ਨਿਊਯਾਰਕ, 10 ਜੁਲਾਈ (ਰਾਜੂ ਸਹਿਬਾਜ਼ਪੁਰਾ)-ਗਵਰਨਰ ਮਿਕੀ ਸ਼ੈਰਿਲ ਨੇ ਆਪਣੇ ਕਾਰਜਕਾਲ ਦਾ ਪਹਿਲਾ ਅਤੇ ਨਿਊ ਜਰਸੀ ਦੇ ਇਤਿਹਾਸ ਦਾ ਰਿਕਾਰਡ 60.7 ਅਰਬ ਡਾਲਰ ਦਾ ਬਜਟ ਮਨਜ਼ੂਰ ਕਰ ਦਿੱਤਾ ਹੈ। ਅੱਧੀ ਰਾਤ ਦੀ ਮਿਆਦ ਤੋਂ ਪਹਿਲਾਂ ਦਸਤਖ਼ਤ ਕਰਕੇ ਉਨ੍ਹਾਂ ਨੇ ਇਸ ਨੂੰ “ਲੋਕਾਂ ਦੀ ਸਮਰੱਥਾ ਅਤੇ ਮੌਕਿਆਂ ਨੂੰ ਮਜ਼ਬੂਤ ਕਰਨ ਵਾਲਾ ਬਜਟ” ਕਰਾਰ ਦਿੱਤਾ। ਗਵਰਨਰ ਸ਼ੈਰਿਲ ਨੇ ਕਿਹਾ ਕਿ ਇਸ ਬਜਟ ਦਾ ਮੁੱਖ ਉਦੇਸ਼ ਨਿਊ ਜਰਸੀ ਦੇ ਪਰਿਵਾਰਾਂ ਨੂੰ ਆਰਥਿਕ ਰਾਹਤ ਦੇਣਾ ਅਤੇ ਰਾਜ ਦੇ ਭਵਿੱਖ ਵਿੱਚ ਨਿਵੇਸ਼ ਕਰਨਾ ਹੈ। ਉਨ੍ਹਾਂ ਦੇ ਅਨੁਸਾਰ ਇਸ ਯੋਜਨਾ ਤਹਿਤ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਪ੍ਰਾਪਰਟੀ ਟੈਕਸ ਰਾਹਤ ਦਿੱਤੀ ਜਾਵੇਗੀ, ਨਾਲ ਹੀ ਬੱਚਿਆਂ ਦੀ ਸਿੱਖਿਆ, ਕਿਫ਼ਾਇਤੀ ਰਿਹਾਇਸ਼ ਅਤੇ ਹੋਰ ਜਨਹਿੱਤ ਯੋਜਨਾਵਾਂ ਲਈ ਵੱਡਾ ਫੰਡ ਰੱਖਿਆ ਗਿਆ ਹੈ। ਬਜਟ ਵਿੱਚ ਪੈਨਸ਼ਨ ਪ੍ਰਣਾਲੀ ਲਈ ਪੂਰਾ ਫੰਡ ਮੁਹੱਈਆ ਕਰਵਾਉਣ, ਰਾਜ ਦੇ ਢਾਂਚਾਗਤ ਘਾਟੇ ਨੂੰ ਲਗਭਗ ਅੱਧਾ ਕਰਨ ਅਤੇ ਸਰਕਾਰੀ ਬਚਤ (ਸਰਪਲੱਸ) ਵਿੱਚ ਵਾਧਾ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਗਵਰਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਸਾਰੇ ਕਦਮ ਨਿਊ ਜਰਸੀ ਦੇ ਆਮ ਨਾਗਰਿਕਾਂ ਉੱਤੇ ਕੋਈ ਨਵਾਂ ਨਿੱਜੀ ਟੈਕਸ ਲਗਾਏ ਬਿਨਾਂ ਚੁੱਕੇ ਜਾ ਰਹੇ ਹਨ। ਇਹ ਰਿਕਾਰਡ ਬਜਟ ਆਉਣ ਵਾਲੇ ਦਿਨਾਂ ਵਿੱਚ ਨਿਊ ਜਰਸੀ ਦੀ ਆਰਥਿਕ ਦਿਸ਼ਾ, ਲੋਕ ਭਲਾਈ ਯੋਜਨਾਵਾਂ ਅਤੇ ਵਿਕਾਸ ਸੰਬੰਧੀ ਨੀਤੀਆਂ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾ ਰਿਹਾ ਹੈ।