ਪਿਛਲੇ 10 ਦਿਨਾਂ ਤੋਂ ਨਾਰੋਵਾਲ ਖੇਤਰ 'ਚ ਪੈਂਦੇ ਪਿੰਡ ਸਿਰਾਜ਼ ਦਾ 100 ਸਾਲ ਪੁਰਾਣਾ ਮੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਲਾਹੌਰ ਤੋਂ 130 ਕਿਲੋਮੀਟਰ ਦੀ ਦੂਰੀ 'ਤੇ 1,000 ਵਰਗ 'ਚ ਬਣੇ ਇਸ ਮੰਦਰ ਦਾ ਢਹਿਣਾ ਵੱਡਾ ਵਿਵਾਦ ਬਣ ਚੁੱਕਾ ਹੈ | ਇਹ ਕੰਮ ਕੋਈ ਕੱਟੜਪੰਥੀਆਂ ਦੇ ਸਿਰ ਮੜ੍ਹਦਾ ਹੈ ਤੇ ਕੋਈ ਭਾਰੀ ਵਰਖਾ ਦੇ | ਇਹ ਵੀ ਗੱਲ ਚੱਲ ਰਹੀ ਹੈ ਕਿ ਇਸ ਮੰਦਰ ਦੀ ਜ਼ਮੀਨ ਲੀਜ਼ 'ਤੇ ਦਿੱਤੀ ਗਈ ਸੀ, ਜੋ ਇਸਦੇ ਢਾਹੇ ਜਾਣ ਦਾ ਕਾਰਨ ਬਣੀ | ਮਸਲਾ ਕੁਝ ਵੀ ਹੋਵੇ, ਇਸ ਵਿਵਾਦ ਨੇ ਮੈਨੂੰ ਆਪਣੀ ਅਪ੍ਰੈਲ 1998 ਵਾਲੀ ਪਾਕਿਸਤਾਨ ਫੇਰੀ ਚੇਤੇ ਕਰਾ ਦਿੱਤੀ, ਜਦੋਂ ਮੇਰੇ ਨਾਲ ਮੇਰੀ ਪਤਨੀ ਵੀ ਸੀ | ਪਾਕਿਸਤਾਨ ਲੈ ਕੇ ਜਾਣ ਵਾਲਾ ਕਰਨਲ ਪ੍ਰਤਾਪ ਸਿੰਘ ਗਿੱਲ ਸੀ, ਜਿਸਨੇ ਇਕ 'ਹਿੰਦ ਪਾਕਿ ਮਿਲਾਪ' ਨਾਂਅ ਦਾ ਟਰੱਸਟ ਸਥਾਪਿਤ ਕੀਤਾ ਸੀ | ਸਾਡੇ 12-15 ਮੈਂਬਰਾਂ ਦੇ ਜਥੇ 'ਚ ਪਾਣੀਪਤ ਵਾਲਾ ਨਿਰੰਜਣ ਸਿੰਘ ਵੀ ਸੀ ਤੇ ਕਾਰਸੇਵਾ ਨੂੰ ਪ੍ਰਨਾਇਆ ਗੁਰਮੰਦਰ ਸਿੰਘ ਵੀ | ਨਿਰੰਜਣ ਸਿੰਘ ਨੇ ਦੇਸ਼ ਵੰਡ ਮਗਰੋਂ ਮੁਸਲਮਾਨ ਬਣ ਕੇ ਓਧਰ ਰਹਿ ਗਈ ਆਪਣੀ ਭੈਣ ਨੂੰ ਮਿਲਣਾ ਸੀ ਤੇ ਗੁਰਮਿੰਦਰ ਸਿੰਘ ਨੇ ਆਪਣੀ ਮਾਂ ਨੂੰ , ਜਿਹੜੀ ਮੁਸਲਮਾਨ ਹੋਣ ਨਾਤੇ ਆਪ ਤਾਂ ਸਰਹੱਦ ਪਾਰ ਕਰ ਗਈ ਸੀ, ਪਰ 6 ਸਾਲ ਦਾ ਗੁਰਮਿੰਦਰ (ਅਸਲ ਨਾਂਅ ਅਮਾਨਤਉੱਲਾ) ਉਸ ਤੋਂ ਵਿਛੜ ਗਿਆ ਸੀ | ਮੇਰੇ ਜ਼ਿੰਮੇ ਇਕ ਨੂੰ ਉਸਦੀ ਭੈਣ ਨਾਲ ਤੇ ਦੂਜੇ ਨੂੰ ਉਸਦੀ ਮਾਂ ਨਾਲ ਮਿਲਾਉਣਾ ਸੀ | ਸਾਡੇ ਕੋਲ ਨਵਾਜ਼ ਸ਼ਰੀਫ਼ ਦੀਆਂ ਕਾਰਾਂ ਸਨ ਤੇ ਕੁਰਾਨ ਸ਼ਰੀਫ਼ ਦੀਆਂ ਤਿੰਨ ਜਿਲਦਾਂ ਅਸੀਂ ਬਾਜ਼ਾਰੋਂ ਖ਼ਰੀਦ ਲਈਆਂ, ਇਕ ਨਿਰੰਜਣ ਸਿੰਘ ਦੀ ਭੈਣ ਲਈ | ਇਹ ਜਤਾਉਣ ਲਈ ਕਿ ਸਾਨੂੰ ਉਸਦੇ ਮੁਸਲਮਾਨ ਹੋਣ ਦਾ ਕੋਈ ਝੋਰਾ ਨਹੀਂ ਸੀ | 6 ਸਾਲ ਦੇ ਗੁਰਮਿੰਦਰ ਉਰਫ਼ ਅਮਾਨਤ ਨੂੰ ਕਿਸੇ ਜੱਟ ਸਿੱਖ ਪਰਿਵਾਰ ਨੇ ਪਾਲ ਲਿਆ ਸੀ | ਨਿਰੰਜਣ ਸਿੰਘ ਦੀ ਭੈਣ ਇਕ ਮੁਸਲਮਾਨ ਦੇ ਘਰ ਵੱਸ ਚੁੱਕੀ ਸੀ | ਮੈਨੂੰ ਇਕ ਗੱਲ ਕਦੀ ਨਹੀਂ ਭੁੱਲਣੀ, ਮੈਂ ਤੇ ਮੇਰੀ ਬੀਵੀ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਕੋਲ ਇਕ ਬੈਂਚ 'ਤੇ ਬੈਠੇ ਸਾਂ ਕਿ 10-12 ਮੁਸਲਿਮ ਔਰਤਾਂ ਜਿਨ੍ਹਾਂ ਨੇ ਬੁਰਕੇ ਪਹਿਨੇ ਸਨ, ਸਾਡੇ ਵੱਲ ਨੂੰ ਵਧੀਆਂ ਤੇ ਮੇਰੀ ਬੀਵੀ ਨੂੰ ਕਹਿਣ ਲੱਗੀਆਂ ਕਿ ਉਨ੍ਹਾਂ ਦਾ 9-10 ਵਰ੍ਹੇ ਦਾ ਬਾਲਕ ਤਸਵੀਰ ਕਰਾਉਣੀ ਚਾਹੁੰਦਾ ਹੈ | ਸਾਡੇ ਸਹਿਮਤ ਹੋਣ 'ਤੇ ਬੱਚਾ ਸਾਡੇ ਗੋਡਿਆਂ ਵਿਚਕਾਰ ਆ ਗਿਆ ਤੇ ਸਾਰੀਆਂ ਔਰਤਾਂ ਸਾਡੇ ਪਿੱਛੇ ਖਲੋ ਗਈਆਂ |

ਗੱਲ 'ਸੁਰਤਿ' ਮੈਗਜ਼ੀਨ ਦੀ
'ਸੁਰਤਿ' ਪੰਜਾਬੀ ਸਾਹਿਤ, ਕਲਾ, ਸੱਭਿਆਚਾਰ ਤੇ ਸਮਾਜਿਕ ਸਰੋਕਾਰਾਂ ਦੀ ਬਹੁ-ਪਰਤੀ ਰੰਗਤ ਨੂੰ ਆਪਣੇ ਅੰਦਰ ਸਮੇਟਣ ਵਾਲਾ ਨਵਾਂ ਮੈਗਜ਼ੀਨ ਹੈ | ਇਸ ਦੇ ਪੰਨਿਆਂ 'ਚ ਦਰਜ ਰਚਨਾਵਾਂ ਕੇਵਲ ਪਾਠਕ ਦਾ ਮਨੋਰੰਜਨ ਨਹੀਂ ਕਰਦੀਆਂ, ਸਗੋਂ ਉਸ ਦੀ ਚੇਤਨਾ ਨੂੰ ਝੰਜੋੜਦੀਆਂ ਸੋਚ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ | ਇਸ ਮੈਗਜ਼ੀਨ ਦੀ ਸੰਪਾਦਕੀ, ਮੁਲਾਕਾਤ, ਕਵਿਤਾ, ਕਹਾਣੀ, ਗ਼ਜ਼ਲ, ਲੇਖ, ਫ਼ੋਟੋਗ੍ਰਾਫੀ ਅਤੇ ਕਲਾ ਸੰਬੰਧੀ ਲਿਖਤਾਂ ਸਾਹਿਤ ਦੀ ਭਿੰਨਤਾ ਤੇ ਵਿਸ਼ਾਲਤਾ ਨੂੰ ਰੂਪਮਾਨ ਕਰਦੀਆਂ ਹਨ | 'ਸੁਰਤਿ' ਦੀ ਵਿਲੱਖਣਤਾ ਇਸ ਗੱਲ 'ਚ ਵੀ ਹੈ ਕਿ ਇਹ ਪਰੰਪਰਾ ਦੀਆਂ ਜੜ੍ਹਾਂ ਨਾਲ ਜੁੜੇ ਰਹਿੰਦਿਆਂ ਸਮਕਾਲੀ ਜੀਵਨ ਦੀਆਂ ਧੜਕਣਾਂ ਨੂੰ ਵੀ ਪੂਰੀ ਸੰਵੇਦਨਸ਼ੀਲਤਾ ਨਾਲ ਪੇਸ਼ ਕਰਦਾ ਹੈ | ਇੱਥੇ ਸ਼ਬਦ ਸਿਰਫ਼ ਵਿਚਾਰ ਪ੍ਰਗਟ ਕਰਨ ਦਾ ਮਾਧਿਅਮ ਨਹੀਂ, ਸਗੋਂ ਅਨੁਭਵ, ਸੰਵੇਦਨਾ ਤੇ ਚੇਤਨਾ ਦੇ ਵਾਹਕ ਬਣਦੇ ਹਨ | ਇਸ ਪੱਖ ਤੋਂ 'ਸੁਰਤਿ' ਮਹਿਜ਼ ਇਕ ਸਾਹਿਤਕ ਮੈਗਜ਼ੀਨ ਨਹੀਂ, ਸਗੋਂ ਆਪਣੇ ਸਮੇਂ ਦੀ ਰਚਨਾਤਮਿਕ, ਸੱਭਿਆਚਾਰਕ ਤੇ ਮਨੁੱਖੀ ਚੇਤਨਾ ਦਾ ਦਸਤਾਵੇਜ਼ ਹੈ | ਇਸ ਰਾਹੀਂ ਪਾਕਿਸਤਾਨ ਵਿਚ ਛਪ ਰਹੇ ਅਜੋਕੇ ਸਾਹਿਤ ਨਾਲ ਸਾਂਝ ਪਾਉਣੀ ਵੀ ਸੰਭਵ ਹੈ | ਮੁਬਾਰਕਾਂ!
'ਮੰਤਵ' ਮੈਗਜ਼ੀਨ ਦਾ ਸਤੰਬਰ-ਦਸੰਬਰ ਅੰਕ
ਨਵੇਂ ਪੰਜਾਬੀ ਰਸਾਲਿਆਂ 'ਚ 'ਮੰਤਵ' ਵੀ 'ਸੁਰਤਿ' ਜਿੰਨਾ ਹੀ ਧਿਆਨ ਮੰਗਦਾ ਹੈ | 'ਸੁਰਤਿ' ਦੀ ਪੁਸਤਕ ਲੜੀ 5 ਮੇਰੇ ਹੱਥਾਂ 'ਚ ਹੈ | 'ਸੁਰਤਿ' ਨੇ ਡਾ. ਸਰਦਾਰਾ ਸਿੰਘ ਜੌਹਲ ਦਾ ਗੁਣ-ਗਾਇਨ ਕੀਤਾ ਤਾਂ 'ਮੰਤਵ' ਨੇ ਚਿੱਤਰਕਾਰ ਦੇਵ ਦਾ | ਗੱਲ ਜੌਹਲ ਸਾਹਿਬ ਤੋਂ ਸ਼ੁਰੂ ਕਰਦੇ ਹਾਂ | ਪ੍ਰੋਫੈਸਰ ਬਿਸ਼ਨ ਸਿੰਘ ਸਮੁੰਦਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਭੂਮੀ 'ਚ ਜੌਹਲ ਸਾਹਿਬ ਨੂੰ ਮਿਲਦਿਆਂ ਸਾਰ ਸਰਦਾਰਾ ਸਿੰਘ ਦਾ ਘੋਨਾ ਸਿਰ ਵੇਖ ਕੇ ਉਸਨੂੰ ਗਿੱਚੀਓਾ ਫੜ ਕੇ ਬੋਲੇ, 'ਬੱਚੂ, ਤੰੂ ਅਨੰਦਪੁਰ ਸਾਹਿਬ ਵਿਚ ਹੈ, ਗੁਰੂ ਗੋਬਿੰਦ ਸਿੰਘ ਦੀ ਨਗਰੀ 'ਚ | ਅੱਜ ਤੋਂ ਕੇਸਾਂ ਨੂੰ ਕੈਂਚੀ ਨਾ ਲਾਈਾ ਤੇ ਸਿਰ ਤੋਂ ਪਗੜੀ ਨਾ ਉਤਾਰੀਂ |' ਇਸ ਹੁਕਮ ਦਾ ਅਸਰ ਹੀ ਸੀ ਕਿ ਸਰਦਾਰਾ ਸਿੰਘ ਨੇ ਉਸ ਤੋਂ ਬਾਅਦ ਕੇਸ ਨਹੀਂ ਕਟਾਏ ਤੇ ਪਗੜੀ ਬੰਨ੍ਹਣੀ ਸ਼ੁਰੂ ਕਰ ਦਿੱਤੀ | ਜਿਸ ਬਾਰੇ ਜੌਹਲ ਸਾਹਿਬ ਦਾ ਮੰਨਣਾ ਹੈ ਕਿ ਪਗੜੀ ਨੇ ਮੈਨੂੰ ਬੜੀਆਂ ਇੱਜ਼ਤਾਂ ਤੇ ਮਾਣ ਬਖ਼ਸ਼ੇ | ਇਹ ਪਗੜੀ ਅੰਤਰਰਾਸ਼ਟਰੀ ਸੈਮੀਨਾਰਾਂ ਤੇ ਕਾਨਫਰੰਸਾਂ'ਚ ਸਭ ਦਾ ਧਿਆਨ ਖਿੱਚਦੀ ਰਹੀ ਤੇ ਮੇਰੀ ਵੱਖਰੀ ਪਛਾਣ ਕਰਾਉਂਦੀ ਰਹੀ | ਜਿੱਥੋਂ ਤੱਕ 'ਮੰਤਵ' ਵਿਚਲੇ ਦੇਵ ਦਾ ਸੰਬੰਧ ਹੈ ਤਾਂ ਰਸਾਲੇ ਦੇ ਸੰਪਾਦਕ ਵਿਸ਼ਾਲ ਨੇ ਅਪਣੇ ਸ਼ਬਦਾਂ 'ਚ ਖੂਬ ਮੁੜ੍ਹਾ ਬੰਨਿ੍ਹਆ ਹੈ, 'ਦੇਵ ਇਕ ਮਨੁੱਖ ਦਾ ਨਾਂਅ ਨਹੀਂ, ਆਪਣੇ-ਆਪ ਤੋਂ ਦੂਰ ਨਿਕਲ ਗਈ ਇਕ ਪੂਰੀ ਸਦੀ ਦਾ ਨਾਂਅ ਹੈ | ਉਹ ਧਰਤੀ ਛੱਡ ਕੇ ਅਸਮਾਨ ਵੱਲ ਉਡਿਆ ਸੀ, ਪਰ ਉਡਦਿਆਂ ਉਸ ਨੂੰ ਪਤਾ ਲੱਗਾ ਕਿ ਖੰਭ ਜੜ੍ਹਾਂ ਦਾ ਬਦਲ ਨਹੀਂ ਹੁੰਦੇ | ਉਹ ਪੰਜਾਬ ਤੇ ਯੂਰਪ ਵਿਚਕਾਰ ਨਹੀਂ, ਆਪਣੇ ਬੀਤੇ 'ਤੇ ਬਣਾਈ ਹੋਈ ਮੈਂ ਵਿਚਕਾਰ ਲਟਕਿਆ ਇਕ ਉੱਡਦਾ ਰੁੱਖ ਹੈ | ਅਮਰਜੀਤ ਗਰੇਵਾਲ ਦਾ ਇਕ ਨਾਟਕ 'ਉੱਡਦਾ ਰੁੱਖ' ਵੀ ਉਸ ਦੀ ਜੜ੍ਹਾਂ ਵੱਲ ਵਾਪਸੀ ਦੀ ਕਥਾ ਨਹੀਂ | ਦੇਵ ਦਾ ਸਫ਼ਰ ਉਡਾਣ ਤੋਂ ਵਾਪਸੀ ਦਾ ਨਹੀਂ, ਉਡਾਣ ਦੇ ਅੰਦਰ ਹੀ ਨਵੀਆਂ ਜੜ੍ਹਾਂ ਸਿਰਜਣ ਦਾ ਸਫ਼ਰ ਸੀ |
ਅੰਤਿਕਾ
—ਈਸ਼ਵਰ ਚਿੱਤਰਕਾਰ—
ਦੁਸ਼ਮਣ ਬਣੀ ਹੈ ਹੁਣ ਤਾਂ ਅਪਣੀ ਇਕੱਲਤਾ ਹੀ
ਮੰਜ਼ਿਲ ਤੇ ਆ ਗਿਆ ਹਾਂ ਹੋਰਾਂ ਤੋਂ ਮੈਂ ਅਗੇਰੇ
ਈ-ਮੇਲ : sandhugulzar@yahoo.com