ਐਡੀਲੇਡ, 10 ਜੁਲਾਈ (ਗੁਰਮੀਤ ਸਿੰਘ ਵਾਲੀਆ)ਦੱਖਣੀ ਆਸਟ੍ਰੇਲੀਆ ਦੇ ਬੋਲੀਵਰ ਨੇੜੇ ਉੱਤਰੀ-ਦੱਖਣੀ ਮੋਟਰਵੇਅ ’ਤੇ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਕੰਕਰੀਟ ਦੀਆਂ ਸਲੈਬਾਂ ਨਾਲ ਲੱਦੇ ਇੱਕ ਟਰੱਕ ਵਿਚੋਂ 15-15 ਟਨ ਵਜ਼ਨ ਦੀਆਂ ਦੋ ਸਲੈਬਾਂ ਅਚਾਨਕ ਸੜਕ ’ਤੇ ਡਿੱਗ ਪਈਆਂ। ਹਾਦਸੇ ਦੌਰਾਨ ਸੜਕ ਦੇ ਕਿਨਾਰੇ ਖੜ੍ਹੇ ਦੋ ਪੈਦਲ ਯਾਤਰੀ ਵਾਲ-ਵਾਲ ਬਚ ਗਏ, ਜਦਕਿ ਇੱਕ ਵਿਅਕਤੀ ਦੀ ਬਾਂਹ ਟੁੱਟ ਗਈ ਅਤੇ ਦੋ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ।ਦੱਖਣੀ ਆਸਟ੍ਰੇਲੀਆ ਪੁਲਿਸ ਅਨੁਸਾਰ ਇਹ ਘਟਨਾ ਸਵੇਰੇ ਕਰੀਬ 10.30 ਵਜੇ ਵਾਪਰੀ। ਟਰੱਕ ਦੱਖਣ ਵੱਲ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਭਾਰ ਖਿਸਕ ਗਿਆ ਅਤੇ ਦੋ ਭਾਰੀ ਕੰਕਰੀਟ ਸਲੈਬਾਂ ਸੜਕ ’ਤੇ ਆ ਡਿੱਗੀਆਂ। ਇਸ ਤੋਂ ਬਾਅਦ ਸਲੈਬਾਂ ਸੜਕ ਦੇ ਕਿਨਾਰੇ ਖੜ੍ਹੀਆਂ ਤਿੰਨ ਕਾਰਾਂ ਨਾਲ ਟਕਰਾ ਗਈਆਂ। ਉਸ ਸਮੇਂ ਦੋ ਵਿਅਕਤੀ ਇੱਕ ਖਰਾਬ ਹੋਏ ਵਾਹਨ ਦੇ ਕੋਲ ਖੜ੍ਹੇ ਸਨ, ਜੋ ਇਸ ਹਾਦਸੇ ਦੀ ਲਪੇਟ ਵਿੱਚ ਆ ਗਏ। ਹਾਦਸੇ ਵਿੱਚ ਜ਼ਖ਼ਮੀ ਹੋਏ ਇੱਕ ਵਿਅਕਤੀ ਨੂੰ ਬਾਂਹ ਟੁੱਟਣ ਕਾਰਨ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਦਕਿ ਦੋ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਮੁਤਾਬਕ ਹਾਦਸਾ ਹੋਰ ਵੀ ਗੰਭੀਰ ਹੋ ਸਕਦਾ ਸੀ, ਪਰ ਪੈਦਲ ਯਾਤਰੀ ਖੁਸ਼ਕਿਸਮਤੀ ਨਾਲ ਬਚ ਗਏ। ਘਟਨਾ ਤੋਂ ਬਾਅਦ ਸਾਰੇ ਨੁਕਸਾਨੇ ਵਾਹਨਾਂ ਨੂੰ ਟੋਅ ਕਰਕੇ ਹਟਾਇਆ ਗਿਆ ਅਤੇ ਕਰੇਨ ਦੀ ਮਦਦ ਨਾਲ ਸੜਕ ’ਤੇ ਡਿੱਗੀਆਂ ਕੰਕਰੀਟ ਸਲੈਬਾਂ ਨੂੰ ਚੁੱਕ ਕੇ ਮੋਟਰਵੇਅ ਨੂੰ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਭਾਰੀ ਵਾਹਨ ਇਨਫੋਰਸਮੈਂਟ ਯੂਨਿਟ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਅਤੇ ਹਾਦਸੇ ਦੀ ਜਾਂਚ ਕੀਤੀ। ਐਸ ਏ ਪੁਲਿਸ ਨੇ ਭਾਰੀ ਵਾਹਨਾਂ ਦੇ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਭਾਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਢੰਗ ਨਾਲ ਬੰਨ੍ਹਣਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਹੋਰ ਵਾਹਨ ਚਾਲਕਾਂ ਨੂੰ ਵੀ ਭਾਰੀ ਵਾਹਨਾਂ ਤੋਂ ਲੋੜੀਂਦੀ ਦੂਰੀ ਬਣਾਈ ਰੱਖਣ ਅਤੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ ਗਈ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।