ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲਗਭਗ 1000 ਸਾਲ ਪੁਰਾਣੀ ਕਲਾਕ੍ਰਿਤੀ ‘ਬੇਯੂ ਟੈਪਸਟਰੀ’ ਸਖ਼ਤ ਸੁਰੱਖਿਆ ਤਹਿਤ ਫਰਾਂਸ ਤੋਂ ਲੰਡਨ ਦੇ ਬ੍ਰਿਟਿਸ਼ ਮਿਊਜ਼ੀਅਮ ਵਿੱਚ ਲਿਆਂਦੀ ਗਈ ਹੈ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਲਗਭਗ 1,000 ਸਾਲਾਂ ਬਾਅਦ ਇਹ ਬੇਸ਼ਕੀਮਤੀ ਕਲਾਕ੍ਰਿਤੀ ਬਰਤਾਨੀਆਂ ਦੀ ਧਰਤੀ ‘ਤੇ ਵਾਪਸ ਆਈ ਹੈ। 70 ਮੀਟਰ (230 ਫੁੱਟ) ਲੰਬੀ ਇਸ ਕਢਾਈ ਵਾਲੀ ਇਤਿਹਾਸਕ ਪੱਟੀ ਨੂੰ ਸੁਰੱਖਿਅਤ ਲਿਆਉਣ ਲਈ ਬੇਹੱਦ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਇਸ ਨੂੰ ਤਾਪਮਾਨ ਅਤੇ ਨਮੀ ਨੂੰ ਕੰਟਰੋਲ ਕਰਨ ਵਾਲੇ ਇੱਕ ਵਿਸ਼ੇਸ਼ ਬਕਸੇ ਵਿੱਚ ਰੱਖ ਕੇ ਯੂਰੋਟਨਲ ਰਾਹੀਂ ਲਿਆਂਦਾ ਗਿਆ, ਜਿੱਥੇ ਬਰਤਾਨਵੀ ਪੁਲਿਸ ਦੀਆਂ ਗੱਡੀਆਂ ਨੇ ਇਸ ਨੂੰ ਅੱਧੀ ਰਾਤ ਨੂੰ ਸੁਰੱਖਿਅਤ ਮਿਊਜ਼ੀਅਮ ਤੱਕ ਪਹੁੰਚਾਇਆ। ਇਹ ਕਲਾਕ੍ਰਿਤੀ 1066 ਦੀ ‘ਨੌਰਮਨ ਜਿੱਤ’ ਅਤੇ ਹੇਸਟਿੰਗਜ਼ ਦੀ ਜੰਗ ਦੀ ਕਹਾਣੀ ਨੂੰ ਤਸਵੀਰਾਂ ਰਾਹੀਂ ਬਿਆਨ ਕਰਦੀ ਹੈ, ਜਿਸ ਨੇ ਬਰਤਾਨੀਆਂ ਦੇ ਇਤਿਹਾਸ ਨੂੰ ਹਮੇਸ਼ਾਂ ਲਈ ਬਦਲ ਦਿੱਤਾ ਸੀ। ਭਾਵੇਂ ਇਹ ਚਿਤਰਕਲਾ ਸਦੀਆਂ ਤੋਂ ਫਰਾਂਸ ਵਿੱਚ ਹੈ, ਪਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਨੂੰ ਇੰਗਲੈਂਡ ਦੇ ਹੀ ਕਾਰੀਗਰਾਂ ਦੁਆਰਾ ਤਿਆਰ ਕੀਤਾ ਗਿਆ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਯੂ ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਿਚਕਾਰ ਹੋਏ ਇੱਕ ਇਤਿਹਾਸਕ ਸਮਝੌਤੇ ਤਹਿਤ ਇਹ ਕਲਾਕ੍ਰਿਤੀ ਬਰਤਾਨੀਆਂ ਨੂੰ ਉਧਾਰ ਦਿੱਤੀ ਗਈ ਹੈ। ਬ੍ਰਿਟਿਸ਼ ਮਿਊਜ਼ੀਅਮ ਮੁਤਾਬਕ ਇਹ ਇਤਿਹਾਸਕ ਪ੍ਰਦਰਸ਼ਨੀ 10 ਸਤੰਬਰ 2026 ਤੋਂ 11 ਜੁਲਾਈ 2027 ਤੱਕ ਚੱਲੇਗੀ। ਇਸ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਪਹਿਲੇ ਹੀ ਦਿਨ 1,00,000 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ।