ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਡੱਲਾ ਗੋਲੀਕਾਂਡ ਮਾਮਲੇ ’ਚ ਨਵਾਂ ਮੌੜ: ਕਰਨਦੀਪ ਸਿੰਘ ਨੇ ਪੁਲਿਸ ’ਤੇ ਲਗਾਏ ਗੰਭੀਰ ਦੋਸ਼

Ad Position 21
No active advertisement
ਅਜੀਤ ਡੈਸਕ 13-07-2026

ਸੁਲਤਾਨਪੁਰ ਲੋਧੀ, 12 ਜੁਲਾਈ (ਨਰੇਸ਼ ਹੈਪੀ)-ਪਿੰਡ ਡੱਲਾ ਦੀ ਦਾਣਾ ਮੰਡੀ ਵਿਚ ਹੋਏ ਗੋਲੀ ਕਾਂਡ ਮਾਮਲੇ ਵਿਚ ਉਸ ਸਮੇਂ ਨਵਾਂ ਮੌੜ ਆ ਗਿਆ ਜਦੋਂ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਵਾਲੇ ਕਰਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਨਿਵਾਸੀ ਪਿੰਡ ਡੱਲਾ ਨੇ ਪੁਲਿਸ ਕਾਰਵਾਈ ‘ਤੇ ਸਵਾਲ ਖੜ੍ਹੇ ਕਰਦਿਆਂ ਗੰਭੀਰ ਦੋਸ਼ ਲਗਾਏ ਹਨ | ਉੱਧਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਖਿੰਡਾ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਸਬ ਇੰਸਪੈਕਟਰ ਦਵਿੰਦਰ ਪਾਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਆਪਣਾ ਪੱਖ ਸਾਹਮਣੇ ਰੱਖਿਆ ਹੈ | ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਾਨਫ਼ਰੰਸ ਨੰੂ ਦੌਰਾਨ ਭਾਵੁਕ ਹੁੰਦੇ ਹੋਏ ਕਰਨਦੀਪ ਸਿੰਘ ਨੇ ਦੱਸਿਆ ਕਿ ਜਿਸ ਰਾਤ ਪਿੰਡ ਡੱਲਾ ਦੀ ਦਾਣਾ ਮੰਡੀ ਵਿਚ ਗੋਲੀ ਚੱਲਣ ਦੀ ਘਟਨਾ ਵਾਪਰੀ, ਉਸ ਸਮੇਂ ਉਹ ਮੌਕੇ ‘ਤੇ ਮੌਜੂਦ ਨਹੀਂ ਸੀ | ਉਸ ਨੇ ਦੱਸਿਆ ਕਿ ਉਸ ਦੇ ਦੋਸਤ ਮਨਦੀਪ ਦਾ ਫ਼ੋਨ ਆਇਆ ਸੀ ਕਿ ਉਸ ਦੇ ਕਿਸੇ ਰਿਸ਼ਤੇਦਾਰ ਨੂੰ ਗੋਲੀਆਂ ਲੱਗੀਆਂ ਹਨ ਅਤੇ ਉਸ ਨੰੂ ਹਸਪਤਾਲ ਲੈ ਕੇ ਜਾਣਾ ਹੈ | ਉਸ ਨੇ ਕਿਹਾ ਕਿ ਉਹ ਆਪਣੇ ਦੋਸਤ ਨਾਲ ਮਿਲ ਕੇ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਕੇ ਆਏ ਜਿੱਥੇ ਡਾਕਟਰਾਂ ਵੱਲੋਂ ਜਵਾਬ ਮਿਲਣ ਤੋਂ ਬਾਅਦ ਉਸ ਨੰੂ ਜਲੰਧਰ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਕਰਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਅਗਲੇ ਦਿਨ ਰਾਤ ਕਰੀਬ 8 ਵਜੇ ਪੁਲਿਸ ਵੱਲੋਂ ਉਸ ਦੇ ਇੱਕ ਦੋਸਤ ਰਾਹੀਂ ਉਸ ਨੰੂ ਡੱਲਾ ਪੁਲਿਸ ਚੌਂਕੀ ਬੁਲਾਇਆ ਗਿਆ | ਜਿੱਥੇ ਕਿ ਪਿੰਡ ਦੇ ਕੁੱਝ ਵਿਅਕਤੀਆਂ ਨਰਿੰਦਰ ਸਿੰਘ ਖਿੰਡਾ, ਓਮਕਾਰ ਸਿੰਘ ਅਤੇ ਇੱਕ ਆੜ੍ਹਤੀਏ ਦੀ ਸ਼ਹਿ ‘ਤੇ ਉਸ ਨਾਲ ਪੁਲਿਸ ਚੌਂਕੀ ਚ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ | ਕਰਨਦੀਪ ਸਿੰਘ ਨੇ ਕਿਹਾ ਕਿ ਉਸ ਤੋਂ ਇੱਕ ਬਿਆਨ ‘ਤੇ ਦਸਤਖ਼ਤ ਵੀ ਕਰਵਾਏ ਗਏ ਜਦਕਿ ਗੋਲੀਬਾਰੀ ਦੀ ਘਟਨਾ ਸਮੇਂ ਉਹ ਮੌਕੇ ‘ਤੇ ਮੌਜੂਦ ਨਹੀਂ ਸੀ | ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਬਿਆਨਾਂ ਨਾਲ ਛੇੜਛਾੜ ਕਰਕੇ ਕੁੱਝ ਵਿਅਕਤੀਆਂ ਨੂੰ ਬਾਹਰ ਕੱਢਣ ਅਤੇ ਕੁੱਝ ਦੇ ਨਾਮ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਉਸ ਨੇ ਕਿਹਾ ਕਿ ਉਸ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਉਸ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਗਿਆ ਹੈ | ਕਰਨਦੀਪ ਸਿੰਘ ਨੇ ਕਿਹਾ ਕਿ ਉਹ ਇਨਸਾਫ਼ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਉਸ ਦੇ ਖ਼ਿਲਾਫ਼ ਕੋਈ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਡੱਲਾ ਚੌਂਕੀ ਅਤੇ ਸੁਲਤਾਨਪੁਰ ਲੋਧੀ ਪੁਲਿਸ ਦੀ ਹੋਵੇਗੀ | ਉਸ ਨੇ ਕਿਹਾ ਕਿ ਉਸ ਨੂੰ ਹੁਣ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਦਾ ਡਰ ਹੈ | ਪਰੰਤੂ ਇਸ ਨੂੰ ਲੈ ਕੇ ਉਹ ਹਾਈਕੋਰਟ ਵੀ ਜਾਵੇਗਾ | ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਖਿੰਡਾ ਨੇ ਕਰਨਦੀਪ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਦੋਸ਼ ਝੂਠੇ ਤੇ ਬੇਬੁਨਿਆਦ ਹਨ ਅਤੇ ਰਾਜਨੀਤਿਕ ਰੰਜਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਨਰਿੰਦਰ ਸਿੰਘ ਖਿੰਡਾ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਕਰੀਬ 11 ਵਜੇ ਤੋਂ ਬਾਅਦ ਆੜ੍ਹਤੀ ਲਾਲ ਸਿੰਘ ਦਾ ਫ਼ੋਨ ਆਇਆ ਸੀ ਕਿ ਮੰਡੀ ਵਿਚ ਗੋਲੀ ਚੱਲ ਗਈ ਹੈ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤੁਰੰਤ ਡੱਲਾ ਪੁਲਿਸ ਚੌਂਕੀ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਬਾਰੇ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਲਾਲ ਸਿੰਘ ਨਾਲ ਗੱਲ ਕਰਕੇ ਦੱਸਿਆ ਕਿ ਮੰਡੀ ਦੇ ਅੰਦਰਲੇ ਫੜ ਵਾਲੇ ਪਾਸੇ ਗੋਲੀ ਚੱਲੀ ਹੈ | ਕੁੱਟਮਾਰ ਦੇ ਦੋਸ਼ਾਂ ਬਾਰੇ ਖਿੰਡਾ ਨੇ ਕਿਹਾ ਕਿ ਚੌਂਕੀ ਵਿਚ ਕਰਨਦੀਪ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕੁੱਟਮਾਰ ਨਹੀਂ ਹੋਈ | ਉਨ੍ਹਾਂ ਕਿਹਾ ਕਿ ਉਹ ਪਿੰਡ ਦੀ ਰਾਜਨੀਤੀ ਅਤੇ ਪੰਚਾਇਤੀ ਕੰਮਾਂ ਨਾਲ ਜੁੜੇ ਹੋਣ ਕਾਰਨ ਪੁਲਿਸ ਚੌਂਕੀ ਆਉਂਦੇ-ਜਾਂਦੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਉਹ ਚੌਂਕੀ ਪਹੁੰਚੇ ਤਾਂ ਕਰਨਦੀਪ ਸਿੰਘ ਪਹਿਲਾਂ ਤੋਂ ਉੱਥੇ ਮੌਜੂਦ ਸੀ | ਉਨ੍ਹਾਂ ਨੇ ਸਿਰਫ਼ ਉਸ ਦਾ ਹਾਲ-ਚਾਲ ਪੁੱਛਿਆ ਅਤੇ ਉਸ ਦੇ ਪਹਿਲਾਂ ਚੱਲ ਰਹੇ ਮਾਮਲੇ ਬਾਰੇ ਗੱਲ ਕੀਤੀ | ਉਨ੍ਹਾਂ ਦਾਅਵਾ ਕੀਤਾ ਕਿ ਉਸ ਸਮੇਂ ਚੌਂਕੀ ਵਿਚ 40 ਤੋਂ 50 ਵਿਅਕਤੀ ਮੌਜੂਦ ਸਨ ਜੋ ਇਸ ਗੱਲ ਦੇ ਗਵਾਹ ਹਨ ਕਿ ਕੋਈ ਕੁੱਟਮਾਰ ਨਹੀਂ ਹੋਈ | ਇਸ ਮਾਮਲੇ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਸਬ ਇੰਸਪੈਕਟਰ ਦਵਿੰਦਰ ਪਾਲ ਨੇ ਕਿਹਾ ਕਿ ਕਰਨਦੀਪ ਸਿੰਘ ਆਪਣੇ ਦੋਸਤ ਨਾਲ ਪੁਲਿਸ ਚੌਂਕੀ ਆਇਆ ਸੀ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਬਿਆਨ ਦਰਜ ਕਰਵਾਏ ਸਨ | ਉਨ੍ਹਾਂ ਕਿਹਾ ਕਿ ਬਿਆਨਾਂ ‘ਤੇ ਉਸ ਦੇ ਦਸਤਖ਼ਤ ਵੀ ਮੌਜੂਦ ਹਨ | ਐਸ.ਐਚ.ਓ. ਨੇ ਸਪਸ਼ਟ ਕੀਤਾ ਕਿ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਨਾਲ ਕੁੱਟਮਾਰ ਨਹੀਂ ਕੀਤੀ ਗਈ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਰਨਦੀਪ ਸਿੰਘ ਨੂੰ ਆਪਣੇ ਦਰਜ ਬਿਆਨਾਂ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਦੁਬਾਰਾ ਪੁਲਿਸ ਕੋਲ ਆਪਣਾ ਪੱਖ ਰੱਖ ਸਕਦਾ ਹੈ ਜਿਸਦੀ ਨਿਰਪੱਖ ਜਾਂਚ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਦਾ ਪੱਧਰ ਵਧਿਆ, ਮੰਡ ਖੇਤਰ ’ਚ ਪਿੰਡ ਰਾਮਪੁਰ ਗੋਰੇ ਦੇ ਕਿਸਾਨ ਦਾ ਘਰ ਢਹਿ-ਢੇਰੀ ਅਗਲੀ ਖ਼ਬਰ ਹਲਦੀ, ਅਦਰਕ ਤੇ ਕਾੜਾ ਚੈਂਪੀਅਨਾਂ ਦੀ ਜਿੱਤ ਦਾ ਅਣ-ਦੇਖਿਆ ਰਾਜ਼
Ad Position 24
No active advertisement