ਲੈਸਟਰ (ਇੰਗਲੈਂਡ), 2 ਅਗਸਤ (ਸੁਖਜਿੰਦਰ ਸਿੰਘ ਢੱਡੇ) ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਰਸਪਿੰਦਰ ਕੌਰ ਅਤੇ ਗੁਰਦੀਪ ਕੌਰ ਵੱਲੋਂ ਸਾਂਝੇ ਤੌਰ ‘ਤੇ ਸਾਉਣ ਮਹੀਨੇ ਦਾ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ, ਪਿਆਰ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਸੱਭਿਆਚਾਰਕ ਸਮਾਗਮ ਵਿੱਚ ਲੈਸਟਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਬੀਬੀਆਂ ਨੇ ਗਿੱਧਾ ਪਾ ਕੇ, ਬੋਲੀਆਂ ਰਾਹੀਂ ਪੰਜਾਬੀ ਸੱਭਿਆਚਾਰ ਦੀਆਂ ਰੌਣਕਾਂ ਨੂੰ ਜਿਊਂਦਾ ਕੀਤਾ, ਜਦਕਿ ਬੱਚਿਆਂ ਨੇ ਵੀ ਇਸ ਤਿਉਹਾਰ ਦਾ ਭਰਪੂਰ ਆਨੰਦ ਮਾਣਿਆ।
ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਰ ਪਰਿਵਾਰ ਆਪਣੇ ਘਰ ਵਿੱਚ ਤਿਆਰ ਕੀਤੀ ਖੀਰ, ਸਮੋਸੇ, ਛੋਲੇ, ਪਕੌੜੇ, ਮਠਿਆਈਆਂ ਅਤੇ ਹੋਰ ਰਵਾਇਤੀ ਪਕਵਾਨ ਖੁੱਲ੍ਹੇ ਪਾਰਕ ਵਿੱਚ ਲੈ ਕੇ ਆਇਆ। ਸਾਰਿਆਂ ਨੇ ਮਿਲ-ਬੈਠ ਕੇ ਲੰਗਰ-ਸਰੂਪ ਇਨ੍ਹਾਂ ਪਕਵਾਨਾਂ ਦਾ ਆਨੰਦ ਮਾਣਿਆ, ਜਿਸ ਨਾਲ ਆਪਸੀ ਪਿਆਰ, ਸਾਂਝ ਅਤੇ ਭਾਈਚਾਰੇ ਦੀ ਭਾਵਨਾ ਹੋਰ ਮਜ਼ਬੂਤ ਹੋਈ। ਪਾਰਕ ਵਿੱਚ ਲੱਗੇ ਝੂਲੇ, ਪੰਜਾਬੀ ਲੋਕ-ਗੀਤ ਅਤੇ ਹਾਸੇ-ਖੇਡਾਂ ਨੇ ਸਾਉਣ ਦੇ ਤਿਉਹਾਰ ਨੂੰ ਪੰਜਾਬ ਵਾਲਾ ਰੰਗ ਬਖ਼ਸ਼ ਦਿੱਤਾ।
ਇਸ ਮੌਕੇ ਆਯੋਜਕਾਂ ਰਸਪਿੰਦਰ ਕੌਰ ਅਤੇ ਗੁਰਦੀਪ ਕੌਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਆਪਣੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਨਵੀਂ ਪੀੜ੍ਹੀ ਨੂੰ ਪੰਜਾਬੀ ਰਸਮਾਂ-ਰਿਵਾਜਾਂ ਨਾਲ ਜੋੜਦੇ ਹਨ, ਸਗੋਂ ਆਪਸੀ ਭਾਈਚਾਰੇ ਅਤੇ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ।
ਸਮਾਗਮ ਵਿੱਚ ਹਾਜ਼ਰ ਪੰਜਾਬਣਾ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ ਦੀ ਧਰਤੀ ‘ਤੇ ਤੀਆਂ ਵਰਗੇ ਪਰੰਪਰਾਗਤ ਤਿਉਹਾਰ ਮਨਾਉਣ ਨਾਲ ਪੰਜਾਬੀਅਤ ਦੀ ਪਛਾਣ ਅਤੇ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪੈਂਦਾ ਹੈ। ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਇੱਕ-ਦੂਜੇ ਨੂੰ ਸਾਉਣ ਦੀਆਂ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਜਾਰੀ ਰੱਖਣ ਦਾ ਅਹਿਦ ਕੀਤਾ।