ਨਿਊਯਾਰਕ, 22 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਐਫ਼.ਬੀ.ਆਈ. ਨੇ ਭਾਰਤੀ ਮੂਲ ਦੇ ਨੌਜਵਾਨ ਹਰਮਨਵੀਰ ਸਿੰਘ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਹੈ। ਮੁਲਜ਼ਮ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੇ ਪੈਮਾਨੇ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਸਪਲਾਈ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਲੱਗੇ ਹਨ। ਜਾਂਚ ਏਜੰਸੀ ਮੁਤਾਬਕ ਹਰਮਨਵੀਰ ਸਿੰਘ ਕੈਨੇਡਾ ਦੇ ਵੈਨਕੂਵਰ ਤੋਂ ਚੱਲ ਰਹੇ ‘ਰਵਿੰਦਰ ਢੰਡਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ’ ਨਾਮ ਦੇ ਇੱਕ ਅਪਰਾਧਿਕ ਗਰੋਹ ਨਾਲ ਜੁੜਿਆ ਹੋਇਆ ਹੈ। ਇਹ ਗਰੋਹ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿਚ ਕੋਕੀਨ ਅਤੇ ਮੈਥਾਮਫੇਟਾਮਾਈਨ ਵਰਗੇ ਨਸ਼ਿਆਂ ਦੀ ਵੱਡੀ ਮਾਤਰਾ ਵਿਚ ਤਸਕਰੀ ਕਰਨ ਲਈ ਬਦਨਾਮ ਹੈ। ਵੇਰਵਿਆਂ ਅਨੁਸਾਰ 26 ਸਤੰਬਰ 1994 ਨੂੰ ਜਨਮਿਆ ਹਰਮਨਵੀਰ ਸਿੰਘ ‘ਹਰੀ ਗੌਤਮ’ ਅਤੇ ‘ਹਰਮਨ ਸੰਧੂ’ ਵਰਗੇ ਫ਼ਰਜ਼ੀ ਨਾਵਾਂ ਦੀ ਵਰਤੋਂ ਵੀ ਕਰਦਾ ਰਿਹਾ ਹੈ।