ਵੈਨਿਸ (ਇਟਲੀ), 12 ਜੁਲਾਈ (ਹਰਦੀਪ ਸਿੰਘ ਕੰਗ)-ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਹਰੇਕ ਸਾਲ ਦੇ ਵਾਂਗ ਇਸ ਸਾਲ ਵੀ 16ਵਾਂ “ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ” ਮਿਤੀ 1 ਅਗਸਤ ਨੂੰ ਕਰਵਾਇਆ ਜਾਵੇਗਾ।ਸ਼੍ਰੀ ਬਾਲਾ ਜੀ ਸਨਾਤਨੀ ਮੰਦਿਰ ਪਾਦੋਵਾ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਇਸ ਵਾਰਸ਼ਿਕ ਸ਼ਾਂਤੀ ਯੱਗ ਦੌਰਾਨ ਸੂਫੀ ਗਾਇਕ ਕਾਸ਼ੀ ਨਾਥ ਜੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੁਣਗਾਇਨ ਕਰਨਗੇ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਅਚਾਰੀਆ ਰਮੇਸ਼ਪਾਲ ਸ਼ਾਸ਼ਤਰੀ ਨੇ ਦੱਸਿਆ ਕਿ “ਵਾਰਸ਼ਿਕ ਸ਼ਾਂਤੀ ਯੱਗ ਮੌਕੇ 1 ਅਗਸਤ ਵਾਲੇ ਦਿਨ ਹੀ 12 ਵਜੇ ਤੋਂ 2 ਵਜੇ ਤੱਕ ਪਵਿੱਤਰ ਹਵਨ ਹੋਵੇਗਾ ਅਤੇ ਦੁਪਹਿਰ 4 ਵਜੇ ਤੋਂ 6 ਵਜੇ ਤੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ ਜਿਸ ਵਿੱਚ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਸ਼ਰਧਾਲੂ ਬੱਸਾਂ ਰਾਹੀ ਹਾਜਰੀਆਂ ਭਰਨਗੇ।ਇਸੇ ਪ੍ਰਕਾਰ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਦੀਆਂ ਅਨੇਕਾਂ ਧਾਰਮਿਕ, ਸਮਾਜਿਕ ਅਤੇ ਰਾਜਨਿਤਕ ਖੇਤਰ ਦੀਆਂ ਸ਼ਖਸ਼ੀਅਤਾਂ ਅਤੇ ਪ੍ਰਬੰਧਕ ਕਮੇਟੀਆਂ ਇਸ ਯੱਗ ਵਿੱਚ ਪਹੁੰਚਣਗੀਆਂ ਅਤੇ ਸ਼ਾਮ 8 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਸੂਫੀ ਗਾਇਕ ਕਾਸ਼ੀ ਨਾਥ ਜੀ ਆਪਣੇ ਭਜਨਾਂ ਨਾਲ਼ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ।
ਪਾਦੋਵਾ ਵਿਖੇ 16 ਵਾਂ “ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ” ਮਿਤੀ 1 ਅਗਸਤ ਨੂੰ ਕਰਵਾਇਆ ਜਾਵੇਗਾ
ਅਜੀਤ ਡੈਸਕ
13-07-2026