ਨਵੀਂ ਦਿੱਲੀ, 26 ਨਵੰਬਰ (ਪੀ.ਟੀ.ਆਈ.)-ਦੇਸ਼ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਨੂੰ ਉਜਾਗਰ ਕਰਦਿਆਂ ਭਾਰਤ ਨੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਦੀ ਫਿਊਚਰ ਹੋਸਟ ਕਮਿਸ਼ਨ ਨਾਲ ਆਨਲਾਈਨ ਗੱਲਬਾਤ ਦੌਰਾਨ 2036 ਦੀਆਂ ਉਲੰਪਿਕ ਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਆਪਣਾ ‘ਵਿਜ਼ਨ ਅਤੇ ਪ੍ਰਸਤਾਵਿਤ ਰੋਡਮੈਪ’ ਪੇਸ਼ ਕੀਤਾ। 30 ਮਿੰਟ ਦੀ ਇਸ ਪੇਸ਼ਕਾਰੀ ਤੋਂ ਬਾਅਦ ਕੋਲਿੰਡਾ ਗ੍ਰਾਬਰ-ਕਿਤਾਰੋਵਿਚ ਦੀ ਅਗਵਾਈ ਵਾਲੀ 9 ਮੈਂਬਰੀ ਫਿਊਚਰ ਹੋਸਟ ਕਮਿਸ਼ਨ ਨਾਲ ਕਰੀਬ 20 ਮਿੰਟ ਤੱਕ ਸੰਖੇਪ ਚਰਚਾ ਹੋਈ। ਭਾਰਤੀ ਉਲੰਪਿਕ ਸੰਘ (ਆਈ.ਓ.ਏ.) ਵਲੋਂ ਜਾਰੀ ਪ੍ਰੈੱਸ ਬਿਆਨ ’ਚ ਕਿਹਾ ਗਿਆ ਕਿ ਪੇਸ਼ਕਾਰੀ ਦੌਰਾਨ ਪ੍ਰਸਤਾਵਿਤ ਮੇਜ਼ਬਾਨ ਸ਼ਹਿਰ ਅਹਿਮਦਾਬਾਦ ਦੀਆਂ ਤਿਆਰੀਆਂ, ਖੇਡਾਂ ਦੇ ਬੁਨਿਆਦੀ ਢਾਂਚੇ ਤੇ ਭਾਰਤੀ ਉਲੰਪਿਕ ਸੰਘ ਨੂੰ ਸ਼ਹਿਰ, ਸੂਬਾ ਤੇ ਕੇਂਦਰ ਸਰਕਾਰ ਵਲੋਂ ਦਿੱਤੇ ਜਾ ਰਹੇ ਸਹਿਯੋਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਿਚ ਵੱਡੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦਾ ਭਾਰਤ ਦਾ ਤਜਰਬਾ, ਪ੍ਰਸਤਾਵਿਤ ਖੇਡ ਸਥਾਨਾਂ ਦੇ ਵਿਕਾਸ ਦੀਆਂ ਯੋਜਨਾਵਾਂ ਤੇ ਉਲੰਪਿਕ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਲੰਮੇ ਸਮੇਂ ਦੇ ਵਿਜ਼ਨ ਨੂੰ ਵੀ ਸ਼ਾਮਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਰਮਨੀ, ਹੰਗਰੀ, ਕਤਰ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਤੇ ਤੁਰਕੀਏ ਵੀ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ ਵਿਚ ਸ਼ਾਮਲ ਹੋਰ ਦੇਸ਼ ਹਨ। ਵੀਰਵਾਰ ਨੂੰ ਹੋਈ ਪੇਸ਼ਕਾਰੀ ਦੌਰਾਨ ਭਾਰਤੀ ਟੀਮ ਦੀ ਨੁਮਾਇੰਦਗੀ ਖੇਡ ਮੰਤਰੀ ਮਨਸੁਖ ਮਾਂਡਵੀਆ, ਖੇਡ ਸਕੱਤਰ ਹਰੀ ਰੰਜਨ ਰਾਓ, ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ, ਆਈ.ਓ.ਸੀ. ਵਿਚ ਭਾਰਤ ਦੀ ਪ੍ਰਤੀਨਿਧੀ ਨੀਤਾ ਅੰਬਾਨੀ, ਆਈ.ਓ.ਏ. ਐਥਲੀਟਸ ਕਮਿਸ਼ਨ ਦੀ ਮੁਖੀ ਤੇ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ, ਗੁਜਰਾਤ ਦੇ ਖੇਡ ਮੰਤਰੀ ਹਰਸ਼ ਸੰਘਵੀ ਤੇ ਆਈ.ਓ.ਏ. ਦੇ ਸੀ.ਈ.ਓ. ਰਘੂਰਾਮ ਅਈਅਰ ਸਮੇਤ ਕੁਝ ਹੋਰ ਅਧਿਕਾਰੀਆਂ ਨੇ ਕੀਤੀ।
ਖੇਡ ਸੰਸਾਰ
Free
2036 ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਨੇ ਪੇਸ਼ ਕੀਤਾ ਰੋਡਮੈਪ
ਨਵੀਂ ਦਿੱਲੀ, 26 ਨਵੰਬਰ (ਪੀ. ਟੀ.
ਅਜੀਤ ਡੈਸਕ
27-11-2026