ਭਾਜਪਾ ਆਗੂ ਡਾ. ਸਤੀਸ਼ ਪੂਨੀਆ ਨੇ ਇਕ ਵਾਰ ਫਿਰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 117 ਸੀਟਾਂ 'ਤੇ ਹੀ ਚੋਣ ਲੜੇਗੀ | ਪੂਨੀਆ ਭਾਜਪਾ ਦੇ ਕੌਮੀ ਜਨਰਲ ਸਕੱਤਰ ਹਨ | ਹੁਣ ਉਨ੍ਹਾਂ ਨੂੰ ਪੰਜਾਬ ਦਾ ਵੀ ਚੋਣ ਇੰਚਾਰਜ ਬਣਾਇਆ ਗਿਆ ਹੈ | ਉਹ ਇਸ ਸਮੇਂ ਸੂਬੇ ਦੇ 3 ਦਿਨਾ ਦੌਰੇ 'ਤੇ ਹਨ | ਪਹਿਲੀ ਵਾਰ ਚੰਡੀਗੜ੍ਹ ਵਿਚ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਪ੍ਰੈੱਸ ਨਾਲ ਵੀ ਸਪੱਸ਼ਟ ਗੱਲਾਂ ਕੀਤੀਆਂ ਹਨ | ਉਨ੍ਹਾਂ ਨੇ ਕਿਹਾ ਹੈ ਕਿ ਉਹ ਇਸ ਸੰਬੰਧੀ ਆਪਣੀ ਹਾਈਕਮਾਨ ਦਾ ਸੁਨੇਹਾ ਲੈ ਕੇ ਆਏ ਹਨ | ਭਾਜਪਾ ਆਪਣੇ ਬਲਬੂਤੇ 'ਤੇ ਹੀ ਸੂਬੇ ਵਿਚ ਚੋਣ ਮੈਦਾਨ ਵਿਚ ਉਤਰੇਗੀ | ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਫਿਰ ਸਪੱਸ਼ਟ ਕੀਤਾ ਕਿ ਕੇਂਦਰ ਦੇ ਪ੍ਰਤੀਨਿਧ ਦੇ ਤੌਰ 'ਤੇ ਮੈਂ ਗੱਠਜੋੜ ਦੀਆਂ ਸਾਰੀਆਂ ਕਿਆਸ-ਅਰਾਈਆਂ ਨੂੰ ਨਕਾਰਦਾ ਹਾਂ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ 'ਚ ਉਨ੍ਹਾਂ ਦੀ ਪਾਰਟੀ ਦੇ ਕੋਈ ਸੀਨੀਅਰ ਆਗੂ ਅਜਿਹੇ ਗੱਠਜੋੜ ਦੀ ਹਮਾਇਤ ਵੀ ਕਰਦੇ ਹੋਣ ਤਾਂ ਵੀ ਹਾਈਕਮਾਨ ਦਾ ਫ਼ੈਸਲਾ ਆਪਣੇ ਬਲਬੂਤੇ 'ਤੇ ਸਾਰੀਆਂ ਸੀਟਾਂ ਉੱਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਹੀ ਹੈ | ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਮੋਦੀ ਨਾਲ ਹੋਈ ਮੁਲਾਕਾਤ ਬਾਰੇ ਵੀ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਆਪਣੇ ਅਹੁਦੇ 'ਤੇ ਰਹਿੰਦਿਆਂ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਮਿਲਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਜਿਹੀ ਮੁਲਾਕਾਤ ਨੂੰ ਕਿਸੇ ਸੰਭਾਵੀ ਗੱਠਜੋੜ ਨਾਲ ਜੋੜਿਆ ਜਾਏ |
ਉਨ੍ਹਾਂ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਤਪਾਲ ਸਿੰਘ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂਅ ਦੀ ਪਾਰਟੀ ਨਾਲ ਵੀ ਕਿਸੇ ਤਰ੍ਹਾਂ ਦੀ ਸਿਆਸੀ ਸਾਂਝ ਦੀ ਗੱਲ ਤੋਂ ਸਪੱਸ਼ਟ ਇਨਕਾਰ ਕੀਤਾ ਹੈ | ਇਸ ਦੇ ਉਲਟ ਉਨ੍ਹਾਂ ਬੜੇ ਦਿ੍ੜ੍ਹ ਇਰਾਦੇ ਨਾਲ ਕਿਹਾ ਕਿ ਪਿਛਲੇ ਸਮੇਂ ਵਿਚ ਭਾਜਪਾ ਨੇ ਕੇਂਦਰ ਅਤੇ ਬਹੁਤੇ ਰਾਜਾਂ ਵਿਚ ਆਪਣਾ ਵੱਡਾ ਪ੍ਰਭਾਵ ਬਣਾਇਆ ਹੈ | ਉਨ੍ਹਾਂ ਨੇ ਤਿ੍ਪੁਰਾ, ਪੱਛਮੀ ਬੰਗਾਲ ਅਤੇ ਹਰਿਆਣਾ ਵਿਚ ਆਪਣੀਆਂ ਸਰਕਾਰਾਂ ਬਣਾਉਣ ਦਾ ਵੀ ਜ਼ਿਕਰ ਕੀਤਾ ਤੇ ਪੰਜਾਬ ਵਿਚਲੀ ਆਪਣੀ ਨੀਤੀ ਨੂੰ ਵੀ ਸਪੱਸ਼ਟ ਕੀਤਾ ਕਿ ਉਹ ਹਰ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ | ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਅਕਾਲੀ-ਭਾਜਪਾ ਦੇ ਪਿਛਲੇ ਲੰਮੇ ਸਮੇਂ ਤੱਕ ਚੱਲੇ ਗੱਠਜੋੜ ਤੋਂ ਵੀ ਕਿਨਾਰਾ ਕਰ ਲਿਆ | ਇਨ੍ਹਾਂ ਦੋਹਾਂ ਪਾਰਟੀਆਂ ਦਾ ਗੱਠਜੋੜ 1996 ਤੋਂ ਲੈ ਕੇ 2020 ਤੱਕ ਲਗਾਤਾਰ 23 ਸਾਲ ਨਿਰੰਤਰ ਬਣਿਆ ਰਿਹਾ ਸੀ | ਇਸ ਸਮੇਂ ਦੌਰਾਨ ਇਨ੍ਹਾਂ ਦੋਹਾਂ ਨੇ ਹੀ ਤਿੰਨ ਵਾਰ ਸੂਬੇ 'ਚ ਸਰਕਾਰ ਬਣਾਈ ਸੀ | ਪਰ ਪਿਛਲੇ ਲਗਭਗ 6 ਸਾਲ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਤੋੜ-ਵਿਛੋੜਾ ਕਰਨ ਤੋਂ ਬਾਅਦ ਇਨ੍ਹਾਂ ਦੋਹਾਂ ਪਾਰਟੀਆਂ ਦੀਆਂ ਦੂਰੀਆਂ ਲਗਾਤਾਰ ਵਧਦੀਆਂ ਹੀ ਨਜ਼ਰ ਆਈਆਂ ਹਨ |
ਡਾ. ਸਤੀਸ਼ ਪੂਨੀਆ ਤੋਂ ਕੁਝ ਦਿਨ ਪਹਿਲਾਂ ਭਾਜਪਾ ਦੇ ਪ੍ਰਮੁਖ ਆਗੂ ਤੇ ਕੌਮੀ ਜਨਰਲ ਸਕੱਤਰ ਬੀ.ਐਲ. ਸੰਤੋਸ਼ ਨੇ ਵੀ ਚੰਡੀਗੜ੍ਹ ਵਿਚ ਸਪੱਸ਼ਟ ਤੌਰ 'ਤੇ ਪਾਰਟੀ ਵਲੋਂ ਆਪਣੇ ਦਮ 'ਤੇ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਸੀ | ਸੂਬਾ ਪਾਰਟੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਪਿਛਲੇ ਸਮੇਂ ਵਿਚ ਇਸੇ ਦਿਸ਼ਾ ਵਿਚ ਬਿਆਨ ਦਿੱਤੇ ਸਨ | ਬਿਨਾਂ ਸ਼ੱਕ ਜਿੱਥੇ ਬਣ ਰਹੇ ਅਜਿਹੇ ਮਾਹੌਲ 'ਚ ਭਾਜਪਾ ਤਾਕਤਵਰ ਹੋਣ ਦਾ ਪ੍ਰਭਾਵ ਦੇ ਰਹੀ ਹੈ, ਉੱਥੇ ਵੱਖ-ਵੱਖ ਧੜਿਆਂ ਵਿਚ ਵੰਡੇ ਅਕਾਲੀ ਦਲਾਂ ਦੀ ਸਥਿਤੀ ਕਮਜ਼ੋਰ ਤੇ ਲਿੱਸੀ ਦਿਖਾਈ ਦੇਣ ਲੱਗੀ ਹੈ | ਲਗਾਤਾਰ ਭਾਜਪਾ ਆਗੂਆਂ ਦੇ ਅਜਿਹੇ ਬਿਆਨਾਂ ਦਾ ਅਕਾਲੀ ਧਿਰਾਂ ਕੋਈ ਵੀ ਮੋੜਵਾਂ ਉੱਤਰ ਦੇਣ ਦੀ ਬਜਾਏ ਕਿਆਸ-ਅਰਾਈਆਂ ਦਾ ਹੀ ਸਹਾਰਾ ਲੈ ਰਹੀਆਂ ਹਨ | ਉਨ੍ਹਾਂ ਦੀਆਂ ਨਜ਼ਰਾਂ ਊਠ ਦੇ ਲਟਕਦੇ ਬੁੱਲ੍ਹ ਉੱਤੇ ਹੀ ਲੱਗੀਆਂ ਹੋਈਆਂ ਹਨ, ਕਿ ਸ਼ਾਇਦ ਪਤਾ ਨਹੀਂ ਕਦੋਂ ਇਹ ਡਿੱਗ ਪਵੇ | ਜੇਕਰ ਕੱਲ੍ਹ ਦੀਆਂ 'ਪਹਿਲਵਾਨ' ਪਾਰਟੀਆਂ ਦਾ ਅਜਿਹਾ ਹਸ਼ਰ ਹੁੰਦਾ ਦਿਖਾਈ ਦੇ ਰਿਹਾ ਹੈ, ਤਾਂ ਉਹ ਕਿਸ ਤਾਕਤ ਤੇ ਹੌਸਲੇ ਨਾਲ ਸੂਬੇ ਦੀਆਂ ਨੇੜੇ ਆਉਂਦੀਆਂ ਚੋਣਾਂ ਲਈ ਤਿਆਰੀ ਕਰਕੇ ਮੈਦਾਨ ਵਿਚ ਉੱਤਰ ਸਕਣਗੀਆਂ, ਇਸ ਸੰਬੰਧੀ ਇਸ ਸਮੇਂ ਕੁਝ ਕਹਿਣਾ ਔਖਾ ਲਗਦਾ ਹੈ |
-ਬਰਜਿੰਦਰ ਸਿੰਘ ਹਮਦਰਦ