25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

31 ਅਕਤੂਬਰ ਨੂੰ 100ਵੇਂ ਜਨਮ ਦਿਨ 'ਤੇ ਵਿਸ਼ੇਸ਼ ਫਾਈਬਰ ਆਪਟਿਕਸ ਦੇ ਪਿਤਾਮਾ : ਡਾ. ਨਰਿੰਦਰ ਸਿੰਘ ਕਪਾਨੀ

31 ਅਕਤੂਬਰ ਨੂੰ 100ਵੇਂ ਜਨਮ ਦਿਨ 'ਤੇ ਵਿਸ਼ੇਸ਼ ਫਾਈਬਰ ਆਪਟਿਕਸ ਦੇ ਪਿਤਾਮਾ : ਡਾ. ਨਰਿੰਦਰ ਸਿੰਘ ਕਪਾਨੀ

Ad Position 21
No active advertisement
ਅਜੀਤ ਡੈਸਕ 25-10-2026

ਆਧੁਨਿਕ ਦੂਰ-ਸੰਚਾਰ ਕ੍ਰਾਂਤੀ ਪਿੱਛੇ ਆਪਟੀਕਲ ਫਾਈਬਰ ਤਕਨੀਕ ਦੀ ਮਹੱਤਵਪੂਰਨ ਭੂਮਿਕਾ ਹੈ | ਵਿਗਿਆਨ ਅਤੇ ਤਕਨੀਕ ਦੇ ਖੇਤਰ ਦੇ ਵਿਕਾਸ ਵਿਚ ਡਾ. ਨਰਿੰਦਰ ਸਿੰਘ ਕਪਾਨੀ ਦੇ ਯੋਗਦਾਨ ਨੂੰ  ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਬਲਕਿ ਸਮੁੱਚੀ ਦੁਨੀਆ ਵਿਚ ਗਿਣਿਆ ਜਾਂਦਾ ਹੈ | ਡਾ. ਨਰਿੰਦਰ ਸਿੰਘ ਕਪਾਨੀ ਇਕ ਦੂਰਦਰਸ਼ੀ ਵਿਗਿਆਨੀ ਸੀ, ਜਿਸ ਨੇ ਫਾਈਬਰ ਆਪਟਿਕਸ ਤਕਨਾਲੋਜੀ ਰਾਹੀਂ ਸੰਚਾਰ ਦੀ ਦੁਨੀਆਂ ਵਿਚ ਕ੍ਰਾਂਤੀ ਲਿਆਂਦੀ | ਉਨ੍ਹਾਂ ਦੀ ਵਿਲੱਖਣ ਖੋਜ ਨੇ ਆਧੁਨਿਕ ਫਾਈਬਰ ਆਪਟਿਕ ਸੰਚਾਰ ਤਕਨਾਲੋਜੀ ਦੀ ਨੀਂਹ ਰੱਖੀ | ਇਸ ਨਾਲ ਆਧੁਨਿਕ ਸੰਚਾਰ ਨੈੱਟਵਰਕ ਜਿਵੇਂ ਉੱਚ-ਸਪੀਡ ਇੰਟਰਨੈੱਟ ਤੋਂ ਇਲਾਵਾ ਮੈਡੀਕਲ ਖੇਤਰ ਵਿਚ ਸਰੀਰ ਦੇ ਅੰਦਰੂਨੀ ਅੰਗਾਂ ਦੀ ਜਾਂਚ ਲਈ ਐਂਡੋਸਕੋਪੀ, ਲੇਜ਼ਰ ਸਰਜਰੀ ਵਿਚ ਨਵੀਂ ਪ੍ਰਗਤੀ ਹੋਈ | ਡਾ. ਨਰਿੰਦਰ ਸਿੰਘ ਕਪਾਨੀ ਦੀ ਫਾਈਬਰ ਆਪਟਿਕਸ, ਲੇਜ਼ਰ, ਸੂਰਜੀ ਊਰਜਾ 'ਤੇ ਖੋਜ ਦੇ ਬਾਇਓ-ਮੈਡੀਕਲ ਯੰਤਰਾਂ, ਡਿਫੈਂਸ, ਸੰਚਾਰ ਅਤੇ ਪ੍ਰਦੂਸ਼ਣ ਜਾਂਚ ਵਿਚ ਉਪਯੋਗ ਹਨ | ਉਨ੍ਹਾਂ ਦੀ ਖੋਜ ਸਦਕਾ ਦੁਨੀਆ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਸੰਚਾਰ ਕਰਦੀ ਹੈ | ਅੱਜ 5ਜੀ ਨੈੱਟਵਰਕ, ਵੀਡੀਓ ਕਾਲਾਂ, ਕੇਬਲ ਨੈੱਟਵਰਕ, ਟੀ.ਵੀ., ਡਿਜੀਟਲ ਸੰਦੇਸ਼, ਸੂਚਨਾਵਾਂ, ਫੋਟੋਆਂ, ਦਸਤਾਵੇਜ਼, ਫਾਈਲਾਂ, ਆਨਲਾਈਨ ਕਲਾਸਾਂ, ਡਿਜ਼ੀਟਲ ਪੇਅਮੈਂਟ, ਟੈਲੀਫ਼ੋਨ ਸੰਦੇਸ਼, ਡੈਟਾ ਭੇਜਣ ਲਈ ਕੰਪਿਊਟਰ ਆਦਿ ਜੋੜਨ ਲਈ ਤਾਂਬੇ ਦੀਆਂ ਤਾਰਾਂ ਦੀ ਥਾਂ ਆਪਟੀਕਲ ਫਾਈਬਰ ਕੇਬਲਾਂ ਜ਼ਮੀਨ ਹੇਠ ਵਿਛਾਈਆਂ ਗਈਆਂ ਹਨ |  

ਮੁਢਲਾ ਜੀਵਨ 
ਭਾਰਤੀ ਮੂਲ ਦੇ ਅਮਰੀਕੀ ਭੌਤਿਕ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦਾ ਜਨਮ 31 ਅਕਤੂਬਰ 1926 ਨੂੰ  ਪੰਜਾਬ (ਉਦੋਂ ਬਰਤਾਨਵੀ ਭਾਰਤ) ਦੇ ਮੋਗਾ ਸ਼ਹਿਰ ਵਿਖੇ ਸਿੱਖ ਖੱਤਰੀ (ਸੋਢੀ ਵੰਸ਼) ਪਰਿਵਾਰ ਵਿਚ ਹੋਇਆ ਸੀ | ਉਨ੍ਹਾਂ ਦੇ ਪਿਤਾ ਸਰਦਾਰ ਸੁੰਦਰ ਸਿੰਘ ਕਪਾਨੀ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀਆਂ ਦੇ ਵਿਰੁੱਧ ਬਰਤਾਨੀਆ ਦੀ ਰਾਇਲ ਏਅਰ ਫੋਰਸ ਵਿਚ ਸੇਵਾਵਾਂ ਦਿੱਤੀਆਂ ਅਤੇ ਕੋਲੇ ਦੇ ਉਦਯੋਗ ਵਿਚ ਨੌਕਰੀ ਵੀ ਕੀਤੀ | ਉਨ੍ਹਾਂ ਦੇ ਮਾਤਾ ਸ੍ਰੀਮਤੀ ਕੁੰਦਨ ਕੌਰ ਘਰੇਲੂ ਔਰਤ ਸਨ, ਜਿਨ੍ਹਾਂ ਦਾ ਪਰਿਵਾਰ ਮੋਗਾ ਨੇੜਲੇੇ ਪਿੰਡ ਸੋਢੀ ਵਾਲਾ ਵਿਖੇ ਰਹਿੰਦਾ ਸੀ | ਡਾ. ਨਰਿੰਦਰ ਸਿੰਘ ਕਪਾਨੀ ਬਚਪਨ ਵਿਚ ਆਪਣੇ ਮਾਤਾ ਅਤੇ ਭਰਾ ਨਾਲ ਬਲਦਾਂ ਵਾਲੇ ਗੱਡੇ 'ਤੇੇ ਆਪਣੇ ਨਾਨਕੇ ਪਿੰਡ ਸੋਢੀ ਵਾਲਾ ਜਾਂਦੇ ਸਨ | ਮਾਤਾ-ਪਿਤਾ ਨੇ ਡਾ. ਨਰਿੰਦਰ ਸਿੰਘ ਕਪਾਨੀ ਨੂੰ  ਚੰਗੀ ਸਿੱਖਿਆ, ਸਿੱਖੀ ਸਿਧਾਂਤ ਅਤੇ ਚੰਗੇ ਸੰਸਕਾਰ ਦਿੱਤੇ | ਡਾ. ਨਰਿੰਦਰ ਸਿੰਘ ਕਪਾਨੀ ਦੇ ਦਾਦਾ ਸਰਦਾਰ ਨਗੀਨਾ ਸਿੰਘ ਪਟਿਆਲਾ ਵਿਖੇ ਸੈਸ਼ਨ ਜੱਜ ਸਨ | ਡਾ. ਨਰਿੰਦਰ ਸਿੰਘ ਕਪਾਨੀ ਦਾ ਅਣਵੰਡੇੇ ਪੰਜਾਬ ਦੇ ਅੰਬਾਲਾ (ਹੁਣ ਹਰਿਆਣਾ) ਸ਼ਹਿਰ ਨਾਲ ਵੀ ਡੂੰਘਾ ਅਤੇ ਪਰਿਵਾਰਕ ਸਬੰਧ ਰਿਹਾ ਹੈ | ਉਨ੍ਹਾਂ ਦੇ ਤਾਇਆ ਜੀ ਸ. ਗੁਰਚਰਨ ਸਿੰਘ ਕਪਾਨੀ ਅੰਬਾਲਾ ਦੇ ਮੰਨੇ-ਪ੍ਰਮੰਨੇ ਪਰਉਪਕਾਰੀ ਇਨਸਾਨ ਸਨ | ਡਾ. ਨਰਿੰਦਰ ਸਿੰਘ ਕਪਾਨੀ ਬਚਪਨ ਵਿਚ ਛੁੱਟੀਆਂ ਦੌਰਾਨ ਅੰਬਾਲਾ ਜਾਂਦੇ ਸਨ | ਪੰਜਾਬ ਤੋਂ ਬਾਅਦ ਡਾ. ਨਰਿੰਦਰ ਸਿੰਘ ਕਪਾਨੀ ਦਾ ਪਾਲਣ- ਪੋਸ਼ਣ ਦੇਹਰਾਦੂਨ (ਉੱਤਰਾਖੰਡ) ਵਿਖੇ ਹੋਇਆ | 
ਸਿੱਖਿਆ : ਡਾ. ਨਰਿੰਦਰ ਸਿੰਘ ਕਪਾਨੀ ਨੇ ਮੁੱਢਲੀ ਸਕੂਲੀ ਪੜ੍ਹਾਈ ਦੇਹਰਾਦੂਨ (ਹੁਣ ਉੱਤਰਾਖੰਡ, ਉਦੋਂ ਉੱਤਰ ਪ੍ਰਦੇਸ਼) ਦੇ ਸਕੂਲ ਤੋਂ ਪ੍ਰਾਪਤ ਕੀਤੀ | ਉਨ੍ਹਾਂ ਨੂੰ  ਵਿਗਿਆਨ ਅਤੇ ਤਕਨਾਲੋਜੀ ਵਿਚ ਲਗਨ ਅਤੇ ਜਗਿਆਸਾ ਪਿਤਾ ਵਲੋਂ ਤੋਹਫ਼ੇ ਦੇ ਤੌਰ 'ਤੇ ਮਿਲੇ ਕੈਮਰੇ ਤੋਂ ਲੱਗੀ ਅਤੇ ਬਚਪਨ ਵਿਚ ਹੀ ਲੈਂਜਾਂ, ਪਿ੍ਜ਼ਮਾਂ ਰਾਹੀਂ ਪ੍ਰਕਾਸ਼ੀ ਵਰਤਾਰਿਆਂ ਬਾਰੇ ਬਾਰੀਕੀਆਂ ਸਿੱਖ ਲਈਆਂ | ਜਦੋਂ ਡਾ. ਕਪਾਨੀ ਨੂੰ  ਸਕੂਲ ਵਿਚ ਵਿਗਿਆਨ ਦੇ ਅਧਿਆਪਕ ਨੇ ਪੜ੍ਹਾਇਆ ਕਿ ਪ੍ਰਕਾਸ਼ ਸਿਰਫ਼ ਸਿੱਧੀਆਂ ਰੇਖਾਵਾਂ ਵਿੱਚ ਚੱਲਦਾ ਹੈ ਤਾਂ ਉਨ੍ਹਾਂ ਦੇ ਮਨ ਵਿਚ ਸਵਾਲ ਆਇਆ ਕਿ ਕੀ ਇਸ ਨੂੰ  ਮੋੜਿਆ ਨਹੀਂ ਜਾ ਸਕਦਾ? ਡਾ. ਨਰਿੰਦਰ ਸਿੰਘ ਕਪਾਨੀ ਦੇ ਪਿਤਾ ਅਤੇ ਅਧਿਆਪਕਾਂ ਨੂੰ  ਵਿਸ਼ਵਾਸ ਸੀ ਕਿ ਉਹ ਇਕ ਦਿਨ ਜ਼ਰੂਰ ਕੋਈ ਵੱਡੀ ਖੋਜ ਕਰੇਗਾ | 
ਪ੍ਰਕਾਸ਼ ਅਧਿਐਨ (ਆਪਟਿਕਸ) ਦੇ ਖੇਤਰ ਵਿਚ ਉਚੇਰੀ ਪੜ੍ਹਾਈ ਅਤੇ ਖੋਜ ਕਾਰਜਾਂ ਲਈ ਉਨ੍ਹਾਂ ਨੇ ਸੰਨ 1952 ਵਿਚ ਇੰਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨਾਲੋਜੀ, ਲੰਡਨ (ਇੰਗਲੈਂਡ) ਵਿਖੇ ਦਾਖ਼ਲਾ ਲਿਆ | ਉਥੇ ਉਨ੍ਹਾਂ ਨੇ ਆਪਣੇ ਗਾਈਡ ਬਰਤਾਨੀਆਂ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਹੈਰੇਲਡ ਹੋਪਕਿਨਸ ਨਾਲ ਪ੍ਰਯੋਗਸ਼ਾਲਾ ਵਿਚ ਮੁੜੇ ਹੋਏ ਕੱਚ ਦੇ ਬਰੀਕ ਰੇਸ਼ਿਆਂ ਵਿਚੋਂ ਪ੍ਰਕਾਸ਼ ਲੰਘਾਉਣ ਦੇ ਪ੍ਰਯੋਗ ਕੀਤੇ | ਸੰਨ 1953 ਵਿਚ ਉਨ੍ਹਾਂ ਨੇ ਕੱਚ ਦੇ ਮੁੜੇ ਹੋਏ ਬਾਰੀਕ ਰੇਸ਼ਿਆਂ ਦੇ ਬੰਡਲ ਵਿਚੋਂ ਪ੍ਰਕਾਸ਼ ਲੰਘਾ ਕੇ ਬਹੁਤ ਹੀ ਗੁਣਵੱਤਾ ਵਾਲੇ ਚਿੱਤਰ (ਪ੍ਰਤੀਬੰਬ) ਸੰਚਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ | ਉਨ੍ਹਾਂ ਨੇ ਸਿੱਧ ਕੀਤਾ ਕਿ ਪ੍ਰਕਾਸ਼ ਸਿੱਧੀਆਂ ਰੇਖਾਵਾਂ ਵਿਚ ਹੀ ਨਹੀਂ ਚਲਦਾ | ਇਸ ਨੂੰ  ਕੱਚ ਦੇ ਮੁੜੇ ਹੋਏ ਬਰੀਕ ਰੇਸ਼ਿਆਂ ਨਾਲ ਮੋੜਿਆ ਵੀ ਜਾ ਸਕਦਾ ਹੈ | ਇਸ ਬਾਰੇ ਉਨ੍ਹਾਂ ਦਾ ਖੋਜ ਪੱਤਰ ਸੰਨ 1954 ਵਿਚ ਪ੍ਰਸਿੱਧ ਰਸਾਲੇ 'ਨੇਚਰ' ਵਿਚ ਪ੍ਰਕਾਸ਼ਿਤ ਹੋਇਆ | ਇਸ ਖੋਜ ਕਾਰਨ ਸੰਨ 1955 ਵਿਚ ਆਪਟਿਕਸ ਦੇ ਖੇਤਰ ਵਿਚ ਲੰਡਨ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ  ਡਾਕਟਰੇਟ ਦੀ ਡਿਗਰੀ (ਪੀਐਚ.ਡੀ) ਦਿੱਤੀ ਗਈ | ਇਸ ਖੋਜ ਦੇ  ਅਧਿਐਨ ਲਈ ਉਨ੍ਹਾਂ ਨੂੰ  ਰਾਇਲ ਸੁਸਾਇਟੀ ਵਲੋਂ ਫੈਲੋਸ਼ਿਪ ਮਿਲੀ ਸੀ |  
ਡਾ. ਨਰਿੰਦਰ ਸਿੰਘ ਕਪਾਨੀ ਨੇ ਸੰਨ 1960 ਵਿਚ 'ਸਾਇੰਟੀਫਿਕ ਅਮੈਰੀਕਨ' ਮੈਗਜ਼ੀਨ ਵਿਚ ਛਪੇ ਇਕ ਖੋਜ ਪੱਤਰ ਵਿਚ 'ਫਾਈਬਰ ਆਪਟਿਕਸ' ਸ਼ਬਦ ਦੀ ਵਰਤੋਂ ਕੀਤੀ ਸੀ | ਡਾ. ਨਰਿੰਦਰ ਸਿੰਘ ਕਪਾਨੀ ਨੂੰ  'ਫਾਈਬਰ ਆਪਟਿਕਸ'  ਦਾ ਪਿਤਾਮਾ (6ather of 6iber Optics) ਕਿਹਾ ਜਾਂਦਾ ਹੈ |   
ਵਿਆਹ : ਸੰਨ 1954 ਵਿਚ ਲੰਡਨ (ਇੰਗਲੈਂਡ) ਵਿਚ ਡਾ. ਨਰਿੰਦਰ ਸਿੰਘ ਕਪਾਨੀ ਦੀ ਮੁਲਾਕਾਤ ਅੰਗ੍ਰੇਜ਼ੀ ਸਾਹਿਤ ਦੀ ਪੜ੍ਹਾਈ ਕਰ ਰਹੀ ਸਤਿੰਦਰ ਕੌਰ ਨਾਲ ਹੋਈ, ਜਿਸ ਨਾਲ ਉਨ੍ਹਾਂ ਦਾ ਵਿਆਹ ਸਿੱਖ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਹੋਇਆ | ਡਾ. ਨਰਿੰਦਰ ਸਿੰਘ ਕਪਾਨੀ ਨੂੰ  ਵਿਗਿਆਨਕ ਕਾਰਜਾਂ ਵਿਚ ਉਨ੍ਹਾਂ ਦੀ ਪਤਨੀ ਨੇ ਭਾਵਨਾਤਮਕ ਅਤੇ ਨੈਤਿਕ ਸਮਰਥਨ ਦਿੱਤਾ | ਉਨ੍ਹਾਂ ਦਾ ਆਪਸ ਵਿਚ ਬਹੁਤ ਨਿੱਘਾ ਰਿਸ਼ਤਾ ਸੀ | 
ਸੰਨ 1955 ਵਿਚ ਪੀਐਚ.ਡੀ ਡਿਗਰੀ ਪੂਰੀ ਕਰਨ ਤੋਂ ਬਾਅਦ ਡਾ. ਨਰਿੰਦਰ ਸਿੰਘ ਕਪਾਨੀ ਪਰਿਵਾਰ ਸਮੇਤ ਅਮਰੀਕਾ ਚਲੇ ਗਏ, ਜਿੱਥੇ ਖੋਜ ਅਤੇ ਨਵੀਨਤਾ ਕਾਰਜ ਜਾਰੀ ਰੱਖਦੇ ਹੋਏ ਸਾਰੀ ਉਮਰ ਕੰਮ ਕਰਦੇ ਰਹੇ | 
ਲੇਖਕ  : ਡਾ. ਨਰਿੰਦਰ ਸਿੰਘ ਕਪਾਨੀ ਨੇ ਆਪਟੋਇਲੈਕਟ੍ਰਾਨਿਕਸ ਅਤੇ ਉੱਦਮੀਅਤਾ ਦੇ ਵਿਸ਼ਿਆਂ 'ਤੇ ਚਾਰ ਕਿਤਾਬਾਂ ਲਿਖੀਆਂ | ਡਾ. ਕਪਾਨੀ ਨੇ ''ਫਾਈਬਰ ਆਪਟਿਕਸ; ਪਿ੍ੰਸੀਪਲਜ਼ ਐਂਡ ਐਪਲੀਕੇਸ਼ਨਜ਼'' ਪਹਿਲੀ ਕਿਤਾਬ ਲਿਖੀ ਜੋ ਅਕੈਡਮਿਕ ਪ੍ਰੈੱਸ ਦੁਆਰਾ ਸੰਨ 1967 ਵਿਚ ਛਾਪੀ ਗਈ | ਉਨ੍ਹਾਂ ਨੇ ''ਦਾ ਮੈਨ ਹੂ ਬੈਂਟ ਲਾਈਟ : ਫਾਦਰ ਆਫ਼ ਫਾਈਬਰ ਆਪਟਿਕਸ'' ਆਪਣੇ ਜੀਵਨ ਅਤੇ ਵਿਗਿਆਨਕ ਯੋਗਦਾਨ 'ਤੇ ਸਵੈ-ਜੀਵਨੀ ਲਿਖੀ, ਜੋ ਰੋਲੀ ਬੁਕਸ ਦੁਆਰਾ ਸੰਨ 2021 ਵਿਚ ਛਾਪੀ ਗਈ | ਉਨ੍ਹਾਂ ਦੇ ਵੱਖ ਵੱਖ ਕੌਮਾਂਤਰੀ ਵਿਗਿਆਨਕ ਰਸਾਲਿਆਂ ਵਿਚ ਫਾਈਬਰ ਆਪਟਿਕਸ ਵਿਸ਼ੇ ਉੱਪਰ ਅਨੇਕਾਂ ਖੋਜ ਪੱਤਰ ਛਪੇ | 
ਸਫ਼ਲ ਉੱਦਮੀ “: ਡਾ. ਨਰਿੰਦਰ ਸਿੰਘ ਕਪਾਨੀ ਨੇ ਵਿਗਿਆਨ ਤੋਂ ਇਲਾਵਾ ਸਫ਼ਲ ਉੱਦਮੀ ਵਜੋਂ ਪਹਿਚਾਣ ਬਣਾਈ | ਡਾ. ਨਰਿੰਦਰ ਸਿੰਘ ਕਪਾਨੀ ਨੇ ਫਾਈਬਰ ਆਪਟਿਕਸ ਵਿਚ ਵਰਤੇ ਜਾਂਦੇ ਉਤਪਾਦਾਂ ਐਂਡੋਸਕੋਪ ਆਦਿ ਦੇ ਨਿਰਮਾਣ ਲਈ ਸੰਨ 1960 ਵਿਚ ਕੈਲੀਫੋਰਨੀਆ ਵਿਚ ਆਪਟਿਕਸ ਟੈਕਨਾਲੋਜੀ, ਇਨਕਾਰਪੋਰੇਸ਼ਨ ਕੰਪਨੀ ਸਥਾਪਿਤ ਕੀਤੀ | ਉਨ੍ਹਾਂ ਨੇ ਸੰਨ 1973 ਵਿਚ ਕੈਪਟਰੋਨ ਇਨਕਾਰਪੋਰੇਸ਼ਨ ਕੰਪਨੀ ਦੀ ਸਥਾਪਨਾ ਕੀਤੀ, ਜਿਸ ਦੇ ਉਹ ਸਾਲ 1990 ਤੱਕ ਪ੍ਰਧਾਨ ਅਤੇ ਸੀ.ਈ.ਓ ਰਹੇ | ਡਾ. ਨਰਿੰਦਰ ਸਿੰਘ ਕਪਾਨੀ ਦੇ ਨਾਂਅ ਲੇਜ਼ਰ, ਸੋਲਰ ਊਰਜਾ ਅਤੇ ਫਾਈਬਰ ਕਮਿਊਨੀਕੇਸ਼ਨ ਦੇ ਖੇਤਰ ਵਿਚ 100 ਤੋਂ ਵੱਧ ਖੋਜਾਂ ਦੇ ਪੇਟੈਂਟ ਦਰਜ ਹਨ | ਉਹ ਕਈ ਕੰਪਨੀਆਂ ਦੇ ਚੀਫ਼ ਤਕਨਾਲੋਜਿਸਟ, ਰੀਸਰਚ ਡਾਇਰੈਕਟਰ, ਬੋਰਡ ਮੈਂਬਰ, ਸੀ.ਈ.ਓ ਵੀ ਰਹੇ | 
ਸਿੱਖ ਵਿਰਸਾ ਅਤੇ ਕਲਾ : ਡਾ. ਨਰਿੰਦਰ ਸਿੰਘ ਕਪਾਨੀ ਵਿਗਿਆਨੀ ਹੋਣ ਦੇ ਨਾਲ-ਨਾਲ ਸਿੱਖ ਕਲਾ ਅਤੇ ਵਿਰਸੇ ਦੇ ਵੱਡੇ ਸਰਪ੍ਰਸਤ ਸਨ | ਸਿੱਖ ਧਰਮ ਵਿਚ ਅਥਾਹ ਸ਼ਰਧਾ ਰੱਖਣ ਵਾਲੇ ਪਰਿਵਾਰ ਵਿਚੋਂ ਮਿਲੀਆਂ ਗੁਰੂ ਨਾਨਕ ਦੇਵ ਜੀ ਦੀਆਂ ਪੁਰਾਤਨ ਜਨਮਸਾਖੀਆਂ ਨੇ ਉਨ੍ਹਾਂ ਨੂੰ  ਸਿੱਖੀ ਨਾਲ ਸੰਬੰਧਿਤ ਲਿਖਤਾਂ ਇਕੱਠੀਆਂ ਕਰਨ ਵੱਲ ਪ੍ਰੇਰਿਆ | ਸੰਨ 1967 ਵਿਚ ਆਪਣੀ ਪਤਨੀ ਸਤਿੰਦਰ ਕੌਰ ਨਾਲ ਮਿਲ ਕੇ ਸਿੱਖ ਧਰਮ, ਸਿੱਖ ਵਿਰਾਸਤ ਅਤੇ ਸੱਭਿਆਚਾਰ ਦੇ ਵਿਸਥਾਰ ਲਈ ਸਿੱਖ ਫਾਊਾਡੇਸ਼ਨ ਦੀ ਸਥਾਪਨਾ ਕੀਤੀ | ਕਪਾਨੀ ਕੁਲੈਕਸ਼ਨ ਤਹਿਤ ਸਮੁੱਚੇ ਸੰਸਾਰ 'ਚੋਂ ਸਿੱਖ ਵਿਰਸੇ ਦੀਆਂ ਕਲਾਕਿ੍ਤੀਆਂ ਅਤੇ ਦੁਰਲੱਭ ਵਸਤਾਂ ਇਕੱਤਰ ਕੀਤੀਆਂ ਅਤੇ ਪ੍ਰਦਰਸ਼ਨੀਆਂ ਵੀ ਲਗਾਈਆਂ | ਲੰਡਨ, ਕੈਨੇਡਾ ਅਤੇ ਅਮਰੀਕਾ  ਦੇ ਪ੍ਰਸਿੱਧ ਅਜਾਇਬ ਘਰਾਂ ਵਿਚ ਕਪਾਨੀ ਕੁਲੈਕਸ਼ਨ ਵਲੋਂ ਵਸਤਾਂ ਅਤੇ ਕਿਤਾਬਾਂ ਦਾਨ ਕੀਤੀਆਂ ਗਈਆਂ | ਕੈਲੀਫੋਰਨੀਆਂ ਯੂਨੀਵਰਸਿਟੀ ਸਾਂਤਾ ਕਰੂਜ਼ ਦੀ ਲਾਇਬ੍ਰੇਰੀ ਲਈ ਆਪਣੇ ਪਿਤਾ ਦੇ ਸਨਮਾਨ ਵਿਚ ਪੁਸਤਕਾਂ ਦਾ ਵੱਡਾ ਦਾਨ ਕੀਤਾ | ਸੰਨ 1998 ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਬਾਰਬਾਰਾ ਕਰੂਜ਼ ਵਿਚ ਸਿੱਖ ਅਧਿਐਨ ਲਈ ਅਤੇ ਸੰਨ 1999 ਵਿਚ ਆਪਟੋ ਇਲੈਕਟ੍ਰਾਨਿਕਸ ਦੀ ਖੋਜ ਸਬੰਧੀ ਚੇਅਰ ਸਥਾਪਿਤ ਕੀਤੀ | ਸਾਲ 2012 ਵਿਚ ਉਦਯੋਗਾਂ 'ਤੇ ਖੋਜ ਅਧਿਐਨ ਲਈ ਚੇਅਰ ਸਥਾਪਿਤ ਕੀਤੀ | ਸਾਨ ਫਰਾਂਸਿਸਕੋ ਵਿਖੇ ਏਸ਼ੀਅਨ ਆਰਟ ਮਿਊਜ਼ੀਅਮ ਲਈ ਵੱਡਾ ਦਾਨ ਦਿੱਤਾ | 

-ਵਾਰਡ 19, ਮਕਾਨ ਨੰ: 548; ਗਲੀ ਨੰ: 7, ਅਹਾਤਾ ਬਦਨ ਸਿੰਘ, ਮੋਗਾ (ਪੰਜਾਬ)-142001 ਮੋਬਾਈਲ : 98145-92534

Ad Position 22
No active advertisement
ਪਿਛਲੀ ਖ਼ਬਰ ਆਤਿਸ਼ਬਾਜ਼ੀ : ਇਤਿਹਾਸ, ਸਮਾਜ ਤੇ ਬਾਜ਼ਾਰ ਅਗਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਭਾਰਤ ਲਈ ਖ਼ਿਤਾਬ ਜਿੱਤਣ ਦਾ ਇਕ ਹੋਰ ਮੌਕਾ
Ad Position 24