  ਸਮਾਜ ਦੀਆਂ ਸਭ ਸਹੂਲਤਾਂ ਮਾਣਦਿਆਂ, ਵੱਡੇ ਤੋਂ ਵੱਡੇ ਰੁਤਬਿਆਂ ਦਾ ਸੁਖ ਭੋਗਦੇ ਪਰਿਵਾਰ ਪਾਲਦੇ ਹੋਏ ਮਨ ਦੀ ਅਟੱਲ ਸ਼ਾਂਤੀ ਪ੍ਰਾਪਤ ਕਰਨ ਲਈ ਪ੍ਰੇਰਦਾ ਹੈ, ਉੱਥੇ ਡਾਇਓਜਨੀਜ਼ ਦਾ ਸਾਇਨਿਕਵਾਦ ਮਨੁੱਖ ਅੰਦਰ ਸਭ ਸੁੱਖ ਸਹੂਲਤਾਂ ਮਾਨਣ ਖ਼ਾਤਰ ਤਿਲ-ਤਿਲ ਮਰਨ ਦੀ ਬਜਾਏ ਸੜਕਾਂ ਉੱਤੇ ਨੰਗ-ਧੜੰਗ ਜਿਊਣ ਵਿਚ ਵਿਸ਼ਵਾਸ ਜਗਾਉਂਦਾ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮਾਨਸਿਕ ਸਿਹਤ ਕੌਂਸਲਰ, ਮਾਈਾਡ ਕਲੈਰਿਟੀ ਸੈਂਟਰ, ਬੰਗਾ, ਜ਼ਿਲ੍ਹਾ: ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 98154-61875

Ad Position 22
No active advertisement
ਪਿਛਲੀ ਖ਼ਬਰ 25 ਨਵੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼ 'ਪੰਜਾਬ ਦੀ ਕੋਇਲ' ਅਤੇ 'ਲੋਕ ਗੀਤਾਂ ਦੀ ਰਾਣੀ' ਸੁਰਿੰਦਰ ਕੌਰ ਅਗਲੀ ਖ਼ਬਰ ਮਸ਼ੀਨ ਨੂੰ ਬੰਦਾ ਤੇ ਬੰਦੇ ਨੂੰ ਮਸ਼ੀਨ ਬਣਾਉਣ ਦੀ ਕਵਾਇਦ
Ad Position 24