ਭਾਰਤੀ ਪਰਿਵਾਰਾਂ ਦੀ ਜੀਵਨਸ਼ੈਲੀ ਵਿਚ ਤੇਜ਼ੀ ਨਾਲ ਆ ਰਹੇ ਬਦਲਾਅ ਦਾ ਅਸਰ ਪਰਿਵਾਰ ਦੇ ਖਾਣ-ਪੀਣ ਅਤੇ ਰਹਿਣ-ਸਹਿਣ 'ਤੇ ਵੀ ਬੁਰੀ ਤਰ੍ਹਾਂ ਦੇਖਿਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ ਵਿਚ ਜੰਕ ਫੂਡ ਦੀ ਬਹੁਤਾਤ ਨੇ ਵੱਡਿਆਂ ਤੋਂ ਕਿਤੇ ਜ਼ਿਆਦਾ ਬੱਚਿਆਂ ਨੂੰ ਵੱਡੀ ਗਿਣਤੀ ਵਿਚ ਆਪਣੀ ਪਕੜ ਵਿਚ ਲਿਆ ਹੈ। ਇੰਝ ਕਿਹਾ ਜਾ ਸਕਦਾ ਹੈ ਕਿ ਜੰਕ ਫੂਡ ਦੀ ਵਰਤੋਂ ਨਾਲ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਬੱਚੇ ਆਪਣੇ ਲੰਚ ਬਾਕਸ ਵਿਚ ਫਾਸਟ ਫੂਡ ਲੈ ਜਾਣਾ ਹੀ ਪਸੰਦ ਕਰ ਰਹੇ ਹਨ। ਜੰਕ ਫੂਡ ਦੇ ਸੇਵਨ ਦੀ ਆਦਤ ਵਿਚ ਫਸੇ ਬੱਚੇ ਮੁੱਖ ਤੌਰ 'ਤੇ ਮੋਟਾਪੇ ਦੇ ਸ਼ਿਕਾਰ, ਚਿੜਚਿੜੇ, ਅਸਹਿਣਸ਼ੀਲ, ਗੁੱਸੇਖੋਰ ਅਤੇ ਅਨੈਤਿਕਤਾ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ।
ਬੱਚਿਆਂ ਨੂੰ ਜ਼ਰੂਰਤ ਹੈ ਸਹੀ ਮਾਰਗ ਦਰਸ਼ਨ ਦੀ, ਸਹੀ ਦਿਸ਼ਾ ਵੱਲ ਅਤੇ ਸਮੇਂ-ਸਮੇਂ 'ਤੇ ਵੱਖ-ਵੱਖ ਵਿਸ਼ਿਆਂ ਦੀ ਸੱਚੀ ਅਤੇ ਅਰਥਪੂਰਨ ਜਾਣਕਾਰੀ ਉਨ੍ਹਾਂ ਨੂੰ ਦੇਣੀ। ਇਹ ਕੰਮ ਮਾਂ-ਬਾਪ, ਮਿੱਤਰ-ਪਰਿਵਾਰ, ਅਧਿਆਪਕ ਅਤੇ ਸਮਾਜ ਹੀ ਕਰ ਸਕਦਾ ਹੈ। ਜ਼ਰੂਰਤ ਹੈ ਸਹੀ ਸਮੇਂ 'ਤੇ ਸਹੀ ਢੰਗ ਨਾਲ ਬੱਚਿਆਂ ਦੀ ਭਾਵਨਾ ਨੂੰ ਸਮਝਣ ਦੀ, ਉਨ੍ਹਾਂ ਦੀਆਂ ਭਾਵਨਾਵਾਂ ਦਾ ਆਦਰ ਕਰਨ ਦੀ। ਬੱਚਿਆਂ ਦਾ ਸਰੀਰ ਵਿਕਸਿਤ ਹੁੰਦਾ ਹੈ, ਕੁਦਰਤ ਦੇ ਹਿਸਾਬ ਨਾਲ ਮਨ ਵਿਕਸਿਤ ਹੁੰਦਾ ਹੈ, ਚੰਗੇ ਸੰਸਕਾਰਾਂ ਅਤੇ ਚੰਗੇ ਪਾਲਣ-ਪੋਸ਼ਣ ਨਾਲ।
ਪਰਿਵਾਰ, ਸਮਾਜ ਅਤੇ ਦੇਸ਼ ਦਾ ਵਿਕਾਸ ਹਰੇਕ ਵਿਅਕਤੀ ਚਾਹੁੰਦਾ ਹੈ, ਪਰ ਅੱਜ ਵਿਕਾਸ ਦੇ ਇਸ ਦੌਰ ਵਿਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਹੋ ਰਹੀਆਂ ਹਨ, ਜੋ ਬਚਪਨ ਤੋਂ ਹੀ ਗੁਨਾਹ ਦੀ ਦਲਦਲ ਵਿਚ ਧੱਕਦੀਆਂ ਜਾ ਰਹੀਆਂ ਹਨ। ਖਾਣ-ਪੀਣ, ਤੇਜ਼ ਰਫ਼ਤਾਰ ਜ਼ਿੰਦਗੀ, ਆਜ਼ਾਦੀ ਨਾਲ ਜੀਣ ਦੀ ਲਲਕ, ਦਿਖਾਵਾ ਆਦਿ ਇਸ ਤਰ੍ਹ੍ਹਾਂ ਦੇ ਤੱਤ ਹਨ ਜਿਨ੍ਹਾਂ ਨੇ ਮਨੁੱਖ ਦੇ ਜੀਵਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਗੱਲਾਂ ਸਿਰਫ਼ ਨੌਜਵਾਨ ਅਤੇ ਵੱਡੇ ਬਜ਼ੁਰਗਾਂ ਵਿਚ ਹੀ ਨਹੀਂ ਪਾਈਆਂ ਜਾਂਦੀਆਂ ਸਗੋਂ ਅੱਜਕੱਲ੍ਹ ਦੇ ਬੱਚੇ ਵੀ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ।
ਖਾਣ-ਪੀਣ ਤੇ ਵਿਹਾਰ ਬਾਰੇ ਮਾਪਿਆਂ ਨੂੰ ਸਾਵਧਾਨੀ ਵਰਤ ਕੇ ਆਪਣੇ ਬੱਚਿਆਂ ਨੂੰ ਸਿਹਤਮੰਦ ਚੀਜ਼ਾਂ ਦੇ ਫ਼ਾਇਦਿਆਂ ਬਾਰੇ ਜਾਣੂ ਕਰਾਉਂਦੇ ਰਹਿਣਾ ਚਾਹੀਦਾ ਹੈ ਅਤੇ ਬੱਚਿਆਂ ਵਿਚ ਨਿੰਬੂ ਪਾਣੀ, ਲੱਸੀ, ਫਲਾਂ ਦੇ ਜੂਸ ਦੀ ਵਰਤੋਂ ਦੀ ਆਦਤ ਪਾਉਣੀ ਚਾਹੀਦੀ ਹੈ। ਕਈ ਮਾਪੇ ਬੱਚਿਆਂ ਦਾ ਖਾਣ-ਪੀਣ ਦਾ ਸ਼ੌਕ ਪੂਰਾ ਕਰਨ ਲਈ ਬਾਜ਼ਾਰ ਤੋਂ ਫਾਸਟ ਫੂਡ ਖ਼ਰੀਦ ਕੇ ਬੱਚਿਆਂ ਦੀ ਇੱਛਾ ਪੂਰੀ ਕਰਕੇ ਆਪਣੇ ਫ਼ਰਜ਼ ਦੀ ਤ੍ਰਿਪਤੀ ਸਮਝ ਲੈਂਦੇ ਹਨ, ਪਰ ਬੱਚਿਆਂ ਦੀ ਜੀਭ ਦਾ ਸਵਾਦ ਪੂਰਾ ਕਰਕੇ ਉਨ੍ਹਾਂ ਨੂੰ ਜ਼ਿੱਦੀ ਬਣਾ ਦਿੰਦੇ ਹਨ ਅਤੇ ਉਹ ਉਦੋਂ ਤੱਕ ਜ਼ਿੱਦ ਕਰਦੇ ਰਹਿੰਦੇ ਹਨ, ਜਦੋਂ ਤੱਕ ਉਨ੍ਹਾਂ ਨੂੰ ਬਾਜ਼ਾਰੂ ਪੈਕੇਟ ਉਪਲਬਧ ਨਹੀਂ ਕਰਾਏ ਜਾਂਦੇ। ਅੱਗੇ ਚੱਲ ਕੇ ਇਹ ਹੀ ਫਾਸਟ ਫੂਡ ਬੱਚਿਆਂ ਦੇ ਤਨ ਅਤੇ ਮਨ ਦੇ ਬਹੁਤ ਵੱਡੇ ਦੁਸ਼ਮਣ ਬਣ ਜਾਂਦੇ ਹਨ। ਮੌਜੂਦਾ ਸਿੱਖਿਆ ਪ੍ਰਣਾਲੀ ਵਿਚ ਵੀ ਜੰਕ ਫੂਡ ਨਾਲ ਹੋਣ ਵਾਲੇ ਨੁਕਸਾਨ ਤੋਂ ਬੱਚਿਆਂ ਨੂੰ ਸੁਚੇਤ ਰਹਿਣ ਦੇ ਸੰਦੇਸ਼ ਦੇਣੇ ਚਾਹੀਦੇ ਹਨ ਅਤੇ ਮਾਪਿਆਂ ਨੂੰ ਵੀ ਬੱਚਿਆਂ ਦੀ ਭੋਜਨ ਦੀ ਆਦਤ 'ਤੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਸਮਾਜ ਦਾ ਫ਼ਰਜ਼ ਹੈ ਕਿ ਬੱਚਿਆਂ ਨੂੰ ਸਿਹਤਮੰਦ ਪੌਸ਼ਟਿਕ ਭੋਜਨ ਵੱਲ ਉਹ ਸਰੀਰਕ ਅਤੇ ਮਾਨਸਿਕ ਰੂਪ ਵਿਚ ਸਿਹਤਮੰਦ ਰਹਿ ਕੇ ਸਮਾਜ ਅਤੇ ਦੇਸ਼ ਦਾ ਭਵਿੱਖ ਬਣਾਉਣ ਲਈ ਆਪਣੇ-ਆਪ ਨੂੰ ਸੰਪੂਰਨ ਰੂਪ ਨਾਲ ਤਿਆਰ ਕਰ ਸਕਣ।
ਖਾਣ-ਪੀਣ ਵਿਚ ਕਰੋ ਬੱਚਿਆਂ ਦਾ ਸਹੀ ਮਾਰਗ ਦਰਸ਼ਨ
ਅਜੀਤ ਡੈਸਕ
06-03-2026