ਨਿਤਿਨ ਨਬੀਨ ਦੇ 20 ਜਨਵਰੀ 2026 ਨੂੰ ਭਾਜਪਾ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ 'ਮਿਲੇਨੀਅਲ' ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਨੌਜਵਾਨ ਊਰਜਾ ਤੇ ਵਿਸ਼ਾਲ ਸੰਗਠਨਾਤਮਕ ਤਜਰਬਾ ਪਾਰਟੀ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ | ਨਿਤਿਨ ਨਬੀਨ ਦਾ ਜਨਮ 23 ਮਈ 1980 ਨੂੰ ਭਾਜਪਾ ਦੀ ਸਥਾਪਨਾ ਤੋਂ ਲਗਭਗ ਦੋ ਮਹੀਨੇ ਬਾਅਦ ਹੋਇਆ ਸੀ ਅਤੇ ਉਹ ਹੁਣ ਭਾਜਪਾ ਦੇ 12ਵੇਂ ਰਾਸ਼ਟਰੀ ਪ੍ਰਧਾਨ ਬਣ ਗਏ ਹਨ | ਭਾਜਪਾ ਦੇ ਪਿਛਲੇ ਰਾਸ਼ਟਰੀ ਪ੍ਰਧਾਨਾਂ 'ਚ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕੁਸ਼ਾਭਾਊ ਠਾਕਰੇ, ਜਨਾ ਕ੍ਰਿਸ਼ਨਾਮੂਰਤੀ, ਵੈਂਕਈਆ ਨਾਇਡੂ, ਰਾਜਨਾਥ ਸਿੰਘ, ਨਿਤਿਨ ਗਡਕਰੀ, ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਜੇ.ਪੀ. ਨੱਢਾ ਸ਼ਾਮਿਲ ਹਨ | ਹਾਲਾਂਕਿ 45 ਸਾਲਾ ਨਿਤਿਨ ਨਬੀਨ ਦੀ ਛੋਟੀ ਉਮਰ ਦੀ ਚਰਚਾ ਭਾਜਪਾ ਦੀ ਕਮਾਨ ਸੰਭਾਲਣ ਤੋਂ ਬਾਅਦ ਹੋਣ ਲੱਗੀ ਹੈ, ਜਦਕਿ ਅਟਲ ਬਿਹਾਰੀ ਵਾਜਪਾਈ 44 ਸਾਲ ਦੀ ਉਮਰ 'ਚ ਜਨ ਸੰਘ ਦੇ ਪ੍ਰਧਾਨ ਬਣੇ ਸਨ | ਨਿਤਿਨ ਨਬੀਨ ਅਜਿਹੇ ਸਮੇਂ ਭਾਜਪਾ ਦੇ ਪ੍ਰਧਾਨ ਬਣੇ ਹਨ, ਜਦੋਂ ਭਾਜਪਾ ਇਤਿਹਾਸਕ ਤੌਰ 'ਤੇ ਬਹੁਤ ਮਜ਼ਬੂਤ ਪਾਰਟੀ ਹੈ | ਦੁਨੀਆ 'ਚ ਸਭ ਤੋਂ ਵੱਧ 5 ਕਰੋੜ ਵਰਕਰਾਂ ਵਾਲੀ ਭਾਜਪਾ ਦੇ ਇਸ ਸਮੇਂ 240 ਲੋਕ ਸਭਾ ਤੇ 99 ਰਾਜ ਸਭਾ ਸੰਸਦ ਮੈਂਬਰ ਹਨ ਅਤੇ ਭਾਜਪਾ ਜਾਂ ਐਨ.ਡੀ.ਏ. ਦੀ ਅਗਵਾਈ ਵਾਲੇ ਗੱਠਜੋੜ ਦੀਆਂ 21 ਸੂਬਿਆਂ 'ਚ ਸਰਕਾਰਾਂ ਹਨ |
ਰਾਸ਼ਟਰੀ ਪ੍ਰਧਾਨ ਦੇ ਤੌਰ 'ਤੇ ਨਿਤਿਨ ਨਬੀਨ ਨੂੰ ਇਸ ਸਾਲ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਪੁਡੂਚੇਰੀ ਤੇ ਕੇਰਲ ਵਿਧਾਨ ਸਭਾ ਚੋਣਾਂ ਦਾ ਸਾਹਮਣਾ ਕਰਨਾ ਪਵੇਗਾ | ਪਰ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ 2029 ਦੀਆਂ ਲੋਕ ਸਭਾ ਚੋਣਾਂ ਹੋਣਗੀਆਂ, ਜਿਸ ਲਈ ਪਾਰਟੀ ਨੂੰ ਹੁਣ ਤੋਂ ਤਿਆਰੀ ਕਰਨੀ ਪਵੇਗੀ | ਉਹ ਚੋਣਾਂ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ ਕਿਤੇ ਵੱਧ ਚੁਣੌਤੀਪੂਰਨ ਹੋਣਗੀਆਂ, ਕਿਉਂਕਿ ਉਹ ਚੋਣਾਂ ਅਜਿਹੇ ਸਮੇਂ ਹੋਣਗੀਆਂ ਜਦੋਂ ਦੇਸ਼ ਹੱਦਬੰਦੀ 'ਚੋਂ ਲੰਘ ਰਿਹਾ ਹੋਵੇਗਾ ਅਤੇ ਲੋਕ ਸਭਾ ਤੇ ਵਿਧਾਨ ਸਭਾਵਾਂ ਵਿਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਲਾਗੂ ਹੋ ਰਿਹਾ ਹੋਵੇਗਾ | ਨਵੇਂ ਪ੍ਰਧਾਨ ਨੂੰ ਬਦਲੇ ਹੋਏ ਰਾਜਨੀਤਿਕ ਮਾਹੌਲ ਦੇ ਅਨੁਕੂਲ ਤਿਆਰੀ ਕਰਨ ਤੋਂ ਇਲਾਵਾ ਵਧਦੀ ਆਰਥਿਕਤਾ ਦੇ ਬਾਵਜੂਦ ਬੇਰੁਜ਼ਗਾਰੀ ਦੇ ਡੂੰਘੇ ਸੰਕਟ ਕਾਰਨ ਸੱਤਾ ਵਿਰੋਧੀ ਮਾਹੌਲ ਨਾਲ ਵੀ ਨਜਿੱਠਣਾ ਪਵੇਗਾ | ਮੋਦੀ ਸਰਕਾਰ 2029 ਦੀਆਂ ਆਮ ਚੋਣਾਂ ਵਿਚ ਔਰਤਾਂ ਦੇ ਰਾਖਵੇਂਕਰਨ ਨੂੰ ਲਾਗੂ ਕਰਨਾ ਚਾਹੁੰਦੀ ਹੈ | ਰਾਜਨੀਤਿਕ ਚੁਣੌਤੀਆਂ ਤੋਂ ਪਰੇ੍ਹ ਨਿਤਿਨ ਨਬੀਨ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੇਰੁਜ਼ਗਾਰੀ ਤੇ ਵਿਸ਼ਵ ਵਪਾਰ ਦੀਆਂ ਅਨਿਸ਼ਚਿਤਤਾਵਾਂ ਦੇ ਵਿਚਕਾਰ ਪਾਰਟੀ ਤੇ ਸਰਕਾਰ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਬਣਾਈ ਰੱਖਣਾ ਹੋਵੇਗਾ | ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦਾ ਮਕਸਦ 'ਨੌਜਵਾਨ ਵੋਟਰਾਂ' 'ਤੇ ਧਿਆਨ ਕੇਂਦਰਿਤ ਕਰਨਾ ਹੈ ਅਤੇ ਨੌਜਵਾਨਾਂ ਦੀ ਮੁੱਖ ਚਿੰਤਾ ਰੁਜ਼ਗਾਰ ਹੈ | ਦੇਸ਼ 'ਚ ਬੇਰੁਜ਼ਗਾਰੀ ਹੁਣ ਸਿਰਫ਼ 'ਵਿਰੋਧੀ ਧਿਰ ਦਾ ਨਾਅਰਾ' ਨਹੀਂ ਹੈ | ਨਿਤਿਨ ਨਬੀਨ ਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਹੋਵੇਗਾ ਕਿ ਰੁਜ਼ਗਾਰ 'ਤੇ ਬਹਿਸ ਹੁਣ 'ਸਰਕਾਰੀ ਨੌਕਰੀਆਂ ਬਨਾਮ ਨਿੱਜੀ ਨੌਕਰੀਆਂ' ਤੱਕ ਸੀਮਿਤ ਨਹੀਂ ਰਹੀ | ਭਾਰਤ ਦਾ ਇਕ ਵੱਡਾ ਹਿੱਸਾ ਘੱਟ-ਗੁਣਵੱਤਾ ਵਾਲੀਆਂ ਨੌਕਰੀਆਂ, ਗਿਗ ਵਰਕ, ਠੇਕੇਦਾਰੀ ਅਤੇ ਅਨਿਯਮਿਤ ਆਮਦਨ ਵੱਲ ਵਧਿਆ ਹੋਇਆ ਹੈ |
ਆਮ ਲੋਕ ਹੁਣ ਸਿਰਫ਼ ਸੁਣ ਕੇ ਵਿਸ਼ਵਾਸ ਨਹੀਂ ਕਰਨਗੇ ਕਿ ਅਰਥਵਿਵਸਥਾ ਵਧ ਰਹੀ ਹੈ; ਉਹ ਤਾਂ ਦੇਖਣਗੇ ਕਿ ਨੌਕਰੀਆਂ ਉਨ੍ਹਾਂ ਦੇ ਘਰਾਂ ਤੱਕ ਪਹੁੰਚੀਆਂ ਹਨ ਜਾਂ ਨਹੀਂ? ਭਾਜਪਾ ਪ੍ਰਧਾਨ ਨੂੰ ਸਥਾਨਕ ਰੁਜ਼ਗਾਰ ਸਮੱਸਿਆਵਾਂ (ਬੰਦ ਉਦਯੋਗ, ਬੰਦ ਫੈਕਟਰੀਆਂ, ਭਰਤੀ ਪ੍ਰੀਖਿਆਵਾਂ ਬਾਰੇ ਅਨਿਸ਼ਚਿਤਤਾ) ਲਈ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਜ਼ਿਲ੍ਹਾ ਲੀਡਰਸ਼ਿਪ ਨੂੰ ਜਵਾਬਦੇਹ ਬਣਾਉਣਾ ਹੋਵੇਗਾ | ਅਜਿਹਾ ਕਰਨ ਵਿਚ ਅਸਫਲ ਰਹਿਣਾ ਇਕ ਰਾਜਨੀਤਿਕ ਜੋਖਮ ਸਾਬਤ ਹੋਵੇਗਾ ਕਿਉਂਕਿ ਅਸੀਂ ਹਾਲ ਹੀ ਵਿਚ ਦੇਖਿਆ ਹੈ ਕਿ ਗੁਆਂਢੀ ਦੇਸ਼ਾਂ 'ਚ ਨੌਜਵਾਨਾਂ ਦੀ ਨਿਰਾਸ਼ਾ ਕਿੰਨੀ ਜਲਦੀ 'ਰਾਜਨੀਤਕ ਗੁੱਸੇ' ਵਿਚ ਬਦਲ ਜਾਂਦੀ ਹੈ | ਰੁਜ਼ਗਾਰ ਦੇ ਨਾਲ-ਨਾਲ ਵਿਸ਼ਵ ਵਪਾਰ ਵੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਕ ਵੱਡੀ ਚੁਣੌਤੀ ਹੋਵੇਗਾ | ਭਾਰਤ ਲਈ ਵਿਸ਼ਵ ਵਪਾਰ ਦੀ ਬਦਲਦੀ ਹਵਾ ਜਿੱਥੇ ਸਪਲਾਈ ਚੇਨ 'ਚ ਫੇਰਬਦਲ, ਟੈਰਿਫ਼ ਤੇ ਵੱਡੀਆਂ ਤਾਕਤਾਂ ਵਿਚਕਾਰ ਤਣਾਅ (ਅਮਰੀਕਾ-ਚੀਨ, ਯੂਰਪੀਅਨ ਸ਼ਰਤਾਂ ਤੇ ਕਾਰਬਨ ਟੈਕਸ) ਭਾਰਤ ਦੀ ਨਿਰਯਾਤ ਸੰਭਾਵਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ | ਵਪਾਰਕ ਝਟਕੇ ਸਿੱਧੇ ਰੁਜ਼ਗਾਰ ਨੂੰ ਖਾਸ ਕਰਕੇ ਟੈਕਸਟਾਈਲ, ਚਮੜਾ, ਇੰਜੀਨੀਅਰਿੰਗ ਸਾਮਾਨ, ਆਈ.ਟੀ. ਸੇਵਾਵਾਂ ਤੇ ਆਟੋ ਕੰਪੋਨੈਂਟ ਵਰਗੇ ਖੇਤਰਾਂ ਨੂੰ ਪ੍ਰਭਾਵਿਤ ਕਰਦੇ ਹਨ | ਇਸ ਲਈ ਉਨ੍ਹਾਂ ਨੂੰ ਘਰੇਲੂ ਉਦਯੋਗ ਤੇ ਨਿਰਯਾਤ ਦੋਵਾਂ ਨੂੰ ਸੰਤੁਲਿਤ ਕਰਦਿਆਂ ਹੁਨਰ ਨੂੰ ਉਦਯੋਗ ਨਾਲ ਜੋੜਨ ਲਈ ਯਤਨ ਕਰਨੇ ਪੈਣਗੇ 'ਸਕਿੱਲ ਇੰਡੀਆ' ਜਿਹੇ ਸ਼ਬਦ ਤਾਂ ਹੀ ਅਸਰਦਾਰ ਹੋਣਗੇ ਜੇਕਰ ਸਥਾਨਕ ਉਦਯੋਗਾਂ 'ਚ ਰੁਜ਼ਗਾਰ ਤੇ ਅਪ੍ਰੈਂਟਿਸਸ਼ਿਪ ਵਧੇ |
ਭਾਵੇਂ ਕਿਸੇ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਸਿੱਧੇ ਤੌਰ 'ਤੇ ਕੋਈ ਨੀਤੀ ਨਹੀਂ ਬਣਾਉਂਦਾ, ਪਰ ਉਹ ਤੈਅ ਕਰਦਾ ਹੈ ਕਿ ਪਾਰਟੀ ਕਿਹੜੇ ਮੁੱਦਿਆਂ ਨੂੰ ਤਰਜੀਹ ਦੇਵੇਗੀ | ਨਿਤਿਨ ਨਬੀਨ ਨੂੰ ਅਗਲੇ 12-18 ਮਹੀਨਿਆਂ ਦੌਰਾਨ ਰੁਜ਼ਗਾਰ ਤੇ ਵਪਾਰ ਨੂੰ 'ਚੋਣ ਭਾਸ਼ਣਾਂ' ਦੀ ਬਜਾਏ ਇਸ ਨੂੰ ਸੰਗਠਨਾਤਮਕ ਰੁਟੀਨ ਵਿਚ ਤਬਦੀਲ ਕਰਦਿਆਂ ਹਰ ਸੂਬਾ ਇਕਾਈ, ਹਰ ਮੋਰਚੇ ਤੇ ਹਰ ਸੰਸਦ ਮੈਂਬਰ ਨੂੰ ਰੁਜ਼ਗਾਰ ਨਾਲ ਸਬੰਧਤ ਫੀਡਬੈਕ ਤੇ ਇਸ ਦੇ ਹੱਲ ਲਈ ਮੈਦਾਨ 'ਚ ਉਤਾਰਨਾ ਹੋਵੇਗਾ | ਬਿਨਾਂ ਸ਼ੱਕ ਉਨ੍ਹਾਂ ਅੱਗੇ ਕਠਿਨ ਚੁਣੌਤੀ ਹੈ, ਕਿਉਂਕਿ ਬੇਰੁਜ਼ਗਾਰੀ ਤੇ ਵਿਸ਼ਵ ਵਪਾਰ ਦੋਵੇਂ ਇਕੋ ਸਵਾਲ ਪੁੱਛ ਰਹੇ ਹਨ ਕਿ ਭਾਰਤ ਦੇ ਨੌਜਵਾਨ ਸਥਿਰ ਆਮਦਨ ਤੇ ਭਵਿੱਖ ਦੀ ਸੁਰੱਖਿਆ ਕਿਵੇਂ ਮਿਲੇਗੀ? ਨਿਤਿਨ ਨਬੀਨ ਨੂੰ ਇਸ ਸਵਾਲ ਦਾ 'ਭਰੋਸੇਯੋਗ ਜਵਾਬ' ਦੇਣਾ ਹੋਵੇਗਾ |
-(ਲੇਖਕ ਸੀਨੀਅਰ ਪੱਤਰਕਾਰ ਤੇ ਇਮੇਜ ਰਿਫਲੈਕਸ਼ਨ ਸੈਂਟਰ ਦੇ ਕਾਰਜਕਾਰੀ ਸੰਪਾਦਕ ਹਨ)
ਨਵੇਂ ਭਾਜਪਾ ਪ੍ਰਧਾਨ ਨਿਤਿਨ ਨਬੀਨ-ਨੌਜਵਾਨ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ
ਅਜੀਤ ਡੈਸਕ
26-01-2026