06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਝੋਨੇ ਦੀ ਕਾਸ਼ਤ ਹੇਠਲਾ ਰਕਬਾ ਘਟਾਉਣ ਦੀ ਲੋੜ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026

ਪਿਛਲੇ ਹਫ਼ਤੇ ਭਾਰਤੀ ਖੇਤੀ ਖੋਜ ਸੰਸਥਾਨ (ਆਈ.ਏ.ਆਰ.ਆਈ.) ਵਲੋਂ ਦਿੱਲੀ ਵਿਖੇ ਲਾਏ ਪੂਸਾ ਖੇਤੀ ਵਿਗਿਆਨ ਮੇਲੇ 'ਚ ਪੰਜਾਬ ਤੋਂ ਕਿਸਾਨਾਂ ਦੇ ਜਾਣ ਨਾਲ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਝੋਨੇ ਦੀਆਂ ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਨਵੀਆਂ ਕਿਸਮਾਂ ਪੂਸਾ 2090 ਤੇ ਪੂਸਾ 1824 ਤੇ ਬਾਸਮਤੀ ਕਿਸਮਾਂ ਦੇ ਬੀਜ ਲੈਣ ਲਈ ਉਤਸ਼ਾਹ ਨਾਲ ਗਏ ਹਨ। ਝੋਨੇ ਦੀਆਂ ਪੂਸਾ 2090 ਤੇ ਪੂਸਾ 1824 ਕਿਸਮਾਂ ਪੂਸਾ 44 ਕਿਸਮ ਦਾ ਬਦਲ ਹਨ। ਇਨ੍ਹਾਂ ਕਿਸਮਾਂ ਦੇ ਬੀਜ ਕਿਸਾਨ ਰੱਖੜਾ ਮੇਲੇ 'ਚ 17 ਮਾਰਚ ਨੂੰ ਵੀ ਲੈ ਸਕਣਗੇ। ਕਣਕ ਦੀ ਵਾਢੀ 'ਚ ਡੇਢ ਮਹੀਨਾ ਪਿਆ ਹੈ ਪਰ ਕਿਸਾਨ ਹੁਣੇ ਤੋਂ ਝੋਨਾ ਬੀਜਣ ਦੇ ਪ੍ਰਬੰਧ 'ਚ ਰੁੱਝ ਗਏ ਹਨ।
ਉਹ ਪੀ.ਏ.ਯੂ. ਵਲੋਂ 10 ਮਾਰਚ ਤੋਂ ਸ਼ੁਰੂ ਹੋਣ ਵਾਲੇ ਮੇਲਿਆਂ (ਜਿੱਥੇ ਪੀ.ਆਰ ਕਿਸਮਾਂ ਦੇ ਬੀਜ ਦਿੱਤੇ ਜਾਣਗੇ) ਅਤੇ 17 ਮਾਰਚ ਨੂੰ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਰੱਖੜਾ ਕੈਂਪਸ ਵਿਖੇ ਲਾਏ ਜਾਣ ਵਾਲੇ ਮਿੰਨੀ ਕਿਸਾਨ ਮੇਲੇ (ਜਿੱਥੇ ਪੂਸਾ-1824 ਤੇ ਪੂਸਾ-2090 ਦੇ ਬੀਜ ਦਿੱਤੇ ਜਾਣਗੇ) ਦਾ ਵੀ ਇੰਤਜ਼ਾਰ ਕਰ ਰਹੇ ਹਨ। ਇਹ ਜ਼ਾਹਿਰ ਕਰਦਾ ਹੈ ਕਿ ਝੋਨੇ ਦੀ ਫ਼ਸਲ ਇਸ ਸਾਲ ਮੁੜ ਵੱਡੇ ਪੱਧਰ 'ਤੇ ਬੀਜੀ ਜਾਵੇਗੀ। ਖ਼ਰੀਫ਼ 'ਚ ਝੋਨਾ ਹੀ ਪ੍ਰਧਾਨ ਰਹੇਗਾ, ਜਿਸ ਦੇ ਬਾਸਮਤੀ ਨਾਲ ਪਿਛਲੇ ਸਾਲਾਂ ਵਾਂਗ ਤਕਰੀਬਨ 31 32 ਲੱਖ ਹੈਕਟੇਅਰ ਰਕਬੇ 'ਤੇ ਬੀਜੇ ਜਾਣ ਦੀ ਸੰਭਾਵਨਾ ਹੈ। ਝੋਨੇ ਦਾ ਬਦਲ ਲੱਭਣ ਲਈ ਸਰਕਾਰ ਤੇ ਖੋਜ ਸੰਸਥਾਵਾਂ ਵਲੋਂ ਮਤਵਾਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਬਹੁਤੀ ਸਫ਼ਲਤਾ ਨਹੀਂ ਮਿਲ ਸਕੀ, ਕਿਉਂਕਿ ਹੋਰ ਕੋਈ ਅਜਿਹੀ ਫ਼ਸਲ ਨਹੀਂ, ਜੋ ਖ਼ਰੀਫ਼ ਵਿਚ ਝੋਨੇ ਜਿੰਨਾ ਮੁਨਾਫ਼ਾ ਦੇਵੇ। ਝੋਨੇ ਦੀ ਕਾਸ਼ਤ ਕਰਨ ਨਾਲ ਸਮੱਸਿਆ ਇਹ ਹੈ ਕਿ ਇਸ ਨੂੰ ਪਾਣੀ ਦੀ ਲੋੜ ਜ਼ਿਆਦਾ ਹੈ ਤੇ ਪ੍ਰਦੂਸ਼ਣ ਵੱਧ ਪੈਦਾ ਹੁੰਦਾ ਹੈ। ਪੂਸਾ 44 ਤੇ ਮੰਡੀ 'ਚ ਵਿਕ ਰਹੀਆਂ ਪੀਲੀ ਪੂਸਾ, ਡੋਗਰ ਪੂਸਾ ਆਦਿ ਕਿਸਮਾਂ ਨੂੰ ਦੂਜੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨਾਲੋਂ 15 20 ਫ਼ੀਸਦੀ ਪਾਣੀ ਤੇ ਕੀਟਨਾਸ਼ਕਾਂ ਦੀਆਂ ਘੱਟੋ ਘੱਟ ਦੋ ਵਾਧੂ ਸਪਰੇਆਂ ਲੋੜੀਂਦੀਆਂ ਹਨ, ਜਿਸ ਨਾਲ ਖ਼ਰਚਾ ਵੱਧ ਹੋਣ ਕਰਕੇ ਸ਼ੁੱਧ ਮੁਨਾਫ਼ਾ ਘਟ ਜਾਂਦਾ ਹੈ। ਇਸ ਲਈ ਕਿਸਾਨ ਇਨ੍ਹਾਂ ਦੀਆਂ ਬਦਲਵੀਆਂ ਕਿਸਮਾਂ ਦੀ ਭਾਲ 'ਚ ਹਨ। ਪੰਜਾਬ ਦਾ ਵਾਤਾਵਰਨ ਵੀ ਝੋਨੇ ਦੀ ਫ਼ਸਲ ਲਈ ਅਨੁਕੂਲ ਹੈ। ਇੱਥੇ ਵੱਧ ਤਾਪਮਾਨ, ਵਧੇਰੇ ਸਿੱਲ੍ਹ, ਲੰਮੇ ਸਮੇਂ ਲਈ ਸੂਰਜ ਦੀ ਧੁੱਪ ਤੇ ਯਕੀਨੀ ਪਾਣੀ ਪ੍ਰਬੰਧ ਉਪਲਬਧ ਹੈ।
ਝੋਨੇ ਦੀ ਵੱਧ ਕਾਸ਼ਤ ਹੋਣ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਨੀਵਾਂ ਹੁੰਦਾ ਜਾ ਰਿਹਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ। ਵਾਤਾਵਰਨ 'ਚ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਕਿਸਾਨਾਂ ਨੇ ਝੋਨੇ ਦੇ ਬਦਲ ਜਿਵੇਂ ਮੱਕੀ ਆਦਿ ਅਪਣਾ ਕੇ ਆਪਣੇ ਹੱਥ ਫੂਕ ਕੇ ਵੇਖ ਲਏ ਪਰ ਕੁਝ ਪੱਲੇ ਨਹੀਂ ਪਿਆ। ਪੀ.ਏ.ਯੂ. ਜਾਂ ਹੋਰ ਖੋਜ ਸੰਸਥਾਵਾਂ ਵਲੋਂ ਕੋਈ ਅਜਿਹੇ ਬਦਲ ਕਿਸਾਨਾਂ ਨੂੰ ਨਹੀਂ ਦਿੱਤੇ ਜਾ ਸਕੇ, ਜੋ ਝੋਨੇ ਨਾਲੋਂ ਵੱਧ ਮੁਨਾਫ਼ਾ ਦੇ ਸਕਣ। ਸਗੋਂ ਕਪਾਹ ਪੱਟੀ ਹੇਠੋਂ ਥੋੜ੍ਹਾ ਜਿਹਾ ਰਕਬਾ ਖਿਸਕ ਕੇ ਮੁੜ ਝੋਨੇ ਦੀ ਕਾਸ਼ਤ ਹੇਠ ਆ ਗਿਆ। ਕਪਾਹ, ਨਰਮੇ ਦੀ ਫ਼ਸਲ 'ਚ ਭਾਅ ਦੇ ਉਤਰਾਅ ਚੜ੍ਹਾਅ ਆਉਂਦੇ ਹਨ। ਜਦੋਂ ਭਾਅ ਚੜ੍ਹ ਜਾਂਦਾ ਹੈ ਤਾਂ ਰਕਬਾ ਵਧ ਜਾਂਦਾ ਹੈ। ਜਦੋਂ ਮੰਦਾ ਆਉਂਦਾ ਹੈ ਤਾਂ ਕਿਸਾਨ ਇਸ ਦੀ ਥਾਂ ਦੂਜੀ ਫ਼ਸਲ ਬੀਜਣ ਲਈ ਦੌੜ-ਭੱਜ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਝੋਨੇ ਦੀ ਕਾਸ਼ਤ ਹੀ ਠੀਕ ਬਹਿੰਦੀ ਹੈ, ਕਿਉਂਕਿ ਇਸ ਦੀ ਨਿਯਤ ਕੀਮਤ 'ਤੇ ਸਰਕਾਰੀ ਖਰੀਦ ਹੈ। ਪੰਜਾਬ ਦੇ ਕੁੱਲ ਰਕਬੇ 'ਚੋਂ 84 ਫ਼ੀਸਦੀ ਰਕਬਾ ਕਾਸ਼ਤ ਅਧੀਨ ਹੈ, ਜਿਸ 'ਚੋਂ 7 ਕੁ ਲੱਖ ਹੈਕਟੇਅਰ ਰਕਬੇ 'ਤੇ ਬਾਸਮਤੀ ਬੀਜੀ ਜਾਂਦੀ ਹੈ। ਬਾਕੀ ਦੇ 24 25 ਲੱਖ ਹੈਕਟੇਅਰ ਰਕਬੇ 'ਤੇ ਝੋਨਾ ਲਾਇਆ ਜਾਂਦਾ ਹੈ। ਸਬਜ਼ ਇਨਕਲਾਬ ਤੋਂ ਬਾਅਦ ਝੋਨਾ ਕਣਕ ਦੇ ਫ਼ਸਲੀ ਚੱਕਰ ਥੱਲੇ ਰਕਬਾ ਤੇਜ਼ੀ ਨਾਲ ਵਧਿਆ ਹੈ। ਮੱਕੀ, ਮੂੰਗਫਲੀ, ਕਮਾਦ ਤੇ ਕਪਾਹ ਥੱਲਿਉਂ ਕੁਝ ਰਕਬਾ ਨਿਕਲ ਕੇ ਝੋਨੇ ਦੀ ਕਾਸ਼ਤ ਥੱਲੇ ਆ ਗਿਆ ਹੈ। ਸਬਜ਼ੀਆਂ ਤੇ ਫ਼ਲਾਂ ਦੀ ਕਾਸ਼ਤ ਥੱਲੇ ਵੀ ਭਾਵੇਂ ਕੁਝ ਰਕਬਾ ਵਧਿਆ ਹੈ ਪਰ ਇਸ ਨੂੰ ਕੋਈ ਵਿਸ਼ੇਸ਼ ਫ਼ਸਲੀ ਵਿਭਿੰਨਤਾ ਨਹੀਂ ਕਿਹਾ ਜਾ ਸਕਦਾ।
ਪੰਜਾਬ ਕੇਂਦਰੀ ਅੰਨ ਭੰਡਾਰ 'ਚ ਚਾਵਲ ਦੇ ਕੇ ਚੰਗਾ ਯੋਗਦਾਨ ਪਾਉਂਦਾ ਰਿਹਾ ਹੈ। ਇਸ ਤੋਂ ਕਿਸਾਨਾਂ ਨੂੰ ਮੁਨਾਫਾ ਵੀ ਵਧੇਰੇ ਪ੍ਰਾਪਤ ਹੁੰਦਾ ਹੈ। ਫੇਰ ਇਸ ਦੀ ਕਾਸ਼ਤ ਥੱਲਿਉਂ ਰਕਬਾ ਕਿਉਂ ਘਟਾਇਆ ਜਾਵੇ? ਪਾਣੀ ਦੀ ਲੋੜ ਵੱਧ ਹੋਣ ਅਤੇ ਪ੍ਰਦੂਸ਼ਣ ਦੀ ਸੱਮਸਿਆ ਇਸ ਦੇ ਕਾਰਨ ਹਨ। ਮਾਹਿਰਾਂ ਅਨੁਸਾਰ ਪੰਜਾਬ ਵਲੋਂ ਪਾਏ ਗਏ ਚੌਲਾਂ ਦੇ ਯੋਗਦਾਨ ਦਾ ਕੁਝ ਹਿੱਸਾ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਤੇ ਅਸਾਮ ਜਿਹੇ ਰਾਜਾਂ ਤੋਂ ਲਿਆ ਜਾ ਸਕਦਾ ਹੈ। ਪੰਜਾਬ 'ਚ ਜ਼ਮੀਨੀ ਪਾਣੀ ਦਾ ਪੱਧਰ ਬੇਹੱਦ ਘਟਣਾ ਮੁੱਖ ਸਮੱਸਿਆ ਹੈ। ਹਰ ਸਾਲ 50 ਤੋਂ 100 ਸੈਂ.ਮੀ. ਤੱਕ ਵੱਖੋ ਵੱਖ ਇਲਾਕਿਆਂ 'ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿਗ ਰਿਹਾ ਹੈ। ਪੰਜਾਬ ਸਰਕਾਰ ਨੇ 2009 'ਚ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ ਪਾਸ ਕਰਕੇ ਝੋਨੇ ਦੀ ਲਵਾਈ 15 ਜੂਨ ਤੋਂ ਪਹਿਲਾਂ ਕਰਨ 'ਤੇ ਪਾਬੰਦੀ ਲਾਈ ਸੀ ਤੇ ਪਨੀਰੀ ਵੀ 15 ਮਈ ਤੋਂ ਪਹਿਲਾਂ ਨਹੀਂ ਸੀ ਲਾਈ ਜਾ ਸਕਦੀ। ਪਰ ਇਸ ਕਾਰਨ ਲੰਮੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਮੱਧ ਅਕਤੂਬਰ 'ਚ ਪੱਕਦੀਆਂ, ਜਿਸ ਕਰਕੇ ਕਣਕ ਵਾਸਤੇ ਖੇਤ ਤਿਆਰ ਕਰਨ ਲਈ ਥੋੜ੍ਹਾ ਸਮਾਂ ਰਹਿ ਜਾਂਦਾ ਅਤੇ ਕਿਸਾਨ ਪਰਾਲੀ ਤੇ ਰਹਿੰਦ ਖੂੰਹਦ ਨੂੰ ਅੱਗ ਲਾਉਣ ਲਈ ਮਜਬੂਰ ਹੋ ਜਾਂਦੇ ਹਨ। ਆਈ.ਸੀ.ਏ.ਆਰ. ਨੇ ਖੋਜ ਸ਼ੁਰੂ ਕੀਤੀ ਕਿ ਕੋਈ ਪੂਸਾ 44 ਕਿਸਮ ਜਿੰਨਾ ਜਾਂ ਇਸ ਤੋਂ ਵੱਧ ਝਾੜ ਦੇਣ ਵਾਲੀ ਕਿਸਮ ਤਿਆਰ ਕੀਤੀ ਜਾਵੇ। ਉਪਰੰਤ ਪੂਸਾ 2090 ਤੇ ਪੂਸਾ 1824 ਕਿਸਮਾਂ ਵਜੂਦ 'ਚ ਆਈਆਂ, ਜੋ ਪੱਕਣ ਨੂੰ 125 ਦਿਨ ਲੈਂਦੀਆਂ ਹਨ ਤੇ 35 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਝਾੜ ਦਿੰਦੀਆਂ ਹਨ। ਪੂਸਾ 1824 ਕਿਸਮ ਦਾ ਚੌਲ ਲੰਮਾ ਤੇ ਪਤਲਾ ਹੈ। ਇਹ ਫ਼ਸਲ ਡਿਗਦੀ ਵੀ ਨਹੀਂ। ਪੂਸਾ 44 ਤੇ ਪੀਏਯੂ-201 ਕਿਸਮਾਂ ਦਾ ਕਰਾਸ ਹੋਣ ਕਰਕੇ ਪੂਸਾ 44 ਕਿਸਮ ਨਾਲੋਂ ਝਾੜ ਵੱਧ ਦਿੰਦੀਆਂ ਹਨ। ਪੂਸਾ 2090 ਕਿਸਮ ਦਾ ਨਾੜ ਮਜ਼ਬੂਤ ਹੈ।
ਇਸ ਤੋਂ ਇਲਾਵਾ ਕਿਸਾਨ ਥੋੜ੍ਹੇ ਸਮੇਂ 'ਚ ਪੱਕਣ ਵਾਲੀ ਬਾਸਮਤੀ ਦੀ ਪੂਸਾ 1509 ਕਿਸਮ ਲਾ ਸਕਦੇ ਹਨ, ਜੋ ਵਧੇਰੇ ਝਾੜ ਹੋਣ ਕਰਕੇ ਲਾਹੇਵੰਦ ਹੈ। ਇਸ ਤੋਂ ਇਲਾਵਾ ਪੂਸਾ 1401 ਕਿਸਮ ਦਾ ਚੌਲ ਉੱਤਮ ਤੇ ਸੁਪਰਫਾਈਨ ਸ਼੍ਰੇਣੀ 'ਚ ਆਉਂਦਾ ਹੈ। ਪੂਸਾ ਬਾਸਮਤੀ 1885 ਕਿਸਮ ਪੂਸਾ ਬਾਸਮਤੀ 1121 (ਜਿਸ ਦਾ ਚੌਲ ਸਭ ਕਿਸਮਾਂ ਤੋਂ ਲੰਮਾ ਤੇ ਪਤਲਾ ਅਤੇ ਵਿਦੇਸ਼ਾਂ 'ਚ ਬਰਾਮਦ ਕੀਤਾ ਜਾ ਰਿਹਾ ਹੈ) ਦੀ ਥਾਂ ਸਿਫ਼ਾਰਸ਼ ਕੀਤੀ ਗਈ ਹੈ। ਕਿਸਾਨਾਂ ਨੂੰ ਝੋਨੇ ਦੀ ਥਾਂ ਕੁਝ ਰਕਬੇ 'ਤੇ ਬਾਸਮਤੀ ਲਾਉਣੀ ਚਾਹੀਦੀ ਹੈ। ਬਾਸਮਤੀ ਦੀਆਂ ਯੋਗ ਕਿਸਮਾਂ ਉਪਲਬਧ ਹਨ, ਜਿਨ੍ਹਾਂ ਨੂੰ ਪਾਣੀ ਦੀ ਘੱਟ ਲੋੜ ਹੈ। ਕਈ ਸਾਲਾਂ ਦੌਰਾਨ ਤਾਂ ਇਹ ਬਾਰਿਸ਼ ਦੇ ਪਾਣੀ ਨਾਲ ਹੀ ਪੱਕ ਕੇ ਤਿਆਰ ਹੋ ਜਾਂਦੀਆਂ ਰਹੀਆਂ ਹਨ। ਪੰਜਾਬ ਦੀ ਜ਼ਮੀਨ ਤੇ ਪਾਣੀ ਬਾਸਮਤੀ ਦੀ ਢੁਕਵੀਂ ਕਾਸ਼ਤ ਦੇ ਅਨੁਕੂਲ ਹੈ। ਸੂਬਾ ਬਾਸਮਤੀ ਦੇ ਜੀ.ਆਈ. ਜ਼ੋਨ 'ਚ ਹੈ, ਜੋ ਗੁਣਵੱਤਾ ਭਰਪੂਰ ਬਾਸਮਤੀ ਪੈਦਾ ਕਰਦਾ ਹੈ। ਕਿਸਾਨਾਂ ਦੀ ਲੰਮੇ ਸਮੇਂ ਦੀ ਮੰਗ ਮੰਨ ਕੇ ਕੇਂਦਰ ਸਰਕਾਰ ਨੂੰ ਬਾਸਮਤੀ ਦੀ ਘੱਟੋ ਘੱਟ ਸਹਾਇਕ ਕੀਮਤ ਮੁਕੱਰਰ ਕਰਨੀ ਚਾਹੀਦੀ ਹੈ ਤਾਂ ਜੋ ਕੁਝ ਹੱਦ ਤੱਕ ਫ਼ਸਲੀ ਵਿਭਿੰਨਤਾ 'ਚ ਸਫ਼ਲਤਾ ਮਿਲ ਸਕੇ।

ਈ-ਮੇਲ : bhagwandass226@gmail.com

Ad Position 22
No active advertisement
ਪਿਛਲੀ ਖ਼ਬਰ ਹਫ਼ਤਾ ਵਸੂਲੀ ਦੀ ਰਾਜਧਾਨੀ ਬਣਦੀ ਜਾ ਰਹੀ ਹੈ ਦਿੱਲੀ ਅਗਲੀ ਖ਼ਬਰ ਹਿੰਦੂ ਸਮਾਜ ਵਿਚ ਹੋਣ ਲੱਗਾ ਫਿਰਕੂ ਧਰੁਵੀਕਰਨ ਦਾ ਵਿਰੋਧ
Ad Position 24