06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹਿੰਦੂ ਸਮਾਜ ਵਿਚ ਹੋਣ ਲੱਗਾ ਫਿਰਕੂ ਧਰੁਵੀਕਰਨ ਦਾ ਵਿਰੋਧ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026

ਮੈਂ ਆਪਣੇ ਪਾਠਕਾਂ ਨੂੰ ਦੇਸ਼ 'ਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਦੀ ਸਰਕਾਰ ਸਮੇਂ 7 ਮਾਰਚ 2006 'ਚ ਵਾਰਾਣਸੀ ਵਿਖੇ ਵਾਪਰੀ ਇਕ ਘਟਨਾ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ, ਕਿਉਂਕਿ ਇਸ ਦਾ ਅੱਜ ਵਾਪਰ ਰਹੀਆਂ ਕਈ ਘਟਨਾਵਾਂ ਨਾਲ ਡੂੰਘਾ ਸਬੰਧ ਹੈ। ਕਾਸ਼ੀ ਗੋਸਵਾਮੀ ਤੁਲਸੀਦਾਸ ਦਾ ਸ਼ਹਿਰ ਹੈ ਅਤੇ ਪ੍ਰਚੱਲਿਤ ਮਾਨਤਾ ਅਨੁਸਾਰ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਇਸ ਸ਼ਹਿਰ 'ਚ ਹਨੂੰਮਾਨ ਜੀ ਦੀਆਂ 11-12 ਮੂਰਤੀਆਂ ਸਥਾਪਿਤ ਕੀਤੀਆਂ ਸਨ, ਜਿਨ੍ਹਾਂ 'ਚੋਂ ਸੰਕਟ ਮੋਚਨ ਮੰਦਰ ਸਭ ਤੋਂ ਵੱਧ ਸਤਿਕਾਰਯੋਗ ਹੈ। ਅੱਤਵਾਦੀਆਂ ਨੇ 7 ਮਾਰਚ ਨੂੰ ਇਸ 500 ਸਾਲ ਪੁਰਾਣੇ ਸੰਕਟ ਮੋਚਨ ਮੰਦਰ ਵਿਚ ਬੰਬ ਧਮਾਕੇ ਕੀਤੇ। ਇਹ ਧਮਾਕੇ ਫਿਰਕੂ ਰਾਜਨੀਤੀ ਦੇ ਬਾਰੂਦ ਨਾਲ ਭਰੇ ਹੋਏ ਸਨ। ਸੰਘ ਪਰਿਵਾਰ ਉੱਤਰ ਪ੍ਰਦੇਸ਼ ਦੀ ਚੋਣ ਰਾਜਨੀਤੀ ਵਿਚ ਆਪਣੇ ਲਗਾਤਾਰ ਘਟਦੇ ਪ੍ਰਭਾਵ ਤੋਂ ਚਿੰਤਤ ਸੀ। ਬੰਬ ਧਮਾਕੇ ਹੋਣ 'ਤੇ ਸੰਘ ਪਰਿਵਾਰ ਦੇ ਦੋ ਪ੍ਰਮੁੱਖ ਨੇਤਾਵਾਂ- ਲਾਲ ਕ੍ਰਿਸ਼ਨ ਅਡਵਾਨੀ ਤੇ ਵਿਨੇ ਕਟਿਆਰ ਨੇ ਤੁਰੰਤ ਮੌਕਾ ਤਾੜਦਿਆਂ ਸੰਕਟ ਮੋਚਨ ਦੇ ਮਹੰਤ ਵੀਰਭੱਦਰ ਮਿਸ਼ਰਾ ਨੂੰ ਘੇਰ ਲਿਆ। ਮਹੰਤ ਅਨੁਸਾਰ ਹਨੂੰਮਾਨ ਜੀ ਦੇ ਨਾਮ 'ਤੇ ਬਣੇ ਸੰਘ ਪਰਿਵਾਰ ਦੇ ਇਕ ਹਮਲਾਵਰ ਸੰਗਠਨ 'ਬਜਰੰਗ ਦਲ' ਦੇ ਸੰਸਥਾਪਕ ਤੇ ਪ੍ਰਧਾਨ ਵਿਨੇ ਕਟਿਆਰ ਨੇ ਮੰਦਰ ਦੇ ਸਾਹਮਣੇ ਧਰਨਾ ਦੇਣ ਦੀ ਯੋਜਨਾ ਬਣਾਈ ਸੀ ਅਤੇ ਅਡਵਾਨੀ ਮੰਦਰ ਤੋਂ ਇਕ ਹੋਰ ਰੱਥ ਯਾਤਰਾ ਸ਼ੁਰੂ ਕਰਨਾ ਚਾਹੁੰਦੇ ਸਨ। ਪਰ ਵੀਰਭੱਦਰ ਮਿਸ਼ਰਾ ਨੇ ਇਨ੍ਹਾਂ ਨੇਤਾਵਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੌਰਾਨ ਬਨਾਰਸ ਦੇ ਮੁਫਤੀ ਮੌਲਾਨਾ ਅਬਦੁਲ ਬਾਤਿਨ ਨੋਮਾਨੀ ਨੇ ਧਮਾਕਿਆਂ ਦੀ ਨਿੰਦਾ ਕਰਦਿਆਂ ਤੁਰੰਤ ਘਟਨਾ ਸਥਾਨ ਦਾ ਦੌਰਾ ਕੀਤਾ। ਮੌਲਾਨਾ ਨੋਮਾਨੀ ਨੇ ਜ਼ਖਮੀਆਂ ਦੀ ਸਿਹਤਯਾਬੀ ਬਾਰੇ ਪੁੱਛਗਿੱਛ ਕਰਨ ਲਈ ਹਸਪਤਾਲਾਂ ਦਾ ਦੌਰਾ ਵੀ ਕੀਤਾ। ਇਸ ਤੋਂ ਬਾਅਦ ਨੋਮਾਨੀ ਤੇ ਮਿਸ਼ਰਾ ਵਿਚਕਾਰ ਇਕ ਜ਼ੋਰਦਾਰ ਸਹਿਯੋਗ ਪੈਦਾ ਹੋਇਆ। ਰਾਮ ਨੌਮੀ ਮੌਕੇ ਹੋਣ ਵਾਲੀ ਰਾਮਕਥਾ ਮੰਦਾਕਿਨੀ ਸ਼ੋਭਾ ਯਾਤਰਾ ਲਈ ਚੁਣੇ ਗਏ ਦੋ ਮੁੱਖ ਮਹਿਮਾਨਾਂ 'ਚ ਮੌਲਾਨਾ ਨੋਮਾਨੀ ਤੇ ਪਿਛਲੇ ਸਾਲ ਸ਼ਹਿਰ 'ਚ ਇਕ ਮੰਦਰ ਬਣਾਉਣ ਵਾਲੀ ਵਕੀਲ ਨੂਰ ਫਾਤਿਮਾ ਵੀ ਸ਼ਾਮਿਲ ਹੋਈ ਸੀ, ਜਦਕਿ ਉਸਤਾਦ ਬਿਸਮਿੱਲ੍ਹਾ ਖਾਨ ਦੇ ਪੁੱਤਰ ਮੁਹੰਮਦ ਜਮੀਨ ਖਾਨ ਨੇ ਸ਼ੁਭ ਮੌਕੇ 'ਤੇ ਰਾਮਧੁਨ ਵਜਾਈ। ਜਲੂਸ ਖਤਮ ਹੋਣ 'ਤੇ ਬੁਰਕਾਧਾਰੀ ਮੁਸਲਿਮ ਔਰਤਾਂ- 'ਸਾਰਾ ਭਾਰਤ ਇਕ ਹੈ, ਵੱਖ ਨਹੀਂ ਹੋਣਗੇ ਹਿੰਦੂ ਤੇ ਮੁਸਲਮਾਨ', 'ਮੁਸਲਿਮ ਔਰਤਾਂ ਨੇ ਠਾਣਾ ਹੈ, ਅੱਤਵਾਦ ਮਿਟਾਣਾ ਹੈ' ਦੇ ਨਾਅਰੇ ਲਗਾਉਂਦਿਆ ਸੜਕਾਂ 'ਤੇ ਉਤਰ ਆਈਆਂ। ਇਸ ਰੈਲੀ ਦਾ ਅੰਤ ਉਸੇ ਸੰਕਟ ਮੋਚਨ ਮੰਦਰ 'ਚ ਹੋਇਆ ਅਤੇ ਬੰਬ ਫਟਣ ਵਾਲੀ ਥਾਂ 'ਤੇ ਹਨੂੰਮਾਨ ਚਾਲੀਸਾ ਦਾ ਪਾਠ ਹੋਣ ਬਾਅਦ ਪੂਰਾ ਸੰਕਟ ਮੋਚਨ ਮੰਦਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਨਾਲ ਗੂੰਜ ਉੱਠਿਆ ਸੀ।
ਪਿਛਲੇ ਕੁਝ ਹਫ਼ਤਿਆਂ ਦੌਰਾਨ ਦੇਸ਼ ਵਿਚ ਵਾਪਰੀਆਂ ਕੁਝ ਘਟਨਾਵਾਂ 'ਚ ਭਾਜਪਾ ਤੇ ਸੰਘ ਦੀ ਸਮਰਥਕ ਜਥੇਬੰਦੀ ਬਜਰੰਗ ਦਲ ਦੀ ਦਹਿਸ਼ਤ ਤੇ ਧੱਕੇਸ਼ਾਹੀ ਖ਼ਿਲਾਫ਼ ਲੋਕਾਂ ਨੇ ਜਵਾਬ ਦੇਣਾ ਸ਼ੁਰੂ ਕੀਤਾ ਹੈ। ਬਜਰੰਗ ਦਲ ਦੇ ਭਗਵੇਂ ਕੱਪੜਿਆਂ ਤੇ ਡੰਡਿਆਂ ਵਾਲੇ ਵਰਕਰ ਭੱਜਦੇ ਦਿਖਾਈ ਦੇ ਰਹੇ ਹਨ। ਇਸ ਕਹਾਣੀ ਦੀ ਖਾਸ ਗੱਲ ਇਹ ਰਹੀ ਕਿ ਵਿਰੋਧ ਕਰਨ ਵਾਲੇ ਮੁਸਲਮਾਨ ਨਹੀਂ, ਸਗੋਂ ਹਿੰਦੂ ਭਾਈਚਾਰੇ ਦੇ ਨੌਜਵਾਨ ਹਨ। ਕਿਸੇ ਜਗ੍ਹਾ ਹਿੰਦੂ ਨੌਜਵਾਨ ਇਕ-ਦੂਜੇ ਦਾ ਹੱਥ ਫੜ ਕੇ ਨਮਾਜ਼ ਪੜ੍ਹ ਰਹੇ ਮੁਸਲਮਾਨਾਂ ਦੁਆਲੇ ਸੁਰੱਖਿਆ ਜ਼ੰਜੀਰ ਬਣਾਉਂਦੇ ਹਨ ਤਾਂ ਕਿਤੇ ਵੈਲੇਨਟਾਈਨ ਡੇ ਮੌਕੇ ਪਾਰਕਾਂ 'ਚੋਂ ਬਜਰੰਗ ਦਲ ਦੇ ਵਰਕਰਾਂ ਨੂੰ ਹਿੰਦੂ ਲੜਕੇ-ਲੜਕੀਆਂ ਦੁਆਰਾ ਭਜਾਇਆ ਜਾਂਦਾ ਹੈ। ਦੀਪਕ ਕੁਮਾਰ ਵਰਗਾ ਨੌਜਵਾਨ ਇਨ੍ਹਾਂ ਅਨਸਰਾਂ ਤੋਂ ਇਕ ਮੁਸਲਿਮ ਦੁਕਾਨਦਾਰ ਨੂੰ ਬਚਾਉਂਦਿਆਂ ਆਪਣਾ ਨਾਂਅ ਪੁੱਛਣ 'ਤੇ ਮੁਹੰਮਦ ਦੀਪਕ ਦੱਸਦਾ ਹੈ। ਜੇਕਰ 2006 ਦੌਰਾਨ ਬਜਰੰਗ ਦਲ ਦੀਆਂ ਕਾਰਵਾਈਆਂ ਨੂੰ ਹਿੰਦੂ-ਮੁਸਲਿਮ ਏਕਤਾ ਨੇ ਨਾਕਾਮ ਕੀਤਾ ਸੀ ਤਾਂ ਅਜਿਹੀਆਂ ਕਹਾਣੀਆਂ ਹੁਣ ਹਰ ਜਗ੍ਹਾ ਚੱਲ ਰਹੀਆਂ ਹਨ। ਦਰਅਸਲ 2014 ਤੋਂ ਬਜਰੰਗ ਦਲ ਨੇ ਗਲੀਆਂ, ਮੁਹੱਲਿਆਂ, ਪਾਰਕਾਂ, ਚੌਰਾਹਿਆਂ ਤੇ ਹੋਰ ਜਨਤਕ ਥਾਵਾਂ 'ਤੇ ਆਪਣੀ ਧੱਕੇਸ਼ਾਹੀ 'ਤੇ ਮੋਹਰ ਲਗਾ ਦਿੱਤੀ ਤਾਂ ਲੋਕ ਉਨ੍ਹਾਂ ਤੋਂ ਡਰਨ ਤੇ ਬਚਣ ਲੱਗੇ ਸਨ। ਪਰ ਹੁਣ ਇਨ੍ਹਾਂ ਨੂੰ ਆਪਣੀ ਧੱਕੇਸ਼ਾਹੀ ਦਾ ਜਵਾਬ ਮਿਲਣ ਲੱਗ ਪਿਆ ਹੈ, ਜਵਾਬ ਮਿਲਣ ਨਾਲ ਮਾਹੌਲ ਬਦਲ ਰਿਹਾ ਹੈ। ਹੁਣ ਲੋਕ ਮੋਦੀ ਜੀ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਨਹੀਂ ਹੋ ਰਹੇ, ਉਨ੍ਹਾਂ ਦੀਆਂ ਚਾਲਾਂ ਨਾਕਾਮ ਹੋ ਰਹੀਆਂ ਹਨ। ਮੋਦੀ ਨੇ ਡੋਨਾਲਡ ਟਰੰਪ ਨੂੰ ਵਪਾਰ ਸੌਦੇ ਦਾ ਐਲਾਨ ਕਰਨ ਲਈ ਪ੍ਰੇਰਿਆ ਅਤੇ ਦਿੱਲੀ ਵਿਖੇ ਏ.ਆਈ. ਸੰਮੇਲਨ ਕਰਵਾਇਆ ਤਾਂ ਜੋ ਜਨਰਲ ਨਰਵਣੇ ਦੀ ਕਿਤਾਬ ਕਾਰਨ ਪੈਦਾ ਹੋਏ ਸੰਕਟ, ਯੂ.ਜੀ.ਸੀ. ਨਿਯਮਾਂ ਦੁਆਰਾ ਭਾਜਪਾ ਦੇ ਕੋਰ ਵੋਟ ਵਿਚ ਪੈਦਾ ਹੋਈ ਉਲਝਣ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਐਪਸਟਾਈਨ ਫਾਈਲ ਵਿਚ ਫਸਣ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਢਕਿਆ ਜਾ ਸਕੇ। ਮੋਦੀ ਆਪਣੇ ਬਣਾਏ ਜਾਲ 'ਚ ਫਸ ਗਏ ਹਨ ਤੇ ਰਾਸ਼ਟਰੀ ਰਾਜਨੀਤੀ ਦਾ ਬਿਰਤਾਂਤ ਮੋਦੀ ਦੇ ਹੱਥਾਂ ਤੋਂ ਤੇਜ਼ੀ ਨਾਲ ਖਿਸਕ ਰਿਹਾ ਹੈ।
ਦੀਪਕ ਮੁਹੰਮਦ ਨੇ ਰਾਹੁਲ ਗਾਂਧੀ ਦੇ ਸੱਦੇ 'ਤੇ ਦਿੱਲੀ ਆ ਕੇ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਰਾਹੁਲ ਗਾਂਧੀ ਨੇ ਉਸ ਦੇ ਪਰਿਵਾਰ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ; ਕਿਉਂਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦੱਸਿਆ ਕਿ ਉਹ ਉੱਤਰਾਖੰਡ ਦੇ ਮੁਹੰਮਦ ਦੀਪਕ ਨੂੰ ਮਿਲੇ ਹਨ, ਜਿਸ ਨੇ ਏਕਤਾ, ਭਾਈਚਾਰੇ ਤੇ ਹਿੰਮਤ ਦੀ ਇਕ ਉਦਾਹਰਨ ਕਾਇਮ ਕਰਦਿਆਂ ਦੇਸ਼ ਦੇ ਹਰ ਨੌਜਵਾਨ ਨੂੰ ਅਨਿਆਂ ਤੇ ਨਫ਼ਰਤ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ ਹੈ। ਦੀਪਕ 'ਪਿਆਰ ਦੀ ਦੁਕਾਨ' ਦਾ ਯੋਧਾ ਹੈ-ਪੂਰੇ ਦੇਸ਼ ਨੂੰ ਉਸ 'ਤੇ ਮਾਣ ਹੈ। ਮੇਰਾ ਮੰਨਣਾ ਹੈ ਕਿ ਜੇਕਰ ਬਦਾਯੂੰ ਵਿਖੇ ਕੁਝ ਦਲੇਰ ਹਿੰਦੂ ਨੌਜਵਾਨ ਮੌਜੂਦ ਹੁੰਦੇ ਤਾਂ ਬਜਰੰਗ ਦਲ ਦੇ ਵਰਕਰ ਅਕਸ਼ੈ ਨੂੰ ਸਬਕ ਸਿਖਾਇਆ ਜਾ ਸਕਦਾ ਸੀ, ਜੋ ਕੁਝ ਮੁਸਲਿਮ ਬਜ਼ੁਰਗਾਂ ਨੂੰ ਬੇਵਜ੍ਹਾ ਕੁੱਟਦਿਆਂ ਗਾਲਾਂ ਕੱਢ ਰਿਹਾ ਸੀ। ਭਾਵੇਂ ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ। ਮੇਰਾ ਮੰਨਣਾ ਹੈ ਕਿ ਬਜਰੰਗ ਦਲ ਵਾਲੇ ਇਸ ਲਈ ਜ਼ਿਆਦਤੀ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਸਮਾਜ ਉਨ੍ਹਾਂ ਦੇ ਅਜਿਹੇ ਕਾਰਿਆਂ ਦੀ ਪ੍ਰਸ਼ੰਸਾ ਕਰੇਗਾ। ਭਾਜਪਾ ਤੇ ਸੰਘ ਦੇ ਅੰਦਰ ਉਨ੍ਹਾਂ ਦਾ ਸਤਿਕਾਰ ਵਧੇਗਾ।
ਬਜਰੰਗ ਦਲ ਦੇ ਇਤਿਹਾਸ 'ਤੇ ਇਕ ਨਜ਼ਰ ਮਾਰੀਏ ਤਾਂ ਇਸ ਸੰਗਠਨ ਦੀ ਸਥਾਪਨਾ 1984 ਵਿਚ ਹੋਈ ਸੀ, ਜਦੋਂ ਸਰਕਾਰ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਰਾਮ-ਜਾਨਕੀ ਯਾਤਰਾ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਸੰਘ ਪਰਿਵਾਰ ਨੇ ਇਸ ਸੰਗਠਨ ਦੀ ਅਗਵਾਈ ਵਿਸ਼ੇਸ਼ ਤੌਰ 'ਤੇ ਓਬੀਸੀ ਭਾਈਚਾਰੇ ਦੇ ਨੌਜਵਾਨਾਂ ਨੂੰ ਸੌਂਪਦਿਆਂ ਵਿਨੈ ਕਟਿਆਰ ਇਕ ਕੁਰਮੀ ਨੂੰ ਇਸ ਦਾ ਪ੍ਰਧਾਨ ਨਿਯੁਕਤ ਕੀਤਾ ਸੀ। ਸ਼ੁਰੂਆਤੀ ਪੜਾਅ ਦੌਰਾਨ ਇਕ ਵਿਸ਼ੇਸ਼ ਰੁਝਾਨ ਤਹਿਤ ਸੰਗਠਨ ਦੇ ਲਗਭਗ ਸਾਰੇ ਨੇਤਾ ਤੇ ਕਾਰਕੁੰਨ ਪਛੜੀਆਂ ਜਾਤੀਆਂ ਤੋਂ ਲਏ ਗਏ ਅਤੇ ਉੱਚ-ਜਾਤੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਜਾਣਬੁੱਝ ਕੇ ਪਿੱਛੇ ਰੱਖਿਆ ਗਿਆ ਸੀ। ਭਾਜਪਾ ਦੇ ਨੇਤਾ ਡੂੰਘੀ ਗੱਲਬਾਤ ਦੌਰਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਸੰਗਠਨ ਸਿਰਫ਼ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਬਣਾਇਆ ਸੀ। ਭਾਜਪਾ ਤੇ ਆਰ.ਐੱਸ.ਐੱਸ ਦੇ ਉੱਚ-ਜਾਤੀ ਆਗੂਆਂ ਦੀ ਓ.ਬੀ.ਸੀ. ਨੌਜਵਾਨਾਂ ਨੂੰ ਧੱਕੇਸ਼ਾਹੀ ਲਈ ਵਰਤਣ ਦੀ ਇਸ ਸਿਆਸੀ ਤਕਨੀਕ ਵੱਲ ਆਲੋਚਕਾਂ ਦਾ ਧਿਆਨ ਬਹੁਤ ਦੇਰ ਬਾਅਦ ਗਿਆ। ਬਜਰੰਗ ਦਲ ਹਿੰਦੂਤਵ ਦੀ ਰਾਜਨੀਤੀ ਵਿਚ ਉੱਚ-ਜਾਤੀ ਦੀ ਰਾਜਨੀਤੀ ਦੇ ਅੰਦਰ ਜਾਤੀਵਾਦ ਤੇ ਦਬਦਬੇ ਦਾ ਪ੍ਰਮਾਣ ਹੈ। ਉੱਚ ਜਾਤੀਆਂ ਰਣਨੀਤੀਆਂ ਬਣਾ ਕੇ ਇਨਾਮ ਹਾਸਲ ਕਰਦੀਆਂ ਹਨ ਅਤੇ ਹਿੰਸਾ ਤੇ ਧੱਕੇਸ਼ਾਹੀ ਓ.ਬੀ.ਸੀ. ਜਾਤੀਆਂ ਤੋਂ ਕਰਵਾਈ ਜਾਂਦੀ ਹੈ। ਹੁਣ ਹਿੰਦੂਤਵ ਦੇ ਕੱਟੜਪੰਥੀਆਂ ਨੂੰ ਸਮਾਜ ਦੀਆਂ ਉਦਾਰਵਾਦੀ ਤੇ ਭਾਈਚਾਰਕ ਸਾਂਝ ਵਾਲੀਆਂ ਤਾਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਇਕ ਵਧੀਆ ਸੰਕੇਤ ਹੈ। ਅਜਿਹੀਆਂ ਕੁਝ ਹੋਰ ਕੋਸ਼ਿਸ਼ਾਂ ਨਾਲ ਸਮਾਜ ਬਜਰੰਗ ਦਲ ਜਿਹੇ ਸੰਗਠਨਾਂ ਦੇ ਡਰ ਦੀ ਪਕੜ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਸ਼ੁਰੂ ਹੋ ਜਾਵੇਗਾ।

-ਲੇਖਕ ਅੰਬੇਡਕਰ ਯੂਨੀਵਰਸਿਟੀ, ਦਿੱਲੀ ਵਿਖੇ ਭਾਰਤੀ ਭਾਸ਼ਾਵਾਂ ਵਿਚ ਪੁਰਾਲੇਖ ਖੋਜ ਪ੍ਰੋਗਰਾਮ ਦੇ ਸਾਬਕਾ ਪ੍ਰੋਫੈਸਰ ਤੇ ਨਿਰਦੇਸ਼ਕ ਹਨ।
ਸੰਪਰਕ:abhaydubey@ csds.in

Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਕਾਸ਼ਤ ਹੇਠਲਾ ਰਕਬਾ ਘਟਾਉਣ ਦੀ ਲੋੜ ਅਗਲੀ ਖ਼ਬਰ ਭਾਰਤ-ਕੈਨੇਡਾ ਸੰਬੰਧਾਂ ਦਾ ਨਵਾਂ ਦੌਰ
Ad Position 24