ਬੈਂਗਲੁਰੂ, 21 ਜੁਲਾਈ (ਪੀ.ਟੀ.ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 2026-27 ਦੇ ਘਰੇਲੂ ਸੀਜ਼ਨ ਤੋਂ ਪਹਿਲਾਂ “ਖੇਡਣ ਦੀਆਂ ਸਥਿਤੀਆਂ” ਵਿਚ ਕਈ ਮਹੱਤਵਪੂਰਨ ਬਦਲਾਅ ਕੀਤੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਜੇਕਰ ਕੋਈ ਗੇਂਦਬਾਜ਼ ਜਾਣਬੁੱਝ ਕੇ ਨੋ-ਬਾਲ ਸੁੱਟਦਾ ਹੈ ਤਾਂ ਉਸ ਨੂੰ ਪੂਰੇ ਮੈਚ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਇਕ ਗੇਂਦਬਾਜ਼ ਜੋ ਜਾਣਬੁੱਝ ਕੇ “ਫਰੰਟ-ਫੁੱਟ ਨੋ-ਬਾਲ” ਸੁੱਟਦਾ ਹੈ ਜਾਂ ਅਜਿਹੀ ਡਿਲੀਵਰੀ ਕਰਦਾ ਹੈ ਜਿਸ ’ਚ ਉਸਦਾ ਪੈਰ ਨਿਰਧਾਰਤ ਖੇਤਰ ’ਤੇ ਨਹੀਂ ਪੈਂਦਾ, ਉਸਨੂੰ ਨਾ ਸਿਰਫ਼ ਉਸ ਪਾਰੀ ਲਈ, ਸਗੋਂ ਬਾਕੀ ਮੈਚ ਲਈ ਗੇਂਦਬਾਜ਼ੀ ਕਰਨ ਤੋਂ ਮੁਅੱਤਲ ਕਰ ਦਿੱਤਾ ਜਾਵੇਗਾ। ਮੌਜੂਦਾ ਨਿਯਮਾਂ ਦੇ ਤਹਿਤ, ਅਜਿਹੇ ਮਾਮਲਿਆਂ ’ਚ, ਗੇਂਦਬਾਜ਼ ਨੂੰ ਸਿਰਫ਼ ਸਬੰਧਤ ਪਾਰੀ ਲਈ ਗੇਂਦਬਾਜ਼ੀ ਕਰਨ ਤੋਂ ਮੁਅੱਤਲ ਕੀਤਾ ਗਿਆ ਸੀ। ਬੀਸੀਸੀਆਈ ਨੇ ਹਾਲ ਹੀ ’ਚ ਮੈਰੀਲੇਬੋਨ ਕ੍ਰਿਕਟ ਕਲੱਬ (ਐਮ.ਸੀ.ਸੀ.) ਦੁਆਰਾ ਸੁਝਾਏ ਗਏ ਇਹ ਸੋਧਾਂ ਸਾਰੇ ਰਾਜ ਕ੍ਰਿਕਟ ਸੰਘਾਂ ਨਾਲ ਸਾਂਝੀਆਂ ਕੀਤੀਆਂ ਹਨ। ਬੀ.ਸੀ.ਸੀ.ਆਈ. ਦੇ ਸਰਕੂਲਰ ਦੇ ਅਨੁਸਾਰ, ਇਕ ਗੇਂਦਬਾਜ਼ ਨੂੰ ਪੂਰੇ ਮੈਚ ਲਈ ਮੁਅੱਤਲ ਕਰਨ ਦਾ ਫੈਸਲਾ ਮੈਦਾਨੀ ਅੰਪਾਇਰਾਂ ਦੁਆਰਾ ‘ਖੇਡਣ ਦੀਆਂ ਸ਼ਰਤਾਂ’ ਦੇ ਨਿਯਮ 41.8 ਦੇ ਤਹਿਤ ਲਿਆ ਜਾਵੇਗਾ।