ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਯਾਤਰਾ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਵਿਆਪਕ ਪੱਧਰ 'ਤੇ ਹੋਈ ਗੱਲਬਾਤ ਅਤੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦੇ ਸੰਬੰਧਾਂ ਦਾ ਇਕ ਨਵਾਂ ਦੌਰ ਆਰੰਭ ਹੋਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ। ਕਾਰਨੀ ਵਲੋਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਹੁਦਾ ਸੰਭਾਲਣ ਤੋਂ ਬਾਅਦ ਅਤੇ ਪਿਛਲੇ 8 ਸਾਲਾਂ 'ਚ ਇਹ ਕੈਨੇਡਾ ਦੇ ਕਿਸੇ ਪ੍ਰਧਾਨ ਮੰਤਰੀ ਦੀ ਭਾਰਤ ਦੀ ਪਹਿਲੀ ਯਾਤਰਾ ਹੈ, ਜਿਸ ਲਈ ਉਹ ਲੰਘੀ 27 ਫਰਵਰੀ ਨੂੰ ਮੁੰਬਈ ਪਹੁੰਚੇ ਸਨ। ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਗੱਲਬਾਤ ਨਾ ਸਿਰਫ਼ ਆਪਸੀ ਬਹੁਪੱਖੀ ਸੰਬੰਧਾਂ ਨੂੰ ਵਿਆਪਕ ਰੂਪ ਦੇਣ 'ਤੇ ਕੇਂਦਰਿਤ ਰਹੀ, ਸਗੋਂ ਦੋਵਾਂ ਨੇਤਾਵਾਂ ਨੇ ਪ੍ਰਮਾਣੂ ਸਹਿਯੋਗ, ਰੱਖਿਆ ਖੇਤਰ ਤੇ ਦੁਵੱਲੇ ਵਪਾਰਕ ਸੰਬੰਧਾਂ ਨੂੰ ਹੋਰ ਵਿਸਥਾਰ ਦੇਣ 'ਤੇ ਵੀ ਵਿਚਾਰ ਕੀਤਾ। ਦੋਵਾਂ ਦੇਸ਼ਾਂ ਵਿਚਕਾਰ ਯੂਰੇਨੀਅਮ ਸਪਲਾਈ ਲਈ ਇਕ-ਦੂਜੇ ਨਾਲ ਸਹਿਯੋਗ ਕਰਨ ਸੰਬੰਧੀ ਹੋਇਆ ਸਮਝੌਤਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਸ ਸਮਝੌਤੇ ਤਹਿਤ ਕੈਨੇਡਾ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਲਈ ਸਹਿਮਤ ਹੋਇਆ ਹੈ ਅਤੇ ਦੋਵੇਂ ਦੇਸ਼ ਪ੍ਰਮਾਣੂ ਊਰਜਾ ਲਈ ਉੱਨਤ ਰਿਐਕਟਰ ਪ੍ਰਾਜੈਕਟ 'ਤੇ ਵੀ ਮਿਲ ਕੇ ਕੰਮ ਕਰਨਗੇ। ਬਿਜਲੀ ਊਰਜਾ ਦੀ ਪੂਰਤੀ ਲਈ ਪ੍ਰਮਾਣੂ ਊਰਜਾ ਅੱਜ ਵਿਸ਼ਵ ਦੀ ਇਕ ਵੱਡੀ ਅਹਿਮ ਲੋੜ ਬਣ ਚੁੱਕੀ ਹੈ। ਇਸ ਲਈ ਦੋਵੇਂ ਨੇਤਾ ਭਾਰਤ-ਕੈਨੇਡਾ ਰੱਖਿਆ ਗੱਲਬਾਤ ਸ਼ੁਰੂ ਕਰਨ 'ਤੇ ਵੀ ਸਹਿਮਤ ਹੋਏ ਹਨ। ਇਸ ਦੇ ਨਾਲ ਹੀ ਕੈਨੇਡਾ ਨੇ ਭਾਰਤ ਦੀ ਪਹਿਲਕਦਮੀ ਨਾਲ ਬਣੇ ਅੰਤਰਰਾਸ਼ਟਰੀ ਸੌਰ ਊਰਜਾ ਅਤੇ ਗਲੋਬਲ ਬਾਇਓਫਿਊਲ ਗੱਠਜੋੜ ਵਿਚ ਸ਼ਾਮਿਲ ਹੋਣ ਦਾ ਵੀ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਇਸ ਸਾਲ ਦੋਵਾਂ ਦੇਸ਼ਾਂ ਵਲੋਂ ਨਵੀਨੀਕਰਨ ਊਰਜਾ ਸੰਬੰਧੀ ਇਕ ਸਿਖ਼ਰ ਸੰਮੇਲਨ ਕਰਨ ਬਾਰੇ ਵੀ ਫ਼ੈਸਲਾ ਕੀਤਾ ਗਿਆ ਹੈ।
ਦੋਵਾਂ ਦੇਸ਼ਾਂ ਵਲੋਂ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ ਲਈ ਸਹਿਮਤੀ ਪ੍ਰਗਟਾਉਣੀ ਵੀ ਇਸ ਗੱਲਬਾਤ ਦੀ ਇਕ ਵੱਡੀ ਪ੍ਰਾਪਤੀ ਮੰਨੀ ਜਾ ਸਕਦੀ ਹੈ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਸਾਲ 2030 ਤੱਕ ਦੁਵੱਲੇ ਵਪਾਰ ਨੂੰ 50 ਅਰਬ ਡਾਲਰ ਤੱਕ ਵਧਾਉਣ ਲਈ ਸਹਿਮਤ ਹੋਏ ਹਨ। ਅਸੀਂ ਸਮਝਦੇ ਹਾਂ ਕਿ ਦੁਨੀਆ ਅੱਜ ਇਕ ਸੰਸਾਰਿਕ ਪਿੰਡ ਦੇ ਰੂਪ 'ਚ ਸਿਮਟ ਚੁੱਕੀ ਹੈ ਅਤੇ ਹਰ ਦੇਸ਼ ਕਿਸੇ ਨਾ ਕਿਸੇ ਰੂਪ 'ਚ ਦੂਜੇ ਦੇਸ਼ 'ਤੇ ਨਿਰਭਰ ਹੋ ਚੁੱਕਾ ਹੈ। ਇਸ ਕਾਰਨ ਵਿਸ਼ਵ ਦੇ ਬਹੁਤੇ ਦੇਸ਼ ਆਪਸ 'ਚ ਵਪਾਰਕ ਸਮਝੌਤੇ ਕਰ ਰਹੇ ਹਨ। ਬਹੁਤੇ ਵੱਡੇ ਦੇਸ਼ਾਂ 'ਚ ਮੁਕਤ ਵਪਾਰ ਸਮਝੌਤੇ ਵੀ ਹੋਏ ਹਨ। ਭਾਰਤ ਤੇ ਕੈਨੇਡਾ ਵਿਚ ਵਿਆਪਕ ਆਰਥਿਕ ਸਾਂਝੇਦਾਰੀ ਦਾ ਸਮਝੌਤਾ ਵੀ ਕੁਝ ਅਜਿਹਾ ਹੀ ਹੈ। ਦੋਵਾਂ ਦੇਸ਼ਾਂ ਦੇ ਨੇਤਾਵਾਂ ਵਲੋਂ ਭਵਿੱਖ ਵਿਚ ਇਸ ਵਿਆਪਕ ਸਮਝੌਤੇ ਲਈ ਨਿਯਮਾਂ ਤੇ ਸ਼ਰਤਾਂ ਨੂੰ ਅੰਤਿਮ ਰੂਪ ਦੇਣਾ ਸੰਬੰਧਾਂ ਨੂੰ ਬਿਨਾਂ ਸ਼ੱਕ ਹੋਰ ਮਜ਼ਬੂਤ ਕਰੇਗਾ।
ਦੋਵੇਂ ਦੇਸ਼ ਲੋਕਤੰਤਰਿਕ ਪ੍ਰਣਾਲੀ ਵਾਲੇ ਦੇਸ਼ ਹਨ। ਇਸ ਲਈ ਵਿਸ਼ਵ ਵਿਚ ਘਟ ਰਹੀਆਂ ਘਟਨਾਵਾਂ 'ਤੇ ਦੋਵਾਂ ਨੇਤਾਵਾਂ ਦਾ ਚਿੰਤਤ ਹੋਣਾ ਵੀ ਬਹੁਤ ਲਾਜ਼ਮੀ ਹੈ। ਆਪਸੀ ਗੱਲਬਾਤ 'ਚ ਸ੍ਰੀ ਮੋਦੀ ਤੇ ਕਾਰਨੀ ਨੇ ਇਕ ਪਾਸੇ ਜਿੱਥੇ ਪੱਛਮੀ ਏਸ਼ੀਆ ਦੀ ਵਿਸਫੋਟਕ ਬਣ ਰਹੀ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ, ਉੱਥੇ ਉਨ੍ਹਾਂ ਨੇ ਅੱਤਵਾਦ ਤੇ ਕੱਟੜਵਾਦ 'ਤੇ ਵੀ ਸਾਂਝੀ ਚਿੰਤਾ ਜ਼ਾਹਰ ਕੀਤੀ ਹੈ। ਦੋਵਾਂ ਨੇਤਾਵਾਂ ਨੇ ਇਕ-ਦੂਸਰੇ ਦੇਸ਼ ਵਿਚ ਮੌਜੂਦ ਨਾਗਰਿਕਾਂ ਦੀ ਰੱਖਿਆ ਤੇ ਸੁਰੱਖਿਆ ਨੂੰ ਲੈ ਕੇ ਯਕੀਨੀ ਮਾਹੌਲ ਬਣਾਉਣ 'ਤੇ ਜ਼ੋਰ ਵੀ ਦਿੱਤਾ।
ਭਾਰਤ-ਕੈਨੇਡਾ ਦੇ ਆਪਸੀ ਸੰਬੰਧ ਸਦੀਆਂ ਪੁਰਾਣੇ ਹਨ। ਆਜ਼ਾਦੀ ਦੀ ਪ੍ਰਾਪਤੀ ਤੋਂ ਪਹਿਲਾਂ ਵੀ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਆਪਸੀ ਸੰਪਰਕ ਰਿਹਾ ਹੈ ਪਰ ਕੁਝ ਸਾਲਾਂ ਤੋਂ ਦੋਵਾਂ ਦੇਸ਼ਾਂ ਦੇ ਸੰਬੰਧ ਲਗਾਤਾਰ ਤਣਾਅਪੂਰਨ ਚੱਲੇ ਆ ਰਹੇ ਸਨ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਭਾਰਤ ਪ੍ਰਤੀ ਵਿਵਾਦਤ ਨੀਤੀਆਂ ਅਤੇ ਉਸ ਵਲੋਂ ਕਥਿਤ ਰੂਪ ਨਾਲ ਖ਼ਾਲਿਸਤਾਨੀ ਸਮਰਥਕਾਂ ਨੂੰ ਸਹਿਯੋਗ ਦਿੱਤੇ ਜਾਣ ਨਾਲ ਇਨ੍ਹਾਂ ਸੰਬੰਧਾਂ 'ਚ ਲਗਾਤਾਰ ਖਟਾਸ ਆ ਰਹੀ ਸੀ। ਟਰੂਡੋ ਵਲੋਂ ਕੈਨੇਡਾ ਵਾਸੀ ਭਾਰਤੀ ਮੂਲ ਦੇ ਇਕ ਖ਼ਾਲਿਸਤਾਨੀ ਨੇਤਾ ਦੀ ਹੱਤਿਆ ਵਿਚ ਭਾਰਤ ਦਾ ਹੱਥ ਹੋਣ ਦਾ ਸਿੱਧਾ ਦੋਸ਼ ਲਾਏ ਜਾਣ ਮਗਰੋਂ ਤਾਂ ਇਹ ਸੰਬੰਧ ਟੁੱਟਣ ਕਿਨਾਰੇ ਪਹੁੰਚੇ ਚੁੱਕੇ ਸਨ।
ਪਰ ਹੁਣ ਮਾਰਕ ਕਾਰਨੀ ਵਲੋਂ ਬੀਤੇ ਨੂੰ ਦਰਕਿਨਾਰ ਕਰਨ ਅਤੇ ਭਾਰਤ ਨਾਲ ਸਹਿਯੋਗ ਵਧਾਉਣ ਵਾਲੀਆਂ ਨੀਤੀਆਂ ਆਪਣਾਏ ਜਾਣ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਮੁੜ ਤੋਂ ਲੀਹ 'ਤੇ ਆਉਣੇ ਸ਼ੁਰੂ ਹੋ ਗਏ ਹਨ। ਕਾਰਨੀ ਦੀ ਭਾਰਤ ਯਾਤਰਾ ਤੇ ਇਸ ਦੌਰਾਨ ਉਸ ਵਲੋਂ ਦਿਖਾਈ ਗਈ ਸਦਭਾਵਨਾ ਨਾਲ ਦੋਵਾਂ ਦੇਸ਼ਾਂ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਾਰਨੀ ਵਲੋਂ ਇਸ ਯਾਤਰਾ ਦੌਰਾਨ ਹੁਣ ਕੈਨੇਡਾ ਦੀ ਧਰਤੀ 'ਤੇ ਕਿਸੇ ਅਪਰਾਧ 'ਚ ਭਾਰਤ ਦਾ ਹੱਥ ਨਾ ਹੋਣ ਦੇ ਕੀਤੇ ਐਲਾਨ ਨੇ ਤਾਂ ਪਿਛਲਾ ਸਭ ਕੁਝ ਭੁਲਾ ਦਿੱਤਾ ਹੈ। ਹੁਣ ਕਾਰਨੀ ਨੇ ਭਾਰਤ ਨਾਲ ਸੰਬੰਧਾਂ ਨੂੰ ਲੈ ਕੇ ਜੋ ਨਵੀਂ ਇਬਾਰਤ ਲਿਖੀ ਹੈ, ਭਾਰਤ ਨੂੰ ਵੀ ਉਸ ਦੇ ਅੰਦਰੂਨੀ ਅਰਥਾਂ ਤੇ ਭਾਵਨਾ ਨੂੰ ਸਮਝਦੇ ਹੋਏ, ਉਸੇ ਤਰ੍ਹਾਂ ਦੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਉਂਝ ਵੀ ਮੱਧ ਪੂਰਬ ਦੀਆਂ ਘਟਨਾਵਾਂ ਤੇ ਵਿਸ਼ਵ ਪੱਧਰ 'ਤੇ ਚੱਲ ਰਹੀਆਂ ਜੰਗਾਂ ਵਿਚਾਲੇ ਭਾਰਤ-ਕੈਨੇਡਾ ਸੰਬੰਧਾਂ ਦਾ ਇਹ ਨਵਾਂ ਦੌਰ ਦੋਵਾਂ ਦੇਸ਼ਾਂ ਖ਼ਾਸ ਕਰਕੇ ਭਾਰਤ ਲਈ ਬੇਹੱਦ ਬਿਹਤਰ ਰਹਿਣ ਦੀ ਸੰਭਾਵਨਾ ਹੈ। ਦੋਵਾਂ ਦੇਸ਼ਾਂ ਵਿਚ ਦੋਸਤਾਨਾ ਸੰਬੰਧਾਂ ਦਾ ਪ੍ਰਭਾਵ ਕੈਨੇਡਾ 'ਚ ਸਿੱਖਿਆ ਤੇ ਰੁਜ਼ਗਾਰ ਲਈ ਜਾਣ ਵਾਲੇ ਨੌਜਵਾਨਾਂ ਲਈ ਵੀ ਲਾਭਦਾਇਕ ਸਿੱਧ ਹੋਵੇਗਾ।
ਭਾਰਤ-ਕੈਨੇਡਾ ਸੰਬੰਧਾਂ ਦਾ ਨਵਾਂ ਦੌਰ
ਅਜੀਤ ਡੈਸਕ
03-03-2026