ਟੋਰਾਂਟੋ, 22 ਜੁਲਾਈ (ਹਰਜੀਤ ਸਿੰਘ ਬਾਜਵਾ)-ਉੱਘੇ ਫਿ਼ਲਮੀ ਗਾਇਕ ਮਰਹੂਮ ਮੁਹੰਮਦ ਰਫ਼ੀ ਦੀ 46ਵੀਂ ਬਰਸੀ ਮੌਕੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਇੱਕ ਸਾਹਿਤਕ ਅਤੇ ਸੰਗੀਤਕ ਸਮਾਗਮ ਕਰਵਾ ਕੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਗਈ, ਇੱਥੇ ਵੱਸਦੇ ਲੋਕ ਗਾਇਕ ਇਕਬਾਲ ਬਰਾੜ ਜਿਸਨੂੰ ਟੋਰਾਂਟੋ ਦਾ ਮੁਹੰਮਦ ਰਫ਼ੀ ਵੀ ਆਖਿਆ ਜਾਂਦਾ ਹੈ, ਨੇ ਮੁਹੰਮਦ ਰਫ਼ੀ ਦੀ ਜਿ਼ੰਦਗੀ ਦੇ ਕਈ ਪਹਿਲੂਆਂ ’ਤੇ ਗੱਲਬਾਤ ਕੀਤੀ। ਸਮਾਗਮ ਦੀ ਸ਼ੁਰੂਆਤ ’ਚ ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦੀ ਰੂਪਰੇਖਾ ਬਾਰੇ ਦੱਸਿਆ,ਉਪਰੰਤ ਹਾਜ਼ਰੀਨ ਵੱਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਆਨ ਸਕੂਲ ਦੇ ਸਾਬਕਾ ਪ੍ਰੋ. ਡਾ. ਇਕਬਾਲ ਕੌਰ ਸੌਂਧ ਦੇ ਅਕਾਲ ਚਲਾਣੇ ’ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਦੇ ਪਹਿਲੇ ਭਾਗ ਵਿਚ ਮੰਚ ਸੰਚਾਲਨ ਪ੍ਰੋ. ਤਲਵਿੰਦਰ ਮੰਡ ਵੱਲੋਂ ਕੀਤਾ ਗਿਆ,ਉਨ੍ਹਾਂ ਪੰਜਾਬ ਤੋਂ ਆਈ ਉੱਘੀ ਲੇਖਿਕਾ ਅਤੇ ਸਮਾਜਿਕ ਕਾਰਕੁੰਨ ਮੈਡਮ ਸਰਿੰਦਰ ਗਿੱਲ ਜੈਪਾਲ ਨਾਲ ਰੂਬਰੂ ਸੰਵਾਦ ਰਚਾਇਆ। ਬੀਬੀ ਸੁਰਿੰਦਰ ਗਿੱਲ ਜੈਪਾਲ ਪਿਛਲੇ ਕਈ ਸਾਲਾਂ ਤੋਂ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਸਰਿੰਦਰ ਗਿੱਲ ਜੈਪਾਲ ਨੇ ਦੱਸਿਆ ਕਿ ਸੰਵੇਦਨਸ਼ੀਲ ਲੋਕ ਆਪਣੇ ਅਤੀਤ ਅਤੇ ਇਤਿਹਾਸ ਨੂੰ ਹਮੇਸ਼ਾਂ ਯਾਦ ਰੱਖਦੇ ਹਨ,ਉਨ੍ਹਾਂ ਇਸ ਸਮਾਗਮ ਦੌਰਾਨ ਹਾਜ਼ਰ ਦੋਵਾਂ ਪੰਜਾਬਾਂ (ਚੜ੍ਹਦੇ/ਲਹਿੰਦੇ)ਨਾਲ ਸਬੰਧਤ ਸੁਹਿਰਦ ਸੱਜਣਾਂ ਨਾਲ 1947 ਦੀ ਭਾਰਤ-ਪਾਕਿ ਵੰਡ ਦਾ ਦਰਦ ਬਿਆਨ ਕਰਦਿਆਂ ਆਪਣੀ ਪੁਸਤਕ ‘ਪੌਣਾ ਮੀਲ ਸਰਹੱਦ’ ਵਿਚਲੀਆਂ ਕੁਝ ਇੱਕ ਕਵਿਤਾਵਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਸਮਾਗਮ ਦੇ ਦੂਸਰੇ ਹਿੱਸੇ ਵਿੱਚ ਕਵੀ ਦਰਬਾਰ ਹੋਇਆ ਜਿਸ ਵਿੱਚ ਡਾ. ਸੁਖਦੇਵ ਸਿੰਘ ਝੰਡ,ਸ਼ਾਇਰ ਮਲਵਿੰਦਰ, ਪ੍ਰਿੰਸੀਪਲ ਗਿਆਨ ਸਿੰਘ ਘਈ,ਪ੍ਰਿੰ. ਸਵਿੰਦਰ ਸਿੰਘ ਚਾਹਲ,ਸੁਰਿੰਦਰਜੀਤ ਕੌਰ,ਸੁਖਚਰਨਜੀਤ ਕੌਰ ਗਿੱਲ, ਕਰਨ ਅਜਾਇਬ ਸਿੰਘ ਸੰਘਾ, ਪ੍ਰੋ. ਆਸ਼ਕ ਰਹੀਲ, ਗੁਰਦਾਸ,ਗਾਇਕ ਹਸਨੈਨ ਅਕਬਰ,ਡਾ. ਦਲਬੀਰ ਸਿੰਘ ਕਥੂਰੀਆ,ਹਰਜਿੰਦਰ ਸਿੰਘ ਭਸੀਨ,ਜੱਸੀ ਭੁੱਲਰ,ਮਕਸੂਦ ਚੌਧਰੀ, ਮਨਮੀਤ ਕੌਰ ਆਦਿ ਵੱਲੋਂ ਜਿੱਥੇ ਆਪੋ ਆਪਣੇ ਵਿਚਾਰ ਅਤੇ ਰਚਨਾਵਾਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਇਸ ਮੌਕੇ ਪ੍ਰੋ. ਸਿਕੰਦਰ ਸਿੰਘ ਗਿੱਲ, ਡਾ. ਜਗਮੋਹਨ ਸਿੰਘ ਸੰਘਾ,ਪਰਮਜੀਤ ਸਿੰਘ ਢਿੱਲੋਂ, ਇੰਜੀ. ਹਰਜੀਤ ਸਿੰਘ ਗਿੱਲ, ਰਾਜੀਵ ਪੁੰਜ, ਹਰਮੰਦਰ ਸਿੰਘ, ਅਮਰਜੀਤ ਕੌਰ ਘਈ,ਸੁਖਮਨਦੀਪ ਕੌਰ, ਮਨਮੀਤ ਕੌਰ, ਗੁਰਲੀਨ ਕੌਰ ਤੋਂ ਇਲਾਵਾ ਹੋਰ ਵੀ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ।