ਮਹਿੰਦਰ ਸਿੰਘ ਦੁਸਾਂਝ ਅਜਿਹੇ ਕਿਸਾਨ ਸਨ ਜੋ ਆਪਣੇ ਖੇਤਾਂ 'ਚ ਫ਼ਸਲਾਂ ਦੀ ਕਾਸ਼ਤ ਦੇ ਨਿੱਤ ਨਵੇਂ ਤਜਰਬੇ ਕਰ ਕੇ ਉਨ੍ਹਾਂ ਨੂੰ ਖੇਤੀ ਵਿਗਿਆਨੀਆਂ ਨਾਲ ਸਾਂਝੇ ਕਰਦੇ ਸਨ | ਜਦੋਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਂਦ 'ਚ ਆਈ, ਉਹ ਹਰ ਦੂਜੇ ਮਹੀਨੇ ਇੱਥੇ ਗੇੜਾ ਮਾਰਦੇ ਤੇ ਉਨ੍ਹਾਂ ਨਾਲ ਹਮੇਸ਼ਾ ਪਿੰਡ ਦੇ ਨੌਜਵਾਨ ਕਿਸਾਨਾਂ ਦੀ ਟੋਲੀ ਹੁੰਦੀ ਸੀ | ਜਦੋਂ ਵੀ ਉਨ੍ਹਾਂ ਦੇ ਫਾਰਮ 'ਤੇ ਜਾਈਦਾ ਸੀ ਤਾਂ ਉਨ੍ਹਾਂ ਦੀ ਪਤਨੀ ਹਮੇਸ਼ਾ ਖੇਤ 'ਚ ਕੰਮ ਕਰਦੀ ਵਿਖਾਈ ਦਿੰਦੀ ਸੀ | ਦੁਸਾਂਝ ਨਵੀਆਂ ਫ਼ਸਲਾਂ ਉਗਾਉਣ ਦਾ ਵੀ ਤਜਰਬਾ ਕਰਦੇ ਸੀ | ਉਨ੍ਹਾਂ ਨੇ ਹਲਦੀ, ਚੈਰੀ, ਸੇਬ ਤੇ ਚੰਦਨ ਦੀ ਕਾਸ਼ਤ ਕੀਤੀ | ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ ਗੁਰਾਇਆ ਲਾਗੇ ਸ਼ਾਇਰ ਜਗਤਾਰ ਵਲੋਂ ਬਣਾਈ ਸਾਹਿਤ ਸਭਾ ਦੀ, ਬੜਾ ਪਿੰਡ ਦੇ ਸਕੂਲ 'ਚ ਹੋਈ ਇਕ ਮੀਟਿੰਗ ਦੌਰਾਨ ਹੋਈ | ਦੁਸਾਂਝ ਨੇ ਆਪਣੇ ਪਿੰਡ ਵੀ ਸਾਹਿਤ ਸਭਾ ਬਣਾਈ, ਜਿਹੜੀ ਹੁਣ ਤੱਕ ਕਾਰਜਸ਼ੀਲ ਹੈ | ਉਨ੍ਹਾਂ ਦਾ ਜਨਮ 5 ਫਰਵਰੀ, 1940 ਨੂੰ ਪਿੰਡ ਜਗਤਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਉਦੋਂ ਨਵਾਂਸ਼ਹਿਰ) ਵਿਖੇ ਹੋਇਆ ਸੀ |

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ 'ਚ ਉਪਜ ਦੇ ਮੁਕਾਬਲਿਆਂ ਦੌਰਾਨ ਦੁਸਾਂਝ ਜੋੜੀ ਸਭ ਤੋਂ ਵੱਧ ਇਨਾਮ ਪ੍ਰਾਪਤ ਕਰਦੀ ਸੀ | ਉਹ ਪਿੰਡ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਿਖਲਾਈ ਕੈਂਪ ਵੀ ਲਗਾਉਂਦੇ ਤੇ ਮੈਨੂੰ ਉੱਥੇ ਆਉਣ ਦਾ ਸੱਦਾ ਹਮੇਸ਼ਾ ਮਿਲਦਾ | ਉਨ੍ਹਾਂ ਦੀ ਪਤਨੀ ਵੀ ਮੁਕਾਬਲੇ ਵਿਚ ਬੀਬੀਆਂ ਲਈ ਸਿਖਲਾਈ ਪ੍ਰੋਗਰਾਮ ਉਲੀਕਦੀ ਸੀ | ਨਵੇਂ ਤਜਰਬੇ ਕਰਨ 'ਚ ਇਨ੍ਹਾਂ ਸੋਲਨ ਵਿਖੇ ਖੇਤੀ ਯੂਨੀਵਰਸਿਟੀ ਨਾਲ ਵੀ ਸਾਂਝ ਪਾਈ ਸੀ | ਆਪਣੇ ਜ਼ਿਲ੍ਹੇ ਦੇ ਕੇ.ਵੀ.ਕੇ. ਅਤੇ ਕੰਢੀ ਖੋਜ ਕੇਂਦਰ ਨਾਲ ਰਲ ਕੇ ਤਜਰਬੇ ਕੀਤੇ | ਉਹ ਪੰਜਾਬੀ ਦੇ ਉੱਘੇ ਲਿਖਾਰੀ ਵੀ ਸਨ | ਇਸ ਸਾਲ ਜਦੋਂ ਡਾ. ਖੁਸ਼ ਪੰਜਾਬ ਆਏ ਤਾਂ ਇਨ੍ਹਾਂ ਦੀ ਉਨ੍ਹਾਂ ਨਾਲ ਲੰਬੀ ਗੱਲਬਾਤ ਹੋਈ | ਇਨ੍ਹਾਂ ਦਾ ਫ਼ੋਨ ਆਇਆ ਕਿ ਮੈਂ ਡਾ. ਖੁਸ਼ ਬਾਰੇ ਲਿਖ ਰਿਹਾ ਸਾਂ, ਕੁਝ ਹੋਰ ਜਾਣਕਾਰੀ ਚਾਹੀਦੀ ਹੈ | ਕੁਝ ਕਾਰਨਾਂ ਕਰਕੇ ਮੈਂ ਕੁਝ ਮਹੀਨਿਆਂ ਤੋਂ ਲੁਧਿਆਣੇ ਨਹੀਂ ਸੀ | ਖ਼ੈਰ, ਮੈਂ ਆਪਣੇ ਲੇਖ ਉਨ੍ਹਾਂ ਨੂੰ ਭੇਜ ਦਿੱਤੇ | ਅਸੀਂ ਫ਼ੈਸਲਾ ਕੀਤਾ ਕਿ ਇਸ ਵਾਰ ਕਿਸਾਨ ਮੇਲੇ 'ਤੇ ਲੰਬੀ ਮੁਲਾਕਾਤ ਕਰਾਂਗੇ | ਮੈਂ 30 ਅਗਸਤ, 2026 ਨੂੰ ਆ ਗਿਆ, ਪਰ ਉਸੇ ਦਿਨ ਮੈਨੂੰ ਉਨ੍ਹਾਂ ਦੇ ਵਿਛੋੜੇ ਦੀ ਮਨਹੂਸ ਖ਼ਬਰ ਮਿਲੀ | ਮੈਨੂੰ ਉਨ੍ਹਾਂ ਨੇ ਆਪਣੇ ਪਿੰਡ ਬੁਲਾ ਕੇ ਵੱਡਾ ਸਮਾਗਮ ਕਰ ਕੇ ਸਨਮਾਨਿਤ ਕੀਤਾ ਸੀ ਤੇ ਆਪਣੀ ਪਾਕਿਸਤਾਨੀ ਫੇਰੀ ਸੰਬੰਧੀ ਲਿਖੀ ਕਿਤਾਬ ਦਾ ਮੁੱਖ ਬੰਦ ਵੀ ਮੇਰੇ ਤੋਂ ਲਿਖਾਇਆ ਸੀ |
ਉਸ ਦੇ ਕੁਝ ਘਰੋਗੀ ਹਾਲਾਤ ਅਜਿਹੇ ਬਣੇ ਕਿ ਉਸ ਨੂੰ ਬਚਪਨ 'ਚ ਹੀ ਆਪਣੇ ਨਾਨਕੇ ਪਿੰਡ ਜਗਤਪੁਰ ਆਉਣਾ ਪੈ ਗਿਆ ਤੇ ਸਾਰੀ ਉਮਰ ਇਹੋ ਪਿੰਡ ਉਸ ਦੀ ਕਰਮ ਭੂਮੀ ਬਣਿਆ | ਉਸ ਨੂੰ ਸਕੂਲ ਦਾ ਮੂੰਹ ਵੇਖਣਾ ਕਦੇ ਨਸੀਬ ਨਹੀਂ ਹੋਇਆ | ਪੰਜਾਬੀ ਉਸ ਖੇਤ ਦੀ ਰੇਤ 'ਚ ਅੱਖਰਾਂ ਨੂੰ ਉੱਕਰ ਕੇ ਪੜ੍ਹੀ ਅਤੇ ਪੰਜਾਬੀ ਦੇ ਉੱਘਾ ਲੇਖਕ ਬਣ ਗਿਆ | ਉਸ ਨੇ ਹਿੰਦੀ ਤੇ ਉਰਦੂ 'ਚ ਵੀ ਮੁਹਾਰਤ ਹਾਸਿਲ ਕੀਤੀ | ਉਸ ਨੂੰ ਵਿਰਸੇ ਵਿਚ ਸ਼ਾਹਾਂ ਦੇ ਕਰਜ਼ੇ, ਰੇਤ ਦੇ ਟਿੱਬੇ, ਕੱਚਾ ਘਰ ਤੇ ਨੌਂ ਸਾਲ ਦੀ ਉਮਰ 'ਚ ਘਰ ਦੀ ਸਾਰੀ ਜ਼ਿੰਮੇਵਾਰੀ ਮਿਲੀ | ਉਸ ਨੇ ਆਪਣੀ ਮਿਹਨਤ ਨਾਲ ਇਨ੍ਹਾਂ ਟਿੱਬਿਆਂ ਨੂੰ ਅਗਾਂਹਵਧੂ ਕਿਸਾਨ ਫਾਰਮ ਵਿਚ ਬਦਲ ਲਿਆ | ਉਸ ਦੇ ਫਾਰਮ 'ਤੇ ਛੋਟਾ ਜਿਹਾ ਘਰ ਫ਼ਲਾਂ, ਫੁੱਲਾਂ ਤੇ ਸਬਜ਼ੀਆਂ ਨਾਲ ਘਿਰਿਆ ਹੋਇਆ ਹੈ | ਇਸ ਫਾਰਮ 'ਤੇ ਜਿੱਥੇ ਖੇਤੀ ਦੇ ਨਵੇਂ ਤਜਰਬੇ, ਨਵੇਂ ਬੂਟੇ ਤੇ ਨਵੀਆਂ ਸਬਜ਼ੀਆਂ ਵੇਖਣ ਨੂੰ ਮਿਲਦੀਆਂ ਹਨ, ਉੱਥੇ ਇਹ ਪ੍ਰੇਰਨਾ ਵੀ ਮਿਲਦੀ ਹੈ ਕਿ ਜੇ ਲਗਨ, ਹਿੰਮਤ ਤੇ ਸੂਝ ਨਾਲ ਮਿਹਨਤ ਕੀਤੀ ਜਾਵੇ ਤਾਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ | ਅਹਿਮ ਪ੍ਰਾਪਤੀਆਂ ਲਈ ਉਸ ਨੂੰ ਬਹੁਤ ਸਾਰੀਆਂ ਸੰਸਥਾਵਾਂ ਨੇ ਸਨਮਾਨਿਤ ਕੀਤਾ | ਧਰਤੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ ਲਈ ਉਸ ਨੇ ਦਾਲਾਂ ਤੇ ਤੇਲ ਬੀਜਾਂ ਦੀ ਕਾਸ਼ਤ ਕੀਤੀ | ਬੀਜ ਉਤਪਾਦਨ ਤੇ ਡੇਅਰੀ ਨੂੰ ਵੀ ਉਤਸ਼ਾਹਿਤ ਕੀਤਾ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਦੋਂ 1977 'ਚ ਰੂਰਲ ਵਲੰਟੀਅਰ ਕੋਰ ਸਥਾਪਿਤ ਕੀਤੀ ਗਈ ਤਾਂ ਸਰਬਸੰਮਤੀ ਨਾਲ ਮਹਿੰਦਰ ਸਿੰਘ ਨੂੰ ਜਲੰਧਰ ਜ਼ਿਲ੍ਹੇ ਦਾ ਕਨਵੀਰਨ ਚੁਣਿਆ ਗਿਆ | 1980 'ਚ ਉਹ ਇਸੇ ਸੰਸਥਾ ਦੇ ਰਾਜ ਪੱਧਰ ਦੇ ਸਕੱਤਰ ਬਣੇ | ਮਈ 1979 'ਚ ਮੁਕੰਦਪੁਰ ਵਿਖੇ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਅਗਵਾਈ ਹੇਠ 'ਨਾ ਘਾਟਾ ਨਾ ਨਫ਼ਾ' ਦੀ ਓਟ ਲੈ ਕੇ ਕੀੜੇਮਾਰ ਜ਼ਹਿਰਾਂ ਤੇ ਬੀਜਾਂ ਦਾ ਸਟੋਰ 'ਖੇਤੀਬਾੜੀ ਸੇਵਾ ਕੇਂਦਰ' ਦੇ ਨਾਂਅ ਹੇਠ ਚਾਲੂ ਕੀਤਾ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 1985 'ਚ ਇਨ੍ਹਾਂ ਨੂੰ ਕਿਸਾਨ ਮੇਲੇ ਸਮੇਂ ਸਨਮਾਨਿਤ ਕੀਤਾ | ਵਿਸ਼ਵ ਖ਼ੁਰਾਕ ਸੰਸਥਾ ਵਲੋਂ ਉਸ ਨੂੰ ਵਿਸ਼ਵ ਖ਼ੁਰਾਕ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ | ਉਸ ਨੇ ਵਿਸ਼ਵ ਦੇ ਉੱਨਤ ਦੇਸ਼ਾਂ ਜਿਵੇਂ ਕਿ ਅਮਰੀਕਾ, ਇੰਗਲੈਂਡ, ਯੂਰਪੀ ਦੇਸ਼ਾਂ ਆਦਿ ਵਿਖੇ ਖੇਤੀ ਨੂੰ ਘੋਖਿਆ ਤੇ ਨਵੇਂ ਗਿਆਨ ਨੂੰ ਪ੍ਰਾਪਤ ਕਰ ਕੇ ਆਪਣੇ ਖੇਤਾਂ 'ਚ ਅਪਣਾਇਆ |
ਜਦੋਂ ਮਹਿੰਦਰ ਸਿੰਘ ਨੂੰ ਵਿਸ਼ਵ ਕਣਕ ਇਨਾਮ ਮਿਲਿਆ ਤਾਂ ਉਸ ਨਾਲ ਸੰਬੰਧਿਤ ਦਸਤਾਵੇਜ਼, ਟਿਕਟ ਤੇ ਹੋਰ ਜਾਣਕਾਰੀ ਲਈ ਪੰਜਾਬ ਸਰਕਾਰ ਨੇ ਉਸ ਨੂੰ ਚੰਡੀਗੜ੍ਹ ਬੁਲਾਇਆ | ਉਹ ਉਸ ਨੂੰ ਪਿੰਡ ਤੋਂ ਚੰਡੀਗੜ੍ਹ ਆਉਣ ਲਈ ਟੈਕਸੀ ਦਾ ਕਿਰਾਇਆ ਦੇਣ ਲੱਗੇ ਤਾਂ ਉਸ ਨੇ ਲੈਣ ਤੋਂ ਇਹ ਆਖ ਨਾਂਹ ਕਰ ਦਿੱਤੀ ਕਿ ਮੈਂ ਬੱਸ ਵਿਚ ਆਇਆ ਹਾਂ | ਸ. ਮਨੋਹਰ ਸਿੰਘ ਗਿੱਲ ਦੱਸਦੇ ਹੁੰਦੇ ਸਨ ਕਿ ਇਨਾਮ ਲੈਣ ਭੇਜਣ ਲਈ ਇਕ ਤਰ੍ਹਾਂ ਨਾਲ ਉਸ ਨੂੰ ਚੁੱਕ ਕੇ ਜਹਾਜ਼ ਵਿਚ ਚੜ੍ਹਾਇਆ ਗਿਆ ਸੀ | ਜਦੋਂ ਨਵਾਂਸ਼ਹਿਰ ਜ਼ਿਲ੍ਹਾ ਬਣਿਆ ਤਾਂ ਇਨ੍ਹਾਂ ਨੇ ਸਾਰੇ ਪਿੰਡਾਂ 'ਚ ਖੇਤੀ ਤੇ ਪੇਂਡੂ ਵਿਕਾਸ ਅਤੇ ਸਮਾਜ ਸੁਧਾਰ ਦੀ ਲਹਿਰ ਚਲਾਈ | ਜਿੰਨੀਆਂ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾਵਾਂ ਇਸ ਪਾਸੇ ਕੰਮ ਕਰਦੀਆਂ ਹਨ, ਇਹ ਉਨ੍ਹਾਂ ਦੇ ਮੈਂਬਰ ਜਾਂ ਅਹੁਦੇਦਾਰ ਸਨ | ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਕਰਮਚਾਰੀ ਉਸ ਦਾ ਸਤਿਕਾਰ ਕਰਦੇ ਸਨ | ਇਨ੍ਹਾਂ ਦਾ ਫਾਰਮ ਵੇਖਣ ਲਈ ਕਿਸਾਨ ਤੇ ਅਧਿਕਾਰੀ ਅਕਸਰ ਆਉਂਦੇ ਰਹਿੰਦੇ ਸਨ | ਉਸ ਦੇ ਚਲੇ ਜਾਣ ਨਾਲ ਪੰਜਾਬ ਦੀ ਖੇਤੀ ਤੇ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਹਰੇ ਇਨਕਲਾਬ ਦੀ ਸਿਰਜਣਾ 'ਚ ਜਿਹੜੇ ਕਿਸਾਨਾਂ ਨੇ ਮੋਢੀ ਭੂਮਿਕਾ ਨਿਭਾਈ ਸੀ, ਉਹ ਹੌਲੀ-ਹੌਲੀ ਅਲੋਪ ਹੋ ਰਹੇ ਹਨ | ਰਿਵਾਇਤੀ ਖੇਤੀ ਦਾ ਇਤਿਹਾਸ ਸੰਭਾਲਣ ਲਈ ਉਨ੍ਹਾਂ ਖੇਤੀ ਦਾ ਬਾਰਮਾਂਹ ਲਿਖਿਆ, ਜਿਸ 'ਤੇ ਵਿਚਾਰ ਕਰਨ ਲਈ ਅਸੀਂ ਲਗਭਗ ਹਰ ਹਫ਼ਤੇ ਹੀ ਸੰਚਾਰ ਕੇਂਦਰ ਵਿਚ ਮਿਲਦੇ ਸਾਂ | ਇਸ ਪੁਸਤਕ ਵਿਚ ਕੇਵਲ ਰਿਵਾਇਤੀ ਖੇਤੀ ਦੇ ਢੰਗ-ਤਰੀਕੇ ਹੀ ਨਹੀਂ ਦੱਸੇ, ਸਗੋਂ ਸਿਆਣਿਆਂ ਦੀਆਂ ਸਿਆਣਪਾਂ ਵੀ ਦਰਜ ਕੀਤੀਆਂ ਗਈਆਂ ਹਨ | 30 ਅਗਸਤ, 2026 ਨੂੰ ਮਹਿੰਦਰ ਸਿੰਘ ਦੁਸਾਂਝ ਕੋਈ 86 ਕੁ ਸਾਲ ਦੀ ਭਰਪੂਰ ਉਮਰ ਭੋਗ ਕੇ ਇਸ ਸੰਸਾਰ ਤੋਂ ਵਿਦਾ ਹੋਏ ਹਨ | ਉਨ੍ਹਾਂ ਦਾ ਜੀਵਨ ਸਾਡੀ ਨਵੀਂ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ |
ਮੋਬਾਈਲ : 94170-87328