28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਰਹੱਦਾਂ ਦੀ ਸੁਰੱਖਿਆ ਯਕੀਨੀ ਬਣਾਏ ਕੇਂਦਰੀ ਸਰਕਾਰ

ਸਰਹੱਦਾਂ ਦੀ ਸੁਰੱਖਿਆ ਯਕੀਨੀ ਬਣਾਏ ਕੇਂਦਰੀ ਸਰਕਾਰ

Ad Position 21
No active advertisement
ਅਜੀਤ ਡੈਸਕ 29-10-2026

ਭਾਰਤ ਦਾ ਉੱਤਰ ਪੂਰਬੀ ਰਾਜ ਅੱਜਕਲ੍ਹ ਸੁਰਖੀਆਂ ਵਿਚ ਹੈ | ਚਰਚਾ ਇਹ ਹੈ ਕਿ ਚੀਨ ਦੀ ਫ਼ੌਜ ਨੇ ਰਾਜ ਵਿਚ ਇਕ ਵਾਰ ਫਿਰ ਤੋਂ 7-8 ਕਿੱਲੋਮੀਟਰ  ਅੰਦਰ ਤੱਕ ਘੁਸਪੈਠ ਕਰ ਲਈ ਹੈ |

ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਅਰੁਣਾਚਲ ਪ੍ਰਦੇਸ਼ ਦੇ ਸਥਾਨਕ ਨਿਵਾਸੀ ਅਤੇ ਚੀਨੀ ਫ਼ੌਜ ਦੇ ਜਵਾਨ ਆਹਮੋ-ਸਾਹਮਣੇ ਇਕ-ਦੂਜੇ ਨਾਲ ਬਹਿਸਬਾਜ਼ੀ ਕਰਦੇ ਨਜ਼ਰ ਆ ਰਹੇ ਹਨ | ਕਈਆਂ ਵੀਡੀਓਜ਼ ਵਿਚ ਭਾਰਤੀ ਸੁਰੱਖਿਆ ਦਲ ਪਹਾੜੀ ਇਲਾਕਿਆਂ ਵਿਚ ਗੋਲੀਆਂ ਚਲਾਉਂਦੇ ਵੀ ਨਜ਼ਰ ਆ ਰਹੇ ਹਨ | ਇੰਡੋ-ਤਿੱਬਤੀਅਨ ਪੁਲਿਸ ਦੇ ਮੁਖੀ ਸ਼ਤਰੂਜੀਤ ਕਪੂਰ ਨੇ ਵੀ ਇਕ ਸਮਾਗਮ ਵਿਚ ਆਪਣੀ ਫੋਰਸ ਦੇ ਜਵਾਨਾਂ ਨੂੰ  ਸੰਬੋਧਨ ਕਰਦਿਆਂ ਇਹ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਦੀ ਸਰਹੱਦ 'ਤੇ ਉਨ੍ਹਾਂ ਦੀ ਫੋਰਸ ਦੇ ਜਵਾਨ ਬਹਾਦਰੀ ਨਾਲ ਚੀਨੀ ਫ਼ੌਜ ਦਾ ਮੁਕਾਬਲਾ ਕਰ ਰਹੇ ਹਨ | ਜੁਲਾਈ ਮਹੀਨੇ ਤੋਂ ਹੀ ਚੀਨੀ ਫ਼ੌਜ ਅਤੇ ਇੰਡੋ-ਤਿੱਬਤੀਅਨ ਪੁਲਿਸ ਦੇ ਜਵਾਨਾਂ ਦਰਮਿਆਨ ਝੜਪਾਂ ਹੋ ਰਹੀਆਂ ਹਨ | ਅਰੁਣਾਚਲ ਪ੍ਰਦੇਸ਼ ਦੇ ਸਥਾਨਕ ਵੈੱਬ ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਸਥਾਨਕ ਲੋਕਾਂ ਵਲੋਂ ਪਾਈਆਂ ਗਈਆਂ ਅਨੇਕਾਂ ਪੋਸਟਾਂ ਵਿਚ ਵੀ ਇਹ ਜ਼ਿਕਰ ਕੀਤਾ ਗਿਆ ਹੈ ਕਿ ਚੀਨ ਨੇ ਨਵੇਂ ਸਿਰੇ ਤੋਂ ਰਾਜ ਵਿਚ 7-8 ਕਿਲੋਮੀਟਰ ਤੱਕ ਘੁਸਪੈਠ ਕੀਤੀ ਹੈ | ਲੋਕਾਂ ਵਲੋਂ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਨੇ ਅਸਲ ਕੰਟਰੋਲ ਰੇਖਾ ਤੋਂ ਅੱਗੇ ਆ ਕੇ ਬਹੁਤ ਸਾਰੇ ਭਾਰਤੀ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਬਹੁਤ ਸਾਰੀਆਂ ਚਾਰਾਗਾਹਾਂ ਤੇ ਜੰਗਲਾਂ 'ਤੇ ਉਸ ਦਾ ਕਬਜ਼ਾ ਹੋਣ ਕਾਰਨ ਲੋਕ ਨਾ ਪਸ਼ੂ ਚਰਾ ਸਕਦੇ ਹਨ ਅਤੇ ਨਾ ਹੀ ਉਧਰ ਜਾ ਸਕਦੇ ਹਨ | ਇਸ ਨਾਲ ਸਮੁੱਚੇ ਦੇਸ਼ ਦੇ ਲੋਕਾਂ ਵਿਚ ਚਿੰਤਾ ਪੈਦਾ ਹੋਈ ਹੈ | ਉਂਝ ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੀ ਘੁਸਪੈਠ ਸੰਬੰਧੀ ਅਜਿਹੀ ਜਾਣਕਾਰੀ ਪਹਿਲੀ ਵਾਰ ਸਾਹਮਣੇ ਨਹੀਂ ਆਈ, ਸਗੋਂ 2019 ਵਿਚ ਅਰੁਣਾਚਲ ਪ੍ਰਦੇਸ਼ ਦੇ ਭਾਜਪਾ ਨਾਲ ਸੰਬੰਧਿਤ ਲੋਕ ਸਭਾ ਮੈਂਬਰ ਤਪੀਰ ਗਾਓ ਨੇ ਲੋਕ ਸਭਾ ਵਿਚ ਵੀ ਇਹ ਦੱਸਿਆ ਸੀ ਕਿ ਚੀਨ ਅਰੁਣਾਚਲ ਪ੍ਰਦੇਸ਼ ਵਿਚ 50 ਤੋਂ 60 ਕਿੱਲੋਮੀਟਰ ਤੱਕ ਅੰਦਰ ਆ ਚੁੱਕਾ ਹੈ | ਜਿੱਥੋਂ ਤੱਕ ਚੀਨ ਦੀ ਤਾਜ਼ਾ ਘੁਸਪੈਠ ਦੀ ਘਟਨਾ ਦਾ ਸੰਬੰਧ ਹੈ, ਇਸ ਸੰਬੰਧੀ ਵਿਰੋਧੀ ਪਾਰਟੀਆਂ ਨੇ ਵੀ ਕੇਂਦਰ ਸਰਕਾਰ ਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਸ ਸੰਬੰਧੀ ਜਾਣਕਾਰੀ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ  ਚੀਨ ਦੀ ਘੁਸਪੈਠ ਦਾ ਗੰਭੀਰ ਨੋਟਿਸ ਲੈਂਦਿਆਂ ਸੁਰੱਖਿਆ ਦਲਾਂ ਨੂੰ  ਢੁਕਵੀਂ ਕਾਰਵਾਈ ਕਰਨ ਦੇ ਆਦੇਸ਼ ਦੇਣ ਲਈ ਵੀ ਕਿਹਾ ਜਾ ਰਿਹਾ ਹੈ | ਵਿਰੋਧੀ ਰਾਜਨੀਤਕ ਪਾਰਟੀਆਂ ਇਹ ਵੀ ਦੋਸ਼ ਲਗਾ ਰਹੀਆਂ ਹਨ ਕਿ ਪੂਰਬੀ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਲਗਾਤਾਰ ਚੀਨ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਕਰਦਾ ਆ ਰਿਹਾ ਹੈ | ਭਾਰਤ ਅਤੇ ਚੀਨ ਦਰਮਿਆਨ ਵੱਖ-ਵੱਖ ਪੱਧਰਾਂ 'ਤੇ ਸਰਹੱਦਾਂ 'ਤੇ ਸਥਿਤੀ ਆਮ ਵਾਂਗ ਬਣਾਈ ਰੱਖਣ ਲਈ ਅਨੇਕਾਂ ਵਾਰ ਗੱਲਬਾਤ ਵੀ ਹੁੰਦੀ ਰਹੀ ਹੈ | ਪਰ ਚੀਨ ਦੇ ਵਤੀਰੇ ਵਿਚ ਕੋਈ ਵੱਡੀ ਤਬਦੀਲੀ ਨਹੀਂ ਆ ਰਹੀ | ਉਹ ਹੌਲੀ-ਹੌਲੀ ਭਾਰਤੀ ਇਲਾਕਿਆਂ ਵਿਚ ਘੁੱਸਪੈਠ ਕਰ ਕੇ ਇਕ ਪਾਸੜ ਤੌਰ 'ਤੇ ਸਰਹੱਦਾਂ ਨੂੰ  ਬਦਲਦਾ ਨਜ਼ਰ ਆ ਰਿਹਾ ਹੈ | 

ਦੂਜੇ ਪਾਸੇ ਭਾਰਤ ਨੇ ਲਗਾਤਾਰ ਚੀਨ ਪ੍ਰਤੀ ਨਰਮ ਰੁਖ਼ ਅਖ਼ਤਿਆਰ ਕੀਤਾ ਹੈ ਅਤੇ ਸਰਹੱਦੀ ਵਿਵਾਦ ਨੂੰ  ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ | ਭਾਵੇਂ ਕਿ 1962 ਵਿਚ ਹਮਲਾ ਕਰਕੇ ਚੀਨ ਨੇ ਜੰਮੂ-ਕਸ਼ਮੀਰ ਦੇ ਅਕਸਾਈਚਿੰਨ ਖੇਤਰ ਵਿਚ ਭਾਰਤ ਦੇ 38000 ਵਰਗ ਕਿਲੋਮੀਟਰ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ ਤੇ ਅੱਜ ਤੱਕ ਵੀ ਉਸ ਇਲਾਕੇ 'ਤੇ ਉਸ ਦਾ ਹੀ ਕਬਜ਼ਾ ਹੈ | 1962 ਤੋਂ ਬਾਅਦ ਭਾਵੇਂ ਭਾਰਤ ਤੇ ਚੀਨ ਦੇ ਸੰਬੰਧਾਂ ਵਿਚ ਅਨੇਕਾਂ ਵਾਰ ਵੱਡੇ ਸੁਧਾਰ ਵੀ ਦੇਖੇ ਗਏ ਹਨ, ਭਾਰਤ ਦਾ ਚੀਨ ਨਾਲ ਵਪਾਰ ਵੀ ਵੱਡੀ ਪੱਧਰ 'ਤੇ ਵਧਿਆ ਹੈ | ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਇਕ-ਦੂਜੇ ਦੇ ਦੇਸ਼ ਦੇ ਸਮੇਂ-ਸਮੇਂ ਦੌਰੇ ਵੀ ਕੀਤੇ ਹਨ | ਇਸ ਸਾਲ ਵੀ ਸਤੰਬਰ ਮਹੀਨੇ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬਿ੍ਕਸ ਦੇਸ਼ਾਂ ਦੇ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਸਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਰਹੱਦਾਂ 'ਤੇ ਸ਼ਾਂਤੀ ਬਣਾਈ ਰੱਖਣ ਅਤੇ ਆਪਸੀ ਸਹਿਯੋਗ ਹੋਰ ਵਧਾਉਣ ਬਾਰੇ ਵੀ ਸਹਿਮਤੀ ਬਣੀ ਸੀ | ਬਿ੍ਕਸ ਤੋਂ ਇਲਾਵਾ ਸ਼ੰਘਾਈ ਕਾਰਪੋਰੇਸ਼ਨ ਸੰਗਠਨ ਅਤੇ ਹੋਰ ਅਨੇਕਾਂ ਕੌਮਾਂਤਰੀ ਮੰਚਾਂ 'ਤੇ ਵੀ ਭਾਰਤ ਅਤੇ ਚੀਨ ਦਾ ਆਪਸੀ ਸਹਿਯੋਗ ਬਣਿਆ ਰਹਿੰਦਾ ਹੈ | ਪਰ ਇਸ ਦੇ ਬਾਵਜੂਦ ਚੀਨ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਸਨਮਾਨ ਕਰਨ ਅਤੇ ਸਰਹੱਦੀ ਵਿਵਾਦ ਨੂੰ  ਗੱਲਬਾਤ ਰਾਹੀਂ ਹੱਲ ਕਰਨ ਦੇ ਆਪਣੇ ਵਾਅਦਿਆਂ 'ਤੇ ਕਦੇ ਵੀ ਅਮਲ ਕਰਦਾ ਨਜ਼ਰ ਨਹੀਂ ਆਉਂਦਾ | 
ਭਾਰਤੀ ਜਨਤਾ ਪਾਰਟੀ ਅਤੇ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਾਂਗਰਸ ਦੀ ਇਸ ਗੱਲ ਲਈ ਸਖ਼ਤ ਆਲੋਚਨਾ ਕਰਦੇ ਰਹੇ ਹਨ, ਕਿ ਉਸ ਦੀਆਂ ਸਰਕਾਰਾਂ ਚੀਨ ਨੂੰ  ਲਾਲ ਅੱਖਾਂ ਦਿਖਾਉਣ ਵਿਚ ਅਸਫਲ ਰਹੀਆਂ ਹਨ ਇਸੇ ਕਾਰਨ ਹੀ 1962 ਵਿਚ ਭਾਰਤ ਦਾ ਇਕ ਵੱਡਾ ਇਲਾਕਾ ਚੀਨ ਦੇ ਕਬਜ਼ੇ ਵਿਚ ਚਲਾ ਗਿਆ ਹੈ | ਪਰ ਹੁਣ 2014 ਤੋਂ ਬਾਅਦ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਚਲੀ ਆ ਰਹੀ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਸਰਕਾਰ ਦੇ ਮੁਖੀ ਹਨ | ਜੇਕਰ ਉਨ੍ਹਾਂ ਦੇ ਕਾਰਜਕਾਲ ਵਿਚ ਵੀ ਚੀਨ ਨਾਲ ਲੱਗਦੀਆਂ ਭਾਰਤ ਦੀਆਂ ਸਰਹੱਦਾਂ ਸੁਰੱਖਿਅਤ ਨਹੀਂ ਹਨ, ਤਾਂ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਉੱਠਣੇ ਲਾਜ਼ਮੀ ਹਨ | ਭਾਰਤ ਦੇ ਆਲੇ-ਦੁਆਲੇ ਇਸ ਸਮੇਂ ਜਿਸ ਤਰ੍ਹਾਂ ਦੀ ਸਥਿਤੀਆਂ ਬਣੀਆਂ ਹੋਈਆਂ ਹਨ, ਉਹ ਬਿਨਾਂ ਸ਼ੱਕ ਚਿੰਤਾ ਵਧਾਉਣ ਵਾਲੀਆਂ ਹਨ | ਪਾਕਿਸਤਾਨ ਨਾਲ ਭਾਰਤ ਦੇ ਰਿਸ਼ਤੇ ਕਦੇ ਵੀ ਬਹੁਤੇ ਬਿਹਤਰ ਨਹੀਂ ਰਹੇ | ਉਸ ਨੇ ਜੰਮੂ-ਕਸ਼ਮੀਰ ਹਾਸਿਲ ਕਰਨ ਲਈ ਭਾਰਤ ਨਾਲ ਅਸਿੱਧੀ ਜੰਗ ਵਿੱਢੀ ਹੋਈ ਹੈ | ਇਸ ਅਸਿੱਧੀ ਜੰਗ ਵਿਚ ਪਰਦੇ ਦੇ ਪਿੱਛੇ ਰਹਿ ਕੇ ਚੀਨ ਵੀ ਉਸ ਦੀ ਮਦਦ ਕਰਦਾ ਹੈ | ਕੁਝ ਸਮਾਂ ਪਹਿਲਾਂ ਪਹਿਲਗਾਮ ਵਿਚ ਭਾਰਤੀ ਸੈਲਾਨੀਆਂ ਨੂੰ  ਪਾਕਿਸਤਾਨ ਸ਼ਹਿ ਪ੍ਰਾਪਤ ਅੱਤਵਾਦੀਆਂ ਵਲੋਂ ਮਾਰੇ ਜਾਣ ਤੋਂ ਬਾਅਦ ਜਦੋਂ ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ਼ ਕੁਝ ਦਿਨਾਂ ਲਈ ਆਪਰੇਸ਼ਨ ਸੰਧੂਰ ਚਲਾਇਆ ਸੀ, ਤਾਂ ਉਸ ਸਮੇਂ ਵੀ ਚੀਨ ਨੇ ਨਾ ਕੇਵਲ ਹਥਿਆਰਾਂ ਨਾਲ ਪਾਕਿਸਤਾਨ ਦੀ ਮਦਦ ਕੀਤੀ ਸੀ, ਸਗੋਂ ਆਪਣੇ ਇਨਫਰਮੇਸ਼ਨ ਨੈੱਟਵਰਕ ਦੀਆਂ ਸਾਰੀਆਂ ਸੇਵਾਵਾਂ ਵੀ ਪਾਕਿਸਤਾਨ ਨੂੰ  ਮੁਹੱਈਆ ਕੀਤੀਆਂ ਸਨ, ਤਾਂ ਜੋ ਉਹ ਭਾਰਤੀ ਫ਼ੌਜ ਦੀਆਂ ਕਾਰਵਾਈਆਂ ਦਾ ਆਗਾਮੀ ਤੌਰ 'ਤੇ ਮੁਕਾਬਲਾ ਕਰ ਸਕੇ | ਪਾਕਿਸਤਾਨ ਦੀ ਜੰਮੂ-ਕਸ਼ਮੀਰ ਵਿਚ ਅਸਿੱਧੀ ਜੰਗ ਅਜੇ ਵੀ ਜਾਰੀ ਹੈ | ਦੂਜੇ ਪਾਸੇ ਚੀਨ ਜੋ ਇਕ ਵੱਡੀ ਰਾਜਨੀਤਕ, ਆਰਥਿਕ ਤੇ ਤਕਨੀਕੀ ਸ਼ਕਤੀ ਵਜੋਂ ਉੱਭਰ ਚੁੱਕਿਆ ਹੈ, ਲਗਾਤਾਰ ਆਪਣੀ ਫ਼ੌਜ ਨੂੰ  ਮਜ਼ਬੂਤ ਕਰੀ ਜਾ ਰਿਹਾ ਹੈ | ਉਹ ਸਾਰੇ ਕੌਮਾਂਤਰੀ ਨਿਯਮਾਂ-ਕਾਨੂੰਨਾਂ ਦੀ ਉਲੰਘਣਾ ਕਰਕੇ ਆਪਣੇ ਗੁਆਂਢੀ ਦੇਸ਼ਾਂ ਦੇ ਸਮੁੰਦਰੀ ਇਲਾਕਿਆਂ 'ਤੇ ਵੀ ਆਪਣਾ ਅਧਿਕਾਰ ਜਤਾ ਰਿਹਾ ਹੈ ਅਤੇ ਅਨੇਕਾਂ ਵਾਰ ਉਸ ਦੀ ਸਮੁੰਦਰੀ ਫ਼ੌਜ ਦਾ ਅਤੇ ਗੁਆਂਢੀ ਦੇਸ਼ਾਂ ਦੇ ਵਪਾਰਕ ਸਮੁੰਦਰੀ ਜਹਾਜ਼ਾਂ ਦਾ ਆਹਮੋ-ਸਾਹਮਣਾ ਵੀ ਹੋਇਆ ਹੈ | ਉਹ ਦੱਖਣੀ ਚੀਨ ਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਵਿਚ ਮਸਨੂਈ ਟਾਪੂ ਬਣਾ ਕੇ ਤੇ ਉਨ੍ਹਾਂ 'ਤੇ ਹਥਿਆਰ ਅਤੇ ਸੂਹੀਆ ਯੰਤਰ ਲਗਾ ਕੇ ਸਾਰੇ ਦੇਸ਼ਾਂ ਦੀਆਂ ਵਪਾਰਕ ਅਤੇ ਹੋਰ ਸਰਗਰਮੀਆਂ 'ਤੇ ਨਜ਼ਰ ਰੱਖ ਰਿਹਾ ਹੈ | ਇਸ ਦੇ ਨਾਲ ਹੀ ਉਸ ਨੇ ਭਾਰਤ ਨੂੰ  ਘੇਰਨ ਲਈ ਸਟਰਿੰਗ ਆਫ਼ ਪਰਲਜ਼ (ਮੋਤੀਆਂ ਦੀ ਮਾਲਾ) ਨਾਂਅ ਦਾ ਪ੍ਰਾਜੈਕਟ ਵੀ ਉਲੀਕਿਆ ਹੋਇਆ ਹੈ | ਇਸ ਤਹਿਤ ਉਸ ਨੇ ਭਾਰਤ ਦੇ ਦੁਆਲੇ ਆਪਣੇ ਫ਼ੌਜੀ ਤੇ ਵਪਾਰਕ ਟਿਕਾਣੇ ਸਥਾਪਿਤ ਕੀਤੇ ਹਨ | ਸ੍ਰੀਲੰਕਾ ਤੇ ਬੰਗਲਾਦੇਸ਼ ਵਿਚ ਆਪਣੀਆਂ ਬੰਦਰਗਾਹਾਂ ਵਿਕਸਿਤ ਕੀਤੀਆਂ ਹਨ | ਪਾਕਿਸਤਾਨ ਵਿਚ ਉਹ ਗਦਾਵਰ ਦੀ ਬੰਦਰਗਾਹ ਪਹਿਲਾਂ ਹੀ ਬਣਾ ਚੁੱਕਾ ਹੈ | ਭਾਰਤ ਦੇ ਉਪਰੋਕਤ ਗੁਆਂਢੀ ਦੇਸ਼ਾਂ ਤੋਂ ਇਲਾਵਾ ਨਿਪਾਲ ਅਤੇ ਮਿਆਂਮਾਰ ਨਾਲ ਵੀ ਉਸ ਨੇ ਆਪਣੇ ਚੋਖੇ ਸੰਬੰਧ ਵਿਕਸਿਤ ਕਰ ਲਏ ਹਨ ਅਤੇ ਬਹੁਤ ਸਾਰੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਇਨ੍ਹਾਂ ਦੇਸ਼ਾਂ ਵਿਚ ਉਹ ਚਲਾ ਰਿਹਾ ਹੈ | ਭਾਰਤ ਦੇ ਸ਼ੇਖ਼ ਹਸੀਨਾ ਦੀ ਸਰਕਾਰ ਦਾ ਤਖ਼ਤਾ ਪਲਟਣ ਤੋਂ ਬਾਅਦ ਬੰਗਲਾਦੇਸ਼ ਦੀ ਨਵੀਂ ਸਰਕਾਰ ਨਾਲ ਵੀ  ਸੰਬੰਧ ਕੋਈ ਜ਼ਿਆਦਾ ਬਿਹਤਰ ਨਹੀਂ ਰਹੇ | ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੀ ਬਦਨਾਮ ਖ਼ੁਫੀਆ ਏਜੰਸੀ ਆਈ.ਐੱਸ.ਆਈ. ਨੇ ਬੰਗਲਾਦੇਸ਼ ਵਿਚ ਇਕ ਵਾਰ ਫਿਰ ਤੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ, ਤਾਂ ਕਿ ਉੱਤਰ ਪੂਰਬ ਵਿਚ ਵੱਖਵਾਦੀ ਸਰਗਰਮੀਆਂ ਵਧਾ ਕੇ ਭਾਰਤ ਨੂੰ  ਪ੍ਰੇਸ਼ਾਨ ਕੀਤਾ ਜਾ ਸਕੇ | 
ਦੇਸ਼ ਦੇ ਆਲੇ-ਦੁਆਲੇ ਬਣ ਰਹੀਆਂ ਅਜਿਹੀਆਂ ਸੁਰੱਖਿਆ ਸਥਿਤੀਆਂ ਵਿਚ ਭਾਰਤ ਨੂੰ  ਵੀ ਆਪਣੀ ਫ਼ੌਜ ਨੂੰ  ਅਤੀ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਦੀ ਜ਼ਰੂਰਤ ਹੈ | ਭਾਰਤੀ ਫ਼ੌਜ ਨੂੰ  ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਚੀਨ ਦੀ ਵਧ ਰਹੀ ਫ਼ੌਜੀ ਤਾਕਤ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਨੂੰ  ਜਿਸ ਤਰ੍ਹਾਂ ਦੇ ਆਧੁਨਿਕ ਹਥਿਆਰਾਂ ਅਤੇ ਤਕਨੀਕੀ ਉਪਕਰਨਾਂ ਦੀ ਜ਼ਰੂਰਤ ਹੈ, ਉਹ ਸਮੇਂ ਦੀਆਂ ਸਰਕਾਰਾਂ ਵਲੋਂ ਸਮੇਂ ਸਿਰ ਉਨ੍ਹਾਂ ਨੂੰ  ਮੁਹੱਈਆ ਨਹੀਂ ਕੀਤੇ ਜਾਂਦੇ | ਕੁਝ ਮਹੀਨੇ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਅਮਰਪ੍ਰੀਤ ਸਿੰਘ ਵਲੋਂ ਅਜਿਹੀ ਗੱਲ ਆਖੀ ਗਈ ਸੀ ਅਤੇ ਹੁਣ ਇੰਡੋ-ਤਿੱਬਤੀਅਨ ਪੁਲਿਸ ਦੇ ਮੁਖੀ ਸ਼ਤਰੂਜੀਤ ਕਪੂਰ ਵਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਚੀਨ ਦਾ ਮੁਕਾਬਲਾ ਕਰਨ ਲਈ ਸਾਨੂੰ ਅਤਿ ਆਧੁਨਿਕ ਹਥਿਆਰਾਂ ਅਤੇ ਤਕਨੀਕਾਂ ਦੀ ਲੋੜ ਹੈ | ਇਹ ਚੰਗੀ ਗੱਲ ਹੈ ਕਿ ਪਿਛਲੇ ਦਿਨੀਂ ਕੇਂਦਰੀ ਸਰਕਾਰ ਨੇ ਫ਼ੌਜ ਲਈ 2 ਲੱਖ ਕਰੋੜ ਤੋਂ ਵਧ ਦਾ ਫ਼ੌਜੀ ਸਾਜ਼ੋ-ਸਾਮਾਨ ਖਰੀਦਣ ਲਈ ਇਕ ਵੱਡੇ ਪੈਕੇਜ ਨੂੰ  ਮਨਜ਼ੂਰੀ ਦਿੱਤੀ ਹੈ, ਪਰ ਇਸ ਸੰਬੰਧੀ ਅਜੇ ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ | ਇਸ ਦੇ ਨਾਲ ਹੀ ਫ਼ੌਜ ਵਿਚ ਭਰਤੀ ਲਈ ਲਾਗੂ ਕੀਤੀ ਗਈ 4 ਸਾਲਾਂ ਦੀ ਅਗਨੀਵਰ ਸਕੀਮ ਨੂੰ  ਤੁਰੰਤ ਵਾਪਸ ਲੈ ਕੇ ਫਿਰ ਤੋਂ ਪੱਕੀ ਭਰਤੀ ਸ਼ੁਰੂ ਕਰਨ ਦੀ ਜ਼ਰੂਰਤ ਹੈ | ਉਕਤ ਸਕੀਮ ਨਾਲ ਵੀ ਦੇਸ਼ ਦੀ ਸੁਰੱਖਿਆ ਕਮਜ਼ੋਰ ਹੋਈ ਹੈ | ਜੇਕਰ ਸਰਹੱਦ 'ਤੇ ਲੜ ਰਹੇ ਫ਼ੌਜੀ ਜਵਾਨਾਂ ਨੂੰ  ਆਪਣਾ ਭਵਿੱਖ ਸੁਰੱਖਿਅਤ ਨਹੀਂ ਲੱਗੇਗਾ ਤਾਂ ਉਹ ਪ੍ਰਤੀਬੱਧਤਾ ਨਾਲ ਲੜ ਨਹੀਂ ਸਕਦੇ | ਅਰਧ ਸੁਰੱਖਿਆ ਦਲ, ਜਿਨ੍ਹਾਂ ਵਿਚ ਬੀ.ਐਸ.ਐੱਫ., ਸੀ.ਆਰ.ਪੀ. ਅਤੇ ਇੰਡੋ-ਤਿੱਬਤੀਅਨ ਪੁਲਿਸ ਆਦਿ ਸ਼ਾਮਿਲ ਹਨ ਦੇ ਜਵਾਨਾਂ ਨੂੰ  ਵੀ ਬਿਹਤਰ ਸਹੂਲਤਾਂ ਦੇਣ ਦੀ ਜ਼ਰੂਰਤ ਹੈ | ਉਨ੍ਹਾਂ ਦਾ ਆਰਥਿਕ ਭਵਿੱਖ ਸੁਰੱਖਿਅਤ ਕਰਨ ਲਈ ਸਰਕਾਰ ਨੂੰ  ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਚਾਹੀਦੀ ਹੈ | 
ਇਹ ਵੀ ਬੇਹੱਦ ਜ਼ਰੂਰੀ ਹੈ ਕਿ ਭਾਰਤ ਦੀਆਂ ਸਰਹੱਦਾਂ 'ਤੇ ਉਤਪੰਨ ਹੋ ਰਹੀਆਂ ਸਥਿਤੀਆਂ ਖ਼ਾਸ ਕਰ ਕੇ ਅਰੁਣਾਚਲ ਪ੍ਰਦੇਸ਼ ਵਿਚ ਚੀਨ ਵਲੋਂ ਹੋਈ ਤਾਜ਼ਾ ਘੁਸਪੈਠ ਬਾਰੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਰਬ ਪਾਰਟੀ ਮੀਟਿੰਗ ਮਿਲਾ ਕੇ ਵਿਰੋਧੀ ਪਾਰਟੀਆਂ ਨੂੰ  ਵਿਸ਼ਵਾਸ ਵਿਚ ਲੈਣ ਅਤੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਲੋਕਾਂ ਨੂੰ  ਆਪਣੀ ਫ਼ੌਜ ਦੇ ਪਿੱਛੇ ਖੜੇ੍ਹ ਹੋਣਾ ਚਾਹੀਦਾ ਹੈ | ਦੇਸ਼ ਦੇ ਅੰਦਰ ਸੱਤਾਧਾਰੀ ਧਿਰ ਭਾਜਪਾ ਅਤੇ ਵਿਰੋਧੀ ਪਾਰਟੀਆਂ ਦਰਮਿਆਨ ਜੋ ਵੋਟਰ ਸੂਚੀਆਂ ਦੀ ਗਹਿਰੀ ਸੁਧਾਈ ਦੇ ਮੁੱਦੇ ਨੂੰ  ਲੈ ਕੇ ਟਕਰਾਅ ਵਧ ਰਿਹਾ ਹੈ, ਇਸ ਮਸਲੇ ਨੂੰ  ਵੀ ਤੁਰੰਤ ਸੁਲਝਾਉਣ ਦੀ ਲੋੜ ਹੈ | ਬਿਨਾਂ ਸ਼ੱਕ ਸਮੇਂ-ਸਮੇਂ 'ਤੇ ਵੋਟਰ ਸੂਚੀਆਂ ਦੀ ਸੁਧਾਈ ਕਰਨਾ ਚੋਣ ਕਮਿਸ਼ਨ ਦਾ ਕੰਮ ਹੈ, ਪਰ ਪਿਛਲੇ ਸਮੇਂ ਵਿਚ ਜਿਸ ਢੰਗ ਨਾਲ ਉਸ ਨੇ ਇਸ ਅਮਲ ਨੂੰ  ਅੱਗੇ ਵਧਾਇਆ ਹੈ, ਉਸ ਨਾਲ ਉਸ ਦੀ ਨਿਰਪੱਖਤਾ 'ਤੇ ਵੱਡੇ ਸਵਾਲ ਖੜ੍ਹੇ ਹੋਏ ਹਨ ਅਤੇ ਉਸ ਨੇ ਇਸ ਸੰਦਰਭ ਵਿਚ ਵੱਡੀਆਂ ਗਲਤੀਆਂ ਵੀ ਕੀਤੀਆਂ ਹਨ | ਚੋਣ ਕਮਿਸ਼ਨ ਨੂੰ  ਵੀ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਦੇ ਸ਼ੰਕੇ ਦੂਰ ਕਰਨੇ ਚਾਹੀਦੇ ਹਨ ਅਤੇ ਭਵਿੱਖ ਵਿਚ ਨਿਰਪੱਖ ਢੰਗ ਨਾਲ ਕੰਮ ਕਰਨ ਸੰਬੰਧੀ ਉਨ੍ਹਾਂ ਨੂੰ  ਭਰੋਸਾ ਦੇਣਾ ਚਾਹੀਦਾ ਹੈ | ਇਸ ਸਮੇਂ ਜਦੋਂ ਸਰਹੱਦਾਂ 'ਤੇ ਟਕਾਰਅ ਤੇ ਤਣਾਅ ਵਧ ਰਿਹਾ ਹੈ, ਉਸ ਸਮੇਂ ਦੇਸ਼ ਦੇ ਅੰਦਰ ਵੀ ਵੱਖ-ਵੱਖ ਪੱਧਰਾਂ 'ਤੇ ਚਲ ਰਹੇ ਸਿਆਸੀ ਟਕਰਾਵਾਂ ਨੂੰ  ਰੋਕਣ ਦੀ ਜ਼ਰੂਰਤ ਹੈ ਅਤੇ ਸੱਤਾਧਾਰੀ ਪਾਰਟੀ ਦਾ ਇਹ ਵੀ ਵੱਡਾ ਫਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਸਾਰੇ ਲੋਕਾਂ ਨੂੰ  ਇੱਕੋ ਜਿਹਾ ਮਾਣ-ਸਨਮਾਨ ਦੇਵੇ ਅਤੇ ਖ਼ਾਸ ਕਰ ਕੇ ਮੁਸਲਿਮ ਘੱਟ ਗਿਣਤੀ ਸੰਬੰਧੀ, ਜਿਸ ਤਰ੍ਹਾਂ ਦਾ ਵਤੀਰਾ ਉਸ ਨੇ ਪਿਛਲੇ ਲੰਮੇ ਸਮੇਂ ਤੋਂ ਧਾਰਨ ਕੀਤਾ ਹੋਇਆ ਹੈ, ਉਸ ਵਿਚ ਵੀ ਵੱਡੀ ਤਬਦੀਲੀ ਲਿਆਉਣ ਦੀ ਲੋੜ ਹੈ | ਕਰਵਾਏ ਜਾ ਰਹੇ ਹਿੰਦੂ-ਮੁਸਲਿਮ ਧਰੁਵੀਕਰਨ ਨਾਲ ਵੀ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ  ਢਾਹ ਲੱਗ ਰਹੀ ਹੈ | ਅਮਨ ਤੇ ਸਦਭਾਵਨਾ ਨੂੰ  ਮਜ਼ਬੂਤ ਕਰ ਕੇ ਅਤੇ ਢੁਕਵੀਆਂ ਲੋਕ ਪੱਖੀ ਆਰਥਿਕ ਨੀਤੀਆਂ ਲਾਗੂ ਕਰ ਕੇ ਹੀ ਦੇਸ਼ ਨੂੰ  ਮਜ਼ਬੂਤ ਅਤੇ ਸਮੇਂ ਦਾ ਹਾਣੀ ਬਣਾਇਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਵਧਦੀ ਚੋਣ ਸਰਗਰਮੀ ਅਗਲੀ ਖ਼ਬਰ ਦਰਿਆਈ ਪਾਣੀਆਂ ਸੰਬੰਧੀ ਇਨਸਾਫ਼ ਲਈ ਲੜਨਾ ਪਵੇਗਾ
Ad Position 24