ਬੇਵਕਤ ਅਤੇ ਜਲਦੀ-ਜਲਦੀ ਭੋਜਨ ਕਰਨ ਨਾਲ ਅਸੀਂ ਬਿਨਾਂ ਕਾਰਨ ਪੇਟ ਦੀ ਗੈਸ ਅਤੇ ਐਸੀਡਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ। ਐਸੀਡਿਟੀ ਦੀ ਤਕਲੀਫ਼ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਕਈ ਵਾਰੀ ਮਰੀਜ਼ ਪੇਟ ਗੈਸ ਜਾਂ ਛਾਤੀ ਦੇ ਦਰਦ 'ਚੋਂ ਐਸੀਡਿਟੀ ਦਾ ਫਰਕ ਸਪੱਸ਼ਟ ਨਹੀਂ ਕਰ ਸਕਦਾ। ਕਈ ਵਾਰ ਦਰਦ ਛਾਤੀ ਵਿਚ ਖੱਬੇ ਪਾਸਿਓਂ ਸ਼ੁਰੂ ਹੋ ਕੇ ਗਰਦਨ ਵੱਲ ਜਾਂਦਾ ਹੈ ਅਤੇ ਅਜਿਹਾ ਲਗਦਾ ਹੈ ਕਿ ਜਿਵੇਂ ਹਾਰਟ ਅਟੈਕ ਹੋਵੇ। ਇਸ ਤਕਲੀਫ਼ ਨਾਲ ਮਰੀਜ਼ ਨੂੰ ਪਸੀਨਾ ਆ ਜਾਂਦਾ ਹੈ ਅਤੇ ਦਰਦ ਕਾਰਨ ਅੱਖਾਂ 'ਚੋਂ ਪਾਣੀ ਵਗਣ ਲਗਦਾ ਹੈ। ਇਹ ਕਲੇਜੇ 'ਚ ਸਾੜ ਹੈ।
ਕਲੇਜੇ 'ਚ ਸਾੜ ਪੈਣਾ 'ਹਾਰਟ ਬਰਨ': ਇਸ ਵਿਚ ਮਿਹਦੇ ਦੇ ਉੱਪਰ ਅਤੇ ਖਾਣ ਵਾਲੀ ਨਾਲੀ 'ਫੂਡ ਪਾਈਪ' ਦੇ ਹੇਠਾਂ ਸਾਡੀ ਛਾਤੀ ਵਿਚਕਾਰ ਹੱਡੀ ਸਟਰਨਮ ਦੇ ਹੇਠਾਂ ਤੇਜ਼ ਸੜਨ ਵਾਲੀ ਦਰਦ ਹੁੰਦੀ ਹੈ, ਜਿਸ ਨੂੰ ਹਾਰਟ ਬਰਨ ਜਾਂ ਬਰਨਿੰਗ ਸੈਂਸੇਸ਼ਨ ਕਿਹਾ ਜਾਂਦਾ ਹੈ।
ਅਲਾਮਤਾਂ : * ਜਦੋਂ ਅਸੀਂ ਕੋਈ ਮੋਟੀ ਚੀਜ਼ ਨਿਗਲਦੇ ਹਾਂ ਜਾਂ ਗਰਮ-ਗਰਮ ਚਾਹ ਪੀਂਦੇ ਹਾਂ ਜਾਂ ਸ਼ਰਾਬ ਪੀਣ ਨਾਲ 'ਸਟਰਨਮ' ਦੇ ਥੱਲੇ ਬਹੁਤ ਤੇਜ਼ ਸਾੜ ਪੈਂਦਾ ਹੈ, ਇਸ ਕਾਰਨ ਕਈ ਵਾਰੀ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਉਂਦਾ ਹੈ।
* ਜੋ ਕੁਝ ਖਾਧਾ-ਪੀਤਾ ਹੁੰਦਾ ਹੈ, ਉਹ ਬਾਹਰ ਨੂੰ ਆਉਂਦਾ ਹੈ। ਛਾਤੀ ਭਾਰੀ-ਭਾਰੀ ਲਗਦੀ ਹੈ, ਮੂੰਹ ਵਿਚ ਹਰ ਵੇਲੇ ਪਾਣੀ ਭਰਿਆ ਰਹਿੰਦਾ ਹੈ।
* ਹੌਲੀ-ਹੌਲੀ ਮਰੀਜ਼ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ।
* ਸੜਨ ਦੀ ਤਕਲੀਫ਼ ਖ਼ਾਸ ਕਰਕੇ ਭਾਰੀ ਭੋਜਨ ਕਰਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਤੇ ਲੇਟਣ ਨਾਲ ਇਹ ਤਕਲੀਫ਼ ਕਾਫ਼ੀ ਵਧ ਜਾਂਦੀ ਹੈ।
* ਕਈ ਵਾਰੀ ਇਹ ਦਰਦ ਕਲੇਜੇ ਤੋਂ ਸ਼ੁਰੂ ਹੋ ਕੇ ਛਾਤੀ ਦੇ ਖੱਬੇ ਪਾਸੇ ਗਰਦਨ ਵੱਲ ਜਾਂਦਾ ਹੈ ਤਾਂ ਇਸ ਤਰ੍ਹਾਂ ਲਗਦਾ ਹੈ ਕਿ 'ਹਾਰਟ ਅਟੈਕ' ਹੈ, ਜਦ ਕਿ ਇਹ ਸਿਰਫ਼ ਹਾਰਟ ਬਰਨ ਹੁੰਦਾ ਹੈ।
* ਕਈ ਵਾਰੀ ਇਸ ਦਰਦ ਨਾਲ ਮੂੰਹ ਵਿਚੋਂ ਖੂਨ ਆਉਂਦਾ ਹੈ ਤੇ ਟੱਟੀ ਵਿਚ ਵੀ ਖੂਨ ਆਉਂਦਾ ਹੈ।
ਕਾਰਨ : * ਹਾਰਟ ਬਰਨ ਦੇ ਮੁੱਖ ਕਾਰਨ ਹਨ 1. ਖਾਣ ਵਾਲੀ ਨਾਲੀ ਦੀ ਸੋਜਿਸ਼, 2. ਪੇਟ ਦਾ ਸ਼ੁਰੂ ਦਾ ਹਿੱਸਾ ਕਦੀ-ਕਦੀ ਖਿਸਕ ਕੇ ਫੂਡ ਪਾਈਪ ਵਿਚ ਚਲਾ ਜਾਂਦਾ ਹੈ ਤੇ ਇਸ ਤਕਲੀਫ਼ ਦਾ ਕਾਰਨ ਬਣਦਾ ਹੈ। ਅੰਤੜੀ ਤੇ ਜਿਗਰ ਵਿਚ ਸੋਜ ਹੋਣ ਤੇ ਪੇਟ ਦੀ ਬਾਹਰੀ ਪਰਤ ਤੇ ਚਰਬੀ ਦੀ ਮਾਤਰਾ ਵੱਧ ਜਾਂਦੀ ਹੈ। ਪਰ ਇਹ ਤਕਲੀਫ਼ ਪੇਟ ਦੀ ਸੋਜ਼ ਤੋਂ ਬਿਲਕੁਲ ਵੱਖਰੀ ਹੈ।
ਅੰਤੜੀਆਂ ਦੀ ਸੋਜ : ਅੰਤੜੀਆਂ ਦੀ ਸੋਜ ਦਾ ਮੁੱਖ ਕਾਰਨ ਹੁੰਦਾ ਹੈ ਕੀਟਾਣੂ ਜੋ ਸਾਡੀਆਂ ਅੰਤੜੀਆਂ ਦੀਆਂ ਝਿੱਲੀਆਂ ਵਿਚਾਲੇ ਇਕੱਠਾ ਹੋ ਜਾਂਦਾ ਹੈ। ਇਸ ਨਾਲ ਅੰਤੜੀਆਂ ਦੀ ਹਜ਼ਮ ਕਰਨ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਵਾਰ-ਵਾਰ ਪਖਾਨਾ ਜਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ।
ਲਿਵਰ ਦੀ ਸੋਜ : ਲਿਵਰ ਸਾਡੇ ਪਾਚਣਤੰਤਰ ਦਾ ਮੁੱਖ ਅੰਗ ਹੈ। ਇਸ ਵਿਚੋਂ ਕਈ ਤਰ੍ਹਾਂ ਦੇ ਤਰਲ ਪਦਾਰਥ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ.
ਕਾਰਨ : ਕੀਟਾਣੂ ਹੀ ਲਿਵਰ ਦੀ ਸੋਜ ਦਾ ਮੁੱਖ ਕਾਰਨ ਹੁੰਦੇ ਹਨ, ਇਹ ਸਾਡੇ ਲਿਵਰ ਦੇ ਛੋਟੇ-ਛੋਟੇ ਕਣਾਂ ਵਿਚ ਘਰ ਕਰ ਲੈਂਦੇ ਹਨ। ਹੌਲੀ-ਹੌਲੀ ਲਿਵਰ ਦਾ ਭਾਰ ਤੇ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਤਕਲੀਫਾਂ ਪੈਦਾ ਹੋ ਜਾਂਦੀਆਂ ਹਨ। ਲਿਵਰ ਦੀ ਸੋਜ਼ ਕਾਰਨ ਪੇਟ ਇਕ ਪਾਸਿਉਂ ਵੱਡਾ-ਵੱਡਾ ਜਿਹਾ ਲਗਦਾ ਹੈ। ਉਸ ਪਾਸੇ ਕਾਫ਼ੀ ਦਰਦ ਰਹਿੰਦਾ ਹੈ।
ਲੱਛਣ : * ਭੁੱਖ ਘਟਣ ਲੱਗਣੀ,
* ਉਲਟੀ ਆਉਣਾ ਤੇ ਜੀਅ ਕੱਚਾ ਹੋਣਾ,
* ਸੁਸਤੀ ਆਉਣਾ ਤੇ ਹਲਕਾ ਬੁਖਾਰ ਰਹਿਣਾ,
* ਕਈ ਵਾਰ ਬੇਹੋਸ਼ੀ ਵੀ ਆ ਜਾਂਦੀ ਹੈ।
ਇਲਾਜ : ਇਸ ਦੇ ਇਲਾਜ ਲਈ ਬਹੁਤ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਪੈਂਦੀ। ਮਰੀਜ਼ ਨੂੰ ਖੁਰਾਕ ਵਿਚ ਗੁਲੂਕੋਜ਼ ਅਤੇ ਮਿੱਠੀਆਂ ਚੀਜ਼ਾਂ ਜ਼ਿਆਦਾ ਦੇ ਕੇ ਤਲੀਆਂ ਅਤੇ ਖੱਟੀਆਂ ਚੀਜ਼ਾਂ ਦਾ ਪ੍ਰਹੇਜ਼ ਕਰਕੇ ਆਰਾਮ ਕਰਨਾ ਚਾਹੀਦਾ ਹੈ। ਨਾਲ ਹੀ ਡਾਕਟਰ ਨਾਲ ਸੰਪਰਕ ਕਰਨਾ ਵੀ ਜ਼ਰੂਰੀ ਹੈ।
-0-
ਪੇਟ ਦੀਆਂ ਬਿਮਾਰੀਆਂ ਪੇਟ ਜਲਣ, ਡਕਾਰ ਤੇ ਸੋਜ਼ ਕਿਉਂ?
ਅਜੀਤ ਡੈਸਕ
06-03-2026