17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਧੀਆ ਦਵਾਈ ਹੈ ਮੂਲੀ

Ad Position 21
No active advertisement
ਅਜੀਤ ਡੈਸਕ 06-03-2026

ਮੂਲੀ ਦੀ ਵਰਤੋਂ ਨਾਲ ਅੰਤੜੀਆਂ ਦੀ ਰਫ਼ਤਾਰ ਤੇਜ਼ ਹੁੰਦੀ ਹੈ ਅਤੇ ਸਰੀਰ ਦੀ ਗੰਦਗੀ ਬਾਹਰ ਨਿਕਲਦੀ ਹੈ। ਇਹ ਸਰੀਰ ਵਿਚ ਫੁਰਤੀ, ਸ਼ਕਤੀ ਅਤੇ ਗਰਮੀ ਪੈਦਾ ਕਰਦੀ ਹੈ ਅਤੇ ਸਰੀਰ ਨੂੰ ਸੰਕ੍ਰਾਮਕ ਰੋਗਾਂ ਤੋਂ ਬਚਾਉਂਦੀ ਹੈ। ਮੂਲੀ ਦੇ ਬੀਜ ਵੀ ਬਹੁਤ ਲਾਭਕਾਰੀ ਹੁੰਦੇ ਹਨ। ਮੂਲੀ ਦੇ ਬੀਜ ਪੌਸ਼ਟਿਕ, ਦਸਤਾਵਰ, ਗੈਸ ਕੱਢਣ ਵਾਲੇ ਅਤੇ ਮਾਸਿਕ ਧਰਮ ਨੂੰ ਕੰਟਰੋਲ ਕਰਦੇ ਹਨ।
ਮੂਲੀ ਦੇ ਪੱਤਿਆਂ ਦਾ ਸਾਗ ਅਤੇ ਸਲਾਦ ਖਾਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼, ਪੀਲੀਆ, ਖੂਨ ਦੀ ਕਮੀ ਆਦਿ ਰੋਗ ਦੂਰ ਹੁੰਦੇ ਹਨ। ਮੂਲੀ ਵਿਚ ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਹੋਣ ਕਾਰਨ ਇਸ ਦਾ ਪ੍ਰਭਾਵ ਬਹੂਮੁਤਰ ਅਤੇ ਗੁਰਦੇ, ਦਿਲ, ਖੂਨ ਨਾੜੀਆਂ ਲਈ ਅਤਿ ਲਾਹੇਵੰਦ ਹੁੰਦਾ ਹੈ।
ਭੋਜਨ ਦੇ ਨਾਲ ਜਾਂ ਭੋਜਨ ਤੋਂ ਬਾਅਦ ਮੂਲੀ ਖਾਣਾ ਵਿਸ਼ੇਸ਼ ਤੌਰ 'ਤੇ ਲਾਭਕਾਰੀ ਹੁੰਦਾ ਹੈ। ਮੂਲੀ ਅਤੇ ਇਸ ਦੇ ਪੱਤੇ ਭੋਜਨ ਨੂੰ ਠੀਕ ਤਰ੍ਹਾਂ ਨਾਲ ਹਜ਼ਮ ਕਰਨ ਵਿਚ ਮਦਦ ਕਰਦੇ ਹਨ। ਉਂਝ ਤਾਂ ਮੂਲੀ ਦੇ ਪਰੌਂਠੇ, ਸਬਜ਼ੀ, ਅਚਾਰ ਅਤੇ ਭੁਰਜੀ ਵਰਗੇ ਅਨੇਕ ਸਵਾਦੀ ਪਕਵਾਨ ਬਣਦੇ ਹਨ ਪਰ ਸਭ ਤੋਂ ਜ਼ਿਆਦਾ ਲਾਭਕਾਰੀ ਹੁੰਦੀ ਹੈ ਕੱਚੀ ਮੂਲੀ। ਭੋਜਨ ਦੇ ਨਾਲ ਹਰ ਰੋਜ਼ ਇਕ ਮੂਲੀ ਖਾ ਲੈਣ ਨਾਲ ਵਿਅਕਤੀ ਅਨੇਕ ਬਿਮਾਰੀਆਂ ਤੋਂ ਬਚਿਆ ਰਹਿ ਸਕਦਾ ਹੈ।
ਮੂਲੀ ਵਿਚ ਜੀਵਨ ਰੱਖਿਅਕ ਪੋਸ਼ਕ ਤੱਤ ਕਾਰਬੋਹਾਈਡ੍ਰੇਟ, ਪ੍ਰੋਟੀਨ, ਵਿਟਾਮਿਨ ਏ, ਸੀ ਅਤੇ ਬੀ ਕੰਪਲੈਕਸ ਸਮੂਹ ਦੇ ਵਿਟਾਮਿਨ ਜਿਵੇਂ ਥਾਇਮਿਨ, ਰਾਈਬੋਫਲੇਵਿਨ ਅਤੇ ਨਾਇਸਿਨ ਆਦਿ ਸਹੀ ਮਾਤਰਾ ਵਿਚ ਪਾਏ ਜਾਂਦੇ ਹਨ। ਮੂਲੀ ਵਿਚ ਖਣਿਜ ਲੂਣ, ਕੈਲਸ਼ੀਅਮ, ਫਾਸਫੋਰਸ ਅਤੇ ਲੋਹ ਤੱਤ ਆਦਿ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਸਿਹਤ ਦੇ ਪੱਖ ਤੋਂ ਮੂਲੀ ਦੇ ਪੱਤੇ ਵੀ ਵਿਟਾਮਿਨ ਏ, ਸੀ ਅਤੇ ਬੀ ਕੰਪਲੈਕਸ ਸਮੂਹ ਦੇ ਵਿਟਾਮਿਨ ਵਰਗੇ ਥਾਇਮਿਨ ਰਾਈਬੋਫਲੇਵਿਨ ਅਤੇ ਨਾਈਸਿਨ ਆਦਿ ਅਤੇ ਖਣਿਜ ਲੂਣ ਕੈਲਸ਼ੀਅਮ, ਫਾਸਫੋਰਸ ਅਤੇ ਲੋਹ ਤੱਤ ਆਦਿ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਮੂਲੀ ਵਿਚ ਸ਼ਾਰ ਤੱਤ ਸੋਡੀਅਮ ਅਤੇ ਕਲੋਰੀਨ ਵੀ ਪਾਏ ਜਾਂਦੇ ਹਨ। ਸ਼ਾਰ ਤੱਤ ਸੋਡੀਅਮ ਗਲਾਉਣ ਦਾ ਕੰਮ ਕਰਦਾ ਹੈ ਅਤੇ ਕਲੋਰੀਨ ਸਫ਼ਾਈ ਕਰਦੀ ਹੈ।
ਮੂਲੀ ਸਰੀਰ 'ਚੋਂ ਜ਼ਹਿਰੀਲੀ ਗੈਸ ਕਾਰਬਨ ਡਾਈਅਕਸਾਈਡ ਨੂੰ ਕੱਢ ਕੇ ਜੀਵਨਦਾਈ ਆਕਸੀਜਨ ਪ੍ਰਦਾਨ ਕਰਦੀ ਹੈ। ਮੂਲੀ ਸਾਡੇ ਦੰਦਾਂ ਨੂੰ ਮਜ਼ਬੂਤ ਕਰਦੀ ਹੈ ਅਤੇ ਹੱਡੀਆਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਇਸ ਨਾਲ ਵਿਅਕਤੀ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਚੰਗੀ ਨੀਂਦ ਆਉਂਦੀ ਹੈ। ਮੂਲੀ ਖਾਣ ਨਾਲ ਪੇਟ ਦੇ ਕੀੜੇ ਖ਼ਤਮ ਹੁੰਦੇ ਹਨ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਅਤੇ ਬਵਾਸੀਰ ਅਤੇ ਦਿਲ ਦੇ ਰੋਗ ਨੂੰ ਸ਼ਾਂਤ ਕਰਦੀ ਹੈ।
ਮੂਲੀ ਦੇ ਦਵਾਈ ਗੁਣਾਂ 'ਤੇ ਇਕ ਨਜ਼ਰ
ਲਗਾਤਾਰ ਮੂਲੀ ਦੀ ਵਰਤੋਂ ਕਰਨ ਨਾਲ ਹਾਜ਼ਮਾ ਸ਼ਕਤੀ ਠੀਕ ਰਹਿੰਦੀ ਹੈ, ਭੁੱਖ ਵਿਚ ਵਾਧਾ ਹੁੰਦਾ ਹੈ ਅਤੇ ਰੰਗ ਸਾਫ਼ ਹੁੰਦਾ ਹੈ। ਦਿਨ ਵਿਚ ਖਾਣ ਨਾਲ ਹਾਜ਼ਮਾ ਸ਼ਕਤੀ ਵਧਦੀ ਹੈ। ਮੂਲੀ ਦੇ ਰਸ ਵਿਚ ਬਰਾਬਰ ਮਾਤਰਾ ਵਿਚ ਅਨਾਰ ਦਾ ਰਸ ਮਿਲਾ ਕੇ ਪੀਣ ਨਾਲ ਖੂਨ ਵਿਚ ਹੀਮੋਗਲੋਬਿਨ ਵਧਦਾ ਹੈ ਅਤੇ ਖੂਨ ਦੀ ਕਮੀ ਦੂਰ ਹੁੰਦੀ ਹੈ।
ਮਾਸਿਕ ਧਰਮ ਦੇ ਰੁਕਣ 'ਤੇ ਮੂਲੀ ਦੇ ਬੀਜਾਂ ਦਾ ਚੂਰਨ ਤਿੰਨ-ਤਿੰਨ ਗ੍ਰਾਮ ਦੀ ਮਾਤਰਾ ਵਿਚ ਦਿਨ ਵਿਚ ਤਿੰਨ ਵਾਰ ਲੈਣ ਨਾਲ ਫ਼ਾਇਦਾ ਹੁੰਦਾ ਹੈ। ਗੈਸ ਤੇ ਪੀਲੀਆ ਦੇ ਰੋਗੀਆਂ ਨੂੰ ਮੂਲੀ ਅਤੇ ਮੂਲੀ ਦੇ ਲਗਾਤਾਰ ਖਾਣ ਨਾਲ ਲਾਭ ਹੁੰਦਾ ਹੈ।
ਸ਼ੂਗਰ, ਦਮਾ, ਖੂਨ ਦੀ ਕਮੀ, ਪੱਥਰੀ, ਮੁਹਾਂਸੇ, ਦੰਦ ਰੋਗ ਤੇ ਚਮੜੀ ਰੋਗਾਂ ਵਿਚ ਮੂਲੀ ਦੀ ਵਰਤੋਂ ਫਾਇਦੇਮੰਦ ਰਹਿੰਦੀ ਹੈ। ਸਵੇਰੇ ਖਾਲੀ ਪੇਟ ਮੂਲੀ ਖਾਣਾ ਸਰਬੋਤਮ ਲਾਭਕਾਰੀ ਰਹਿੰਦਾ ਹੈ।
ਗਠੀਏ ਦੀ ਸਮੱਸਿਆ ਤੋਂ ਪ੍ਰੇਸ਼ਾਨ ਰੋਗੀਆਂ ਨੂੰ ਮੂਲੀ, ਪੱਤਾਗੋਭੀ ਤੇ ਅਦਰਕ ਦਾ ਮਿਸ਼ਰਿਤ ਰਸ ਪੀਣਾ ਚਾਹੀਦਾ ਹੈ। ਇਸ ਦਾ ਕਾਫ਼ੀ ਫ਼ਾਇਦਾ ਹੁੰਦਾ ਹੈ।
ਇਸ ਦੇ ਰਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਲਗਾਤਾਰ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਸਰੀਰ ਸੁਡੌਲ ਬਣਿਆ ਰਹਿੰਦਾ ਹੈ।
ਵਾਰ-ਵਾਰ ਹਿਚਕੀ ਆਉਣ 'ਤੇ ਮੂਲੀ ਦੇ ਚਾਰ ਪੰਜ ਕੋਮਲ ਪੱਤੇ ਚਬਾ ਚਬਾ ਕੇ ਖਾਣ ਨਾਲ ਲਾਭ ਹੁੰਦਾ ਹੈ। ਇਕ ਕੱਪ ਮੂਲੀ ਦੇ ਰਸ ਵਿਚ ਇਕ ਚਮਚ ਨਿੰਬੂ ਦਾ ਰਸ ਤੇ ਇਕ ਚਮਚ ਅਦਰਕ ਦਾ ਰਸ ਮਿਲਾ ਕੇ ਹਰ ਰੋਜ਼ ਪੀਣ ਨਾਲ ਪੇਟ ਦੀਆਂ ਬਿਮਾਰੀਆਂ ਜਿਵੇਂ ਕਬਜ਼, ਅਗਨੀਮੰਦ, ਅਫਾਰਾ ਅਤੇ ਖਾਣ ਵਿਚ ਰੁਚੀ ਦਾ ਭਾਵ ਦੂਰ ਹੁੰਦਾ ਹੈ।
ਅਜਵਾਇਣ ਨੂੰ 20-25 ਗ੍ਰਾਮ ਮੂਲੀ ਦੇ ਰਸ ਨਾਲ ਚਾਰ-ਚਾਰ ਘੰਟੇ ਬਾਅਦ ਦੋ ਤੋਂ ਤਿੰਨ ਮਹੀਨੇ ਤੱਕ ਰੋਜ਼ ਪੀਣ ਨਾਲ ਪੱਥਰੀ ਚੂਰ-ਚੂਰ ਹੋ ਕੇ ਪਿਸ਼ਾਬ ਨਾਲ ਬਾਹਰ ਆ ਜਾਂਦੀ ਹੈ।
ਪਿਸ਼ਾਬ ਕਰਦੇ ਸਮੇਂ ਜੇਕਰ ਜਲਣ ਹੁੰਦੀ ਹੋਵੇ ਤਾਂ ਮੂਲੀ ਦਾ ਰਸ 15 ਦਿਨਾਂ ਤੱਕ ਲਗਾਤਾਰ ਪੀਣ ਨਾਲ ਪਿਸ਼ਾਬ ਦੀ ਜਲਣ ਅਤੇ ਤਕਲੀਫ਼ ਵਿਚ ਰਾਹਤ ਮਿਲਦੀ ਹੈ।
ਰੋਜ਼ਾਨਾ ਦੁਪਹਿਰ ਵੇਲੇ ਭੋਜਨ ਦੇ ਨਾਲ ਕੱਚੀ ਮੂਲੀ ਦੇ ਸਲਾਦ ਵਿਚ ਕਾਲੀ ਮਿਰਚ ਚੂਰਨ ਮਿਲਾ ਕੇ ਵਰਤੋਂ ਕਰਨ ਨਾਲ ਰੰਗ ਸਾਫ਼, ਵਾਲ ਲੰਮੇ ਹੁੰਦੇ ਹਨ ਅਤੇ ਵਾਲਾਂ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਲੋਕਾਂ ਨੂੰ ਹਰ ਰੋਜ਼ ਮੂਲੀ ਦੀ ਵਰਤੋਂ ਕਰਨ ਨਾਲ ਲਾਭ ਹੁੰਦਾ ਹੈ।
ਪਾਣੀ ਵਿਚ ਮੂਲੀ ਦਾ ਰਸ ਮਿਲਾ ਕੇ ਸਿਰ ਧੋਣ ਨਾਲ ਜੂੰਆਂ ਖ਼ਤਮ ਹੁੰਦੀਆਂ ਹਨ।
ਸਾਵਧਾਨੀਆਂ : ਰਾਤ ਨੂੰ ਮੂਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਹੁੰਦੀ ਹੈ।
ਮੂਲੀ ਖਾਣ ਨਾਲ ਦੁੱਧ, ਦਹੀਂ, ਖੀਰ ਵਰਗੀਆਂ ਚੀਜ਼ਾਂ ਕਦੀ ਨਹੀਂ ਖਾਣੀਆਂ ਚਾਹੀਦੀਆਂ।
ਜਿਥੋਂ ਤੱਕ ਸੰਭਵ ਹੋਵੇ, ਕੱਚੀ ਮੂਲੀ ਦੀ ਹੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।
ਹਰੀ ਮੂਲੀ ਨੂੰ ਕਦੀ ਖਾਣੇ ਵਿਚ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਵਿਚ ਸੋਲੇਨਿਨ ਨਾਮੀ ਟਾਕਸਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਿਹਤ ਲਈ ਠੀਕ ਨਹੀਂ ਹੈ। ਇਹ ਪੇਟ ਤੇ ਦੂਜੀਆਂ ਨਾੜੀਆਂ 'ਤੇ ਬੁਰਾ ਅਸਰ ਪਾਉਂਦੀ ਹੈ।
ਮੂਲੀ ਨੂੰ ਜ਼ਿਆਦਾ ਪਾਣੀ ਵਿਚ ਨਹੀਂ ਉਬਾਲਣਾ ਚਾਹੀਦਾ ਕਿਉਂਕਿ ਜ਼ਿਆਦਾ ਪਾਣੀ ਵਿਚ ਉਬਾਲਣ ਨਾਲ ਮੂਲੀ ਦੇ ਵਿਟਾਮਿਨ ਅੱਧੇ ਤੋਂ ਜ਼ਿਆਦਾ ਖ਼ਤਮ ਹੋ ਜਾਂਦੇ ਹਨ।

Ad Position 22
No active advertisement
ਪਿਛਲੀ ਖ਼ਬਰ ਚੰਗੀ ਸਿਹਤ ਲਈ ਕੁਦਰਤ ਦੇ ਭੰਡਾਰ ਅਗਲੀ ਖ਼ਬਰ ਖਾਣ-ਪੀਣ ਵਿਚ ਕਰੋ ਬੱਚਿਆਂ ਦਾ ਸਹੀ ਮਾਰਗ ਦਰਸ਼ਨ
Ad Position 24