ਬੱਚਿਆਂ ਦੀ ਸੁਰੱਖਿਆ ਲਈ ਮੈਟਾ ਨਾਲ 17.1 ਅਰਬ ਡਾਲਰ ਤੱਕ ਦਾ ਇਤਿਹਾਸਕ ਸਮਝੌਤਾ
**18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਰੋਜ਼ਾਨਾ ਹੱਦ ਦੋ ਘੰਟੇ ਹੋਵੇਗੀ ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਲਤ ਅਤੇ ਨੁਕਸਾਨਦੇਹ ਸਮੱਗਰੀ ਤੋਂ ਬਚਾਉਣ ਲਈ ਮੈਟਾ ਨੇ ਅਮਰੀਕੀ ਰਾਜਾਂ ਨਾਲ 17. 1 ਅਰਬ ਡਾਲਰ ਤੱਕ ਦਾ ਇਤਿਹਾਸਕ ਸਮਝੌਤਾ ਕੀਤਾ ਹੈ।
ਅਜੀਤ ਡੈਸਕ
27-08-2026
ਨਿਊਯਾਰਕ, 26 ਅਗਸਤ (ਰਾਜੂ ਸ਼ਹਿਬਾਜ਼ਪੁਰਾ)- ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਲਤ ਅਤੇ ਨੁਕਸਾਨਦੇਹ ਸਮੱਗਰੀ ਤੋਂ ਬਚਾਉਣ ਲਈ ਮੈਟਾ ਨੇ ਅਮਰੀਕੀ ਰਾਜਾਂ ਨਾਲ 17.1 ਅਰਬ ਡਾਲਰ ਤੱਕ ਦਾ ਇਤਿਹਾਸਕ ਸਮਝੌਤਾ ਕੀਤਾ ਹੈ। ਅਦਾਲਤੀ ਮਨਜ਼ੂਰੀ ਮਿਲਣ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਨਾਬਾਲਗਾਂ ਲਈ ਸਖ਼ਤ ਸੁਰੱਖਿਆ ਨਿਯਮ ਲਾਗੂ ਕੀਤੇ ਜਾਣਗੇ। ਸਮਝੌਤੇ ਤਹਿਤ ਮੈਟਾ ਘੱਟੋ-ਘੱਟ 12.1 ਅਰਬ ਡਾਲਰ ਅਦਾ ਕਰੇਗੀ। ਜੇ ਟਿਕਟੌਕ, ਸਨੈਪ ਅਤੇ ਯੂਟਿਊਬ ਵਰਗੀਆਂ ਹੋਰ ਵੱਡੀਆਂ ਕੰਪਨੀਆਂ ਵੀ ਅਜਿਹੇ ਸਮਝੌਤੇ ਕਰਦੀਆਂ ਹਨ ਤਾਂ ਇਹ ਰਕਮ ਵਧ ਕੇ 17.1 ਅਰਬ ਡਾਲਰ ਹੋ ਸਕਦੀ ਹੈ। ਨਿਊਯਾਰਕ ਨੂੰ 819 ਮਿਲੀਅਨ ਤੋਂ 1.15 ਅਰਬ ਡਾਲਰ ਤੱਕ ਮਿਲਣ ਦੀ ਸੰਭਾਵਨਾ ਹੈ। ਇਹ ਮਾਮਲਾ ਉਨ੍ਹਾਂ ਦੋਸ਼ਾਂ ਨਾਲ ਜੁੜਿਆ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਮੈਟਾ ਨੇ ਅਨੰਤ ਸਕ੍ਰੋਲਿੰਗ, ਲਗਾਤਾਰ ਨੋਟੀਫਿਕੇਸ਼ਨਾਂ ਅਤੇ ਐਲਗੋਰਿਦਮ ਰਾਹੀਂ ਬੱਚਿਆਂ ਨੂੰ ਲੰਬੇ ਸਮੇਂ ਤੱਕ ਆਪਣੇ ਪਲੇਟਫਾਰਮਾਂ ਨਾਲ ਜੋੜੀ ਰੱਖਿਆ। ਮੈਟਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਵਰਤੋਂਕਾਰ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਮਿਲਾ ਕੇ ਦਿਨ ਵਿਚ ਵੱਧ ਤੋਂ ਵੱਧ ਦੋ ਘੰਟੇ ਵਰਤ ਸਕਣਗੇ। ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਪਲੇਟਫਾਰਮਾਂ ਦੀ ਵਰਤੋਂ ਅਤੇ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਪੁਸ਼ ਨੋਟੀਫਿਕੇਸ਼ਨਾਂ ਉੱਤੇ ਰੋਕ ਹੋਵੇਗੀ। ਬੱਚਿਆਂ ਅਤੇ ਮਾਪਿਆਂ ਨੂੰ ਐਲਗੋਰਿਦਮ-ਆਧਾਰਿਤ ਫੀਡ ਬੰਦ ਕਰਨ ਦਾ ਵਿਕਲਪ ਮਿਲੇਗਾ। ਨਾਬਾਲਗਾਂ ਲਈ ਅਣਉਚਿਤ ਸਮੱਗਰੀ, ‘ਲਾਈਕ’ ਅਤੇ ਹੋਰ ਪ੍ਰਤੀਕਿਰਿਆਵਾਂ ਵੀ ਸੀਮਤ ਕੀਤੀਆਂ ਜਾਣਗੀਆਂ। ਇਹ ਪਾਬੰਦੀਆਂ ਹਟਾਉਣ ਲਈ ਮਾਪਿਆਂ ਦੀ ਸਪੱਸ਼ਟ ਮਨਜ਼ੂਰੀ ਲਾਜ਼ਮੀ ਹੋਵੇਗੀ। ਨਿਊਯਾਰਕ ਨੂੰ ਮਿਲਣ ਵਾਲੀ ਰਕਮ ਨੌਜਵਾਨਾਂ ਦੀ ਮਾਨਸਿਕ ਸਿਹਤ, ਸਕੂਲਾਂ ਵਿੱਚ ਫੋਨ-ਮੁਕਤ ਕਲਾਸਾਂ ਅਤੇ ਸੋਸ਼ਲ ਮੀਡੀਆ ਦੀ ਗੈਰ-ਸਿਹਤਮੰਦ ਵਰਤੋਂ ਰੋਕਣ ਵਾਲੇ ਪ੍ਰੋਗਰਾਮਾਂ ਉੱਤੇ ਖਰਚੀ ਜਾਵੇਗੀ। ਅਟਾਰਨੀ ਜਨਰਲ ਲੈਟੀਸ਼ੀਆ ਜੇਮਸ ਨੇ ਕਿਹਾ ਕਿ ਇਹ ਸਮਝੌਤਾ ਬੱਚਿਆਂ ਨੂੰ ਆਨਲਾਈਨ ਨੁਕਸਾਨ ਤੋਂ ਬਚਾਉਣ ਅਤੇ ਸੋਸ਼ਲ ਮੀਡੀਆ ਕੰਪਨੀਆਂ ਲਈ ਨਵੇਂ ਸੁਰੱਖਿਆ ਮਾਪਦੰਡ ਬਣਾਉਣ ਵੱਲ ਵੱਡਾ ਕਦਮ ਹੈ। ਅਦਾਲਤੀ ਮਨਜ਼ੂਰੀ ਤੋਂ ਬਾਅਦ ਇਹ ਨਿਯਮ ਘੱਟੋ-ਘੱਟ ਪੰਜ ਸਾਲ ਲਾਗੂ ਰਹਿਣਗੇ।