ਆਪਣੀ ਪੱਕੀ ਸਹੇਲੀ ਅਕਾਂਸ਼ਾ ਰੰਜਨ ਦੇ ਵਿਆਹ 'ਤੇ ਜਦ ਡੀ.ਜੇ. 'ਤੇ ਗਾਣਾ 'ਮਾਹੀ ਵੇ' ਚੱਲਿਆ ਤਾਂ ਆਲੀਆ ਭੱਟ ਨੇ ਐਸਾ ਡਾਂਸ ਕੀਤਾ ਕਿ ਸਾਰੀ ਜੰਝ ਤੇ ਖ਼ੁਦ ਅਕਾਂਸ਼ਾ ਰੰਜਨ ਦਾ ਪ੍ਰਾਹੁਣਾ ਅਕਾਂਸ਼ਾ ਨੂੰ ਲੈ ਕੇ ਆਲੀਆ ਨਾਲ ਤਿੱਕੜੀ ਬਣਾ ਕੇ ਨੱਚਣ ਲੱਗ ਪਿਆ। ਅਗਲੀ ਇਸ ਲਈ ਵੀ ਨੱਚ ਰਹੀ ਸੀ ਕਿ ਫ਼ਿਲਮ 'ਅਲਫ਼ਾ' ਦਾ ਵਪਾਰ ਅੱਧੇ ਅਰਬ ਅਰਥਾਤ ਪੰਜਾਹ ਕਰੋੜ ਨੂੰ ਟੱਪ ਗਿਆ ਹੈ। ਆਲੀਆ ਨੇ ਤਾਂ ਅਕਾਂਸ਼ਾ ਦੀ ਭੈਣ ਅਨੁਸ਼ਕਾ ਰੰਜਨ ਤੇ ਉਸ ਦੇ ਮਾਹੀ ਅਦਿੱਤਿਆ ਸੀਲ ਨੂੰ ਵੀ ਨਚਾ ਦਿੱਤਾ, ਜਿਹੜੇ ਆਖਦੇ ਨੇ ਕਿ ਉਹ ਤੇ ਆਪਣੇ ਵਿਆਹ 'ਤੇ ਨਹੀਂ ਸਨ ਨੱਚੇ ਕਿ ਡਾਂਸ ਨਹੀਂ ਆਉਂਦਾ, ਪਰ ਆਲੀਆ ਨੇ ਅੱਜ ਉਹ ਵੀ ਸਿਖਾ ਦਿੱਤਾ ਹੈ। ਹਾਲਾਂਕਿ ਆਲੀਆ ਨੂੰ ਏ. ਡੀ. ਐਚ. ਡੀ. ਅਰਥਾਤ 'ਅਟੈਨਸ਼ਨ ਡਿਫਿਕਟ ਹਾਈਪਰਐਕਟੀਵਿਟੀ ਡਿਸਆਰਡਰ' ਨਾਮਕ ਬਿਮਾਰੀ ਹੈ, ਜਿਸ ਨਾਲ ਕਮਜ਼ੋਰੀ ਆਉਂਦੀ ਹੈ ਤੇ ਦਿਮਾਗ਼ ਦਾ ਘੁੰਮ ਜਾਣਾ ਆਮ ਗੱਲ ਹੈ। ਟੌਹਰ ਆਲੀਆ ਭੱਟ ਦੀ ਐਨੀ ਹੈ ਕਿ ਜਦ ਉਹ ਸ਼ੂਟਿੰਗ ਕਰਨ ਜਾਂਦੀ ਹੈ ਤਦ ਉਸ ਦੀ ਬੇਟੀ ਰਾਹਾ ਨੂੰ ਵੱਖਰੀ ਵੈਨਿਟੀ ਵੈਨ ਮਿਲਦੀ ਹੈ। ਕਿਸੇ ਨਰਸਰੀ ਦੀ ਤਰ੍ਹਾਂ ਇਹ ਰਾਹਾ ਦੀ ਵੈਨ ਸਜਾਈ ਗਈ ਹੁੰਦੀ ਹੈ ਤੇ ਰਾਹਾ ਦੀ ਇਸ ਵੈਨ ਨੂੰ ਆਲੀਆ ਮੰਦਰ ਦੀ ਤਰ੍ਹਾਂ ਪਵਿੱਤਰ ਮੰਨਦੀ ਹੈ ਤੇ ਵੈਨ 'ਚ ਖ਼ੁਦ ਘੱਟ ਜਾਂਦੀ ਹੈ, ਤਾਂ ਕਿ ਰਾਹਾ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। 'ਬ੍ਰਹਮਅਸਤਰ-2' ਤੇ 'ਲਵ ਐਂਡ ਵਾਰ' ਆਲੀਆ ਦੀਆਂ ਆ ਰਹੀਆਂ ਫ਼ਿਲਮਾਂ ਹਨ ਤੇ 'ਅਲਫ਼ਾ' ਨੇ ਤਾਂ ਧਮਾਲ ਮਚਾਈ ਹੋਈ ਹੈ। ਆਲੀਆ ਦਾ ਭਾਰ ਇਸ ਵੇਲੇ 54 ਕਿੱਲੋ ਹੈ ਤੇ ਉਸ ਅਨੁਸਾਰ ਇਹ ਯੋਗਾ ਦੀ ਮਿਹਰਬਾਨੀ ਹੈ ਕਿ ਸੋਨੀ ਰਾਜ਼ਦਾਨ ਦੀ ਬੇਟੀ ਆਲੀਆ ਬਿਮਾਰੀ ਦੇ ਬਾਵਜੂਦ ਤੰਦਰੁਸਤੀ ਕਾਇਮ ਰੱਖ ਰਹੀ ਹੈ। ਵੈਸੇ ਕਹਿੰਦੇ ਨੇ ਆਲੀਆ ਦੇ ਪਹਿਲੇ ਪਿਆਰ ਰਮੇਸ਼ ਦੂਬੇ ਪ੍ਰਤੀ ਅੱਜ ਵੀ ਕੋਈ ਕੋਨਾ ਆਲੀਆ ਨੇ ਰੱਖਿਆ ਹੋਇਆ ਹੈ। ਇਧਰ ਆਲੀਆ ਦੇ ਪਿਤਾ ਮਹੇਸ਼ ਭੱਟ ਨੇ ਕਿਹਾ ਹੈ ਕਿ ਆਲੀਆ ਨੂੰ ਅਸੀਂ ਨਫ਼ਰਤ ਲਫ਼ਜ਼ ਤੋਂ ਦੂਰ ਹੀ ਰੱਖਿਆ ਹੈ, ਤਾਂ ਹੀ ਜਦ ਕੋਈ ਬਿਨਾਂ ਵਜ੍ਹਾ ਉਸ ਦੀ ਆਲੋਚਨਾ ਕਰਦਾ ਹੈ ਤਦ ਉਹ ਇਕਦਮ ਘਬਰਾ ਜਾਂਦੀ ਹੈ, ਪਰ ਇਹ ਜ਼ਿੰਦਗੀ ਦਾ ਹਿੱਸਾ ਹੈ। ਆਲੀਆ ਅੰਦਰ ਤੋਂ ਮਜ਼ਬੂਤ ਹੈ। ਫੁਰਤੀਲੀ ਹੈ, ਤੇਜ਼ ਹੈ, ਜਿਸ ਕਰਕੇ ਛੋਟੀ-ਮੋਟੀ ਗੱਲ ਉਸ 'ਤੇ ਅਸਰ ਨਹੀਂ ਕਰਦੀ। ਬਾਕਸਿੰਗ ਉਹ ਜਾਣਦੀ ਹੈ ਤੇ ਅੱਠ ਤਰ੍ਹਾਂ ਦੀਆਂ ਹੋਰ ਕਸਰਤਾਂ ਹਨ, ਜਿਨ੍ਹਾਂ ਨੂੰ ਉਹ ਰੋਜ਼ ਕਰਦੀ ਹੈ। ਆਲੀਆ ਭੱਟ ਨੇ ਆਪਣੇ-ਆਪ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਪਰ 'ਅਲਫ਼ਾ' ਦੀ ਹੁਣ ਕਮਾਈ ਦੱਸਣ 'ਤੇ ਚਿੰਤਾ ਵਿਚ ਹੈ ਤੇ ਨਾਲੇ ਦਰਸ਼ਕ ਆਲੀਆ ਦੀ ਥਾਂ ਸ਼ਰਵਰੀ ਵਾਘ ਦੀ ਸਿਫ਼ਤ ਜ਼ਿਆਦਾ ਕਰ ਰਹੇ ਹਨ ਪਰ ਆਲੀਆ ਭੱਟ ਨੂੰ ਆਪਣੇ ਪਿਤਾ ਮਹੇਸ਼ ਭੱਟ ਦੀ ਗੱਲ ਯਾਦ ਹੈ ਕਿ ਇਹ ਦੁਨੀਆ ਤੁਹਾਡੇ ਤੋਂ ਕਦੇ ਖ਼ੁਸ਼ ਨਹੀਂ ਹੁੰਦੀ, ਮਤਲਬੀ ਹੈ ਇਹ ਦੁਨੀਆ।
-ਸੁਖਜੀਤ ਕੌਰ