ਸੁਲਤਾਨਪੁਰ ਲੋਧੀ, 12 ਜੁਲਾਈ (ਥਿੰਦ)-ਹਿਮਾਚਲ ਦੇ ਪਹਾੜਾਂ ਵਿਚ ਹੋ ਰਹੀ ਭਾਰੀ ਬਾਰਸ਼ ਕਾਰਨ ਦਰਿਆ ਬਿਆਸ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ‘ਚ ਪਿਛਲੇ ਸਾਲ ਦੀ ਤਰ੍ਹਾਂ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ | ਮਾਨਸੂਨ ਦੇ ਪੂਰੀ ਤਰ੍ਹਾਂ ਆਉਣ ਤੋਂ ਪਹਿਲਾਂ ਹੀ ਦਰਿਆ ਦੇ ਪਾਣੀ ਦੇ ਪੱਧਰ ‘ਚ ਵਾਧੇ ਨਾਲ ਕਈ ਘਰ ਅਤੇ ਕੀਮਤੀ ਜ਼ਮੀਨਾਂ ਦਰਿਆ ਦੀ ਲਪੇਟ ‘ਚ ਆ ਗਈਆਂ ਹਨ | ਇਸ ਨਾਲ ਮੰਡ ਖੇਤਰ ‘ਚ ਫਿਰ ਤੋਂ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ | ਜ਼ਿਕਰਯੋਗ ਹੈ ਕਿ 2025 ‘ਚ ਆਏ ਹੜ੍ਹ ਨੇ ਪਿੰਡ ਰਾਮਪੁਰ ਗੋਰੇ ‘ਚ ਭਾਰੀ ਤਬਾਹੀ ਮਚਾਈ ਸੀ, ਜਿਸ ਦੌਰਾਨ ਤਕਰੀਬਨ 20 ਘਰ ਦਰਿਆ ‘ਚ ਰੁੜ੍ਹ ਗਏ ਸਨ ਅਤੇ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਸੀ | ਇਸ ਤੋਂ ਪਹਿਲਾਂ 2019 ਅਤੇ 2023 ‘ਚ ਵੀ ਇਸ ਹਲਕੇ ‘ਚ ਹੜ੍ਹ ਨੇ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਸੀ | ਹੁਣ ਦਰਿਆ ‘ਚ ਪਾਣੀ ਵਧਣ ਕਾਰਨ ਨਿਹੰਗ ਮਿਲਖਾ ਸਿੰਘ ਦਾ ਘਰ ਵੀ ਦਰਿਆ ਦੀ ਭੇਟ ਚੜ੍ਹ ਗਿਆ ਹੈ | ਲੱਖਾਂ ਰੁਪਏ ਦੀ ਲਾਗਤ ਨਾਲ ਬਣਿਆ ਉਨ੍ਹਾਂ ਦਾ ਮਕਾਨ ਮਲਬੇ ਦੇ ਢੇਰ ‘ਚ ਤਬਦੀਲ ਹੋ ਗਿਆ ਹੈ | ਛੱਤ ਖੁੱਸ ਜਾਣ ਕਾਰਨ ਪੀੜਿਤ ਪਰਿਵਾਰ ਹੁਣ ਬਾਬਾ ਬਿਧੀ ਚੰਦ ਜੀ ਦੇ ਡੇਰੇ ਸੁਲਤਾਨਪੁਰ ਲੋਧੀ ‘ਚ ਰਹਿਣ ਲਈ ਮਜਬੂਰ ਹੈ | ਨਿਹੰਗ ਮਿਲਖਾ ਸਿੰਘ ਨੇ ਭਰੇ ਗਲੇ ਨਾਲ ਦੱਸਿਆ ਕਿ 2025 ਦੇ ਹੜ੍ਹ ਦੇ ਜ਼ਖ਼ਮ ਅਜੇ ਭਰੇ ਨਹੀਂ ਸਨ ਕਿ 2026 ‘ਚ ਫਿਰ ਕੁਦਰਤ ਦਾ ਕਹਿਰ ਟੁੱਟ ਪਿਆ | 2025 ‘ਚ ਉਨ੍ਹਾਂ ਨਾਲ ਲੱਗਦੇ 9 ਘਰ ਰੁੜ੍ਹ ਗਏ ਸਨ ਅਤੇ ਸਿਰਫ਼ ਉਨ੍ਹਾਂ ਦਾ ਘਰ ਬਚਿਆ ਸੀ, ਜੋ ਹੁਣ ਬਾਰਸ਼ ਕਾਰਨ ਢਹਿ ਗਿਆ | ਇਸ ਦੌਰਾਨ ਬੇੜੀ ‘ਚੋਂ ਨਿਕਲਦੇ ਸਮੇਂ ਨਿਹੰਗ ਮਿਲਖਾ ਸਿੰਘ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਦਰਿਆ ‘ਚ ਰੁੜ੍ਹਨ ਲੱਗੇ | ਸਮੇਂ ਸਿਰ ਨਿਹੰਗ ਸਿੰਘ ਅਤੇ ਕੌਂਸਲਰ ਦਿਲਬਾਗ ਸਿੰਘ ਗਿੱਲ ਨੇ ਉਨ੍ਹਾਂ ਨੂੰ ਬਚਾਇਆ | ਪੀੜਿਤ ਪਰਿਵਾਰ ਦਾ ਦੋਸ਼ ਹੈ ਕਿ ਪਿਛਲੇ ਸਾਲ ਆਏ ਹੜ੍ਹ ਨੂੰ ਇੱਕ ਸਾਲ ਹੋ ਗਿਆ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਮੁਆਵਜ਼ਾ ਜਾਂ ਮਦਦ ਨਹੀਂ ਮਿਲੀ | ਜਿਨ੍ਹਾਂ ਲੋਕਾਂ ਦੀ ਰਜਿਸਟਰੀ ਵਾਲੀ ਜ਼ਮੀਨ ਅਤੇ ਘਰ ਦਰਿਆ ‘ਚ ਰੁੜ੍ਹ ਗਏ, ਉਹ ਅੱਜ ਵੀ ਰਾਹਤ ਦੀ ਉਡੀਕ ਕਰ ਰਹੇ ਹਨ | ਮੌਜੂਦਾ ਸਮੇਂ ਵੀ ਬਿਆਸ ਲਗਾਤਾਰ ਢਾਹ ਲਾ ਰਿਹਾ ਹੈ ਅਤੇ ਕਈ ਘਰ ਖ਼ਤਰੇ ‘ਚ ਹਨ | ਜੇਕਰ ਮਾਨਸੂਨ ਦੌਰਾਨ ਹੋਰ ਬਾਰਸ਼ ਹੋਈ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ | ਨਿਹੰਗ ਮਿਲਖਾ ਸਿੰਘ, ਨਿਹੰਗ ਲੱਖਾਂ ਸਿੰਘ ਅਤੇ ਕੌਂਸਲਰ ਦਿਲਬਾਗ ਸਿੰਘ ਗਿੱਲ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਮੰਗ ਕੀਤੀ ਹੈ | ਨਿਹੰਗ ਮਿਲਖਾ ਸਿੰਘ ਨੇ ਕਿਹਾ ਕਿ ਸਰਕਾਰ ਮੁਰਗੀਆਂ-ਬੱਕਰੀਆਂ ਦੇ ਮੁਆਵਜ਼ੇ ਦੇ ਵੱਡੇ ਦਾਅਵੇ ਕਰਦੀ ਹੈ ਪਰ ਕਿਸਾਨਾਂ ਨੂੰ ਮੁਆਵਜ਼ਾ ਦੇਣ ‘ਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ | ਉੱਧਰ ਬਿਆਸ ਦਰਿਆ ਵਿਚ ਮਾਨਸੂਨ ਤੋਂ ਪਹਿਲਾਂ ਹੀ ਪਾਣੀ ਵਧਣ ਕਾਰਨ ਮੰਡ ਖੇਤਰ ਦੇ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ |ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਹਰੀਕੇ ਹੈੱਡ ਤੋਂ ਪਾਣੀ ਦਾ ਨਿਕਾਸ ਵੱਧ ਕੀਤਾ ਜਾਵੇ ਤਾਂ ਜੋ ਮੰਡ ਖੇਤਰ ਦੇ ਹਾਲਾਤ ਖ਼ਰਾਬ ਨਾ ਹੋਣ |
ਦਰਿਆ ਬਿਆਸ ਦਾ ਪੱਧਰ ਵਧਿਆ, ਮੰਡ ਖੇਤਰ ’ਚ ਪਿੰਡ ਰਾਮਪੁਰ ਗੋਰੇ ਦੇ ਕਿਸਾਨ ਦਾ ਘਰ ਢਹਿ-ਢੇਰੀ
ਅਜੀਤ ਡੈਸਕ
13-07-2026