04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਧਿਆਪਕਾਂ ਦੇ ਹੱਥਾਂ ਵਿਚ ਹੈ ਭਾਰਤ ਦਾ ਭਵਿੱਖ

ਅਧਿਆਪਕਾਂ ਦੇ ਹੱਥਾਂ ਵਿਚ ਹੈ ਭਾਰਤ ਦਾ ਭਵਿੱਖ

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

ਅਧਿਆਪਕ ਭਾਗਾਂ ਦੇ ਸਿਰਜਣਹਾਰ ਹੁੰਦੇ ਹਨ | ਮੈਂ ਕਰੋੜਾਂ ਵਿਦਿਆਰਥੀਆਂ ਦੇ ਜੀਵਨ 'ਚ ਵਿੱਦਿਆ, ਹੁਨਰ, ਨੈਤਿਕਤਾ ਤੇ ਪ੍ਰੇਰਨਾ ਦਾ ਸੰਚਾਰ ਕਰਨ ਵਾਲੇ ਅਧਿਆਪਕਾਂ ਦਾ ਸਾਰੇ ਦੇਸ਼ ਵਾਸੀਆਂ ਵਲੋਂ 'ਅਧਿਆਪਕ ਦਿਵਸ' ਮੌਕੇ ਸ਼ੁਕਰਾਨਾ  ਕਰਦੀ ਹਾਂ | ਸਾਡੇ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕਿ੍ਸ਼ਨਨ ਦੀ ਇੱਛਾ ਸੀ ਕਿ ਉਨ੍ਹਾਂ ਦਾ ਜਨਮ ਦਿਨ 'ਅਧਿਆਪਕ ਦਿਵਸ' ਵਜੋਂ ਮਨਾਇਆ ਜਾਵੇ | ਉਹ ਵਿਸ਼ਵ-ਪ੍ਰਸਿੱਧ ਵਿਦਵਾਨ, ਲੇਖਕ ਤੇ ਰਾਜਨੇਤਾ ਸਨ, ਪਰ ਅਧਿਆਪਕ ਦੀ ਭੂਮਿਕਾ ਨੂੰ  ਉਨ੍ਹਾਂ ਨੇ ਸਭ ਤੋਂ ਮਹੱਤਵਪੂਰਨ ਮੰਨਿਆ | ਜਦੋਂ ਇਕ ਵਾਰ ਸਾਡੇ ਹਰਮਨ-ਪਿਆਰੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਤੋਂ ਪੁੱਛਿਆ ਗਿਆ ਕਿ ਲੋਕ ਉਨ੍ਹਾਂ ਨੂੰ  ਇਕ ਵਿਗਿਆਨੀ ਜਾਂ ਰਾਸ਼ਟਰਪਤੀ ਵਜੋਂ ਯਾਦ ਕਰਨਗੇ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ  ਇਕ ਅਧਿਆਪਕ ਵਜੋਂ ਯਾਦ ਕੀਤਾ ਜਾਵੇ | ਅਧਿਆਪਕਾਂ ਪ੍ਰਤੀ  ਸਤਿਕਾਰ ਸਾਡਾ ਆਦਰਸ਼ ਰਿਹਾ ਹੈ | ਸਾਡੇ ਪ੍ਰਾਚੀਨ ਗ੍ਰੰਥਾਂ ਵਿਚ ਅਧਿਆਪਕ ਨੂੰ  ਵਿਦਿਆਰਥੀਆਂ ਨਾਲ ਆਪਣੀ ਸੰਤਾਨ ਵਾਂਗ ਪਿਆਰ ਕਰਦਿਆਂ ਬਿਨਾਂ ਕਿਸੇ ਭੇਦਭਾਵ ਸਮਾਨਤਾ ਦਾ ਵਿਵਹਾਰ ਕਰਨ ਤੇ ਉਨ੍ਹਾਂ ਦੀ ਭਲਾਈ 'ਤੇ ਆਪਣਾ ਧਿਆਨ ਕੇਂਦਰਿਤ ਰੱਖਣ ਲਈ ਕਿਹਾ ਗਿਆ ਹੈ | ਲਗਭਗ 3 ਹਜ਼ਾਰ ਸਾਲ ਪਹਿਲਾਂ ਤੈਤਿਰੀਯ ਉਪਨਿਸ਼ਦ ਦੀ ਸਿਕਸ਼ਾਵੱਲੀ ਵਿਚ 'ਆਚਾਰਯਦੇਵੋ ਭਵ' ਦਾ ਸੁਨੇਹਾ ਦਿੱਤਾ ਗਿਆ ਹੈ |

ਵਿਦਿਆਰਥੀ ਜੀਵਨ ਦੌਰਾਨ ਮੈਨੂੰ ਬਹੁਤ ਚੰਗੇ ਤੇ ਸਨੇਹੀ ਅਧਿਆਪਕਾਂ ਦਾ ਮਾਰਗ-ਦਰਸ਼ਨ ਮਿਲਦਾ ਰਿਹਾ ਹੈ | ਸਾਡੀਆਂ ਅਧਿਆਪਕਾਵਾਂ ਸਕੂਲ ਦੀ ਛੁੱਟੀ ਤੋਂ ਬਾਅਦ ਵੀ ਕਦੇ-ਕਦੇ ਸਾਨੂੰ ਪੜ੍ਹਾਉਂਦੀਆਂ ਸਨ | 7ਵੀਂ ਜਮਾਤ ਤੋਂ ਬਾਅਦ ਆਪਣੇ ਪਿੰਡ ਤੋਂ ਬਾਹਰ ਜਾ ਕੇ ਪੜ੍ਹਾਈ ਕਰਨ ਵਾਲੀ ਮੈਂ ਪਹਿਲੀ ਵਿਦਿਆਰਥਣ ਸੀ ਤੇ ਅੱਗੇ ਦੀ ਪੜ੍ਹਾਈ ਦੌਰਾਨ ਭੁਵਨੇਸ਼ਵਰ ਵਿਚ ਵੀ ਮੈਨੂੰ ਅਧਿਆਪਕਾਂ ਦਾ ਭਰਪੂਰ ਸਨੇਹ ਤੇ ਮਾਰਗ-ਦਰਸ਼ਨ ਮਿਲਦਾ ਰਿਹਾ | ਅਧਿਆਪਕ ਵਿਦਿਆਰਥੀਆਂ ਵਿਚ ਅਥਾਹ ਸਮਰੱਥਾ ਤੇ ਪ੍ਰੇਰਨਾ ਦਾ ਸੰਚਾਰ ਕਰਦੇ ਹਨ, ਜਿਸ ਨਾਲ ਵਿਦਿਆਰਥੀਆਂ ਵਿਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦਾ ਹੌਸਲਾ ਤੇ ਵੱਡੇ ਤੋਂ ਵੱਡੇ ਟੀਚੇ ਨੂੰ  ਪ੍ਰਾਪਤ ਕਰਨ ਦਾ ਉਤਸ਼ਾਹ ਬਣਿਆ ਰਹਿੰਦਾ ਹੈ | ਅਧਿਆਪਕ ਪਾਠਕ੍ਰਮ ਤਾਂ ਪੜ੍ਹਾਉਂਦੇ ਹੀ ਹਨ, ਪਰ ਆਪਣੀਆਂ ਸਰਗਰਮੀਆਂ ਰਾਹੀਂ ਵਿਦਿਆਰਥੀਆਂ ਨੂੰ  ਜੀਵਨ ਜਿਊਣ ਦੀ ਕਲਾ ਵੀ ਸਿਖਾਉਂਦੇ ਹਨ | ਇਸ ਤਰ੍ਹਾਂ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਮਾਰਗ-ਦਰਸ਼ਕ, ਸ਼ੁਭਚਿੰਤਕ, ਮਿੱਤਰ ਤੇ ਸਹਿਯਾਤਰੀ ਵੀ ਹੁੰਦੇ ਹਨ | 
ਉੱਤਮ ਅਧਿਆਪਕ ਦੀ ਵਿਸ਼ੇਸ਼ਤਾ ਬਾਰੇ ਸਦੀਆਂ ਪਹਿਲਾਂ ਮਹਾਕਵੀ ਕਾਲੀਦਾਸ ਆਪਣੇ ਨਾਟਕ 'ਮਾਲਵਿਕਾਗਨਿਮਿਤ੍ਰਮ' 'ਚ ਕਹਿੰਦੇ ਹਨ ਕਿ ਜੋ ਅਧਿਆਪਕ  ਗਿਆਨ ਨਾਲ ਭਰਪੂਰ ਹੋਵੇ ਤੇ ਉਸ ਗਿਆਨ ਨੂੰ  ਸਮਝਾਉਣ ਦੇ ਸਮਰੱਥ ਹੋਵੇ, ਉਹੀ ਚੰਗਾ ਅਧਿਆਪਕ ਹੁੰਦਾ ਹੈ | ਵਿਦਿਆਰਥੀਆਂ ਵਿਚ ਆਜ਼ਾਦ ਚਿੰਤਨ ਨੂੰ  ਉਤਸ਼ਾਹਿਤ ਕਰਨਾ, ਜਗਿਆਸਾ ਪੈਦਾ ਕਰਨਾ, ਸਵਾਲ ਕਰਨ ਦੀ ਪ੍ਰਵਿਰਤੀ ਨੂੰ  ਉਤਸ਼ਾਹਿਤ ਕਰਨਾ, ਤਰਕ-ਸ਼ਕਤੀ ਦਾ ਵਿਕਾਸ ਕਰਨਾ ਤੇ ਉਨ੍ਹਾਂ ਦੀ ਆਜ਼ਾਦ ਹਸਤੀ ਦੇ ਨਿਰਮਾਣ ਵਿਚ ਯੋਗਦਾਨ ਦੇਣਾ ਅਧਿਆਪਨ ਕਾਰਜ ਦੇ ਪ੍ਰੇਰਕ ਤੇ ਉਪਯੋਗੀ ਪੱਖ ਹਨ | ਅਜਿਹੀ ਪ੍ਰੇਰਕ ਸਿੱਖਿਆ ਨਾਲ ਹੀ ਸਫਲ ਉਦਯੋਗਪਤੀ, ਪ੍ਰਤਿਭਾਸ਼ਾਲੀ ਵਿਗਿਆਨੀ, ਸਿਰਜਣਸ਼ੀਲ ਕਲਾਕਾਰ ਤੇ ਚੁਣੌਤੀਆਂ ਦੇ ਨਵੇਂ ਹੱਲ ਪੇਸ਼ ਕਰਨ ਵਾਲੇ ਨਾਗਰਿਕਾਂ ਦੀਆਂ ਪੀੜ੍ਹੀਆਂ ਤਿਆਰ ਹੁੰਦੀਆਂ ਹਨ | ਅਧਿਆਪਨ ਸਿਰਫ਼ ਇਕ ਪੇਸ਼ਾ ਨਹੀਂ ਹੈ; ਇਹ ਇੱਕ ਪਵਿੱਤਰ ਪ੍ਰਣ ਹੈ | ਇਹ ਸਿਰਫ਼ ਕਾਰੋਬਾਰ ਜਾਂ ਨੌਕਰੀ ਨਹੀਂ ਹੈ, ਸਗੋਂ ਮਨੁੱਖਤਾ ਦੇ ਨਿਰਮਾਣ ਦਾ ਪਵਿੱਤਰ ਕਾਰਜ ਹੈ |
ਮੈਨੂੰ ਅਧਿਆਪਨ ਨਾਲ ਜੁੜੀਆਂ ਯਾਦਾਂ ਬਹੁਤ ਸੰਤੁਸ਼ਟੀ ਦਿੰਦੀਆਂ ਹਨ | ਮੈਂ ਓਡੀਸ਼ਾ ਦੇ ਰਾਇਰੰਗਪੁਰ ਸਥਿਤ 'ਸ੍ਰੀ ਔਰੋਬਿੰਦੋ ਇੰਟੀਗ੍ਰਲ ਸਕੂਲ' ਵਿਚ ਬੱਚਿਆਂ ਨੂੰ  ਵੱਖ-ਵੱਖ ਵਿਸ਼ਿਆਂ ਨੂੰ  ਪੜ੍ਹਾਉਣ ਤੋਂ ਇਲਾਵਾ ਉਨ੍ਹਾਂ ਨੂੰ  ਸੰਗੀਤ, ਖੇਡਾਂ ਤੇ ਨਾਟਕ ਦੀ ਤਿਆਰੀ ਪੂਰੇ ਮਨ ਨਾਲ ਕਰਵਾਉਂਦੀ ਸੀ | ਬੱਚਿਆਂ ਦੇ ਨਾਲ ਆਜ਼ਾਦੀ ਦਿਹਾੜੇ 'ਤੇ ਗਣਤੰਤਰ ਦਿਹਾੜੇ ਦੀ ਤਿਆਰੀ ਤੇ ਉਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਨੂੰ  ਯਾਦ ਕਰਕੇ ਅੱਜ ਵੀ ਮੇਰਾ ਮਨ ਖੁਸ਼ੀ ਨਾਲ ਭਰ ਜਾਂਦਾ ਹੈ | ਮੈਂ ਸਮਝਦੀ ਹਾਂ ਕਿ ਬੱਚਿਆਂ ਦੀ ਸਹਿਜਤਾ ਤੇ ਜਗਿਆਸਾ ਸਾਰੇ ਅਧਿਆਪਕਾਂ ਨੂੰ  ਬਹੁਤ ਕੁਝ ਸਿਖਾਉਂਦੀ ਹੈ | ਰਾਸ਼ਟਰਪਤੀ ਦੇ ਰੂਪ ਵਿਚ ਆਪਣੇ ਕਾਰਜਕਾਲ ਦਾ ਦੂਜਾ ਸਾਲ ਪੂਰਾ ਹੋਣ ਦੇ ਮੌਕੇ ਮੈਂ ਰਾਸ਼ਟਰਪਤੀ ਭਵਨ ਕੰਪਲੈਕਸ ਵਿਚ ਸਥਿਤ ਸਕੂਲ ਦੇ ਵਿਦਿਆਰਥੀਆਂ ਨੂੰ  ਵਾਤਾਵਰਨ ਸੰਭਾਲ ਦੇ ਵਿਸ਼ੇ 'ਤੇ ਪੜ੍ਹਾਇਆ ਤੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ |
  ਲਗਭਗ 11 ਸਾਲ ਪਹਿਲਾਂ ਮੈਂ ਆਪਣੇ ਨਿਵਾਸ-ਸਥਾਨ ਵਾਲੇ ਪਿੰਡ 'ਚ ਇਕ ਰਿਹਾਇਸ਼ੀ ਸਕੂਲ ਦੀ ਸਥਾਪਨਾ ਕੀਤੀ ਸੀ | ਉਸ ਸਕੂਲ ਵਿਚ ਅਨਾਥ ਤੇ ਵਾਂਝੇ ਪਰਿਵਾਰਾਂ ਦੇ ਬੱਚੇ ਸਿੱਖਿਆ ਹਾਸਿਲ ਕਰਦੇ ਹਨ | ਮੈਨੂੰ ਇਸ ਸਾਲ 20 ਜੂਨ ਨੂੰ  ਆਪਣੇ ਜਨਮ ਦਿਨ ਮੌਕੇ ਇਨ੍ਹਾਂ ਬੱਚਿਆਂ ਨੂੰ  ਮਿਲ ਕੇ ਬਹੁਤ ਖ਼ੁਸ਼ੀ ਹੋਈ, ਉਸ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਮੇਰੇ ਨਾਲ ਸਕੂਲ ਜਾ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ | ਸਿੱਖਿਆ ਪ੍ਰਦਾਨ ਕਰਨਾ ਸਿਰਫ਼ ਅਧਿਆਪਕਾਂ ਤੱਕ ਸੀਮਤ ਨਹੀਂ ਹੈ, ਆਪਣੇ ਆਚਰਣ ਤੇ ਪ੍ਰਾਪਤੀਆਂ ਨਾਲ ਬੱਚਿਆਂ ਲਈ 'ਰੋਲ ਮਾਡਲ' ਬਣਨ ਵਾਲਾ ਵਿਅਕਤੀ ਵੀ ਸਿੱਖਿਆ ਤੇ ਪ੍ਰੇਰਨਾ ਦਾ ਵਡਮੁੱਲਾ ਸਰੋਤ ਹੁੰਦਾ ਹੈ |
ਮਾਤਾ-ਪਿਤਾ ਤੇ ਸਰਪ੍ਰਸਤ ਬਹੁਤ ਭਰੋਸੇ ਨਾਲ ਆਪਣੇ ਬੱਚਿਆਂ ਨੂੰ  ਅਧਿਆਪਕਾਂ ਕੋਲ ਭੇਜਦੇ ਹਨ ਕਿ ਅਧਿਆਪਕ ਪੂਰੀ ਅਪਣੱਤ ਨਾਲ ਬੱਚਿਆਂ ਦੀ ਸੁਰੱਖਿਆ ਤੇ ਸਮੁੱਚੇ ਵਿਕਾਸ ਵੱਲ ਧਿਆਨ ਦੇਣਗੇ | ਇਸ ਪਵਿੱਤਰ ਆਸਥਾ ਦੀ ਰਾਖੀ ਕਰਨੀ ਹਰੇਕ ਅਧਿਆਪਕ ਦਾ ਧਰਮ ਹੈ | ਅਧਿਆਪਕ ਦਾ ਆਚਰਣ ਤੇ ਵਿਵਹਾਰ ਅਜਿਹਾ ਹੋਵੇ ਕਿ ਬੱਚਿਆਂ ਵਿਚ ਕੋਈ ਡਰ ਤੇ ਹੀਣ ਭਾਵਨਾ ਪੈਦਾ ਨਾ ਹੋਵੇ, ਉਨ੍ਹਾਂ ਦਾ ਕਦੇ ਮਨੋਬਲ ਨਾ ਟੁੱਟੇ | ਵਿਦਿਆਰਥੀ ਨੂੰ  ਚੰਗਾ ਵਿਅਕਤੀ ਬਣਾਉਣਾ ਅਧਿਆਪਕ ਦਾ ਫਰਜ਼ ਹੈ, ਜਦਕਿ ਸਫ਼ਲਤਾ ਤੇ ਨਾਮਣਾ ਖੱਟਣ ਵਾਲੇ ਵਿਦਿਆਰਥੀ ਹੀ ਅਧਿਆਪਕ ਦੀ ਸਫਲਤਾ ਦੇ ਜੀਵੰਤ ਰੂਪ ਹੁੰਦੇ ਹਨ |
ਸਾਡਾ ਦੇਸ਼ ਸਮਾਜਿਕ ਸ਼ਮੂਲੀਅਤ ਨਾਲ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ | ਮੈਂ ਚਾਹਾਂਗੀ ਕਿ ਇਸ ਵਿਕਾਸ ਯਾਤਰਾ ਦੀ ਲੜੀ 'ਚ ਸਾਡੇ ਅਧਿਆਪਕ ਅਜਿਹੀਆਂ ਪੀੜ੍ਹੀਆਂ ਦਾ ਨਿਰਮਾਣ ਕਰਨ ਜੋ ਸਾਡੀ ਸੰਸਕਿ੍ਤੀ ਦੀ ਮਾਣਮੱਤੀ ਪਰੰਪਰਾ ਦੇ ਮਹੱਤਵ ਨੂੰ  ਸਮਝ ਕੇ ਵਿਗਿਆਨਕ ਦਿ੍ਸ਼ਟੀਕੋਣ ਨਾਲ ਮਨੁੱਖਤਾ ਦੇ ਭਲੇ ਲਈ ਕੰਮ ਕਰਦਿਆਂ ਵਾਤਾਵਰਨ ਤੇ ਪਸ਼ੂ-ਪੰਛੀਆਂ ਦੀ ਸੰਭਾਲ ਕਰਨ, ਵਿਅਕਤੀਗਤ ਤੇ ਸਾਂਝੀਆਂ ਸਰਗਰਮੀਆਂ 'ਚ ਉੱਤਮਤਾ ਹਾਸਿਲ ਕਰਕੇ 'ਰਾਸ਼ਟਰ ਸਰਬਉੱਚ' ਦੀ ਭਾਵਨਾ ਨਾਲ ਅੱਗੇ ਵਧੇ | ਸਾਰੇ ਦੇਸ਼ ਵਾਸੀਆਂ ਨੂੰ  ਨਿਸ਼ਠਾਵਾਨ ਅਧਿਆਪਕਾਂ ਪ੍ਰਤੀ ਸਦਾ ਸਨਮਾਨ ਦੀ ਭਾਵਨਾ ਰੱਖਣੀ ਚਾਹੀਦੀ ਹੈ | ਮੇਰੀ ਕਾਮਨਾ ਹੈ ਕਿ ਸਮਰਪਿਤ ਅਧਿਆਪਕਾਂ ਦੇ ਯੋਗਦਾਨ ਨਾਲ ਭਾਰਤ ਪੜ੍ਹੇ ਤੇ ਬਹੁਤ ਅੱਗੇ ਵਧੇ |

Ad Position 22
No active advertisement
ਪਿਛਲੀ ਖ਼ਬਰ ਏ. ਆਈ. ਦੇ ਦੌਰ ਵਿਚ ਅਧਿਆਪਕ ਹੋਣ ਦੇ ਮਾਇਨੇ ਅਗਲੀ ਖ਼ਬਰ ਸੂਝਵਾਨ ਅਧਿਆਪਕ, ਸਫ਼ਲ ਲੇਖਕ ਅਤੇ ਕੁਸ਼ਲ ਪ੍ਰਸ਼ਾਸਕ ਸਨ ਡਾ. ਐੱਸ. ਰਾਧਾਕਿ੍ਸ਼ਨਨ
Ad Position 24