05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮਨੁੱਖੀ ਅਧਿਕਾਰਾਂ ਦੇ ਰੱਖਿਅਕ ਭਾਈ ਜਸਵੰਤ ਸਿੰਘ ਖਾਲੜਾ

ਮਨੁੱਖੀ ਅਧਿਕਾਰਾਂ ਦੇ ਰੱਖਿਅਕ ਭਾਈ ਜਸਵੰਤ ਸਿੰਘ ਖਾਲੜਾ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਅੱਜ ਲਈ ਵਿਸ਼ੇਸ਼
 
ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਭਾਰਤੀ ਫ਼ੌਜ ਦੇ ਹਮਲੇ ਤੋਂ ਬਾਅਦ ਪੰਜਾਬ ਵਿਚ ਚੱਲੇ ਹਥਿਆਰਬੰਦ ਸੰਘਰਸ਼ ਦੇ ਜਵਾਬ ਵਿਚ ਸਰਕਾਰ ਨੇ ਕਾਨੂੰਨ-ਵਿਵਸਥਾ ਬਹਾਲ ਕਰਨ ਲਈ ਸਿੱਟਾਮੁਖੀ ਨੀਤੀਆਂ 'ਤੇ ਚੱਲਣ ਦੀ ਬਜਾਏ ਪੁਲਿਸ ਨੂੰ  ਬੇਰੋਕ ਤਾਕਤਾਂ ਦੇ ਦਿੱਤੀਆਂ ਅਤੇ ਪੁਲਿਸ ਵਿਚ ਲਾਲਚੀ ਕਿਸਮ ਦੇ ਅਫ਼ਸਰਾਂ ਨੇ ਵੱਡੀ ਪੱਧਰ 'ਤੇ ਬੇਦੋਸ਼ੇ ਨੌਜਵਾਨਾਂ ਨੂੰ  'ਖਾੜਕੂ' ਕਰਾਰ ਦੇ ਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਖਪਾਇਆ | ਇਸੇ ਪਿਛੋਕੜ ਵਿਚ ਮਨੁੱਖੀ ਅਧਿਕਾਰਾਂ ਦੇ ਨਿਡਰ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਂਅ ਉਭਰਿਆ, ਜਿਨ੍ਹਾਂ ਨੇ ਪੰਜਾਬ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕੀਤੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ  ਅਣਪਛਾਤੀਆਂ ਆਖ ਕੇ ਸਸਕਾਰ ਕਰਨ ਦਾ ਦਿਲ-ਕੰਬਾਊ ਵਰਤਾਰਾ ਦੇਸ਼ ਅਤੇ ਸੰਸਾਰ ਦੇ ਸਾਹਮਣੇ ਰੱਖਿਆ¢ 
ਭਾਈ ਜਸਵੰਤ ਸਿੰਘ ਖਾਲੜਾ ਦਾ ਜਨਮ 2 ਨਵੰਬਰ, 1952 ਨੂੰ  ਅੰਮਿ੍ਤਸਰ ਜ਼ਿਲ੍ਹੇ ਦੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਖਾਲੜਾ ਵਿਚ ਹੋਇਆ¢ ਇਨ੍ਹਾਂ ਦੇ ਵਡੇਰਿਆਂ ਦਾ ਸੰਬੰਧ ਸਿੱਖ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਦਰਜ ਸ਼ਹੀਦ ਬਾਬਾ ਤਾਰਾ ਸਿੰਘ ਨਾਲ ਜੁੜਦਾ ਹੈ | ਇਨ੍ਹਾਂ ਦੇ ਦਾਦਾ ਭਾਈ ਹਰਨਾਮ ਸਿੰਘ ਆਜ਼ਾਦੀ ਦੀ ਲਹਿਰ ਦੌਰਾਨ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ ਕਾਂਡ) ਵਿਚ ਸਵਾਰ ਹੋ ਕੇ ਕੈਨੇਡਾ ਪੁੱਜਣ ਵਾਲੇ ਮੋਹਰੀ ਸਿੱਖਾਂ ਵਿਚ ਸ਼ਾਮਿਲ ਸਨ | ਉਹ ਬਾਅਦ ਵਿਚ ਲੰਬਾ ਸਮਾਂ ਜਲਾਵਤਨ ਰਹੇ | 
ਭਾਈ ਜਸਵੰਤ ਸਿੰਘ ਖਾਲੜਾ ਪੇਸ਼ੇ ਵਜੋਂ ਬੈਂਕ ਕਰਮਚਾਰੀ ਸਨ¢ ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਪੰਚਾਇਤ ਸਕੱਤਰ ਦੀ ਨੌਕਰੀ ਵੀ ਕੀਤੀ | ਉਹ ਮੁਢਲੇ ਤੌਰ 'ਤੇ ਨਕਸਲਬਾੜੀ ਲਹਿਰ ਦੌਰਾਨ ਪ੍ਰਮੁੱਖ ਵਿਦਿਆਰਥੀ ਜਥੇਬੰਦੀ 'ਪੰਜਾਬ ਸਟੂਡੈਂਟਸ ਯੂਨੀਅਨ' ਦੀਆਂ ਸਰਗਰਮੀਆਂ ਵਿਚ ਸ਼ਾਮਿਲ ਹੋਣ ਲੱਗੇ ਅਤੇ 80ਵਿਆਂ ਦੇ ਸ਼ੁਰੂ ਵਿਚ ਪੰਜਾਬ ਦੇ ਹੱਕਾਂ ਲਈ ਚੱਲੇ ਸੰਘਰਸ਼ ਦੌਰਾਨ ਪੰਥਕ ਸੋਚ ਨਾਲ ਜੁੜ ਗਏ | ਇਸ ਤੋਂ ਪਹਿਲਾਂ ਭਾਈ ਖਾਲੜਾ ਖੱਬੇ-ਪੱਖੀ ਸੋਚ ਨਾਲ ਸੰਬੰਧਿਤ 'ਜਮਹੂਰੀ ਅਧਿਕਾਰ ਸਭਾ' ਵਿਚ ਕੰਮ ਕਰਦਿਆਂ ਮਨੁੱਖੀ ਹੱਕਾਂ ਲਈ ਕਾਰਜਸ਼ੀਲ ਰਹੇ | ਜੂਨ, 1982 ਵਿਚ ਅੰਮਿ੍ਤਸਰ ਪੁਲਿਸ ਵਲੋਂ ਇਕ ਨਿਹੰਗ ਸਿੰਘ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ  ਅਣਮਨੁੱਖੀ ਤਸ਼ੱਦਦ ਕਰ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਤਾਂ ਉਸ ਵੇਲੇ ਭਾਈ ਜਸਵੰਤ ਸਿੰਘ ਖਾਲੜਾ ਨੇ ਅੰਮਿ੍ਤਸਰ ਜ਼ਿਲ੍ਹੇ ਦੇ ਜਮਹੂਰੀ ਅਧਿਕਾਰ ਸਭਾ ਦੇ ਮੋਹਰੀ ਆਗੂਆਂ ਦੇ ਸਹਿਯੋਗ ਨਾਲ ਭਾਈ ਨਾਗੋਕੇ ਦੇ ਝੂਠੇ ਪੁਲਿਸ ਮੁਕਾਬਲੇ ਨੂੰ  ਤੱਥਾਂ ਅਤੇ ਸਬੂਤਾਂ ਦੇ ਆਧਾਰ 'ਤੇ ਨਸ਼ਰ ਕੀਤਾ ਸੀ | ਪੁਲਿਸ ਦੀਆਂ ਅੱਖਾਂ ਵਿਚ ਭਾਈ ਖਾਲੜਾ ਇਸੇ ਸਮੇਂ ਤੋਂ ਹੀ ਰੜਕਣ ਲੱਗ ਪਏ ਸਨ | ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ  ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਥਾਪ ਦਿੱਤਾ | 
ਭਾਈ ਖਾਲੜਾ ਦੇ ਇਕ ਸਹਿਕਰਮੀ ਤੇ ਅੰਮਿ੍ਤਸਰ ਕੇਂਦਰੀ ਸਹਿਕਾਰੀ ਬੈਂਕ ਦੇ ਡਾਇਰੈਕਟਰ ਬਾਬਾ ਪਿਆਰਾ ਸਿੰਘ ਸੁਲਤਾਨਵਿੰਡ ਦਾ ਭੇਦਭਰੀ ਹਾਲਤ ਵਿਚ ਲਾਪਤਾ ਹੋਣਾ ਅਜਿਹੀ ਘਟਨਾ ਸੀ, ਜਿਸ ਨੇ ਉਨ੍ਹਾਂ ਨੂੰ  ਮਨੁੱਖੀ ਅਧਿਕਾਰਾਂ ਦੇ ਘਾਣ ਦੇ ਇਕ ਦਿਲ-ਕੰਬਾਊ ਵਿਆਪਕ ਵਰਤਾਰੇ ਨੂੰ  ਦੁਨੀਆ ਸਾਹਮਣੇ ਲਿਆਉਣ ਦਾ ਸਬੱਬ ਦਿੱਤਾ¢ ਬਾਬਾ ਪਿਆਰਾ ਸਿੰਘ ਨੂੰ , ਉਨ੍ਹਾਂ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਖਾੜਕੂ ਸਫ਼ਾਂ ਵਿਚ ਹੋਣ ਕਾਰਨ, ਪੁਲਿਸ ਨੇ ਚੁੱਕਿਆ ਸੀ | ਭਾਈ ਖਾਲੜਾ ਬਾਬਾ ਪਿਆਰਾ ਸਿੰਘ ਦਾ ਥਹੁ-ਪਤਾ ਲਾਉਂਦੇ-ਲਾਉਂਦੇ ਅੰਮਿ੍ਤਸਰ ਦੇ ਦੁਰਗਿਆਣਾ ਮੰਦਰ ਸ਼ਮਸ਼ਾਨਘਾਟ ਪੁੱਜੇ | ਉੱਥੇ ਜਦੋਂ ਭਾਈ ਖਾਲੜਾ ਨੇ ਰਜਿਸਟਰ ਅਤੇ ਰਸੀਦਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬਾਬਾ ਪਿਆਰਾ ਸਿੰਘ ਨੂੰ  ਕਤਲ ਕਰਨ ਤੋਂ ਬਾਅਦ ਪੁਲਿਸ ਨੇ 'ਅਣਪਛਾਤੀ ਲਾਸ਼' ਲਿਖ ਕੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਸੀ | ਇਸੇ ਆਧਾਰ 'ਤੇ ਭਾਈ ਖਾਲੜਾ ਨੇ ਅੰਮਿ੍ਤਸਰ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ, ਤਰਨਤਾਰਨ, ਅੰਮਿ੍ਤਸਰ ਅਤੇ ਪੱਟੀ ਦੇ ਸ਼ਮਸ਼ਾਨਘਾਟਾਂ ਦੇ ਸਰਕਾਰੀ ਰਿਕਾਰਡਾਂ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਖ਼ੁਲਾਸਾ ਹੋਇਆ ਕਿ 1984 ਤੋਂ 1994 ਦਰਮਿਆਨ ਕੇਵਲ ਇਨ੍ਹਾਂ ਤਿੰਨ ਸ਼ਮਸ਼ਾਨਘਾਟਾਂ ਵਿਚ ਹੀ 2097 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਪੁਲਿਸ ਵਲੋਂ ਕਰਵਾਇਆ ਗਿਆ ਸੀ¢ ਸ. ਖਾਲੜਾ ਨੇ ਸਵਾਲ ਉਠਾਇਆ ਕਿ ਜੇ ਸਿਰਫ਼ ਤਿੰਨ ਸ਼ਮਸ਼ਾਨਘਾਟਾਂ ਵਿਚ ਅਣਪਛਾਤੀਆਂ ਲਾਸ਼ਾਂ ਦੇ ਸਸਕਾਰਾਂ ਦੀ ਗਿਣਤੀ ਇੰਨੀ ਵੱਡੀ ਹੈ ਤਾਂ ਪੂਰੇ ਪੰਜਾਬ ਵਿਚ ਇਹ ਗਿਣਤੀ 25 ਹਜ਼ਾਰ ਤੋਂ ਵੀ ਵੱਧ ਹੋ ਸਕਦੀ ਹੈ¢ ਇਹ ਅੰਕੜਾ ਇਕ ਅੰਦਾਜ਼ਾ ਸੀ, ਜਿਸ ਦਾ ਉਦੇਸ਼ ਵਿਆਪਕ ਜਾਂਚ ਦੀ ਮੰਗ ਕਰਨਾ ਸੀ¢ 
ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵਰਤਾਰੇ 'ਤੇ ਆਪਣੀਆਂ ਖੋਜਾਂ ਨੂੰ ਭਾਰਤੀ ਅਦਾਲਤਾਂ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਕੈਨੇਡਾ ਦੀ ਸੰਸਦ ਸਮੇਤ ਕਈ ਕੌਮਾਂਤਰੀ ਮੰਚਾਂ 'ਤੇ ਰੱਖਿਆ¢ ਇਸ ਨਾਲ ਇਹ ਮੁੱਦਾ ਕੌਮਾਂਤਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਗਿਆ¢ ਇਸੇ ਦੌਰਾਨ ਭਾਈ ਖਾਲੜਾ ਨੂੰ  ਪੰਜਾਬ ਪੁਲਿਸ ਵਲੋਂ ਧਮਕੀਆਂ ਮਿਲਣ ਲੱਗੀਆਂ ਪਰ ਉਹ ਨਿਡਰਤਾ ਨਾਲ ਸੱਚ ਨੂੰ  ਸਾਹਮਣੇ ਲਿਆਉਣ ਲਈ ਤਤਪਰ ਰਹੇ |
ਇਸ ਸੰਘਰਸ਼ ਦਾ ਸਭ ਤੋਂ ਦੁਖਦਾਈ ਮੋੜ 6 ਸਤੰਬਰ, 1995 ਨੂੰ ਆਇਆ, ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਬੀਰ ਪਾਰਕ, ਅੰਮਿ੍ਤਸਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਕਾਰ ਧੋਂਦਿਆਂ ਨੂੰ  ਚਿੱਟ ਕੱਪੜੀਏ ਪੁਲਿਸ ਕਰਮਚਾਰੀਆਂ ਵਲੋਂ ਚੁੱਕ ਲਿਆ ਗਿਆ¢ ਪੁਲਿਸ ਨੇ ਉਨ੍ਹਾਂ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ¢ ਪਰ ਉਨ੍ਹਾਂ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਹਾਰ ਨਹੀਂ ਮੰਨੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 'ਹੈਬੀਅਸ ਕਾਰਪਸ ਪਟੀਸ਼ਨ' ਦਾਇਰ ਕੀਤੀ¢ ਪੰਜਾਬ ਸਰਕਾਰ ਭਾਈ ਖਾਲੜਾ ਬਾਰੇ ਪਤਾ ਲਾਉਣ ਤੋਂ ਅਸਮਰੱਥ ਰਹੀ | ਪਰਿਵਾਰ ਦੀਆਂ ਅਪੀਲਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਸੀ.ਬੀ.ਆਈ. ਜਾਂਚ ਦੇ ਨਿਰਦੇਸ਼ ਦਿੱਤੇ¢ ਸੰਨ 1996 ਵਿਚ ਸੀ.ਬੀ.ਆਈ. ਨੇ ਰਿਪੋਰਟ ਦਿੱਤੀ ਕਿ ਭਾਈ ਖਾਲੜਾ ਦੇ ਅਗਵਾ ਵਿਚ ਤਰਨਤਾਰਨ ਦੇ ਜ਼ਿਲ੍ਹਾ ਪੁਲਿਸ ਮੁਖੀ ਅਜੀਤ ਸਿੰਘ ਸੰਧੂ ਸਮੇਤ 9 ਪੁਲਿਸ ਅਧਿਕਾਰੀ ਸ਼ਾਮਿਲ ਸਨ¢ ਜਾਂਚ 'ਚ ਇਹ ਖ਼ੁਲਾਸਾ ਹੋਇਆ ਕਿ ਭਾਈ ਖਾਲੜਾ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ, ਉਨ੍ਹਾਂ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਅਤੇ ਬਾਅਦ ਵਿਚ ਉਨ੍ਹਾਂ ਦੀ ਹੱਤਿਆ ਕਰ ਕੇ ਲਾਸ਼ ਨੂੰ ਹਰੀਕੇ ਪੱਤਣ 'ਤੇ ਸਤਲੁਜ ਦਰਿਆ ਵਿਚ ਸੁੱਟ ਦਿੱਤਾ ਗਿਆ¢
18 ਨਵੰਬਰ, 2005 ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਵਿਚ ਪੰਜਾਬ ਪੁਲਿਸ ਦੇ 6 ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ¢ ਦੋ ਮੁੱਖ ਦੋਸ਼ੀ ਡੀ.ਐੱਸ.ਪੀ. ਜਸਪਾਲ ਸਿੰਘ ਅਤੇ ਅਮਰਜੀਤ ਸਿੰਘ ਨੂੰ  ਕਤਲ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਅਤੇ ਬਾਕੀ ਪੁਲਿਸ ਅਧਿਕਾਰੀਆਂ; ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ ਅਤੇ ਪਿ੍ਥੀਪਾਲ ਸਿੰਘ ਨੂੰ  ਕਤਲ ਕਰਨ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ 'ਚ 7-7 ਸਾਲ ਦੀ ਕੈਦ ਹੋਈ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਈ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਦੀ ਅਪੀਲ 'ਤੇ ਸਾਲ 2007 ਵਿਚ 7-7 ਸਾਲ ਕੈਦ ਵਾਲੇ ਚਾਰ ਦੋਸ਼ੀਆਂ ਦੀ ਸਜ਼ਾ ਵੀ ਵਧਾ ਕੇ ਉਮਰ ਕੈਦ ਕਰ ਦਿੱਤੀ ਪਰ ਅਮਰਜੀਤ ਸਿੰਘ ਨੂੰ  ਬਰੀ ਕਰ ਦਿੱਤਾ | ਮਿਤੀ 4 ਨਵੰਬਰ 2011 ਨੂੰ  ਸੁਪਰੀਮ ਕੋਰਟ ਨੇ 5 ਦੋਸ਼ੀਆਂ ਦੀ ਸਜ਼ਾ ਘਟਾਉਣ ਦੀ ਅਪੀਲ ਖ਼ਾਰਜ ਕਰ ਦਿੱਤੀ¢ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਕਾਨੂੰਨ ਦੀ ਰੱਖਿਆ ਕਰਨ ਵਾਲੇ ਅਧਿਕਾਰੀਆਂ ਵਲੋਂ ਹੀ ਜੇਕਰ ਕਾਨੂੰਨ ਦੀ ਉਲੰਘਣਾ ਕੀਤੀ ਜਾਵੇ ਤਾਂ ਇਹ ਲੋਕਤੰਤਰ ਅਤੇ ਨਿਆਂ ਪ੍ਰਣਾਲੀ ਲਈ ਬਹੁਤ ਗੰਭੀਰ ਖ਼ਤਰਾ ਹੈ¢ 
ਭਾਈ ਖਾਲੜਾ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਦੇ ਉਠਾਏ ਗਏ ਮੁੱਦਿਆਂ ਨੂੰ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਹੋਰ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਵੀ ਅੱਗੇ ਵਧਾਇਆ¢ ਇਸ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਅਨੇਕਾਂ ਮਾਮਲੇ ਅਦਾਲਤਾਂ ਵਿਚ ਪਹੁੰਚੇ¢ ਸੀ.ਬੀ.ਆਈ. ਨੇ ਮਾਮਲਿਆਂ ਦੀ ਪੜਤਾਲ ਦੌਰਾਨ ਸਿਪਾਹੀ ਤੋਂ ਲੈ ਕੇ ਡੀ.ਆਈ.ਜੀ. ਰੈਂਕ ਤੱਕ ਦੇ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ¢ ਦਸੰਬਰ, 2024 ਤੱਕ ਉਪਲਬਧ ਜਾਣਕਾਰੀ ਅਨੁਸਾਰ ਲਗਭਗ 59 ਮਾਮਲਿਆਂ ਵਿਚ ਪੁਲਿਸ ਕਰਮਚਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਸੀ, ਜਦਕਿ ਕੁਝ ਹੋਰ ਮਾਮਲੇ ਅਜੇ ਵੀ ਅਦਾਲਤਾਂ ਵਿਚ ਸੁਣਵਾਈ-ਅਧੀਨ ਹਨ¢ 
ਭਾਈ ਜਸਵੰਤ ਸਿੰਘ ਖਾਲੜਾ ਦਾ ਜੀਵਨ ਇਹ ਸਿਖਾਉਂਦਾ ਹੈ ਕਿ ਇਕ ਨਿਰਭੈ ਨਾਗਰਿਕ ਵੀ ਸਚਾਈ ਨੂੰ ਸਾਹਮਣੇ ਲਿਆਉਣ ਵਿਚ ਇਤਿਹਾਸਿਕ ਭੂਮਿਕਾ ਨਿਭਾਅ ਸਕਦਾ ਹੈ¢ ਉਨ੍ਹਾਂ ਨੇ ਹਥਿਆਰ ਨਹੀਂ ਚੁੱਕੇ; ਉਨ੍ਹਾਂ ਦਾ ਹਥਿਆਰ ਦਸਤਾਵੇਜ਼, ਰਿਕਾਰਡ ਅਤੇ ਸੱਚ ਦੀ ਖੋਜ ਸੀ¢ ਉਨ੍ਹਾਂ ਨੂੰ  ਸ਼ਹੀਦ ਕਰ ਕੇ ਵੀ ਸਚਾਈ ਨੂੰ  ਦਬਾਇਆ ਨਹੀਂ ਜਾ ਸਕਿਆ ਅਤੇ ਉਨ੍ਹਾਂ ਦਾ ਸੰਘਰਸ਼ ਕਿਸੇ ਇਕ ਭਾਈਚਾਰੇ ਲਈ ਨਹੀਂ, ਸਗੋਂ ਕਾਨੂੰਨ ਦੀ ਸਰਵਉੱਚਤਾ, ਮਨੁੱਖੀ ਮਾਣ-ਸਨਮਾਨ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਸੀ¢ ਅੱਜ ਲਗਪਗ ਤਿੰਨ ਦਹਾਕਿਆਂ ਬਾਅਦ ਵੀ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਂਅ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਵਿਚ ਵੱਡੇ ਸਤਿਕਾਰ ਨਾਲ ਲਿਆ ਜਾਂਦਾ ਹੈ¢
 
-ਮੋਬਾਈਲ : 98780-70008
Ad Position 22
No active advertisement
ਪਿਛਲੀ ਖ਼ਬਰ ਇਕ ਵਿਲੱਖਣ ਸ਼ਖ਼ਸੀਅਤ ਸਨ ਮਹਿੰਦਰ ਸਿੰਘ ਦੁਸਾਂਝ ਅਗਲੀ ਖ਼ਬਰ ਨਾਰੋਵਾਲ ਦੇ ਮੰਦਰ ਦਾ ਵਿਵਾਦ ਤੇ ਮੇਰੀ ਪਾਕਿਸਤਾਨ ਫੇਰੀ
Ad Position 24