ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਤਿੰਨ ਦੇਸ਼ਾਂ ਦੀ ਸਫ਼ਲ ਯਾਤਰਾ

Ad Position 21
No active advertisement
ਅਜੀਤ ਡੈਸਕ 12-07-2026

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਤਿੰਨ ਦੇਸ਼ਾਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਕੁਝ ਦਿਨਾਂ ਦੀ ਯਾਤਰਾ ਹਰ ਪੱਖੋਂ ਮਹੱਤਵਪੂਰਨ ਕਹੀ ਜਾ ਸਕਦੀ ਹੈ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪ੍ਰਸ਼ਾਂਤ ਮਹਾਂਸਾਗਰ ਦੇ ਵਿਸ਼ਾਲ ਟਾਪੂਆਂ ਵਾਲੇ ਦੇਸ਼, ਜਿਨ੍ਹਾਂ ਨੂੰ ਓਸ਼ੀਆਨਾ ਕਿਹਾ ਜਾਂਦਾ ਹੈ, ਇਨ੍ਹਾਂ ਦੇਸ਼ਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਯਾਤਰਾ ਹਿੰਦ ਪ੍ਰਸ਼ਾਂਤ ਖੇਤਰ ਵਿਚ ਮੁੱਖ ਰੂਪ ਵਿਚ ਆਪਸੀ ਸਹਿਯੋਗ ਤੇ ਸਾਂਝ ਨੂੰ ਪੱਕਿਆਂ ਕਰਨ ਵਾਲੀ ਕਹੀ ਜਾ ਸਕਦੀ ਹੈ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਲੱਖਾਂ ਹੀ ਭਾਰਤੀ ਪਰਿਵਾਰ ਰਹਿੰਦੇ ਹਨ। ਇਹ ਭਾਰਤ ਨਾਲ ਸਮੁੰਦਰ ਰਾਹੀਂ ਹਿੰਦ ਮਹਾਂਸਾਗਰ ਤੇ ਪ੍ਰਸ਼ਾਂਤ ਮਹਾਂਸਾਗਰ ਤੇ ਹਜ਼ਾਰਾਂ ਕਿੱਲੋਮੀਟਰ ਦੂਰ ਹੁੰਦੇ ਹੋਏ ਵੀ ਲੰਮੇ ਸਮੇਂ ਤੋਂ ਆਪਸੀ ਸਹਿਯੋਗ ਵਿਚ ਬੱਝੇ ਰਹੇ ਹਨ। ਦੋਵੇਂ ਹੀ ਦੇਸ਼ਾਂ ਬਰਤਾਨੀਆ ਤੇ ਯੂਰਪ ਦੀਆਂ ਬਸਤੀਆਂ ਬਣੀਆਂ ਰਹੀਆਂ ਹਨ। ਬਾਅਦ ਵਿਚ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚੋਂ ਲੋਕ ਇੱਥੇ ਆ ਕੇ ਵਸਣੇ ਸ਼ੁਰੂ ਹੋ ਗਏ। ਆਸਟ੍ਰੇਲੀਆ ਅਨੇਕਾਂ ਦੀਪ ਸਮੂਹਾਂ ਵਾਲਾ ਵਿਸ਼ਾਲ ਦੇਸ਼ ਹੈ, ਜਿਸ ਦੀ ਧਰਤੀ ਭਾਰਤ ਤੋਂ ਲਗਭਗ ਦੋ ਗੁਣਾ ਵਧੇਰੇ ਹੈ। ਇਸ ਦਾ ਗੁਆਂਢੀ ਦੇਸ਼ ਨਿਊਜ਼ੀਲੈਂਡ ਹੈ। ਆਸਟ੍ਰੇਲੀਆ ਦੇ ਮੁਕਾਬਲੇ ਵਿਚ ਇਹ ਖੇਤਰਫਲ ਦੇ ਲਿਹਾਜ਼ ਨਾਲ ਬਹੁਤ ਛੋਟਾ ਦੇਸ਼ ਹੈ, ਜਿਸ ਦੀ ਧਰਤੀ ਪੌਣੇ ਤਿੰਨ ਲੱਖ ਕਿੱਲੋਮੀਟਰ ਦੇ ਕਰੀਬ ਹੈ। ਇਨ੍ਹਾਂ ਦੋਵਾਂ ਦੇਸ਼ਾਂ ਨੇ ਅਨੇਕਾਂ ਪੱਖੋਂ ਬੇਹੱਦ ਤਰੱਕੀ ਕੀਤੀ ਹੈ। ਚਾਹੇ ਇਨ੍ਹਾਂ ਦੀ ਆਬਾਦੀ ਮੁਕਾਬਲਤਨ ਥੋੜ੍ਹੀ ਹੈ, ਪਰ ਇਨ੍ਹਾਂ ਦੇਸ਼ਾਂ ਵਿਚ ਲੋਕਾਂ ਦਾ ਜੀਵਨ ਪੱਧਰ ਬਹੁਤ ਉੱਚਾ ਹੈ। ਚੀਨ ਦੀਆਂ ਸਮੁੰਦਰ ਵਿਚ ਵਿਸਥਾਰਵਾਦੀ ਨੀਤੀਆਂ ਕਾਰਨ ਅੱਜ ਦਰਜਨਾਂ ਹੀ ਦੇਸ਼ ਫਿਕਰਮੰਦ ਜਾਪਦੇ ਹਨ, ਜਿਨ੍ਹਾਂ ਵਿਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵੀ ਸ਼ਾਮਿਲ ਹਨ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਇਹ ਯਾਤਰਾ ਇਨ੍ਹਾਂ ਦੇਸ਼ਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਵਧਾਉਣ ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਸੰਬੰਧੀ ਵਿਚਾਰ-ਵਟਾਂਦਰੇ ਨਾਲ ਵੀ ਜੁੜੀ ਹੋਈ ਹੈ। ਪ੍ਰਸ਼ਾਂਤ ਮਹਾਂਸਾਗਰ ਦੇ ਇਹ ਦੋਵੇਂ ਦੇਸ਼ ਭਾਰਤ ਨਾਲ ਲਗਾਤਾਰ ਜੁੜੇ ਰਹੇ ਹਨ। ਆਸਟ੍ਰੇਲੀਆ ਨਾਲ ਭਾਰਤ ਦਾ ਪ੍ਰਮਾਣੂ ਊਰਜਾ ਕਰਾਰ ਬੇਹੱਦ ਮਹੱਤਵਪੂਰਨ ਰਿਹਾ ਹੈ। ਚਾਹੇ ਸਾਲ 2014 ਵਿਚ ਵਿਕਾਸ ਲਈ ਦੋਵਾਂ ਦੇਸ਼ਾਂ ਵਿਚ ਪ੍ਰਮਾਣੂ ਸਮਝੌਤਾ ਹੋਇਆ ਸੀ, ਪਰ ਇਸ ਵਾਰ ਆਸਟ੍ਰੇਲੀਆ ਵਲੋਂ ਭਾਰਤ ਨੂੰ ਯੂਰੇਨੀਅਮ ਦੀ ਪੂਰਤੀ ਲਈ ਜੋ ਸਮਝੌਤਾ ਕੀਤਾ ਗਿਆ ਹੈ, ਉਸ ਨਾਲ ਭਾਰਤ ਦੀ ਪ੍ਰਮਾਣੂ ਸ਼ਕਤੀ ਵਿਚ ਵਾਧਾ ਹੋਵੇਗਾ। ਚਾਹੇ ਅਸੀਂ ਦੁਨੀਆ ਭਰ ਦੇ ਕਈ ਵੱਡੇ ਮੁਲਕਾਂ ਵਲੋਂ ਲਗਾਤਾਰ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਜਮ੍ਹਾਂ ਕਰਨ ਦੇ ਸਖ਼ਤ ਖ਼ਿਲਾਫ਼ ਹਾਂ, ਪਰ ਸਾਹਮਣੇ ਪੇਸ਼ ਅਨੇਕਾਂ ਚੁਣੌਤੀਆਂ ਦੇ ਹੁੰਦਿਆਂ ਭਾਰਤ ਨੂੰ ਵੀ ਆਪਣੀ ਸੁਰੱਖਿਆ ਦਾ ਖਿਆਲ ਰੱਖਣਾ ਜ਼ਰੂਰੀ ਹੋਵੇਗਾ। ਸਾਲ 2022 ਵਿਚ ਦੋਵਾਂ ਦੇਸ਼ਾਂ ਵਿਚ ਵਪਾਰ ਦਾ ਸਮਝੌਤਾ ਹੋਇਆ ਸੀ, ਜੋ ਹੁਣ ਤੱਕ ਹਮੇਸ਼ਾ ਅੱਗੇ ਵਧਦਾ ਰਿਹਾ ਹੈ। ਇਸ ਵਾਰ ਵੀ ਦੁਰਲੱਭ ਖਣਿਜਾਂ ਤੇ ਊਰਜਾ ਦੇ ਖੇਤਰ ਵਿਚ ਕੀਤੇ ਗਏ ਸਮਝੌਤਿਆਂ ਵਿਚ ਕੋਲਾ, ਡੀਜ਼ਲ ਤੇ ਕੁਦਰਤੀ ਗੈਸਾਂ ਦੀ ਭਾਰਤ ਵਿਚ ਦਰਾਮਦਗੀ ਹੋਵੇਗੀ।
ਭਾਰਤ-ਆਸਟ੍ਰੇਲੀਆ ਸਮੁੰਦਰੀ ਸੁਰੱਖਿਆ ਲਈ ਵਿਸ਼ੇਸ਼ ਯੋਜਨਾਵਾਂ ਬਣਾ ਰਹੇ ਹਨ, ਜਿਨ੍ਹਾਂ ਰਾਹੀਂ ਸੁਤੰਤਰ ਤੇ ਖੁੱਲ੍ਹਾ ਹਿੰਦ-ਪ੍ਰਸ਼ਾਂਤ ਖੇਤਰ ਸੁਨਿੱਚਿਤ ਕਰਨਾ ਸ਼ਾਮਿਲ ਹੈ। ਇਸੇ ਹੀ ਤਰ੍ਹਾਂ ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਵਿਚ ਇਕ ਇਤਿਹਾਸਕ ਮੁਕਤ ਵਪਾਰ ਸਮਝੌਤੇ 'ਤੇ ਦੋਵਾਂ ਦੇਸ਼ਾਂ ਨੇ ਸਹੀ ਪਾਈ ਹੈ, ਜਿਸ ਵਿਚ ਆਪਸੀ ਬਾਜ਼ਾਰਾਂ ਤੱਕ ਪਹੁੰਚ ਤੇ ਨਿਵੇਸ਼ ਕਰਨਾ ਸ਼ਾਮਿਲ ਹੈ। ਵਪਾਰ ਦੇ ਨਾਲ-ਨਾਲ ਰੱਖਿਆ, ਸਿੱਖਿਆ, ਖੇਤੀਬਾੜੀ, ਖੇਡ ਅਤੇ ਸੈਰ-ਸਪਾਟਾ ਖੇਤਰ ਵਿਚ 10 ਅਹਿਮ ਸਮਝੌਤੇ ਕੀਤੇ ਗਏ ਹਨ। ਡੇਅਰੀ ਤੇ ਪਸ਼ੂ ਪਾਲਣ ਵਿਚ ਨਵੀਆਂ ਤਕਨੀਕਾਂ ਅਪਣਾਉਣ ਵਿਚ ਨਿਊਜ਼ੀਲੈਂਡ ਭਾਰਤ ਦੀ ਮਦਦ ਕਰੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਆਫ਼ਤ ਵਿਚ ਦੋਵੇਂ ਦੇਸ਼ ਆਪਸੀ ਸਹਿਯੋਗ ਨਾਲ ਇਸ ਦਾ ਮੁਕਾਬਲਾ ਕਰਨਗੇ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀ ਯਾਤਰਾ ਦਾ ਹਾਸਿਲ ਬਹੁਤ ਉਪਯੋਗੀ ਹੋਣ ਦੀ ਸਮਰੱਥਾ ਰੱਖਦਾ ਹੈ। ਅੱਜ ਜਦੋਂ ਕਿ ਹਰ ਤਰ੍ਹਾਂ ਦੇ ਸੰਚਾਰ ਸਾਧਨਾਂ ਦੇ ਖੇਤਰ ਵਿਚ ਇਕ ਇਨਕਲਾਬ ਆ ਚੁੱਕਾ ਹੈ, ਉਸ ਸਮੇਂ ਭਾਰਤ ਜੇਕਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨਾਲ ਹਰ ਤਰ੍ਹਾਂ ਦੇ ਸਹਿਯੋਗ ਦੀ ਕਾਰਵਾਈ ਵਿਚ ਆਪਣਾ ਹਿੱਸਾ ਪਾਉਂਦਾ ਹੈ ਤਾਂ ਇਹ ਦੇਸ਼ ਦੇ ਵਿਕਾਸ ਦੇ ਰਸਤੇ 'ਤੇ ਅੱਗੇ ਵਧਣ ਦਾ ਸੁਨੇਹਾ ਹੈ, ਜਿਸ ਨਾਲ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਦੀ ਵੀ ਹਰ ਪੱਖੋਂ ਆਸ ਜ਼ਰੂਰ ਬੱਝਦੀ ਹੈ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਫ਼ਿਲਮ 'ਸਤਲੁਜ' ਸੰਬੰਧੀ ਵਿਵਾਦ-ਇਤਿਹਾਸ ਦਾ ਸਾਹਮਣਾ ਕਰਨ ਨਾਲ ਹੀ ਮਜ਼ਬੂਤ ਹੁੰਦਾ ਹੈ ਸਮਾਜ ਅਗਲੀ ਖ਼ਬਰ ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ
Ad Position 24
No active advertisement