03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਗਵਾਨ ਸ੍ਰੀ ਕਿ੍ਸ਼ਨ ਤੇ ਕਰਤੱਵ ਦੀ ਪਾਲਣਾ

ਭਗਵਾਨ ਸ੍ਰੀ ਕਿ੍ਸ਼ਨ ਤੇ ਕਰਤੱਵ ਦੀ ਪਾਲਣਾ

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਅੱਜ ਜਨਮ ਅਸ਼ਟਮੀ 'ਤੇ ਵਿਸ਼ੇਸ਼

ਭਗਵਾਨ ਸ੍ਰੀ ਕ੍ਰਿਸ਼ਨ ਚੰਦਰ ਮਹਾਰਾਜ ਜੀ ਦਾ ਅਵਤਾਰ ਪੁਰਬ 5252 ਸਾਲ (ਬੀ.ਸੀ.ਈ. 32,287) ਬਿ੍ਜਭੂਮੀ ਮਥੁਰਾ ਵਰਿੰਦਾਵਨ ਵਿਖੇ ਕੰਸ ਦੀ ਜੇਲ੍ਹ 'ਚ ਪਿਤਾ ਵਾਸੂਦੇਵ ਤੇ ਮਾਤਾ ਦੇਵਕੀ ਦੀ ਕੁੱਖੋਂ ਹੋਇਆ | ਉਹ ਬਚਪਨ ਤੋਂ ਬੜੇ ਨਟਖਟ ਤੇ ਅਲੌਕਿਕ ਕਾਰਨਾਮੇ ਕਰਨ ਵਾਲੇ ਸਨ | ਉਨ੍ਹਾਂ ਨੇ ਬਚਪਨ 'ਚ ਹੀ ਮûਰਾ ਦੇ ਅੱਤਿਆਚਾਰੀ ਰਾਜੇ ਕੰਸ (ਆਪਣੇ ਮਾਮੇ) ਦੇ ਅਨਿਆਂ ਦਾ ਖਾਤਮਾ ਕਰਦਿਆਂ ਉਸ ਦਾ ਮਲ ਯੁੱਧ (ਕੁਸ਼ਤੀ) 'ਚ ਅੰਤ ਕਰ ਦਿੱਤਾ ਸੀ | ਕ੍ਰਿਸ਼ਨ ਜੀ ਨੇ ਉਨ੍ਹਾਂ ਨੂੰ  ਮਾਰਨ ਆਈ ਪੂਤਨਾ ਦਾਈ, ਸ਼ਿਸ਼ੂਪਾਲ ਸਮੇਤ ਕਈ ਅੱਤਿਆਚਾਰੀ ਰਾਖ਼ਸ਼ਾਂ ਨੂੰ  ਮੌਤ ਦੇ ਘਾਟ ਉਤਾਰ ਦਿੱਤਾ ਸੀ | ਉਹ ਬਚਪਨ 'ਚ ਨਟਖਟ ਸ਼ਰਾਰਤੀ ਬਾਲ ਰੂਪ 'ਚ ਲੋਕਾਂ ਦੇ ਘਰਾਂ 'ਚ ਵੜ ਕੇ ਮੱਖਣ ਚੁਰਾ ਲੈਂਦੇ ਤੇ ਆਪਣੇ ਹਾਣੀਆਂ ਖ਼ਾਸ ਕਰਕੇ ਬਾਲ ਸਖੀਆਂ ਨਾਲ ਰਾਸਲੀਲਾ ਖੇਡਦੇ ਬਹੁਤ ਹਰਮਨ ਪਿਆਰੇ ਹੋਏ | 

ਉਨ੍ਹਾਂ ਦੇ ਪਾਲਕ ਪਿਤਾ ਨੰਦ ਜੀ ਕੋਲ ਬਹੁਤ ਗਊਆਂ ਸਨ ਤੇ ਕ੍ਰਿਸ਼ਨ ਜੀ ਹੋਰ ਗਵਾਲਿਆਂ ਨਾਲ ਗਊਆਂ ਚਰਾਉਣ ਜਾਂਦੇ ਸਨ | ਉਸ ਸਮੇਂ ਕਈ ਦੇਵਤਿਆਂ ਨੇ ਕ੍ਰਿਸ਼ਨ ਭਗਵਾਨ ਦੀ ਹਰਮਨ ਪਿਆਰਤਾ ਤੇ ਬਹਾਦਰੀ ਨਾਲ ਈਰਖਾ ਕਰਦਿਆਂ ਉਨ੍ਹਾਂ ਦੇ ਕਈ ਇਮਤਿਹਾਨ ਲਏ, ਪਰ ਉਨ੍ਹਾਂ ਨੂੰ  ਹਰ ਵਾਰ ਹਾਰ ਦਾ ਮੂੰਹ ਵੇਖਣਾ ਪਿਆ | ਕਿ੍ਸ਼ਨ ਜੀ ਨੂੰ  ਮਹਾਂਭਾਰਤ ਯੁੱਧ ਦੌਰਾਨ ਅਰਜਨ ਨੂੰ  ਦਿੱਤੇ ਗਿਆਨ ਕਾਰਨ ਸਦੀਵੀ ਪ੍ਰਸਿੱਧੀ ਮਿਲੀ, ਅੱਜ ਦੁਨੀਆ ਭਰ 'ਚ ਸੈਂਕੜੇ ਕ੍ਰਿਸ਼ਨ ਸੰਪਰਦਾਵਾਂ ਵਲੋਂ ਵੱਖ-ਵੱਖ ਢੰਗ ਨਾਲ ਉਨ੍ਹਾਂ ਦੀ ਭਗਤੀ ਕੀਤੀ ਜਾਂਦੀ ਹੈ | ਕ੍ਰਿਸ਼ਨ ਜੀ ਦਾ ਵੱਖ-ਵੱਖ ਸ਼ਾਸਤਰਾਂ ਵਿਚ 201 ਨਾਵਾਂ ਨਾਲ ਜ਼ਿਕਰ ਕੀਤਾ ਗਿਆ ਹੈ | ਮਥੁਰਾ, ਵਰਿੰਦਾਵਨ, ਕੁਰੂਕਸ਼ੇਤਰ ਤੇ ਗੁਜਰਾਤ ਦੇ ਦੁਆਰਕਾ 'ਚ ਕ੍ਰਿਸ਼ਨ ਭਗਵਾਨ ਦੀਆਂ ਵੱਖ-ਵੱਖ ਲੀਲਾਵਾਂ ਹੁੰਦੀਆਂ ਹਨ, ਕ੍ਰਿਸ਼ਨ ਭਗਵਾਨ ਦੇ ਅਸਲ ਸਰੂਪ ਦਾ ਆਭਾਸ ਇਨ੍ਹਾਂ ਸਥਾਨਾਂ 'ਤੇ ਬਣੇ ਹਜ਼ਾਰਾਂ ਮੰਦਰਾਂ 'ਤੇ ਰੋਜ਼ਾਨਾ ਉਨ੍ਹਾਂ ਨੂੰ  ਪੂਜਦੇ ਲੱਖਾਂ ਲੋਕਾਂ ਦੀ ਸ਼ਰਧਾ ਤੋਂ ਹੁੰਦਾ ਹੈ | 
ਭਗਵਤ ਗੀਤਾ ਦੇ 18 ਅਧਿਆਵਾਂ ਰਾਹੀਂ ਮਹਾਭਾਰਤ ਦੌਰਾਨ ਕੁਰਕਸ਼ੇਤਰ ਦੇ ਜੰਗੀ ਮੈਦਾਨ 'ਚ ਕ੍ਰਿਸ਼ਨ ਭਗਵਾਨ ਵਲੋਂ ਅਰਜੁਨ ਨੂੰ  ਦਿੱਤਾ ਗਿਆ ਅਧਿਆਤਮਿਕ ਗਿਆਨ ਅੱਜ ਵੀ ਵੱਡਾ ਮਹੱਤਵ ਰੱਖਦਾ ਹੈ | ਹਸਤਨਾਪੁਰ ਦੇ ਰਾਜੇ ਧਿ੍ਤਰਾਸ਼ਟਰ ਦੇ ਪੁੱਤਰ ਮੋਹ ਤੇ ਉਨ੍ਹਾਂ ਦੇ ਪੁੱਤਰ ਦੁਰਯੋਧਨ ਦੀ ਜ਼ਿੱਦ ਕਾਰਨ ਮਹਾਭਾਰਤ ਦਾ ਯੁੱਧ ਹੋਇਆ ਸੀ | ਕ੍ਰਿਸ਼ਨ ਭਗਵਾਨ ਨੇ ਪਰਿਵਾਰਿਕ ਝਗੜੇ ਨੂੰ  ਖ਼ਤਮ ਕਰਨ ਲਈ  ਪਾਂਡਵਾਂ ਲਈ ਸਿਰਫ਼ 5 ਪਿੰਡ ਮੰਗੇ ਸਨ, ਪਰ ਦੁਰਯੋਧਨ ਸੂਈ ਦੇ ਨੱਕੇ ਜਿੰਨੀ ਜਗ੍ਹਾ ਦੇਣ ਤੋਂ ਵੀ ਇਨਕਾਰੀ ਸੀ | ਇਸ ਤੋਂ ਪਹਿਲਾਂ ਹਸਤਨਾਪੁਰ ਦੀ ਰਾਜ ਸਭਾ 'ਚ ਕੌਰਵਾਂ ਵਲੋਂ ਦਰੋਪਤੀ ਨੂੰ  ਬੇਪੱਤ ਕਰਨ ਦੀ ਕੋਸ਼ਿਸ਼ ਵੀ ਕ੍ਰਿਸ਼ਨ ਜੀ ਨੇ ਨਾਕਾਮ ਕਰ ਦਿੱਤੀ ਸੀ | ਕ੍ਰਿਸ਼ਨ ਭਗਵਾਨ ਵਲੋਂ ਭਗਵਤ ਗੀਤਾ ਰਾਹੀਂ ਮਨੁੱਖ ਨੂੰ  ਸੱਚਾ-ਸੁੱਚਾ ਤੇ ਸੁਖੀ ਜੀਵਨ ਜਿਊਣ ਦੀ ਸਿੱਖਿਆ ਦਿੱਤੀ ਗਈ ਹੈ | ਮਨੁੱਖ ਸੁਖੀ ਜੀਵਨ ਚਾਹੁੰਦਾ ਹੈ ਤੇ ਇਸ ਲਈ ਵਿਸ਼ੇਸ਼ ਧਾਰਮਿਕ ਪ੍ਰਵਿਰਤੀ ਦੀ ਲੋੜ ਹੈ, ਜਿਸ ਨੂੰ  ਗੀਤਾ ਸੰਪੂਰਨ ਕਰਦੀ ਹੈ | ਧਾਰਮਿਕਤਾ ਦਾ ਅਸਲ ਰੂਪ ਉਦੋਂ ਪ੍ਰਗਟ ਹੋਇਆ ਜਦੋਂ ਕੌਰਵਾਂ ਤੇ ਪਾਂਡਵਾਂ ਵਿਚਾਲੇ ਯੁੱਧ ਤੈਅ ਹੋ ਗਿਆ ਤਾਂ ਯੁੱਧ ਤੋਂ ਪਹਿਲਾਂ ਹੀ ਅਰਜੁਨ ਨੇ ਆਪਣੇ ਸਾਰਥੀ ਕ੍ਰਿਸ਼ਨ ਭਗਵਾਨ ਨੂੰ  ਆਪਣਾ ਰੱਥ ਯੁੱਧ ਦੇ ਮੈਦਾਨ ਦੇ ਕੇਂਦਰ ਵਿਚ ਲਿਜਾਣ ਲਈ ਕਿਹਾ, ਤਾਂ ਜੋ ਉਹ ਆਪਣੇ ਸਭ ਵਿਰੋਧੀਆਂ ਨੂੰ  ਵੇਖ ਸਕੇ | 
ਜਦੋਂ ਅਰਜੁਨ ਨੇ ਆਪਣੇ ਪਰਿਵਾਰਕ ਮੈਂਬਰਾਂ ਭਰਾਵਾਂ, ਭਤੀਜਿਆਂ, ਗੁਰੂ ਦਰੋਣਾਚਾਰੀਆ ਤੇ ਭੀਸ਼ਮ ਪਿਤਾਮਾ ਨੂੰ  ਦੇਖਿਆ ਤਾਂ ਉਸ ਦਾ ਹੌਸਲਾ ਟੁੱਟ ਗਿਆ, ਉਸ ਨੇ ਰੱਥ ਤੋਂ ਹੇਠਾਂ ਉਤਰ ਕੇ ਕ੍ਰਿਸ਼ਨ ਭਗਵਾਨ ਸਾਹਮਣੇ ਹਥਿਆਰ ਸੁੱਟਦਿਆਂ ਕਿਹਾ ਕਿ ਉਹ ਆਪਣੇ ਗੁਰੂਆਂ ਤੇ ਸਕੇ-ਸੰਬੰਧੀਆਂ ਨਾਲ ਯੁੱਧ ਕਰਕੇ ਪਾਪਾਂ ਦਾ ਭਾਗੀ ਬਣਨ ਨਾਲੋਂ ਭਿਖਿਆ ਮੰਗ ਕੇ ਜੀਅ ਲਵੇਗਾ | ਉਸ ਸਮੇਂ ਕ੍ਰਿਸ਼ਨ ਜੀ ਨੇ ਅਰਜੁਨ ਨੂੰ   ਸਮਝਾਇਆ ਕਿ ਆਤਮਾ ਅਮਰ ਹੋਣ ਕਰਕੇ ਕਦੇ ਨਹੀਂ ਮਰਦੀ ਤੇ ਉਹ ਆਪਣੇ ਫਰਜ਼ ਦੀ ਪੂਰਤੀ ਕਰੇ | ਆਪਣਾ ਕਰਤੱਵ ਨਿਭਾਉਣ ਵਾਲੇ ਨੂੰ  ਹਾਰਨ 'ਤੇ ਵੀ ਸਵਰਗ ਤੇ ਜਿੱਤਣ ਨਾਲ ਰਾਜ ਭਾਗ ਮਿਲੇਗਾ | ਤੇਰੇ ਪਰਿਵਾਰਕ  ਮੈਂਬਰ ਤੇ ਗੁਰੂ ਲੋਕ ਵੀ ਤਾਂ ਤੁਹਾਡੇ ਵਿਰੁੱਧ ਤੁਹਾਨੂੰ ਮਾਰਨ ਲਈ ਖੜ੍ਹੇ ਹਨ? ਇਹ ਲੜਾਈ ਘਰ-ਘਰ ਦੀ ਰਹੀ ਹੈ, ਜਿਸ ਦੀ ਵਜ੍ਹਾ ਹਮੇਸ਼ਾ ਜਰ, ਜ਼ੋਰੂ ਤੇ ਜ਼ਮੀਨ ਰਹੀ ਹੈ | ਤੁਸੀਂ ਸੱਚ ਦੀ ਲੜਾਈ ਲੜ ਰਹੇ ਹੋ, ਮੁਕਤੀ ਕੇਵਲ ਈਸ਼ਵਰ ਹੀ ਦੇ ਸਕਦਾ ਹੈ | ਭਗਵਾਨ ਕਿ੍ਸ਼ਨ ਨੇ ਅਰਜੁਨ ਦੇ ਸ਼ੰਕੇ ਦੂਰ ਕਰਕੇ ਉਸ ਨੂੰ  ਲੜਨ ਲਈ ਪ੍ਰੇਰਿਤ ਕੀਤਾ ਤੇ ਆਖਰ ਪਾਂਡਵਾਂ ਨੇ ਮਹਾਭਾਰਤ ਦਾ ਯੁੱਧ ਜਿੱਤ ਲਿਆ |
ਕ੍ਰਿਸ਼ਨ ਭਗਵਾਨ ਦਾ ਜਨਮ ਦਿਹਾੜਾ ਕ੍ਰਿਸ਼ਨ ਜਨਮ ਅਸ਼ਟਮੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਰਜ, ਤਮ ਤੇ ਸਤ ਤੋਂ ਬਚਣ ਦਾ ਉਪਦੇਸ਼ ਦਿੰਦਿਆਂ ਜੀਵ, ਦੇਵਤਾ, ਪ੍ਰਪੰਚ ਤੇ ਪਰਮੇਸ਼ਵਰ ਦਾ ਨਿਰੀਖਣ ਕਰਕੇ ਸਪੱਸ਼ਟ ਕੀਤਾ ਕਿ ਦੁਨੀਆ ਪ੍ਰਪੰਚ ਪਿੱਛੇ ਲੱਗੀ ਹੋਈ ਹੈ | ਕ੍ਰਿਸ਼ਨ ਜੀ ਨੇ ਨਿਸ਼ਕਾਮਤਾ ਦਾ  ਸੰਦੇਸ਼ ਦਿੰਦਿਆਂ ਕਿਹਾ ਕਿ ਕਾਮ, ਕ੍ਰੋਧ, ਲੋਭ, ਮੋਹ, ਤਿਆਗ ਕੇ ਇਨਸਾਨ ਸੱਚਾ ਜੀਵਨ ਅਪਣਾ ਸਕਦਾ ਹੈ | ਕ੍ਰਿਸ਼ਨ ਜੀ ਅਤੇ ਉਸ ਦੇ ਵੱਖ-ਵੱਖ ਅਵਤਾਰਾਂ ਦੀ ਮੰਦਰਾਂ ਵਿਚ ਅਨੇਕਾਂ ਧਾਰਮਿਕ ਅਵਤਾਰਾਂ ਦੀ ਪੂਜਾ ਕੀਤੀ ਜਾਂਦੀ ਹੈ, ਦੁਨੀਆ ਭਰ ਵਿਚ ਇਸਕਾਨ ਮੰਦਰ ਅੰਤਰਰਾਸ਼ਟਰੀ ਪੱਧਰ 'ਤੇ ਬਣੇ ਹੋਏ ਹਨ | ਸ੍ਰੀ ਕ੍ਰਿਸ਼ਨ ਪੰਥ ਦੀ ਸਥਾਪਨਾ ਸ੍ਰੀ ਕ੍ਰਿਸ਼ਨ ਦੇ ਪੰਜਵੇਂ ਅਵਤਾਰ ਸੁਆਮੀ ਚਕਰਧਰ ਨੇ 800 ਸਾਲ ਪਹਿਲਾਂ ਮਹਾਰਾਸ਼ਟਰ ਵਿਚ ਕੀਤੀ ਸੀ | ਦੇਸ਼ ਭਰ ਵਿਚ ਖਾਸ ਕਰਕੇ ਪੱਛਮੀ ਤੇ ਉੱਤਰੀ ਭਾਰਤ ਦੇ ਮੰਦਰਾਂ 'ਚ ਬਹੁਤ ਸਾਰੇ ਕ੍ਰਿਸ਼ਨ ਭਗਤ ਘਰ ਬਾਰ ਤਿਆਗ ਕੇ ਆਸ਼ਰਮਾਂ ਵਿਚ ਰਹਿੰਦੇ ਹਨ ਤੇ ਪੰਜ ਅਵਤਾਰਾਂ ਦੀ ਭਗਤੀ ਕਰਦੇ ਹਨ | ਪੱਛਮੀ ਭਾਰਤ ਦੇ ਮਹਾਰਾਸ਼ਟਰ ਅਤੇ ਗੁਜਰਾਤ ਵਿਚ ਭਗਵਤ ਗੀਤਾ ਦੇ ਨਾਲ ਮੁੱਖ ਤੌਰ ਤੇ ਬ੍ਰਹਮ ਵਿੱਦਿਆ ਨੂੰ  ਪ੍ਰਮੁੱਖ ਗ੍ਰੰਥਾਂ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਸਦਾ ਮੁੱਖ ਉਦੇਸ਼ ਤਿਆਗ ਤੇ ਸਿਮਰਨ ਹੈ | ਸਭ ਭਗਵਾਨ ਕ੍ਰਿਸ਼ਨ ਉਪਾਸ਼ਕਾਂ ਨੂੰ  ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੀ ਹਾਰਦਿਕ ਵਧਾਈ |

-217, ਗੁਰੂ ਹਰਗੋਬਿੰਦ ਨਗਰ, ਫਗਵਾੜਾ (ਕਪੂਰਥਲਾ) |
ਮੋਬਾਈਲ : 98776-70710

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆਂ ਵਾਜਿਬ ਮੰਗਾਂ ਵੱਲ ਧਿਆਨ ਦੇਣ ਸਰਕਾਰਾਂ ਅਗਲੀ ਖ਼ਬਰ ਦੇਸ਼ ਦੀ ਸਿਆਸਤ ਵਿਚ ਨੌਜਵਾਨਾਂ ਦੀ ਭਾਗੀਦਾਰੀ ਵਧਾਈ ਜਾਵੇ
Ad Position 24