ਲੰਡਨ, 8 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਸਾਊਥਹੈਂਪਟਨ ਵਿਖੇ ਕਤਲ ਹੋਏ ਨੌਜਵਾਨ ਹੈਨਰੀ ਨੋਵਾਕ ਅਤੇ 50 ਸਾਲ ਪਹਿਲਾਂ ਕਤਲ ਕੀਤੇ ਗਏ ਗੁਰਦੀਪ ਸਿੰਘ ਚੱਘਰ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਗੁਰਬਾਣੀ ਕੀਰਤਨ ਤੋਂ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ: ਗੁਰਮੇਲ ਸਿੰਘ ਮੱਲੀ, ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਨੇ ਸਿੱਖ ਭਾਈਚਾਰੇ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਨੋਵਾਕ ਦੀ ਹੱਤਿਆ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਿੱਖ ਭਾਈਚਾਰਾ ਇਸ ਦੁੱਖ ਦੀ ਘੜ੍ਹੀ ਵਿੱਚ ਪੀੜਤ ਪ੍ਰੀਵਾਰ ਨਾਲ ਖੜ੍ਹਾ ਹੈ | ਇਸ ਦੇ ਨਾਲ ਹੀ ਭਾਈਚਾਰਿਆਂ ਵਿੱਚ ਕਿਸੇ ਤਰ੍ਹਾਂ ਦੀ ਫੁੱਟ ਪਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ | ਸਿੱਖਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਿੱਖਾਂ ਦਾ ਸਰਬੱਤ ਦੇ ਭਲੇ ਦਾ ਸਿਧਾਂਤ ਹੈ | ਸਾਊਥਾਲ ਈਲਿੰਗ ਐਮ ਪੀ ਡੀਅਰਡਰੇ ਕੌਸਟੀਗਨ ਅਤੇ ਹੰਸਲੋ ਦੀ ਐਮ ਪੀ ਰੂਥ ਕੈਡਬਰੀ ਨੇ ਕਿਹਾ ਕਿ ਹੈਨਰੀ ਅਤੇ ਚੱਘਰ ਪ੍ਰੀਵਾਰ ਦੀ ਪੀੜ ਨੂੰ ਮਹਿਸੂਸ ਕਰਦੇ ਹਾਂ, ਕਿਸੇ ਇੱਕ ਦੀ ਗਲਤੀ ਲਈ ਸਾਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ, ਉਹਨਾਂ ਸਮੁੱਚੇ ਸਿੱਖ ਭਾਈਚਾਰੇ ਦਾ ਧੰਨਵਾਦ ਵੀ ਕੀਤਾ ਜੋ ਨੋਵਾਕ ਦੇ ਪ੍ਰੀਵਾਰ ਨਾਲ ਖੜ੍ਹੇ ਅਤੇ ਦੋਸ਼ੀ ਦੀ ਨਿੰਦਾ ਕੀਤੀ ਅਤੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਿੱਖ ਕਿ੍ਪਾਨ ਕਿਉਂ ਪਹਿਣਦੇ ਹਨ | ਕਿ੍ਪਾਨ ਤੇ ਪਾਬੰਦੀ ਚਾਕੂ ਅਪਰਾਧ ਰੋਕਣ ਦਾ ਹੱਲ ਨਹੀਂ ਹੈ | ਕਿ੍ਪਾਨ ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ | ਉਹਨਾਂ ਕਿਹਾ ਕਿ ਅਸੀਂ ਭਾਈਚਾਰਿਆਂ ਮਿਲ ਕੇ ਇਸ ਮਾਮਲੇ ਦੇ ਹੱਲ ਲਈ ਕੰਮ ਕਰ ਰਹੇ ਹਾਂ | ਇਸ ਮੌਕੇ ਵਿਦੇਸ਼ ਰਾਜ ਮੰਤਰੀ ਸੀਮਾ ਮਲਹੋਤਰਾ, ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਵੀ ਸ਼ੋਕ ਸੰਦੇਸ਼ ਭੇਜੇ | ਹੰਸਲੋ ਦੇ ਮੇਅਰ ਰਣਜੀਤ ਸਿੰਘ ਗਿੱਲ, ਡਾ: ਜੋਗਿੰਦਰ ਸਿੰਘ ਤੇਜ਼ ਖੁਰਾਣਾ, ਪ੍ਰਮਿੰਦਰ ਸਿੰਘ ਬੱਲ ਅਤੇ ਗੁਰਮੀਤ ਸਿੰਘ ਸਿੱਧੂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ |