ਅਸੀਂ ਅਕਸਰ ਅਖਬਾਰਾਂ ਜਾਂ ਸੋਸ਼ਲ ਮੀਡੀਆ 'ਤੇ ਸੁਣਦੇ-ਦੇਖਦੇ ਰਹਿੰਦੇ ਹਾਂ ਕਿ ਪੰਜਾਬ ਵਿਚ ਅਪਰਾਧਾਂ ਦਾ ਬਹੁਤ ਬੋਲਬਾਲਾ ਹੋ ਚੁੱਕਾ ਹੈ। ਬੇਸ਼ੱਕ ਅਜਿਹੀਆਂ ਖ਼ਬਰਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਜਿਸ ਢੰਗ-ਤਰੀਕੇ ਨਾਲ ਇਸ ਵਿਸ਼ੇ 'ਤੇ ਪੰਜਾਬ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ, ਉਸ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਅਪਰਾਧਾਂ ਜਾਂ ਨਸ਼ਿਆਂ ਦੀ ਬਹੁਤ ਵੱਡੀ ਮੰਡੀ ਬਣ ਚੁੱਕਾ ਹੈ।
ਪੰਜਾਬ ਦੇ ਆਗੂਆਂ ਤੋਂ ਇਲਾਵਾ ਦੇਸ਼ ਦੇ ਵੱਡੇ-ਵੱਡੇ ਆਗੂ ਵੀ ਪੰਜਾਬ ਵਿਚ ਵਧ ਰਹੇ ਅਪਰਾਧਾਂ ਬਾਰੇ ਆਪਣੀ ਚਿੰਤਾ ਪ੍ਰਗਟ ਕਰਦੇ ਰਹਿੰਦੇ ਹਨ। ਇੱਥੇ ਹੁਣ ਇਹ ਸਵਾਲ ਉੱਠਦਾ ਹੈ ਕਿ ਉਹ ਪੰਜਾਬ ਜੋ ਕਦੇ ਧਾੜਵੀਆਂ ਦੇ ਖ਼ਿਲਾਫ਼ ਹਮੇਸ਼ਾ ਇਕ ਥੰਮ੍ਹ ਵਾਂਗ ਖੜ੍ਹਾ ਰਿਹਾ, ਜਿਸ ਨੇ ਸਿਕੰਦਰ ਤੋਂ ਲੈ ਕੇ ਅੰਗਰੇਜ਼ ਹੁਕਮਰਾਨਾਂ ਤੱਕ ਕਦੇ ਕਿਸੇ ਦੀ ਈਨ ਨਹੀਂ ਮੰਨੀ, ਕੀ ਉਹ ਸੱਚਮੁੱਚ ਅਪਰਾਧਾਂ ਵਿਚ ਏਨਾ ਗ਼ਲਤਾਨ ਹੋ ਰਿਹਾ ਹੈ? ਇਸ ਸਵਾਲ ਨੇ ਹਰ ਪੰਜਾਬੀ ਚਿੰਤਕ ਦੇ ਅੰਦਰ ਘਰ ਕੀਤਾ ਹੋਇਆ ਹੈ ਤੇ ਉਹ ਸਮੇਂ-ਸਮੇਂ 'ਤੇ ਇਸ ਬਾਰੇ ਆਪਣੇ ਵਿਚਾਰ ਵੀ ਸਾਂਝੇ ਕਰਦੇ ਰਹਿੰਦੇ ਹਨ।
ਜੇਕਰ ਅਸੀਂ ਭਾਰਤ ਭਰ ਵਿਚ ਹੋ ਰਹੇ ਅਪਰਾਧਾਂ 'ਤੇ ਨਜ਼ਰ ਮਾਰੀਏ ਤਾਂ ਇਹ ਭਲੀ-ਭਾਂਤ ਸਮਝਿਆ ਜਾ ਸਕਦਾ ਹੈ ਕਿ ਅਪਰਾਧ ਸਿਰਫ਼ ਪੰਜਾਬ ਵਿਚ ਹੀ ਨਹੀਂ ਹੋ ਰਹੇ, ਸਗੋਂ ਦੇਸ਼ ਭਰ 'ਚ ਹੋ ਰਹੇ ਹਨ। ਲੰਘੇ ਸਾਲ ਸਤੰਬਰ ਮਹੀਨੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਵਲੋਂ ਜਾਰੀ ਕੀਤੀ ਗਈ ਸਾਲ 2023 ਦੀ ਰਿਪੋਰਟ ਅਨੁਸਾਰ ਭਾਵੇਂ ਦੇਸ਼ ਵਿਚ ਸਾਲ 2022 ਦੇ ਮੁਕਾਬਲੇ 2023 ਵਿਚ ਹੱਤਿਆਵਾਂ 'ਚ 2.8 ਫ਼ੀਸਦੀ, ਜਬਰ ਜਨਾਹ 'ਚ 5.9 ਫ਼ੀਸਦੀ ਤੇ ਲੁੱਟ ਦੀਆਂ ਘਟਨਾਵਾਂ 'ਚ 7.0 ਫ਼ੀਸਦੀ ਦੀ ਕਮੀ ਆਈ ਹੈ ਪਰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਦੇਸ਼ ਵਿਚ ਕੁੱਲ ਮਾਮਲਿਆਂ 'ਚ 7.2 ਫ਼ੀਸਦੀ ਦਾ ਵਾਧਾ ਵੀ ਹੋਇਆ ਹੈ। ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਹੱਤਿਆਵਾਂ ਦੇ ਮਾਮਲੇ 'ਚ ਸਿਖ਼ਰ 'ਤੇ ਹੈ, ਜਿੱਥੇ ਸਾਲ 2023 ਦੌਰਾਨ 3206 ਕਤਲ ਕੇਸ ਦਰਜ ਕੀਤੇ ਗਏ, ਮਤਲਬ ਇਕ ਮਹੀਨੇ 'ਚ 267 ਹੱਤਿਆਵਾਂ। ਇਸੇ ਸਾਲ ਸਿੱਕਮ ਵਿਚ ਸਭ ਤੋਂ ਘੱਟ 12 ਕਤਲ ਕੇਸ ਸਾਹਮਣੇ ਆਏ, ਮਤਲਬ ਇਕ ਮਹੀਨੇ 'ਚ ਇਕ ਕਤਲ। ਦੂਜੇ ਪਾਸੇ ਪੰਜਾਬ ਇਸ ਮਾਮਲੇ 'ਚ 10ਵੇਂ ਸਥਾਨ 'ਤੇ ਹੈ, ਜਿੱਥੇ ਇਸੇ ਸਾਲ 681 ਕਤਲ ਕੇਸ ਦਰਜ ਕੀਤੇ ਗਏ। ਅਗਵਾ ਕਰਨ ਦੇ ਮਾਮਲੇ 'ਚ ਵੀ ਉੱਤਰ ਪ੍ਰਦੇਸ਼ ਨੰਬਰ ਇਕ ਸੂਬਾ ਹੈ, ਜਿੱਥੇ 16,663 ਅਗਵਾ ਕਰਨ ਦੇ ਕੇਸ ਦਰਜ ਹੋਏ, ਜਦਕਿ ਬਿਹਾਰ 'ਚ 14,371 ਅਤੇ ਮਹਾਰਾਸ਼ਟਰ 'ਚ 13,106 ਕੇਸ ਸਾਹਮਣੇ ਆਏ। ਇਸ ਮਾਮਲੇ 'ਚ ਪੰਜਾਬ ਵਿਚ ਅਗਵਾ ਕਰਨ ਦੇ 1,574 ਕੇਸ ਦਰਜ ਕੀਤੇ ਗਏ।
ਸਾਡੇ ਦੇਸ਼ ਵਿਚ ਔਰਤ ਨੂੰ ਦੇਵੀ ਦਾ ਰੂਪ ਸਮਝਿਆ ਜਾਂਦਾ ਹੈ ਪਰ ਇਹ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਔਰਤਾਂ ਖ਼ਿਲਾਫ਼ ਹੋਏ ਅਪਰਾਧਾਂ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਰਿਪੋਰਟ ਅਨੁਸਾਰ ਦੇਸ਼ ਭਰ 'ਚ ਸਾਲ 2023 ਵਿਚ ਔਰਤਾਂ ਖ਼ਿਲਾਫ਼ ਕੁੱਲ 4.48 ਲੱਖ ਅਪਰਾਧਿਕ ਕੇਸ ਦਰਜ ਕੀਤੇ ਗਏ। ਇਨ੍ਹਾਂ 'ਚ 66,381 ਕੇਸਾਂ ਨਾਲ ਉੱਤਰ ਪ੍ਰਦੇਸ਼ ਪਹਿਲੇ ਸਥਾਨ 'ਤੇ ਹੈ, ਜਦਕਿ ਦੂਜੇ 'ਤੇ ਮਹਾਰਾਸ਼ਟਰ (47,101), ਤੀਜੇ 'ਤੇ ਰਾਜਸਥਾਨ (45,450), ਚੌਥੇ 'ਤੇ ਪੱਛਮੀ ਬੰਗਾਲ (34,691) ਅਤੇ ਪੰਜਵੇਂ ਸਥਾਨ 'ਤੇ ਮੱਧ ਪ੍ਰਦੇਸ਼ (32,342) ਹੈ। ਜਬਰ ਜਨਾਹ ਦੀਆਂ ਘਟਨਾਵਾਂ 'ਚ ਰਾਜਸਥਾਨ ਪਹਿਲੇ ਸਥਾਨ 'ਤੇ ਹੈ, ਜਿੱਥੇ ਸਾਲ 2023 ਵਿਚ ਜਬਰ ਜਨਾਹ ਦੇ 5,078 ਕੇਸ ਦਰਜ ਕੀਤੇ ਗਏ, ਮਤਲਬ ਇਕ ਦਿਨ 'ਚ 14 ਜਬਰ ਜਨਾਹ ਦੇ ਕੇਸ, ਜਦਕਿ ਸਿੱਕਮ ਵਿਚ ਇਸੇ ਸਾਲ ਸਭ ਤੋਂ ਘੱਟ 9 ਮਾਮਲੇ ਦਰਜ ਕੀਤੇ ਗਏ।
ਅਸੀਂ ਅਕਸਰ ਪੰਜਾਬ ਵਿਚ ਦਿਨ-ਦਿਹਾੜੇ ਹੀ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਚਿੰਤਤ ਰਹਿੰਦੇ ਹਾਂ ਅਤੇ ਬਾਹਰ ਆਉਣ-ਜਾਣ ਸਮੇਂ ਆਪਣਾ ਖ਼ਾਸ ਧਿਆਨ ਰੱਖਦੇ ਹਾਂ ਕਿ ਕਿਤੇ ਅਸੀਂ ਅਜਿਹੀ ਘਟਨਾ ਦਾ ਸ਼ਿਕਾਰ ਨਾ ਹੋ ਜਾਈਏ। ਸਾਨੂੰ ਲਗਦਾ ਹੈ ਕਿ ਪੰਜਾਬ ਵਿਚ ਬਹੁਤ ਵੱਡੇ ਪੱਧਰ 'ਤੇ ਅਜਿਹੀਆਂ ਵਾਰਦਾਤਾਂ ਹੋਣ ਲੱਗੀਆਂ ਹਨ। ਪਰ ਉਕਤ ਰਿਪੋਰਟ ਇਹ ਸਪੱਸ਼ਟ ਕਰਦੀ ਹੈ ਕਿ ਲੁੱਟਾਂ-ਖੋਹਾਂ ਦਾ ਅਸਲ ਗੜ੍ਹ ਮਹਾਰਾਸ਼ਟਰ ਹੈ, ਜਿਸ ਨੇ ਸਾਲ 2023 ਦੌਰਾਨ 5,942 ਲੁੱਟ-ਖੋਹ ਦੀਆਂ ਘਟਨਾਵਾਂ ਦਾ ਅੰਕੜਾ ਛੂੰਹਦਿਆਂ ਬਾਕੀ ਸਭ ਸੂਬਿਆਂ ਨੂੰ ਪਛਾੜ ਦਿੱਤਾ। ਸਿੱਕਮ ਇਸ ਮਾਮਲੇ 'ਚ ਵੀ ਬਾਜ਼ੀ ਮਾਰ ਗਿਆ, ਜਿੱਥੇ ਇਸੇ ਸਾਲ ਲੁੱਟ ਦੇ ਸਿਰਫ਼ 2 ਮਾਮਲੇ ਪਾਏ ਗਏ।
ਰਿਪੋਰਟ ਅਨੁਸਾਰ ਕਤਲ, ਅਗਵਾ ਤੇ ਦਾਜ ਲਈ ਹੱਤਿਆ ਕਰਨ ਦੇ ਮਾਮਲਿਆਂ 'ਚ ਉੱਤਰ ਪ੍ਰਦੇਸ਼ ਤੇ ਬਿਹਾਰ ਨੇ ਦੇਸ਼ ਦੇ ਸਭ ਸੂਬਿਆਂ ਨੂੰ ਪਛਾੜਿਆ ਹੈ। ਸਾਲ 2023 ਵਿਚ ਉੱਤਰ ਪ੍ਰਦੇਸ਼ ਵਿਚ ਹੱਤਿਆਵਾਂ ਦੇ 3,206, ਅਗਵਾ ਕਰਨ ਦੇ 16,636 ਅਤੇ ਦਾਜ ਲਈ ਹੱਤਿਆ ਕਰਨ ਦੇ 2,122 ਦਰਜ ਕੀਤੇ ਗਏ ਮਾਮਲੇ ਹੈਰਾਨ ਕਰਨ ਵਾਲੇ ਹਨ। ਇਸੇ ਤਰ੍ਹਾਂ ਬਿਹਾਰ ਵਿਚ ਹੱਤਿਆਵਾਂ ਦੇ 2,862, ਅਗਵਾ ਕਰਨ ਦੇ 14,371 ਅਤੇ ਦਾਜ ਲਈ ਹੱਤਿਆ ਕਰਨ ਦੇ 1,143 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਦੇ ਸੰਦਰਭ ਵਿਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਇੱਥੇ ਕਤਲ ਦੇ 681, ਅਗਵਾ ਕਰਨ ਦੇ 1574 ਅਤੇ ਦਾਜ ਲਈ ਹੱਤਿਆ ਕਰਨ ਦੇ 44 ਮਾਮਲੇ ਦਰਜ ਕੀਤੇ ਗਏ ਹਨ। ਬੱਚਿਆਂ 'ਤੇ ਅਪਰਾਧ ਕਰਨ ਦੇ ਸਭ ਤੋਂ ਵੱਧ ਮਾਮਲੇ ਮੱਧ ਪ੍ਰਦੇਸ਼ ਵਿਚ ਪਾਏ ਗਏ ਹਨ। ਔਰਤਾਂ 'ਤੇ ਹੁੰਦੇ ਅੱਤਿਆਚਾਰਾਂ ਵਿਚ ਯੂ.ਪੀ. ਤੇ ਬਿਹਾਰ ਅੱਗੇ ਹਨ।
ਇਹ ਸਭ ਜਾਣ ਕੇ ਸਮਝਿਆ ਜਾ ਸਕਦਾ ਹੈ ਕਿ ਅਪਰਾਧਾਂ ਦਾ ਬੋਲਬਾਲਾ ਇਕੱਲੇ ਪੰਜਾਬ ਵਿਚ ਨਹੀਂ ਸਗੋਂ ਦੇਸ਼ ਭਰ ਵਿਚ ਹੈ, ਜੋ ਕਿ ਚਿੰਤਾਜਨਕ ਹੈ। ਵਧ ਰਹੇ ਇਨ੍ਹਾਂ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਕੇਂਦਰ ਸਮੇਤ ਸਭ ਸੂਬਿਆਂ ਦੀਆਂ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨਾਂ ਨੂੰ ਸੁਚੇਤ ਹੋ ਕੇ ਸਖ਼ਤ ਕਦਮ ਉਠਾਉਣ ਦੀ ਲੋੜ ਹੋਵੇਗੀ। ਖ਼ਾਸ ਕਰਕੇ ਪੁਲਿਸ ਪ੍ਰਸ਼ਾਸਨ ਵਿਚ ਸੁਧਾਰ ਲਿਆਉਣ ਨੂੰ ਯਕੀਨੀ ਬਣਾਉਣਾ ਪਵੇਗਾ ਕਿਉਂਕਿ ਕਈ ਵਾਰ ਪੁਲਿਸ ਮੁਲਾਜ਼ਮਾਂ ਦੀ ਅਣਗਹਿਲੀ ਜਾਂ ਮਿਲੀਭੁਗਤ ਵੀ ਅਪਰਾਧੀਆਂ ਦੇ ਹੌਸਲੇ ਵਧਾ ਦਿੰਦੀ ਹੈ। ਸਾਡੀ ਨਿਆਇਕ ਪ੍ਰਣਾਲੀ 'ਚ ਵੀ ਕੁਝ ਖ਼ਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਬੇਹੱਦ ਜ਼ਰੂਰੀ ਬਣ ਗਿਆ ਹੈ। ਦੇਸ਼ ਭਰ ਦੇ ਸੂਬਿਆਂ 'ਚ ਰਹਿੰਦੇ ਪਰਿਵਾਰਾਂ ਨੂੰ ਵੀ ਆਪਣੀ ਤੇ ਭਾਰਤ ਦੀ ਬਿਹਤਰੀ ਲਈ ਆਪਣੇ ਬੱਚਿਆਂ ਨੂੰ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਂ ਜਾਣੂ ਕਰਾਉਂਦੇ ਰਹਿਣਾ ਚਾਹੀਦਾ ਹੈ। ਅਜਿਹੇ ਕੁਝ ਕਦਮ ਉਠਾ ਕੇ ਹੀ ਵਧ ਰਹੇ ਅਪਰਾਧਾਂ 'ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕੇਗਾ।
-ਪਿੰਡ ਕਾਕੋਵਾਲ, ਜ਼ਿਲ੍ਹਾ-ਲੁਧਿਆਣਾ।
ਈਮੇਲ-shahpritson@gmail.com