ਕਾਂਟੈਕਟ ਲੈਨਜ਼ ਦੀ ਵਰਤੋਂ ਮੌਜੂਦਾ ਦੌਰ ਵਿਚ ਬਹੁਤ ਵਧ ਗਈ ਹੈ ਕਿਉਂਕਿ ਐਨਕ ਜਿਥੇ ਤੁਹਾਡੀਆਂ ਅੱਖਾਂ ਦੀ ਸੁੰਦਰਤਾ ਨੂੰ ਘੱਟ ਕਰਦੀ ਹੈ, ਉਤੇ ਕਈ ਵਾਰ ਤੁਹਾਡਾ ਮਜ਼ਾਕ ਵੀ ਬਣਦਾ ਹੈ। ਕਾਂਟੈਕਟ ਲੈਨਜ਼ ਹੀਣਤਾ ਦੀ ਭਾਵਨਾ ਤੋਂ ਤੁਹਾਨੂੰ ਬਾਹਰ ਕਢਦੇ ਹਨ ਤੇ ਤੁਹਾਡੀਆਂ ਅੱਖਾਂ ਨੂੰ ਆਕਰਸ਼ਣ ਤੇ ਸੁੰਦਰਤਾ ਪ੍ਰਦਾਨ ਕਰਦੇ ਹਨ। ਕਾਂਟੈਕਟ ਲੈਨਜ਼ ਨਾਲ ਤੁਸੀਂ ਆਪਣੀਆਂ ਅੱਖਾਂ ਨੂੰ ਮਨਚਾਹਿਆ ਰੰਗ ਪ੍ਰਦਾਨ ਕਰ ਸਕਦੇ ਹੋ।
ਕਾਂਟੈਕਟ ਲੈਨਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਜਾਣਨਾ ਅਤਿ ਜ਼ਰੂਰੀ ਹੈ ਕਿ ਕਾਂਟੈਕਟ ਲੈਨਜ਼ ਕੀ ਹਨ? ਇਹ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਇਨ੍ਹਾਂ ਦੀ ਵਰਤੋਂ ਕਿਵੇਂ ਤੇ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਕਰਨੀ ਚਾਹੀਦੀ ਹੈ। ਆਓ, ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦੇ ਹਾਂ।
ਕਾਂਟੈਕਟ ਲੈਨਜ਼ ਪਲਾਸਿਟਕ ਦਾ ਕਵਚ ਹੁੰਦਾ ਹੈ ਜੋ ਕਾਰਨੀਆ 'ਤੇ ਲਗਾਇਆ ਜਾਂਦਾ ਹੈ। ਕਾਂਟੈਕਟ ਲੈਨਜ਼ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਹਾਰਡ ਲੈਨਜ਼, ਗੈਸ ਪਰਮੀਏਬਲ ਲੈਨਜ਼ ਅਤੇ ਸਾਫ਼ ਲੈਨਜ਼।
ਸਾਫ਼ਟ ਲੈਨਜ਼ ਬਹੁਤ ਲਚੀਲੇ ਹੁੰਦੇ ਹਨ। ਇਨ੍ਹਾਂ ਨੂੰ ਲਗਾਉਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ, ਪਰ ਇਨ੍ਹਾਂ ਨੂੰ ਲਗਾ ਕੇ ਨਜ਼ਰ ਹਾਰਡ ਲੈਨਜ਼ ਵਰਗੀ ਨਹੀਂ ਹੁੰਦੀ। ਇਨ੍ਹਾਂ ਦੀ ਦੇਖਭਾਲ ਵੀ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ। ਇਹ ਖ਼ਰਾਬ ਵੀ ਛੇਤੀ ਹੁੰਦੇ ਹਨ।
ਲੈਨਜ਼ ਲਗਾਉਣ ਤੋਂ ਪਹਿਲਾਂ ਤੇ ਲਗਾਉਣ ਤੋਂ ਬਾਅਦ ਸਾਵਧਾਨੀਆਂ
ਲੈਨਜ਼ ਹਮੇਸ਼ਾ ਸਾਫ਼ ਹੱਥਾਂ ਨਾਲ ਲਗਾਓ। ਹੱਥ ਸਾਬਣ ਨਾਲ ਜ਼ਰੂਰ ਧੋਵੋ। ਗੰਦੇ ਹੱਥ ਲੈਨਜ਼ ਤੇ ਅੱਖਾਂ ਦੋਵਾਂ ਨੂੰ ਪ੍ਰਭਾਵਿਤ ਕਰਦੇ ਹਨ।
ਕਾਂਟੈਕਟ ਲੈਨਜ਼ ਲੱਗੇ ਹੋਣ 'ਤੇ ਕਾਜਲ ਦੀ ਵਰਤੋਂ ਕਦੀ ਨਾ ਕਰੋ। ਆਈ ਲਾਈਨਰ ਦੀ ਵਰਤੋਂ ਕਰ ਕਦੇ ਹੋ ਪਰ ਸਿਰਫ਼ ਉੱਪਰਲੀ ਪਰਤ 'ਤੇ।
ਕਾਂਟੈਕਟ ਲੈਨਜ਼ ਲੱਗੇ ਹੋਣ 'ਤੇ ਅੱਖਾਂ ਨੂੰ ਰਗੜਨਾ ਨਹੀਂ ਚਾਹੀਦਾ। ਇਸ ਨਾਲ ਲੈਨਜ਼ ਟੁੱਟਣ ਦਾ ਖ਼ਤਰਾ ਹੋ ਸਕਦਾ ਹੈ ਤੇ ਨਾਲ ਹੀ ਨਾਲ ਅੱਖਾਂ ਵਿਚ ਜ਼ਖ਼ਮ ਹੋ ਸਕਦਾ ਹੈ।
ਅੱਖਾਂ ਵਿਚ ਜੇਕਰ ਕੁਝ ਵੀ ਡਿੱਗ ਜਾਵੇ ਤਾਂ ਜਿਵੇਂ ਵਾਲ, ਰੇਤ ਤਾਂ ਲੈਨਜ਼ ਝੱਟ ਲਾਹ ਲਓ।
ਆਈ ਸ਼ੈਡੋ ਕ੍ਰੀਮ ਦੀ ਵਰਤੋਂ ਕਰੋ ਪਰ ਪਾਊਡਰ ਦੀ ਨਹੀਂ ਕਿਉਂਕਿ ਇਹ ਲੈਨਜ਼ 'ਤੇ ਫੈਲ ਸਕਦਾ ਹੈ। ਲੈਨਜ਼ ਰੱਖਣ ਵਾਲਾ ਕੇਸ ਹਮੇਸ਼ਾ ਸਾਫ਼ ਰੱਖੋ ਅਤੇ ਉਸ ਦਾ ਲੋਸ਼ਨ ਰੋਜ਼ ਬਦਲੋ। ਇਸ ਨਾਲ ਲੈਨਜ਼ਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ।
ਲੈਨਜ਼ ਪਾਉਣ 'ਤੇ ਕਦੀ ਗੂੜ੍ਹੀ ਨੀਂਦ ਵਿਚ ਨਾ ਸੌਂਵੋ ਨਹੀਂ ਤਾਂ ਅੱਖਾਂ ਵਿਚ ਜ਼ਖ਼ਮ ਹੋ ਸਕਦਾ ਹੈ। ਜੇਕਰ ਕਦੀ ਸੌਂ ਵੀ ਜਾਵੋ ਤਾਂ ਅੱਖਾਂ ਤੁਰੰਤ ਨਾ ਖੋਲ੍ਹੋ। ਪੰਜ, ਸੱਤ ਮਿੰਟ ਬਾਅਦ ਹੌਲੀ-ਹੌਲੀ ਖੋਲੋ।
ਲੈਨਜ਼ ਪਾਈਆਂ ਹੋਈਆਂ ਅੱਖਾਂ ਵਿਚ ਸਾਦੇ ਪਾਣੀ ਦੀ ਵਰਤੋਂ ਕਦੀ ਨਾ ਕਰੋ।
ਕਦੀ ਵੀ ਕਿਸੇ ਦੂਜੇ ਵਿਅਕਤੀ ਦੇ ਲੈਨਜ਼ਾਂ ਦੀ ਵਰਤੋਂ ਨਾ ਖ਼ੁਦ ਕਰੋ, ਨਾ ਕਿਸੇ ਦੂਜੇ ਨੂੰ ਕਰਨ ਦਿਓ, ਚਾਹੇ ਤੁਹਾਡਾ ਨੰਬਰ ਇਕੋ ਜਿਹਾ ਹੋਵੇ।