ਘਰ ਨਾ ਕਰ ਦੇਵੇ ਬਿਮਾਰ
ਸਾਡੇ ਮਨ ਅੰਦਰ ਇਹ ਮਾਨਸਿਕਤਾ ਡੂੰਘੀ ਬੈਠ ਗਈ ਹੈ ਕਿ ਸਾਡੇ ਘਰ ਦੀ ਹਰ ਚੀਜ਼ ਸਾਨੂੰ ਫ਼ਾਇਦਾ ਪਹੁੰਚਾਉਂਦੀ ਹੈ ਪਰ ਅਸਲ ਵਿਚ ਇਸ ਤਰ੍ਹਾਂ ਹੁੰਦਾ ਨਹੀਂ ਹੈ। ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਘਰਾਂ ਵਿਚ ਹੁੰਦੀਆਂ ਹਨ, ਜੋ ਸਾਨੂੰ ਬਿਮਾਰ ਕਰ ਸਕਦੀਆਂ ਹਨ।
ਅਸੀਂ ਉਨ੍ਹਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਜਿਸ ਕਾਰਨ ਉਨ੍ਹਾਂ ਦਾ ਮਾੜਾ ਪ੍ਰਭਾਵ ਸਾਡੀ ਸਿਹਤ 'ਤੇ ਪੈਂਦਾ ਹੈ ਅਤੇ ਅਸੀਂ ਇਸ ਦਾ ਕਾਰਨ ਵੀ ਨਹੀਂ ਸਮਝ ਪਾਉਂਦੇ। ਘਰ ਵਿਚ ਕੰਮ ਆਉਣ ਵਾਲੀਆਂ ਸਭ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਵਰਤੋ। ਹੋ ਸਕਦਾ ਹੈ ਇਹ ਸਿਹਤ ਲਈ ਜ਼ਿਆਦਾ ਸੁਰੱਖਿਅਤ ਨਾ ਹੋਣ।
ਧਿਆਨ ਦਿਉ
ਜ਼ਰੂਰੀ ਨਹੀਂ ਹੈ ਕਿ ਹਰ ਵਾਰ ਬਾਹਰ ਦੀਆਂ ਚੀਜ਼ਾਂ ਹੀ ਸਾਨੂੰ ਨੁਕਸਾਨ ਪਹੁੰਚਾਉਣ। ਕਈ ਵਾਰ ਘਰ ਵਿਚ ਮੌਜੂਦ ਚੀਜ਼ਾਂ ਵੀ ਹਾਨੀ ਪਹੁੰਚਾ ਸਕਦੀਆਂ ਹਨ। ਛੋਟੀਆਂ-ਛੋਟੀਆਂ ਕਈ ਚੀਜ਼ਾਂ ਸਾਨੂੰ ਜ਼ਰੂਰੀ ਲਗਦੀਆਂ ਹਨ ਪਰ ਹੁੰਦੀਆਂ ਗ਼ੈਰ-ਜ਼ਰੂਰੀ ਹਨ ਅਤੇ ਇਹ ਸਾਨੂੰ ਬਿਮਾਰ ਬਣਾਉਂਦੀਆਂ ਹਨ। ਘਰ ਵਿਚ ਕੰਮ ਆਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਧਿਆਨ ਨਾਲ ਕਰੋ। ਇਨ੍ਹਾਂ ਵਿਚੋਂ ਕਈ ਸਿਹਤ ਲਈ ਨੁਕਸਾਨਕਾਰੀ ਵੀ ਹੋ ਸਕਦੀਆਂ ਹਨ। ਕੁਝ ਰਸਾਇਣਾਂ ਕਾਰਨ ਅਕਸਰ ਐਲਰਜੀ ਜਾਂ ਐਲਰਜੀ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਲਈ ਚੰਗਾ ਹੋਵੇਗਾ ਕਿ ਇਸ ਤਰ੍ਹਾਂ ਦੀ ਕਿਸੇ ਸਮੱਸਿਆ ਤੋਂ ਬਚਣ ਲਈ ਈਕੋ-ਫ੍ਰੈਂਡਲੀ ਸਾਮਾਨ ਦੀ ਵਰਤੋਂ ਕਰੋ।
ਖ਼ਤਰਨਾਕ ਹੋ ਸਕਦੀਆਂ ਹਨ ਛੋਟੀਆਂ-ਛੋਟੀਆਂ ਚੀਜ਼ਾਂ
ਨਹਾਉਂਦੇ ਸਮੇਂ ਵਾਲਾਂ ਨੂੰ ਗਿੱਲਾ ਹੋਣ ਤੋਂ ਬਚਾਉਣ ਲਈ ਅਸੀਂ ਅਕਸਰ ਸ਼ਾਵਰ ਹੈੱਡ ਦੀ ਵਰਤੋਂ ਕਰਦੇ ਹਾਂ ਜਿਸ ਕਾਰਨ ਇਸ ਦੇ ਅੰਦਰ ਚਿਕਨਾਈ ਜੰਮ ਜਾਂਦੀ ਹੈ, ਜਿਸ ਨਾਲ ਇਸ ਵਿਚ ਮਾਈਕ੍ਰੋਬੈਕਟੇਰੀਅਮ ਏਵੀਅਮ ਅਤੇ ਵਿਸ਼ੇਸ਼ ਤਰ੍ਹਾਂ ਦੇ ਕੀਟਾਣੂ ਪੈਦਾ ਹੋ ਜਾਂਦੇ ਹਨ ਜੋ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾ ਸਕਦੇ ਹਨ। ਇਸ ਲਈ ਹਫ਼ਤੇ ਵਿਚ ਇਕ ਵਾਰ ਗਰਮ ਸਿਰਕੇ ਵਿਚ ਇਸ ਨੂੰ 20 ਮਿੰਟ ਤੱਕ ਭਿਉਂ ਕੇ ਰੱਖੋ। ਪਲਾਈਵੁੱਡ ਤੋਂ ਬਣੀਆਂ ਚੀਜ਼ਾਂ ਜਿਵੇਂ ਕਿ ਪ੍ਰੈੱਸ ਬੋਰਡ ਆਦਿ ਦੀ ਵਰਤੋਂ ਤਾਂ ਹਰ ਘਰ ਵਿਚ ਹੁੰਦੀ ਹੈ। ਪਲਾਈਵੁੱਡ ਨੂੰ ਜੋੜਨ ਲਈ ਵਿਸ਼ੇਸ਼ ਤਰ੍ਹਾਂ ਦੀ ਗੂੰਦ ਵਰਤੋਂ ਕੀਤੀ ਜਾਂਦੀ ਹੈ। ਇਹ 'ਫਾਰਮੇਲਡੀਹਾਈਡ' ਨਾਮੀ ਰਸਾਇਣ ਛੱਡਦਾ ਹੈ ਜਿਸ ਦੇ ਸੰਪਰਕ ਵਿਚ ਆਉਣ ਨਾਲ ਜੀਅ ਮਚਲਣਾ, ਐਲਰਜੀ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਚਣ ਲਈ ਤੁਸੀਂ ਈਕੋ-ਫ੍ਰੈਂਡਲੀ ਸਾਮਾਨ ਦੀ ਵਰਤੋਂ ਕਰ ਸਕਦੇ ਹੋ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਅਸੀਂ ਕਈ ਤਰ੍ਹਾਂ ਦੇ ਸੁੰਦਰਤਾ ਵਾਲੇ ਉਤਪਾਦ ਵਰਤਦੇ ਹਾਂ। ਇਨ੍ਹਾਂ ਸੁੰਦਰਤਾ ਵਾਲੇ ਉਤਪਾਦਾਂ ਵਿਚ ਖ਼ਾਸ ਤਰ੍ਹਾਂ ਦਾ ਰਸਾਇਣ ਪਾਇਆ ਜਾਂਦਾ ਹੈ ਜਿਸ ਨੂੰ ਪਲਾਸਟੀਸਾਈਜ਼ਰ ਕਹਿੰਦੇ ਹਨ। ਇਹ ਰਸਾਇਣ ਸਰੀਰ ਵਿਚ ਹਾਰਮੋਨਲ ਬਦਲਾਅ ਕਰਦਾ ਹੈ ਜੋ ਕਿ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਇਨ੍ਹਾਂ ਸਭ ਚੀਜ਼ਾਂ ਤੋਂ ਬਚਣ ਲਈ ਸਾਨੂੰ ਚਾਹੀਦਾ ਹੈ ਕਿ ਜਿੰਨਾ ਹੋ ਸਕੇ ਕੁਦਰਤੀ ਚੀਜ਼ਾਂ ਦੀ ਵਰਤੋਂ ਕਰੀਏ ਅਤੇ ਸਿੰਥੈਟਿਕ ਸਾਮਾਨ ਤੋਂ ਦੂਰ ਰਹੀਏ। ਇਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹੋਗੇ।
ਗੱਲਾਂ ਕੰਮ ਦੀਆਂ
ਘਰ ਦੇ ਫਰਨੀਚਰ ਤੋਂ ਲੈ ਕੇ ਖਾਣੇ ਦੇ ਸਾਮਾਨ ਤੱਕ ਸਭ ਪ੍ਰਦੂਸ਼ਿਤ ਹੈ। ਬਾਜ਼ਾਰ ਤੋਂ ਜਦੋਂ ਵੀ ਖਾਣੇ ਦੀ ਕੋਈ ਚੀਜ਼ ਖਰੀਦਦੇ ਹੋ ਤਾਂ ਇਹ ਜ਼ਰੂਰ ਦੇਖ ਲਓ ਕਿ ਉਹ ਸਿਹਤ ਲਈ ਸਹੀ ਹੈ ਜਾਂ ਨਹੀਂ। ਅੱਜਕਲ੍ਹ ਫਲ ਤੋਂ ਲੈ ਕੇ ਸਬਜ਼ੀਆਂ ਤੱਕ ਸਭ ਥਾਂ ਬਣਾਉਟੀ ਰੰਗਾਂ ਦੀ ਵਰਤੋਂ ਹੋ ਰਹੀ ਹੈ ਜੋ ਕਿ ਸਰੀਰ ਲਈ ਬਹੁਤ ਨੁਕਸਾਨਕਾਰੀ ਹੁੰਦੀ ਹੈ। ਪ੍ਰੀਜ਼ਰਵੇਟਿਵ ਚੀਜ਼ਾਂ ਨੂੰ ਜਿੰਨਾ ਹੋ ਸਕੇ, ਵਰਤੋ 'ਚ ਨਾ ਲਿਆਓ ਕਿਉਂਕਿ ਲੰਮੇ ਸਮੇਂ ਤੱਕ ਰੱਖਣ ਲਈ ਇਨ੍ਹਾਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਹੁੰਦੀ ਹੈ ਜਿਸ ਨਾਲ ਭਵਿੱਖ ਵਿਚ ਕੈਂਸਰ ਆਦਿ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਹੋ ਸਕਦਾ ਹੈ।
ਸਿਹਤ ਖ਼ਬਰਨਾਮਾ
ਅਜੀਤ ਡੈਸਕ
06-03-2026