ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਬਰਤਾਨਵੀ ਸਿੱਖ ਜਥੇਬੰਦੀਆਂ ਵੱਲੋਂ 26 ਜਨਵਰੀ 1986 ਦੇ ਸਰਬੱਤ ਖ਼ਾਲਸੇ ਦੇ ਖਾਲਿਸਤਾਨ ਦੇ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਸੰਬੰਧੀ ਕਾਨਫਰੰਸ ਕਰਵਾਈ ਗਈ | ਜਿਸ 'ਚ ਯੂ.ਕੇ. ਭਰ ਤੋਂ ਸਿੱਖ ਜੱਥੇਬੰਦੀਆਂ ਦੇ ਆਗੂਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਗੁਰਦੁਆਰਾ ਸਾਹਿਬ ਵੱਲੋਂ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ | ਸਟੇਜ ਦੀ ਕਾਰਵਾਈ ਗੁਰਮੀਤ ਸਿੰਘ ਸਿੱਧੂ ਨੇ ਨਿਭਾਈ ਤੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ ਨੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮÏਕੇ ਬੋਲਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਜੂਨ 1984 'ਚ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਿੱਖ ਇਤਿਹਾਸ ਨੂੰ ਖ਼ਤਮ ਕਰਨ ਲਈ ਸਿੱਖ ਰੈਫਰੰਸ ਲਾਇਬਰੇਰੀ ਨਸ਼ਟ ਕੀਤੀ ਗਈ | ਫਿਰ ਨਵੰਬਰ 1984 'ਚ ਸਿੱਖ ਕਤਲੇਆਮ ਕੀਤਾ ਗਿਆ | ਸਿੱਖਾਂ ਨਾਲ ਹੋਈਆਂ ਵਧੀਕੀਆਂ ਨੂੰ ਮੁੱਖ ਰੱਖਦਿਆਂ 1986 ਨੂੰ ਸਰਬੱਤ ਖ਼ਾਲਸਾ 'ਚ ਸਿੱਖਾਂ ਦੀ ਅਜ਼ਾਦੀ ਨੂੰ ਲੈ ਕੇ ਅਹਿਮ ਐਲਾਨ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਅੱਜ 40 ਸਾਲ ਬਾਅਦ ਵੀ ਉਹਨਾਂ ਸ਼ਹੀਦਾਂ ਦਾ ਸੁਪਨਾ ਪੂਰਾ ਕਰਨ ਲਈ ਜਦੋਜਹਿਦ ਜਾਰੀ ਹੈ | ਜੋਗਿੰਦਰ ਸਿੰਘ ਬੱਲ ਨੇ ਸਿਆਸੀ ਲੋਕਾਂ ਨੂੰ ਨਾਲ ਲੈ ਕੇ ਰਾਜਸੀ ਲਾਬੀ ਕਰਨ ਲਈ ਕਿਹਾ | ਭਾਈ ਕੁਲਦੀਪ ਸਿੰਘ ਚਹੇੜੂ ਨੇ 1986 ਸਾਲਾ ਐਲਾਨਨਾਮਾ ਪੜ੍ਹ ਕੇ ਸੁਣਾਉਂਦਿਆਂ ਕਿਹਾ ਕਿ ਉਸ ਸਮੇਂ ਸਿੱਖਾਂ ਨੇ ਦੂਰਅੰਦੇਸ਼ੀ ਨਾਲ ਹੀ ਸਿੱਖ ਰਾਜ ਦੀਆਂ ਭਵਿੱਖ ਦੀਆਂ ਸਾਰੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ ਸੀ | ਕਾਨਫਰੰਸ ਨੂੰ ਹਰਜੀਤ ਸਿੰਘ ਸਰਪੰਚ, ਦਵਿੰਦਰਜੀਤ ਸਿੰਘ ਸਿੱਧੂ, ਜਸਪਾਲ ਸਿੰਘ ਬੈਂਸ, ਪ੍ਰਭਜੋਤ ਸਿੰਘ (ਵਕੀਲ) ਕੈਨੇਡਾ, ਮਨਿੰਦਰ ਸਿੰਘ ਕੈਨੇਡਾ, ਜੋਗਿੰਦਰ ਸਿੰਘ ਬੱਲ, ਹਰਦੀਸ਼ ਸਿੰਘ, ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਚਰਨ ਸਿੰਘ ਟਿਵੀਡੇਲ, ਭਾਈ ਗੁਰਨਾਮ ਸਿੰਘ ਬਾਬਾ ਸੰਗ, ਨਰਿੰਦਰਜੀਤ ਸਿੰਘ ਥਾਂਦੀ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ ਮੁਠੱਡਾ, ਕੁਲਦੀਪ ਸਿੰਘ ਚਹੇੜੂ ਆਦਿ ਨੇ ਸੰਬੋਧਨ ਕੀਤਾ |