ਨਿਊਯਾਰਕ, 12 ਜੁਲਾਈ (ਰਾਜੂ ਸਹਿਬਾਜ਼ਪੁਰਾ)-ਐਫ.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਇਕ ਵਾਰ ਫਿਰ ਵਿਵਾਦਾਂ ਦੇ ਕੇਂਦਰ ਵਿੱਚ ਹਨ। ਉਨ੍ਹਾਂ ਦੇ ਵਿਵਹਾਰ, ਸੋਸ਼ਲ ਮੀਡੀਆ ਪੋਸਟਾਂ ਅਤੇ ਸਰਕਾਰੀ ਜਹਾਜ਼ ਦੀ ਵਰਤੋਂ ਨੂੰ ਲੈ ਕੇ ਲਗਾਤਾਰ ਉੱਠ ਰਹੇ ਸਵਾਲਾਂ ਦਰਮਿਆਨ ਵਾਈਟ ਹਾਊਸ ਨੂੰ ਉਨ੍ਹਾਂ ਦੇ ਸਮਰਥਨ ਵਿੱਚ ਆਉਣਾ ਪਿਆ ਹੈ। ਇਸੇ ਦੌਰਾਨ, ਨਵੇਂ ਏਅਰ ਫੋਰਸ ਵਨ ਦੀ ਸੁਰੱਖਿਆ ਨਾਲ ਜੁੜੀ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਨਿਊਯਾਰਕ ਟਾਈਮਜ਼ ਦੇ ਚਾਰ ਪੱਤਰਕਾਰਾਂ ਨੂੰ ਅਮਰੀਕੀ ਨਿਆਂ ਵਿਭਾਗ ਨੇ ਗ੍ਰੈਂਡ ਜਿਊਰੀ ਅੱਗੇ ਪੇਸ਼ ਹੋਣ ਲਈ ਸੰਮਨ ਭੇਜੇ ਹਨ। ਐੱਮਐੱਸ ਨਾਊ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਟਰੰਪ ਪ੍ਰਸ਼ਾਸਨ ਦੇ ਕੁਝ ਸੀਨੀਅਰ ਅਧਿਕਾਰੀ ਕਾਸ਼ ਪਟੇਲ ਦੀ ਕਾਰਗੁਜ਼ਾਰੀ ਅਤੇ ਲਗਾਤਾਰ ਬਣ ਰਹੀਆਂ ਵਿਵਾਦਿਤ ਸੁਰਖੀਆਂ ਤੋਂ ਨਾਖੁਸ਼ ਸਨ। ਰਿਪੋਰਟ ਅਨੁਸਾਰ ਪਟੇਲ ਨੇ ਸ਼ਿਕਾਗੋ ਦਾ ਇੱਕ ਦੌਰਾ ਆਖ਼ਰੀ ਸਮੇਂ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਵਾਈਟ ਹਾਊਸ ਬੁਲਾਇਆ ਗਿਆ। ਹਾਲਾਂਕਿ ਵਾਈਟ ਹਾਊਸ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਹੋਰ ਅਧਿਕਾਰਕ ਮੀਟਿੰਗਾਂ ਲਈ ਉੱਥੇ ਗਏ ਸਨ। ਵਾਈਟ ਹਾਊਸ ਦੇ ਕਮਿਊਨੀਕੇਸ਼ਨ ਡਾਇਰੈਕਟਰ ਸਟੀਵਨ ਚਿਊਂਗ ਨੇ ਪਟੇਲ ਦਾ ਖੁੱਲ੍ਹਾ ਬਚਾਅ ਕਰਦਿਆਂ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਦੀ ਕਾਨੂੰਨ-ਵਿਵਸਥਾ ਟੀਮ ਦੇ ਅਹਿਮ ਮੈਂਬਰ ਹਨ। ਉਨ੍ਹਾਂ ਨੇ ਇਹ ਵੀ ਨਕਾਰਿਆ ਕਿ ਪ੍ਰਸ਼ਾਸਨ ਪਟੇਲ ਦੀ ਸੋਸ਼ਲ ਮੀਡੀਆ ਸਰਗਰਮੀ ਜਾਂ ਨਿੱਜੀ ਦੌਰਿਆਂ ਤੋਂ ਪਰੇਸ਼ਾਨ ਹੈ। ਦੂਜੇ ਪਾਸੇ, ਨਵੇਂ ਏਅਰ ਫੋਰਸ ਵਨ ਦੀ ਸੁਰੱਖਿਆ ਬਾਰੇ ਛਪੀ ਰਿਪੋਰਟ ਤੋਂ ਬਾਅਦ ਨਿਆਂ ਵਿਭਾਗ ਨੇ ਨਿਊਯਾਰਕ ਟਾਈਮਜ਼ ਦੇ ਚਾਰ ਪੱਤਰਕਾਰਾਂ ਨੂੰ ਸੰਮਨ ਜਾਰੀ ਕੀਤੇ ਹਨ। ਇਹ ਰਿਪੋਰਟ ਇਸ ਦਾਅਵੇ ‘ਤੇ ਆਧਾਰਿਤ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰਕੀ ਤੋਂ ਵਾਪਸੀ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਨਵੇਂ ਜਹਾਜ਼ ਦੀ ਬਜਾਏ ਪੁਰਾਣੇ ਏਅਰ ਫੋਰਸ ਵਨ ਦੀ ਵਰਤੋਂ ਕੀਤੀ।
ਕਾਸ਼ ਪਟੇਲ ਨੂੰ ਲੈ ਕੇ ਵਧਿਆ ਵਿਵਾਦ: ਵਾਈਟ ਹਾਊਸ ਨੇ ਕੀਤਾ ਬਚਾਅ, ਪੱਤਰਕਾਰਾਂ ਨੂੰ ਸੰਮਨ ਜਾਰੀ
ਅਜੀਤ ਡੈਸਕ
13-07-2026