02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਐਡੀਲੇਡ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਅੱਗ ਦੀ ਘਟਨਾ ਸੰਬੰਧੀ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਗਈ

ਐਡੀਲੇਡ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਅੱਗ ਦੀ ਘਟਨਾ ਸੰਬੰਧੀ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਗਈ

Ad Position 21
No active advertisement
ਅਜੀਤ ਡੈਸਕ 03-08-2026

-ਲੋੜ ਪਈ ਤਾਂ ਵਿਸ਼ੇਸ਼ ਟੀਮ ਐਡੀਲੇਡ ਭੇਜੀ ਜਾਵੇਗੀ-ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਐਡੀਲੇਡ, 2 ਅਗਸਤ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਵਰਜੀਨੀਆ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਵਾਪਰੀ ਭਿਆਨਕ ਅੱਗ ਦੀ ਦੁਖਦਾਈ ਘਟਨਾ ਦੇ ਕਾਰਨਾਂ, ਕਮੀਆਂ ਅਤੇ ਜ਼ਿੰਮੇਵਾਰੀਆਂ ਦੀ ਪੜਤਾਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਜਾਂਚ ਕਮੇਟੀ ਨੇ ਪੰਜ ਦਿਨਾਂ ਦੀ ਡੂੰਘੀ ਜਾਂਚ ਉਪਰੰਤ ਆਪਣੀ ਵਿਸਥਾਰਪੂਰਵਕ ਰਿਪੋਰਟ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੀ ਹੈ।ਕਮੇਟੀ ਨੇ ਪੰਜ ਦਿਨਾਂ ਤੱਕ ਸਵੇਰ ਤੋਂ ਸ਼ਾਮ ਤੱਕ ਨਿਰੰਤਰ ਜਾਂਚ ਕਰਦਿਆਂ ਫਾਇਰ ਬ੍ਰਿਗੇਡ ਅਧਿਕਾਰੀਆਂ, ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀ ਸਿੰਘਾਂ, ਲੰਗਰ ਸੇਵਾਦਾਰਾਂ, ਅੱਗ ਦੀ ਪਹਿਲੀ ਸੂਚਨਾ ਦੇਣ ਵਾਲੇ ਵਿਅਕਤੀਆਂ ਅਤੇ ਹੋਰ ਸੰਬੰਧਤ ਧਿਰਾਂ ਦੇ ਬਿਆਨ ਦਰਜ ਕੀਤੇ। ਇਸ ਤੋਂ ਇਲਾਵਾ ਘਟਨਾ ਸਥਾਨ ਦਾ ਕਈ ਵਾਰ ਮੁਆਇਨਾ ਕਰਕੇ ਅੱਗ ਲੱਗਣ ਦੇ ਸੰਭਾਵਿਤ ਕਾਰਨਾਂ, ਸੁਰੱਖਿਆ ਪ੍ਰਬੰਧਾਂ ਵਿੱਚ ਰਹਿ ਗਈਆਂ ਕਮੀਆਂ, ਐਮਰਜੈਂਸੀ ਪ੍ਰਬੰਧਾਂ ਅਤੇ ਬਚਾਅ ਕਾਰਜਾਂ ਦੇ ਹਰ ਪੱਖ ਦਾ ਸਬੂਤਾਂ ਦੇ ਆਧਾਰ ’ਤੇ ਵਿਸਥਾਰ ਨਾਲ ਅਧਿਐਨ ਕੀਤਾ ਗਿਆ। ਇਹ ਰਿਪੋਰਟ ਸੰਗਤ ਦੀ ਹਾਜ਼ਰੀ ਵਿੱਚ ਪੜ੍ਹ ਕੇ ਵੀ ਸੁਣਾਈ ਗਈ।ਰਿਪੋਰਟ ਵਿੱਚ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਦੀ ਰੋਕਥਾਮ ਲਈ ਗੁਰਦੁਆਰਿਆਂ ਵਿੱਚ ਅੱਗ ਤੋਂ ਬਚਾਅ ਦੇ ਪ੍ਰਬੰਧ ਹੋਰ ਮਜ਼ਬੂਤ ਕਰਨ, ਐਮਰਜੈਂਸੀ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਅਤੇ ਪੰਥਕ ਮਰਿਆਦਾ ਅਨੁਸਾਰ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਸਬੰਧੀ ਅਹਿਮ ਸਿਫ਼ਾਰਸ਼ਾਂ ਵੀ ਕੀਤੀਆਂ ਗਈਆਂ ਹਨ।ਇਸ ਮੰਦਭਾਗੀ ਘਟਨਾ ਵਿੱਚ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, 12 ਪੋਥੀ ਸਾਹਿਬਾਨ, ਕਰੀਬ 70 ਗੁਟਕਾ ਸਾਹਿਬਾਨ, ਧਾਰਮਿਕ ਸਾਹਿਤ ਅਤੇ ਇਤਿਹਾਸਕ ਸ਼ਸਤਰ ਨੁਕਸਾਨੇ ਗਏ ਸਨ। ਜਾਂਚ ਕਮੇਟੀ ਵਿੱਚ ਦਲਜੀਤ ਸਿੰਘ (ਨਿਊਜ਼ੀਲੈਂਡ), ਮਨਦੀਪ ਸਿੰਘ (ਪਰਥ), ਰਵਿੰਦਰ ਸਿੰਘ, ਪ੍ਰੀਤਮ ਸਿੰਘ ਅਤੇ ਜਗਦੀਪ ਸਿੰਘ (ਮੈਲਬੌਰਨ), ਕਰਮਜੀਤ ਸਿੰਘ (ਨਿਊਜ਼ੀਲੈਂਡ) ਅਤੇ ਗੁਰਿੰਦਰਜੀਤ ਸਿੰਘ (ਐਡੀਲੇਡ) ਸ਼ਾਮਲ ਸਨ। ਕਮੇਟੀ ਨੇ ਸਾਰੇ ਤੱਥਾਂ, ਦਸਤਾਵੇਜ਼ਾਂ ਅਤੇ ਗਵਾਹੀਆਂ ਦੇ ਆਧਾਰ ’ਤੇ ਆਪਣੀ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤੀ ਹੈ।ਰਿਪੋਰਟ ਪ੍ਰਾਪਤ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰਿਪੋਰਟ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਜਿੱਥੇ ਵੀ ਕਿਸੇ ਤਰ੍ਹਾਂ ਦੀ ਗਲਤੀ ਜਾਂ ਅਣਗਹਿਲੀ ਸਾਹਮਣੇ ਆਵੇਗੀ, ਉਸ ਦੀ ਨਿਰਪੱਖ ਅਤੇ ਵਿਸਥਾਰਪੂਰਵਕ ਪੜਤਾਲ ਕੀਤੀ ਜਾਵੇਗੀ। ਲੋੜ ਪੈਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਿਸ਼ੇਸ਼ ਟੀਮ ਐਡੀਲੇਡ ਭੇਜ ਕੇ ਵੀ ਜਾਂਚ ਕਰਵਾਈ ਜਾਵੇਗੀ।ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੰਤਿਮ ਫ਼ੈਸਲਾ ਨਹੀਂ ਆ ਜਾਂਦਾ, ਉਦੋਂ ਤੱਕ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਲਈ ਕਿਸੇ ਵੀ ਤਰ੍ਹਾਂ ਦੀ ਮਾਇਆ ਇਕੱਠੀ ਨਾ ਕੀਤੀ ਜਾਵੇ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ ਤੋਂ ਗੁਰੇਜ਼ ਕਰਦਿਆਂ ਪੰਥ ਦੇ ਸਰਵਉੱਚ ਤਖ਼ਤ ਦੇ ਫ਼ੈਸਲੇ ਦੀ ਉਡੀਕ ਕੀਤੀ ਜਾਵੇ।ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਵਿਸ਼ਵ ਭਰ ਵਿੱਚ ਨਵੇਂ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਲੈਣ ਦੀ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਹਰ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਸਰਵੋਚ ਤਰਜੀਹ ਦਿੱਤੀ ਜਾਵੇ ਅਤੇ 24 ਘੰਟੇ ਅੱਗ ਸੁਰੱਖਿਆ, ਨਿਗਰਾਨੀ ਅਤੇ ਹੋਰ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀ ਦੁਖਦਾਈ ਘਟਨਾ ਦੀ ਦੁਹਰਾਈ ਨਾ ਹੋਵੇ।

Ad Position 22
No active advertisement
ਪਿਛਲੀ ਖ਼ਬਰ ਵਿਨੀਪੈੱਗ ’ਚ 8 ਅਗਸਤ ਨੂੰ ਸਜੇਗਾ ਰੂਹਾਨੀ ‘ਮਲਾਰ ਰਾਗ’ ਦਰਬਾਰ ਅਗਲੀ ਖ਼ਬਰ ਇੰਗਲੈਂਡ ਤੋਂ ਪੁੱਜੇ ਉੱਘੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ ਦਾ ਕੈਨੇਡਾ ’ਚ ਨਿੱਘਾ ਸਵਾਗਤ
Ad Position 24
No active advertisement