ਖੇਡ ਸੰਸਾਰ
Free
44 ਸਾਲ ਦੀ ਉਮਰ ’ਚ ਸੇਰੇਨਾ ਵਿਲੀਅਮਜ਼ ਕਰੇਗੀ ਵਿੰਬਲਡਨ ਵਿਚ ਧਮਾਕੇਦਾਰ ਵਾਪਸੀ
ਅਜੀਤ ਡੈਸਕ
23-06-2026
ਸਹਿਬਾਜ਼ਪੁਰਾ)- ਟੈਨਿਸ ਇਤਿਹਾਸ ਦੀਆਂ ਸਭ ਤੋਂ ਮਹਾਨ ਖਿਡਾਰਨਾਂ ਵਿੱਚੋਂ ਇਕ ਸੇਰੇਨਾ ਵਿਲੀਅਮਜ਼ ਲਗਭਗ ਚਾਰ ਸਾਲ ਬਾਅਦ ਮੁੜ ਸਿੰਗਲਜ਼ ਟੈਨਿਸ ਵਿਚ ਵਾਪਸੀ ਕਰਨ ਜਾ ਰਹੀ ਹੈ। 44 ਸਾਲਾ ਸੇਰੇਨਾ ਨੂੰ ਵਿੰਬਲਡਨ 2026 ਲਈ ਮਹਿਲਾ ਸਿੰਗਲਜ਼ ਵਿੱਚ ਆਖਰੀ ਵਾਈਲਡ ਕਾਰਡ ਐਂਟਰੀ ਦਿੱਤੀ ਗਈ ਹੈ। ਆਲ ਇੰਗਲੈਂਡ ਕਲੱਬ ਵੱਲੋਂ ਐਤਵਾਰ ਨੂੰ ਕੀਤੇ ਐਲਾਨ ਨੇ ਟੈਨਿਸ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਪਹਿਲਾਂ ਹੀ ਸੇਰੇਨਾ ਆਪਣੀ ਵੱਡੀ ਭੈਣ ਵੀਨਸ ਵਿਲੀਅਮਜ਼ ਨਾਲ ਡਬਲਜ਼ ਮੁਕਾਬਲਿਆਂ ਲਈ ਵਾਈਲਡ ਕਾਰਡ ਸਵੀਕਾਰ ਕਰ ਚੁੱਕੀ ਸੀ। ਹੁਣ ਉਹ ਵਿੰਬਲਡਨ ਵਿੱਚ ਸਿੰਗਲਜ਼ ਅਤੇ ਡਬਲਜ਼ ਦੋਵਾਂ ਵਿੱਚ ਹਿੱਸਾ ਲਵੇਗੀ। ਵਿੰਬਲਡਨ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਿਖਿਆ ਗਿਆ, “ਇਹ ਕੋਈ ਮਜ਼ਾਕ ਨਹੀਂ ਹੈ।” ਜਦਕਿ ਡਬਲਯੂ.ਟੀ.ਏ. ਟੂਰ ਨੇ ਇਸ ਵਾਪਸੀ ਨੂੰ ਟੈਨਿਸ ਇਤਿਹਾਸ ਦੀਆਂ ਸਭ ਤੋਂ ਯਾਦਗਾਰ ਵਾਪਸੀਆਂ ਵਿੱਚੋਂ ਇੱਕ ਕਰਾਰ ਦਿੱਤਾ। ਸੇਰੇਨਾ ਨੇ ਆਪਣਾ ਆਖਰੀ ਸਿੰਗਲਜ਼ ਮੁਕਾਬਲਾ 2022 ਯੂਐਸ ਓਪਨ ਵਿੱਚ ਖੇਡਿਆ ਸੀ। ਉਸ ਸਮੇਂ ਉਨ੍ਹਾਂ ਨੇ ਰਿਟਾਇਰਮੈਂਟ ਸ਼ਬਦ ਦੀ ਵਰਤੋਂ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਟੈਨਿਸ ਤੋਂ ਦੂਰ ਹੋ ਕੇ ਜ਼ਿੰਦਗੀ ਦੇ ਨਵੇਂ ਪੜਾਅ ਵੱਲ ਵੱਧ ਰਹੀ ਹੈ। 2023 ਵਿੱਚ ਉਨ੍ਹਾਂ ਦੀ ਦੂਜੀ ਧੀ ਦਾ ਜਨਮ ਹੋਇਆ। ਸੇਰੇਨਾ ਦੇ ਨਾਮ 23 ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਦਰਜ ਹਨ, ਜਿਨ੍ਹਾਂ ਵਿੱਚੋਂ 7 ਵਿੰਬਲਡਨ ਖਿਤਾਬ ਸ਼ਾਮਲ ਹਨ। ਉਹ 2002, 2003, 2009, 2010, 2012, 2015 ਅਤੇ 2016 ਵਿੱਚ ਵਿੰਬਲਡਨ ਚੈਂਪੀਅਨ ਰਹੀ ਹੈ। ਇਸ ਤੋਂ ਇਲਾਵਾ, ਵੀਨਸ ਨਾਲ ਮਿਲ ਕੇ ਉਸ ਨੇ 14 ਗ੍ਰੈਂਡ ਸਲੈਮ ਡਬਲਜ਼ ਖਿਤਾਬ ਵੀ ਜਿੱਤੇ ਹਨ।
ਟੈਨਿਸ ਮਾਹਿਰਾਂ ਦੀ ਨਜ਼ਰ ਹੁਣ ਇਸ ਗੱਲ ‘ਤੇ ਹੈ ਕਿ ਲੰਬੇ ਅੰਤਰਾਲ ਤੋਂ ਬਾਅਦ ਸੇਰੇਨਾ ਸਿੰਗਲਜ਼ ਦੇ ਕਠਿਨ ਮੁਕਾਬਲਿਆਂ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ। ਕਿਉਂਕਿ ਉਨ੍ਹਾਂ ਕੋਲ ਇਸ ਵੇਲੇ ਕੋਈ ਸਿੰਗਲਜ਼ ਰੈਂਕਿੰਗ ਨਹੀਂ ਹੈ, ਇਸ ਲਈ ਡਰਾਅ ਵਿੱਚ ਉਨ੍ਹਾਂ ਦਾ ਸਾਹਮਣਾ ਪਹਿਲੇ ਹੀ ਦੌਰ ਵਿੱਚ ਮੌਜੂਦਾ ਚੈਂਪੀਅਨ ਈਗਾ ਸਵਿਆਟੇਕ, ਵਿਸ਼ਵ ਨੰਬਰ ਇੱਕ ਅਰੀਨਾ ਸਾਬਾਲੈਂਕਾ ਜਾਂ ਕਿਸੇ ਹੋਰ ਚੋਟੀ ਦੀ ਖਿਡਾਰਨ ਨਾਲ ਹੋ ਸਕਦਾ ਹੈ। ਵਿੰਬਲਡਨ ਦਾ ਮੁੱਖ ਡਰਾਅ 29 ਜੂਨ ਤੋਂ ਸ਼ੁਰੂ ਹੋਵੇਗਾ, ਜਦਕਿ ਸੇਰੇਨਾ ਦੇ ਪਹਿਲੇ ਮੁਕਾਬਲੇ ਦੀ ਵਿਰੋਧੀ ਖਿਡਾਰਨ ਦਾ ਐਲਾਨ 26 ਜੂਨ ਨੂੰ ਡਰਾਅ ਨਿਕਲਣ ਤੋਂ ਬਾਅਦ ਕੀਤਾ ਜਾਵੇਗਾ। 44 ਸਾਲ ਦੀ ਉਮਰ ਵਿੱਚ ਸੇਰੇਨਾ ਵਿਲੀਅਮਜ਼ ਦੀ ਇਹ ਵਾਪਸੀ ਟੈਨਿਸ ਜਗਤ ਦੀ ਸਭ ਤੋਂ ਵੱਡੀ ਖਬਰ ਬਣ ਗਈ ਹੈ ਅਤੇ ਦੁਨੀਆ ਭਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮੁੜ ਗ੍ਰੈਂਡ ਸਲੈਮ ਮੰਚ ‘ਤੇ ਦੇਖਣ ਲਈ ਉਤਸ਼ਾਹਿਤ ਹਨ।