ਜਲੰਧਰ, 12 ਜੁਲਾਈ (ਡਾ. ਜਤਿੰਦਰ ਸਾਬੀ)-ਜਦੋਂ ਕਰੋੜਾਂ ਦਰਸ਼ਕ ਫੀਫਾ ਵਿਸ਼ਵ ਕੱਪ ’ਚ ਹੈਰੀ ਕੇਨ ਦੇ ਗੋਲ, ਅਰਲਿੰਗ ਹਾਲੈਂਡ ਦੀ ਰਫ਼ਤਾਰ ਜਾਂ ਕਿਲੀਅਨ ਐਂਮਬਾਪੇ ਦੀ ਜਾਦੂਈ ਡ੍ਰਿਬਲਿੰਗ ਦੇਖ ਕੇ ਰੋਮਾਂਚਿਤ ਹੁੰਦੇ ਹਨ, ਤਾਂ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਇਨ੍ਹਾਂ ਸੁਪਰਸਟਾਰਾਂ ਦੀ ਅਸਲੀ ਜੰਗ 90 ਮਿੰਟਾਂ ਦੇ ਮੈਚ ਤੋਂ ਬਾਅਦ ਸ਼ੁਰੂ ਹੁੰਦੀ ਹੈ। ਹਰ ਮੈਚ ਤੋਂ ਬਾਅਦ ਸਰੀਰ ਥੱਕ ਜਾਂਦਾ ਹੈ, ਮਾਸਪੇਸ਼ੀਆਂ ’ਚ ਸੋਜ ਆ ਜਾਂਦੀ ਹੈ ਤੇ ਸੱਟਾਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਵਿਸ਼ਵ ਕੱਪ ਵਿਚ ਹੁਣ ਸਿਰਫ਼ ਵਧੀਆ ਫੁੱਟਬਾਲ ਖੇਡਣਾ ਹੀ ਕਾਫ਼ੀ ਨਹੀਂ, ਸਗੋਂ ਵਿਗਿਆਨਕ ਢੰਗ ਨਾਲ ਆਪਣੇ ਸਰੀਰ ਨੂੰ ਮੁੜ ਤਿਆਰ ਕਰਨਾ ਵੀ ਉਨਾਂ ਹੀ ਜ਼ਰੂਰੀ ਹੋ ਗਿਆ ਹੈ। ਰਿਪੋਰਟਾਂ ਅਨੁਸਾਰ ਇੰਗਲੈਂਡ ਦੀ ਟੀਮ ਮਾਸਪੇਸ਼ੀਆਂ ਦੀ ਸੋਜ ਘਟਾਉਣ ਲਈ ਹਲਦੀ ਵਾਲਾ ਕਾੜਾ, ਅਦਰਕ ਤੇ ਹੋਰ ਕੁਦਰਤੀ ਪੋਸ਼ਕ ਤੱਤਾਂ ਦੀ ਵਰਤੋਂ ਕਰ ਰਹੀ ਹੈ। ਹਲਦੀ ਵਿੱਚ ਮੌਜੂਦ ਕਰਕਿਊਮਿਨ ਅਤੇ ਅਦਰਕ ਦੇ ਕੁਦਰਤੀ ਤੱਤ ਸੋਜ ਘਟਾਉਣ ਤੇ ਰਿਕਵਰੀ ’ਚ ਸਹਾਇਕ ਮੰਨੇ ਜਾਂਦੇ ਹਨ। ਇਸ ਦੇ ਨਾਲ ਖਿਡਾਰੀਆਂ ਨੂੰ ਉੱਚ ਗੁਣਵੱਤਾ ਵਾਲੇ ਪ੍ਰੋਟੀਨ, ਕਾਰਬੋਹਾਈਡਰੇਟ, ਓਮੇਗਾ-3 ਫੈਟੀ ਐਸਿਡ, ਤਾਜ਼ੇ ਫਲ, ਸਬਜ਼ੀਆਂ ਅਤੇ ਪੂਰੀ ਹਾਈਡ੍ਰੇਸ਼ਨ ਦਿੱਤੀ ਜਾਂਦੀ ਹੈ, ਤਾਂ ਜੋ ਸਰੀਰ ਅਗਲੇ ਮੁਕਾਬਲੇ ਲਈ ਜਲਦੀ ਤਿਆਰ ਹੋ ਸਕੇ। ਮੈਚ ਖ਼ਤਮ ਹੋਣ ਨਾਲ ਹੀ ਕਈ ਖਿਡਾਰੀ ਸਿੱਧੇ ਆਈਸ ਬਾਥ ’ਚ ਚਲੇ ਜਾਂਦੇ ਹਨ। ਬਰਫ਼ ਵਾਲੇ ਠੰਢੇ ਪਾਣੀ ’ਚ ਕੁਝ ਮਿੰਟ ਬਿਤਾਉਣ ਨਾਲ ਮਾਸਪੇਸ਼ੀਆਂ ਦੀ ਸੋਜ ਘਟਦੀ ਹੈ, ਦਰਦ ’ਚ ਰਾਹਤ ਮਿਲਦੀ ਹੈ ਤੇ ਰਿਕਵਰੀ ਦੀ ਗਤੀ ਤੇਜ਼ ਹੋ ਜਾਂਦੀ ਹੈ। ਅੱਜ ਇਹ ਪ੍ਰਕਿਰਿਆ ਵਿਸ਼ਵ ਫੁੱਟਬਾਲ ਦੀ ਹਰ ਵੱਡੀ ਟੀਮ ਦੀ ਰੋਜ਼ਾਨਾ ਰੁਟੀਨ ਬਣ ਚੁੱਕੀ ਹੈ।
ਹਲਦੀ, ਅਦਰਕ ਤੇ ਕਾੜਾ ਚੈਂਪੀਅਨਾਂ ਦੀ ਜਿੱਤ ਦਾ ਅਣ-ਦੇਖਿਆ ਰਾਜ਼
ਅਜੀਤ ਡੈਸਕ
13-07-2026