ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਜਪਾ ਦਾ ਵਧਦਾ ਪ੍ਰਭਾਵ

Ad Position 21
No active advertisement
ਅਜੀਤ ਡੈਸਕ 10-05-2026

ਪੱਛਮੀ ਬੰਗਾਲ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦੇਸ਼ ਭਰ ਦੇ ਬਹੁਤੇ ਮੁੱਖ ਮੰਤਰੀਆਂ ਅਤੇ ਆਗੂਆਂ ਦੀ ਮੌਜੂਦਗੀ ਵਿਚ ਸੁਵੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਸੂਬੇ ਦੀ ਜਿੱਤ ਨੂੰ ਸ੍ਰੀ ਮੋਦੀ ਅਤੇ ਭਾਜਪਾ ਦੀ ਇਤਿਹਾਸਕ ਜਿੱਤ ਕਿਹਾ ਜਾ ਸਕਦਾ ਹੈ। ਚਾਹੇ ਜਨਸੰਘ ਦੇ ਪਹਿਲੇ ਪ੍ਰਮੁੱਖ ਆਗੂ ਸ਼ਿਆਮਾ ਪ੍ਰਸਾਦ ਮੁਖਰਜੀ ਬੰਗਾਲੀ ਮੂਲ ਦੇ ਹੀ ਸਨ, ਪਰ ਇਸ ਸੂਬੇ ਵਿਚ 1950 ਤੋਂ ਹੀ ਇਸ ਪਾਰਟੀ ਦੀ ਹਾਜ਼ਰੀ ਨਾ-ਮਾਤਰ ਰਹੀ ਸੀ। ਇੱਥੇ ਦੇਸ਼ ਦੀਆਂ ਪਹਿਲੀਆਂ ਚੋਣਾਂ ਵਿਚ ਕਾਂਗਰਸ ਦੀਆਂ ਸਰਕਾਰਾਂ, ਉਸ ਤੋਂ ਬਾਅਦ 34 ਵਰ੍ਹਿਆਂ ਤੱਕ ਮਾਰਕਸੀ ਪਾਰਟੀ ਦੀ ਅਗਵਾਈ ਵਿਚ ਖੱਬੇ-ਪੱਖੀ ਪਾਰਟੀਆਂ ਦਾ ਪ੍ਰਸ਼ਾਸਨ ਰਿਹਾ, ਜਿਸ ਵਿਚ ਬਹੁਤਾ ਸਮਾਂ ਜੋਤੀ ਬਾਸੂ ਵਰਗਾ ਪ੍ਰਭਾਵਸ਼ਾਲੀ ਮਾਰਕਸੀ ਆਗੂ ਮੁੱਖ ਮੰਤਰੀ ਬਣਿਆ ਰਿਹਾ। ਉਸ ਤੋਂ ਬਾਅਦ 15 ਸਾਲ ਤੱਕ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਮੁੱਖ ਮੰਤਰੀ ਰਹੀ। ਏਨੇ ਲੰਮੇ ਚੋਣ ਇਤਿਹਾਸ ਤੋਂ ਬਾਅਦ ਭਾਜਪਾ ਵਲੋਂ ਰਾਜਸੱਤਾ ਸੰਭਾਲਣਾ ਅਜਿਹੀ ਤਬਦੀਲੀ ਹੈ, ਜੋ ਛੇਤੀ ਕੀਤਿਆਂ ਬੰਗਾਲੀ ਮਾਨਸਿਕਤਾ ਨਾਲ ਨਹੀਂ ਜੁੜਦੀ, ਪਰ ਹੁਣ ਹੋਈਆਂ ਚੋਣਾਂ ਵਿਚ 294 ਵਿਧਾਇਕਾਂ ਵਾਲੀ ਵਿਧਾਨ ਸਭਾ ਵਿਚ 207 ਸੀਟਾਂ ਪ੍ਰਾਪਤ ਕਰਨਾ ਪਾਰਟੀ ਦੀ ਵੱਡੀ ਪ੍ਰਾਪਤੀ ਹੈ।
ਚੋਣਾਂ ਤੋਂ ਪਹਿਲਾਂ ਵੀ ਇੱਥੇ ਪਾਰਟੀ ਨੂੰ ਸਖ਼ਤ ਇਮਤਿਹਾਨ 'ਚੋਂ ਗੁਜ਼ਰਨਾ ਪਿਆ ਅਤੇ ਚੋਣਾਂ ਦੌਰਾਨ ਵੀ ਇਸ ਦੀ ਤ੍ਰਿਣਮੂਲ ਕਾਂਗਰਸ ਨਾਲ ਬੜੀ ਸਖ਼ਤ ਟੱਕਰ ਦਿਖਾਈ ਦਿੰਦੀ ਰਹੀ। ਦੋਹਾਂ ਧਿਰਾਂ ਦੀ ਇਸ ਲੜਾਈ ਵਿਚ ਖੱਬੇ-ਪੱਖੀ ਅਤੇ ਕਾਂਗਰਸ ਕਿਤੇ ਨਜ਼ਰ ਨਹੀਂ ਆਏ। ਚੋਣ ਨਤੀਜੇ ਵੀ ਇਹੀ ਕੁਝ ਦਰਸਾਉਂਦੇ ਹਨ। ਪਿਛਲੇ ਸਾਲਾਂ ਵਿਚ ਭਾਜਪਾ ਦੇ ਆਗੂਆਂ ਨੇ ਇੱਥੇ ਬਹੁਤ ਲੰਬੇ-ਚੌੜੇ ਵਾਅਦੇ ਕੀਤੇ। ਇਨ੍ਹਾਂ ਦੀ ਪੂਰਤੀ ਲਈ ਨਵੇਂ ਪ੍ਰਸ਼ਾਸਨ ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ। ਸੂਬੇ ਵਿਚ ਵੱਖ-ਵੱਖ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਸਕਣਾ ਵੀ ਇਸ ਲਈ ਬੇਹੱਦ ਔਖਾ ਇਮਤਿਹਾਨ ਹੋਵੇਗਾ। ਪਿਛਲੇ ਲੰਬੇ ਸਮੇਂ ਤੋਂ ਇਹ ਰਾਜ ਬੁਨਿਆਦੀ ਢਾਂਚੇ ਦੀ ਉਸਾਰੀ ਵਿਚ ਬਹੁਤ ਪਛੜ ਗਿਆ ਦਿਖਾਈ ਦਿੰਦਾ ਹੈ। ਇਸ 'ਤੇ ਲਗਾਤਾਰ ਕਰਜ਼ੇ ਦਾ ਬੋਝ ਵਧਦਾ ਰਿਹਾ ਹੈ, ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਬਹੁਤ ਸਾਰੀਆਂ ਯੋਜਨਾਵਾਂ ਅੱਧ ਵਿਚਾਲੇ ਲਟਕੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਨੂੰ ਪੂਰਾ ਕੀਤਾ ਜਾਣਾ ਬੇਹੱਦ ਮੁਸ਼ਕਿਲ ਭਾਸਦਾ ਹੈ। ਇਸ ਸਭ ਦੇ ਨਾਲ-ਨਾਲ ਨਵੀਂ ਸਰਕਾਰ ਦੀ ਸਫ਼ਲਤਾ ਭਾਈਚਾਰਕ ਸਾਂਝ ਬਣਾਈ ਰੱਖਣ ਵਿਚ ਹੀ ਮੰਨੀ ਜਾਏਗੀ। ਪਿਛਲੇ ਦਹਾਕੇ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੇ ਸਿਆਸੀ ਮੰਚ 'ਤੇ ਲੰਬੀਆਂ ਪੁਲਾਂਘਾਂ ਪੁੱਟੀਆਂ ਹਨ। ਹਰਿਆਣਾ ਵਿਚ ਕਦੇ ਇਹ ਆਪਣੇ ਬਲਬੂਤੇ 'ਤੇ ਰਾਜ ਕਰਨ ਦਾ ਸੁਪਨਾ ਹੀ ਲੈ ਸਕਦੀ ਸੀ, ਪਰ ਉੱਥੇ ਹੁਣ ਇਸ ਨੇ ਆਪਣੀ ਲਗਾਤਾਰਤਾ ਬਣਾ ਲਈ ਹੈ। ਮਹਾਰਾਸ਼ਟਰ ਵਿਚ ਇਸ ਦਾ ਪੂਰਾ ਪ੍ਰਭਾਵ ਬਣ ਚੁੱਕਾ ਹੈ। ਓਡੀਸ਼ਾ ਵਰਗੇ ਰਾਜ ਵਿਚ ਜਿੱਥੇ 24 ਸਾਲ ਤੱਕ ਬੀਜੂ ਜਨਤਾ ਦਲ ਵਲੋਂ ਨਵੀਨ ਪਟਨਾਇਕ ਪ੍ਰਸ਼ਾਸਨ ਚਲਾਉਂਦਾ ਰਿਹਾ ਹੈ, ਉੱਥੇ ਵੀ ਭਾਜਪਾ ਦਾ ਪ੍ਰਸ਼ਾਸਨ ਕਾਇਮ ਹੋ ਚੁੱਕਾ ਹੈ। ਬਿਹਾਰ ਵਿਚ ਵੀ ਨਿਤਿਸ਼ ਕੁਮਾਰ ਦੀ 2 ਦਹਾਕਿਆਂ ਦੀ ਪਾਰੀ ਤੋਂ ਬਾਅਦ ਭਾਜਪਾ ਦਾ ਮੁੱਖ ਮੰਤਰੀ ਬਣ ਗਿਆ ਹੈ। ਅਸਾਮ ਵਿਚ ਵੀ ਇਸ ਨੇ ਤੀਸਰੀ ਵਾਰ ਸਫ਼ਲਤਾ ਪ੍ਰਾਪਤ ਕਰ ਲਈ ਹੈ। ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਮਣੀਪੁਰ ਵਿਚ ਵੀ ਇਸ ਦਾ ਪੂਰਾ ਉਭਾਰ ਦਿਖਾਈ ਦੇ ਰਿਹਾ ਹੈ।
ਬਿਨਾਂ ਸ਼ੱਕ ਭਾਜਪਾ ਨੇ ਪਿਛਲੇ ਡੇਢ ਦਹਾਕੇ ਵਿਚ ਵੱਡੇ ਕੀਰਤੀਮਾਨ ਸਥਾਪਿਤ ਕੀਤੇ ਹਨ। ਸਿਆਸਤ ਵਿਚ ਅਜਿਹੀਆਂ ਜਿੱਤਾਂ ਨੇ ਉਸ ਦੀਆਂ ਜ਼ਿੰਮੇਵਾਰੀਆਂ ਵਿਚ ਵੀ ਵੱਡਾ ਵਾਧਾ ਕਰ ਦਿੱਤਾ ਹੈ। ਲੋਕਾਂ ਵਲੋਂ ਦਿਖਾਏ ਵਿਸ਼ਵਾਸ 'ਤੇ ਖ਼ਰਾ ਉਤਰਨ ਲਈ ਇਸ ਵਲੋਂ ਸੰਵਿਧਾਨ ਦੀਆਂ ਭਾਵਨਾਵਾਂ ਦੀ ਪਹਿਰੇਦਾਰੀ ਕਰਨੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਹੁਣ ਅਜਿਹੀ ਹੀ ਆਸ ਇਸ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਤੋਂ ਦੇਸ਼ ਦੇ ਲੋਕ ਕਰਦੇ ਨਜ਼ਰ ਆ ਰਹੇ ਹਨ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ 'ਚ ਭਾਜਪਾ ਦੀ ਜਿੱਤ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਗਲੀ ਖ਼ਬਰ ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੁੰਦੀ ਹੈ। -ਅਚਾਰੀਆ ਨਰਿੰਦਰ ਦੇਵ
Ad Position 24
No active advertisement