ਸੈਕਰਾਮੈਂਟੋ, 25 ਜਨਵਰੀ (ਹੁਸਨ ਲੜੋਆ ਬੰਗਾ)-ਮਿਨੀਆਪੋਲਿਸ ਵਿਚ ਬਾਰਡਰ ਗਸ਼ਤੀ ਦਲ ਦੇ ਇਕ ਅਫਸਰ ਵੱਲੋਂ ਇਮੀਗ੍ਰੇਸ਼ਨ ਇਨਫੋਰਸਮੈਂਟ ਕਾਰਵਾਈ ਦੌਰਾਨ ਚਲਾਈ ਗੋਲੀ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ | ਇਸ ਘਟਨਾ ਉਪਰੰਤ ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ | ਜਿਸ ਦੌਰਾਨ ਮੰਗ ਕੀਤੀ ਗਈ ਕਿ ਇਮੀਗ੍ਰੇਸ਼ਨ ਕਾਰਵਾਈ ਬੰਦ ਕੀਤੀ ਜਾਵੇ | ਹੋਮਲੈਂਡ ਸਕਿਉਰਿਟੀ ਵਿਭਾਗ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਸਵੇਰ ਵੇਲੇ ਵਾਪਰੀ ਜਦੋਂ ਬਾਰਡਰ ਗਸ਼ਤੀ ਦਲ ਇਮੀਗ੍ਰੇਸ਼ਨ ਤਲਾਸ਼ੀਆਂ ਦੌਰਾਨ ਕਾਰਵਾਈ ਕਰ ਰਿਹਾ ਸੀ | ਸੰਘੀ ਅਫਸਰਾਂ ਅਨੁਸਾਰ ਇਕ ਵਿਅਕਤੀ ਜਿਸ ਕੋਲ ਗੰਨ ਸੀ, ਅਫਸਰਾਂ ਵੱਲ ਆਉਂਦਾ ਦਿਸਿਆ ਜਿਸ 'ਤੇ ਆਪਣੇ ਬਚਾਅ ਲਈ ਇਕ ਅਫਸਰ ਨੇ ਗੋਲੀ ਚਲਾ ਦਿੱਤੀ | ਮਿਨੀਆਪੋਲਿਸ ਪੁਲਿਸ ਮੁਖੀ ਬਰੀਅਨ ਓ ਹਾਰਾ ਨੇ ਕਿਹਾ ਹੈ ਕਿ ਮਾਰਿਆ ਗਿਆ ਵਿਅਕਤੀ ਉਥੋਂ ਦਾ ਹੀ ਵਿਸਨੀਕ ਹੈ ਤੇ ਉਹ ਅਮਰੀਕੀ ਸ਼ਹਿਰੀ ਹੈ | ਉਸ ਕੋਲ ਹੱਥਿਆਰ ਰੱਖਣ ਦਾ ਪਰਮਿਟ ਵੀ ਹੈ | ਉਸ ਦੀ ਪਛਾਣ ਐਲਕਸ ਪਰੈਟੀ ਵਜੋਂ ਹੋਈ ਹੈ | ਸੰਘੀ ਅਫਸਰਾਂ ਸਥਾਨਕ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਘਟਨਾ ਵਾਲੇ ਖੇਤਰ ਤੋਂ ਦੂਰ ਰਹਿਣ | ਇਸ ਦੌਰਾਨ ਹੋਮਲੈਂਡ ਸਕਿਉਰਿਟੀ ਵਿਭਾਗ ਦੀ ਸਕੱਤਰ ਕਿ੍ਸਟੀ ਨੋਏਮ ਨੇ ਕਿਹਾ ਹੈ ਕਿ ਉਹ ਵਾਈਟ ਹਾਊਸ ਦੇ ਇਸ ਤਰਕ ਨਾਲ ਸਹਿਮਤ ਹੈ ਕਿ ਮਿ੍ਤਕ ਪਰੈਟੀ ਘਰੇਲੂ ਦਹਿਸ਼ਤਵਾਦ 'ਚ ਸ਼ਾਮਿਲ ਸੀ |