ਮੈਕਸੀਕਨ ਨਾਗਰਿਕ ਦੀ ਮੌਤ ਨੇ ਭਖਾਇਆ ਵਿਵਾਦ; ਆਈਸ ਦੀ ਕਾਰਵਾਈ ‘ਤੇ ਘਿਰਿਆ ਅਮਰੀਕੀ ਪ੍ਰਸ਼ਾਸਨ ਮੈਕਸੀਕੋ ਦੀ ਰਾਸ਼ਟਰਪਤੀ ਨੇ ਕੀਤਾ ਜ਼ੋਰਦਾਰ ਵਿਰੋਧ
ਅਜੀਤ ਡੈਸਕ
12-07-2026
ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬਾਊਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਸਿਰਫ਼ ਕੂਟਨੀਤਿਕ ਵਿਰੋਧ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਆਪਣੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹਰ ਸੰਭਵ ਕਾਨੂੰਨੀ ਕਦਮ ਚੁੱਕੇਗੀ। ਮੈਕਸੀਕੋ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਮੌਜੂਦਾ ਅਮਰੀਕੀ ਇਮੀਗ੍ਰੇਸ਼ਨ ਮੁਹਿੰਮ ਦੌਰਾਨ 17 ਮੈਕਸੀਕਨ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 14 ਦੀ ਮੌਤ ਆਈਸ ਦੀ ਹਿਰਾਸਤ ਵਿੱਚ ਹੋਈ, ਜਦਕਿ 3 ਦੀ ਮੌਤ ਆਈਸ ਦੀਆਂ ਕਾਰਵਾਈਆਂ ਦੌਰਾਨ ਹੋਈ ਹੈ।
ਪਿਛਲੇ ਦਿਨੀ ਵਾਪਰੀ ਇਸ ਘਟਨਾ ਵੇਲੇ 52 ਸਾਲਾ ਲੋਰੈਂਜ਼ੋ ਸਾਲਗਾਡੋ ਅਰਾਊਹੋ ਆਪਣੇ ਸਾਥੀ ਮਜ਼ਦੂਰਾਂ ਨੂੰ ਕੰਮ ਵਾਲੀ ਥਾਂ ਲੈ ਕੇ ਜਾ ਰਹੇ ਸਨ। ਪਰਿਵਾਰ ਅਨੁਸਾਰ ਉਹ ਲਗਭਗ 35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ, ਉਸਾਰੀ ਦਾ ਕਾਰੋਬਾਰ ਕਰਦੇ ਸਨ, ਤਿੰਨ ਬੱਚਿਆਂ ਦੇ ਪਿਤਾ ਸਨ ਅਤੇ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉਹ ਕਾਨੂੰਨੀ ਇਮੀਗ੍ਰੇਸ਼ਨ ਦਰਜਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਸਨ।
ਅਮਰੀਕੀ ਹੋਮਲੈਂਡ ਸਿਕਿਉਰਿਟੀ ਵਿਭਾਗ (DHS) ਅਤੇ ਆਈਸ ਦਾ ਕਹਿਣਾ ਹੈ ਕਿ ਲੋਰੈਂਜ਼ੋ ਨੇ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਆਪਣੀ ਵੈਨ ਨਾਲ ਇੱਕ ਆਈਸ ਏਜੰਟ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਵਿਭਾਗ ਅਨੁਸਾਰ ਇਸ ਸਥਿਤੀ ਵਿੱਚ ਏਜੰਟ ਨੇ ਆਪਣੀ ਸੁਰੱਖਿਆ ਲਈ ਸਵੈ-ਰੱਖਿਆ ਵਿੱਚ ਗੋਲੀ ਚਲਾਈ।
ਦੂਜੇ ਪਾਸੇ, ਵੈਨ ਵਿੱਚ ਮੌਜੂਦ ਚਸ਼ਮਦੀਨ ਲੋਕਾਂ ਦੇ ਵਕੀਲ ਅਤੇ ਪਰਿਵਾਰ ਨੇ ਇਸ ਦਾਅਵੇ ਨੂੰ ਸਿਰੇ ਤੋਂ ਰੱਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੈਨ ਨੇ ਕਿਸੇ ਵੀ ਅਧਿਕਾਰੀ ਨੂੰ ਟੱਕਰ ਨਹੀਂ ਮਾਰੀ ਅਤੇ ਨਾ ਹੀ ਕਿਸੇ ਏਜੰਟ ਦੀ ਜਾਨ ਨੂੰ ਤੁਰੰਤ ਖ਼ਤਰਾ ਸੀ। ਉਨ੍ਹਾਂ ਨੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਘਟਨਾ ਵੇਲੇ ਮੌਕੇ ‘ਤੇ ਮੌਜੂਦ ਆਈਸ ਅਧਿਕਾਰੀਆਂ ਨੇ ਬਾਡੀ ਕੈਮਰੇ ਨਹੀਂ ਪਹਿਨੇ ਹੋਏ ਸਨ, ਜਿਸ ਕਾਰਨ ਇਸ ਕਾਰਵਾਈ ਨੂੰ ਲੈ ਕੇ ਹੋਰ ਸਵਾਲ ਵੀ ਉੱਠ ਰਹੇ ਹਨ।
ਮੈਕਸੀਕੋ ਦੇ ਵਿਦੇਸ਼ ਮੰਤਰੀ ਰੋਬਰਟੋ ਵੇਲਾਸਕੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕੀ ਨਿਆਂ ਵਿਭਾਗ ਅਤੇ ਸੰਬੰਧਿਤ ਰਾਜਾਂ ਦੇ ਪ੍ਰੋਸਿਕਿਊਟਰਾਂ ਕੋਲ ਅਪਰਾਧਿਕ ਜਾਂਚ ਦੀ ਬੇਨਤੀ ਕਰੇਗੀ। ਨਾਲ ਹੀ ਆਈਸ ਲਈ ਡਿਟੇਨਸ਼ਨ ਸੈਂਟਰ ਚਲਾਉਣ ਵਾਲੀਆਂ ਨਿੱਜੀ ਕੰਪਨੀਆਂ ਵਿਰੁੱਧ ਸਿਵਲ ਕੇਸ ਵੀ ਦਾਇਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੈਕਸੀਕੋ ਆਪਣੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦੇ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਸਥਾਨਕ ਭਾਈਚਾਰੇ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਾਂਤਮਈ ਮਾਰਚ ਅਤੇ ਸ਼ਰਧਾਂਜਲੀ ਸਮਾਗਮਾਂ ਵਿੱਚ ਹਿੱਸਾ ਲੈ ਕੇ ਸੁਤੰਤਰ ਜਾਂਚ ਅਤੇ ਜਵਾਬਦੇਹੀ ਦੀ ਮੰਗ ਕੀਤੀ। ਭਾਈਚਾਰੇ ਦੇ ਕਈ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦੀ ਮੌਤ ਦਾ ਨਹੀਂ, ਸਗੋਂ ਇਮੀਗ੍ਰੇਸ਼ਨ ਕਾਰਵਾਈਆਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ।
ਫਿਲਹਾਲ ਮਾਮਲੇ ਦੀ ਜਾਂਚ ਅਮਰੀਕੀ ਏਜੰਸੀਆਂ ਵੱਲੋਂ ਜਾਰੀ ਹੈ। ਹੋਮਲੈਂਡ ਸਿਕਿਉਰਿਟੀ ਦੇ ਇੰਸਪੈਕਟਰ ਜਨਰਲ ਦਾ ਦਫ਼ਤਰ ਅਤੇ ਹੋਰ ਸੰਬੰਧਿਤ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ। ਕਿਉਂਕਿ ਸਰਕਾਰੀ ਅਧਿਕਾਰੀਆਂ, ਗਵਾਹਾਂ ਅਤੇ ਪਰਿਵਾਰ ਦੇ ਬਿਆਨਾਂ ਵਿੱਚ ਸਪਸ਼ਟ ਅੰਤਰ ਹੈ, ਇਸ ਲਈ ਅਜੇ ਤੱਕ ਇਸ ਮਾਮਲੇ ਬਾਰੇ ਕੋਈ ਅੰਤਿਮ ਨਤੀਜਾ ਸਾਹਮਣੇ ਨਹੀਂ ਆਇਆ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੀ ਪੂਰੀ ਤਸਵੀਰ ਸਪਸ਼ਟ ਹੋ ਸਕੇਗੀ।