ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਜ਼ਾਕਿਸਤਾਨ ਅਤੇ ਕਿਰਗਿਸਤਾਨ ਦੀ ਯਾਤਰਾ ਨੂੰ ਕਈ ਪੱਖਾਂ ਤੋਂ ਵੱਡੀ ਅਰਥ ਭਰਪੂਰ ਮੰਨਿਆ ਜਾ ਸਕਦਾ ਹੈ | ਕਜ਼ਾਕਿਸਤਾਨ ਨਾਲ ਭਾਰਤ ਦੇ ਸੰਬੰਧ ਹਮੇਸ਼ਾ ਸੁਖਾਵੇਂ ਬਣੇ ਰਹੇ ਹਨ | ਉੱਥੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਭਰਪੂਰ ਸਵਾਗਤ ਹੋਇਆ ਅਤੇ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਕਜ਼ਾਕਿਸਤਾਨ ਨਾਲ ਯੂਰੇਨੀਅਮ ਦੀ ਪ੍ਰਾਪਤੀ ਲਈ ਕੀਤਾ ਗਿਆ ਸਮਝੌਤਾ ਭਾਰਤ ਦੇ ਯੋਜਨਾਬੱਧ ਵਿਕਾਸ ਵਿਚ ਵੱਡਾ ਸਹਾਈ ਹੋ ਸਕਦਾ ਹੈ | ਕਿਰਗਿਸਤਾਨ ਵਿਚ ਉਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਦੀ 25ਵੀਂ ਵਰ੍ਹੇਗੰਢ ਦੇ ਸਮਾਰੋਹ ਵਿਚ ਸ਼ਾਮਿਲ ਹੋਏ. ਚਾਹੇ ਇਸ ਵਿਚ ਸ਼ਾਮਿਲ ਕਈ ਦੇਸ਼ਾਂ ਦੇ ਆਪਸ ਵਿਚ ਵੱਡੇ ਵਖਰੇਵੇਂ ਹਨ, ਜੋ ਦੁਸ਼ਮਣੀ ਦੀ ਹੱਦ ਤੱਕ ਚਲੇ ਗਏ ਹਨ | ਇਸ ਸੰਗਠਨ ਵਿਚ ਭਾਰਤ ਸਮੇਤ ਰੂਸ, ਚੀਨ, ਈਰਾਨ, ਕਜ਼ਾਕਿਸਤਾਨ ਅਤੇ ਕਿਰਗਿਸਤਾਨ ਆਦਿ ਦੇਸ਼ ਸ਼ਾਮਿਲ ਹਨ, ਜਿਨ੍ਹਾਂ ਦੇ ਮੁਖੀ ਸੰਗਠਨ ਦੇ ਲਗਾਤਾਰ ਹੁੰਦੇ ਸਾਲਾਨਾ ਸੰਮੇਲਨਾਂ ਵਿਚ ਹਿੱਸਾ ਲੈਂਦੇ ਹਨ | ਇਕ-ਦੂਸਰੇ ਨਾਲ ਵਿਚਾਰ-ਵਟਾਂਦਰਾ ਕਰਦੇ ਹਨ | ਸੰਭਵ ਹੱਦ ਤੱਕ ਵਪਾਰਕ ਸਹਿਯੋਗ ਦੇ ਰਸਤੇ ਤਲਾਸ਼ਦੇ ਹਨ ਅਤੇ ਕੌਮਾਂਤਰੀ ਮੰਚ 'ਤੇ ਉੱਭਰੇ ਮਹੱਤਵਪੂਰਨ ਘਟਨਾਕ੍ਰਮ 'ਤੇ ਵੀ ਆਪਸ ਵਿਚ ਵਿਚਾਰ-ਚਰਚਾ ਕਰਦੇ ਹਨ | ਇਸ ਸਿਖਰ ਸੰਮੇਲਨ ਵਿਚ ਭਾਰਤ ਲਈ ਇਕ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਿਚ ਬੋਲਦਿਆਂ ਸਪੱਸ਼ਟ ਰੂਪ ਵਿਚ ਸਰਹੱਦੋਂ ਪਾਰ ਦੇ ਅੱਤਵਾਦ ਦੀ ਨਿੰਦਾ ਕੀਤੀ ਹੈ ਅਤੇ ਅੱਤਵਾਦੀ ਸੰਗਠਨਾਂ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਦੇਸ਼ਾਂ ਦੀ ਵੀ ਆਲੋਚਨਾ ਕੀਤੀ ਹੈ, ਜੋ ਇਨ੍ਹਾਂ ਦੀ ਪੁਸ਼ਤ ਪਨਾਹੀ ਕਰਦੇ ਹਨ |
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਸਾਹਮਣੇ ਸਪੱਸ਼ਟ ਰੂਪ ਵਿਚ ਇਹ ਗੱਲਾਂ ਰੱਖਣਾ ਸ੍ਰੀ ਮੋਦੀ ਦਾ ਬੇਬਾਕ ਪ੍ਰਗਟਾਵਾ ਮੰਨਿਆ ਜਾ ਸਕਦਾ ਹੈ | ਚੀਨ ਨਾਲ ਵੀ ਭਾਰਤ ਦਾ ਲੰਮੇ ਸਮੇਂ ਤੋਂ ਸਰਹੱਦੀ ਝਗੜਾ ਚੱਲਿਆ ਆ ਰਿਹਾ ਹੈ | ਇਸ ਗੱਲ ਵਿਚ ਸ਼ੰਘਾਈ ਸੰਗਠਨ ਦਾ ਵੀ ਪ੍ਰਭਾਵ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਹੀ ਦੇਸ਼ ਲਗਾਤਾਰ ਇਸ ਗੁੰਝਲਦਾਰ ਮਸਲੇ ਨੂੰ ਸੁਲਝਾਉਣ ਲਈ ਦਰਜਨਾਂ ਹੀ ਮੀਟਿੰਗਾਂ ਕਰ ਚੁੱਕੇ ਹਨ ਪਰ ਇਸ ਦੇ ਨਾਲ-ਨਾਲ ਦੋਹਾਂ ਦੇਸ਼ਾਂ ਵਿਚ ਵਪਾਰਕ ਸਾਂਝ ਵੀ ਬਣੀ ਰਹੀ ਹੈ | ਸ਼ੰਘਾਈ ਸੰਗਠਨ ਦਾ ਈਰਾਨ ਵੀ ਮੈਂਬਰ ਹੈ ਤੇ ਉਸ ਦਾ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵੀ ਇਸ ਮੌਕੇ ਮੌਜੂਦ ਸੀ | ਜੇਕਰ ਇਸ ਸੰਗਠਨ ਵਲੋਂ ਸਪੱਸ਼ਟ ਰੂਪ ਵਿਚ ਅਮਰੀਕੀ ਰਾਸ਼ਟਰਪਤੀ ਦੀ ਤਾਨਾਸ਼ਾਹੀ 'ਤੇ ਨਿਸ਼ਾਨਾ ਕੱਸਿਆ ਗਿਆ ਹੈ ਤਾਂ ਇਸ ਬਿਆਨ ਦਾ ਵੱਡਾ ਅਸਰ ਵੀ ਕੌਮਾਂਤਰੀ ਮੰਚ 'ਤੇ ਦੇਖਿਆ ਜਾ ਸਕੇਗਾ | ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਦੇ ਸੰਯੁਕਤ ਬਿਆਨ ਵਿਚ ਈਰਾਨ 'ਤੇ ਅਮਰੀਕੀ ਹਮਲਿਆਂ ਦੀ ਨਿੰਦਾ ਕੀਤੀ ਗਈ ਹੈ ਅਤੇ ਸਪੱਸ਼ਟ ਰੂਪ ਵਿਚ ਕਿਹਾ ਗਿਆ ਹੈ ਕਿ ਅਜਿਹੀ ਕਾਰਵਾਈ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦੀ ਉਲੰਘਣਾ ਹੈ |
ਇਸ ਸਮੇਂ ਭਾਰਤ ਸਾਹਮਣੇ ਮੁਸ਼ਕਿਲ ਇਹ ਹੈ ਕਿ ਪਾਕਿਸਤਾਨ ਨਾਲ ਸੰਬੰਧ ਨਾਸਾਜ਼ ਹੋਣ ਕਰਕੇ ਉਸ ਦਾ ਸਿੱਧਾ ਸੰਪਰਕ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਨਹੀਂ ਬਣ ਰਿਹਾ ਪਰ ਇਹ ਗੱਲ ਵੀ ਯਕੀਨੀ ਹੈ ਕਿ ਸ਼ੰਘਾਈ ਸੰਗਠਨ ਦੇ ਰੂਪ ਵਿਚ ਕੇਂਦਰੀ ਏਸ਼ੀਆ 'ਤੇ ਯੂਰੇਸ਼ੀਆਈ ਖੇਤਰ ਦੇ ਦੇਸ਼ਾਂ ਨਾਲ ਸੰਬੰਧ ਵਧਾਉਣ ਲਈ ਭਾਰਤ ਨੂੰ ਇਕ ਮਜ਼ਬੂਤ ਮੰਚ ਜ਼ਰੂਰ ਮਿਲ ਰਿਹਾ ਹੈ | ਇਸ ਸੰਗਠਨ ਦੇ ਬਹੁਤੇ ਦੇਸ਼ਾਂ ਦੀ ਸਮੱਸਿਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੈ | ਇਸ ਵਿਚ ਇਹ ਫ਼ੈਸਲਾ ਲਿਆ ਜਾਣਾ ਕਿ ਇਸ ਤਸਕਰੀ ਨੂੰ ਰੋਕਣ ਲਈ ਆਪਸ ਵਿਚ ਬਿਹਤਰ ਤਾਲਮੇਲ ਬਣਾਉਣਾ ਜ਼ਰੂਰੀ ਹੈ, ਇਸ ਨਾਲ ਸਿੰਥੈਟਿਕ ਨਸ਼ੀਲੇ ਪਦਾਰਥਾਂ ਦੇ ਪਾਸਾਰ ਨੂੰ ਰੋਕਣ ਵਿਚ ਵੱਡੀ ਮਦਦ ਜ਼ਰੂਰ ਮਿਲ ਸਕਦੀ ਹੈ | ਪਿਛਲੇ ਸਮੇਂ ਵਿਚ ਭਾਰਤ ਦੇ ਕੁਝ ਗੁਆਂਢੀ ਦੇਸ਼ਾਂ ਨਾਲ ਸੰਬੰਧ ਵਿਗੜਦੇ ਨਜ਼ਰ ਆ ਰਹੇ ਹਨ, ਪਰ ਅਜਿਹੇ ਸੰਗਠਨ ਭਾਰਤ ਦੇ ਘੇਰੇ ਨੂੰ ਵਿਸ਼ਾਲ ਅਤੇ ਮਜ਼ਬੂਤ ਕਰਨ ਵਿਚ ਨਿਸਚੇ ਹੀ ਸਹਾਈ ਹੋ ਸਕਦੇ ਹਨ |
-ਬਰਜਿੰਦਰ ਸਿੰਘ ਹਮਦਰਦ