ਵਿਦਿਅਕ ਬਦਲਾਅ ਬਾਰੇ ਪ੍ਰਿੰ. ਸੰਘਾ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਲੰਡਨ, 31 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ): ਯੂ. ਕੇ.
ਲੰਡਨ, 31 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ): ਯੂ.ਕੇ. ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਵਲੋਂ ਵਿਦਿਅਕ ਬਦਲਾਅ ਸਬੰਧੀ ਇੱਕ ਅਹਿਮ ਨੀਤੀਗਤ ਐਲਾਨ ਕੀਤਾ ਗਿਆ ਹੈ । ਉਨ੍ਹਾਂ ਕਿਹਾ ਹੈ ਕਿ ਸਰਕਾਰ ਅਕਾਦਮਿਕ, ਤਕਨੀਕੀ, ਕਿੱਤਾ-ਮੁਖੀ ਤੇ ਕੰਮਕਾਜ ਦੌਰਾਨ ਪ੍ਰਾਪਤ ਕੀਤੀ ਪੜ੍ਹਾਈ-ਸਿਖਲਾਈ, ਮੁਹਾਰਤ ਤੇ ਯੋਗਤਾ ਲਈ ਇਕਸਾਰ ਅਤੇ ਬਰਾਬਰ ਦਰਜੇ ਦੀ ਮਾਨਤਾ ਸਥਾਪਤ ਕਰਨ ਵਾਸਤੇ ਢੁਕਵੀਂ ਵਿਵਸਥਾ ਤਿਆਰ ਕਰੇਗੀ । ਸਨਅਤੀ, ਕਾਰੋਬਾਰੀ, ਸਕੂਲ, ਕਾਲਜ ਤੇ ਯੂਨੀਵਰਸਿਟੀ ਖੇਤਰਾਂ ਵਿਚ ਵਿਦਿਆ-ਸਿਖਲਾਈ ਸਬੰਧੀ ਲੰਮਾ ਤਜ਼ਰਬਾ ਅਤੇ ਮੁਹਾਰਤ ਰੱਖਣ ਵਾਲੇ ਅਤੇ ਬਰਤਾਨੀਆ ਵਿਚ ਪਹਿਲੇ ਏਸ਼ਿਆਈ ਕਾਲਜ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਚੁੱਕੇ ਡਾ. ਸੁਜਿੰਦਰ ਸਿੰਘ ਸੰਘਾ, ਓ.ਬੀ.ਈ. ਨੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਅਤੇ ਸਿੱਖਿਆ ਮੰਤਰੀ ਲੂਸੀ ਪਾਵਲ ਨੂੰ ਇੱਕ ਤਜਵੀਜ਼ ਭੇਜੀ ਹੈ । ਇਸ ਵਿਚ ਉਨ੍ਹਾਂ ਨੇ ਪਾਠਕ੍ਰਮਾਂ, ਯੋਗਤਾਵਾਂ ਅਤੇ ਅਮਲੀ ਕਲਾਵਾਂ ਲਈ ਬਰਾਬਰ-ਰੁਤਬੇ ਦੀ ਮਾਨਤਾ ਸਬੰਧੀ ਇੱਕ ਸੰਖੇਪ ਖਰੜਾ ਪੇਸ਼ ਕੀਤਾ ਹੈ । ਡਾ. ਸੰਘਾ ਮੁਤਾਬਕ ਵੱਖ-ਵੱਖ ਵਿਸ਼ਿਆਂ, ਕਿੱਤਿਆਂ ਅਤੇ ਅਮਲੀ ਕਲਾਵਾਂ ਨਾਲ ਸਬੰਧਤ ਯੋਗਤਾਵਾਂ ਨੂੰ ਲੋੜੀਂਦੇ ਗਿਆਨ ਅਤੇ ਮੁਹਾਰਤ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ 14 ਤੋਂ 19 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਸਕੂਲ, ਸਨਅਤ, ਕਾਰੋਬਾਰ ਅਤੇ ਕਾਲਜ-ਅਧਾਰਿਤ ਵਿਦਿਆ-ਸਿਖਲਾਈ ਨੂੰ ਦੂਜੇ ਅਤੇ ਤੀਜੇ ਪੱਧਰ ਦੀ ਇਕਸਾਰ ਅਤੇ ਬਰਾਬਰ-ਰੁਤਬੇ ਵਾਲੀ ਯੋਗਤਾ ਪ੍ਰਣਾਲੀ ਨਾਲ ਜੋੜਨ ਦੀ ਯੋਜਨਾ ਬਣਾਈ ਜਾ ਸਕਦੀ ਹੈ। ਉਨ੍ਹਾਂ ਇੱਕ ਹੋਰ ਤਜਵੀਜ਼ ਦਿੰਦਿਆਂ ਕਿਹਾ ਕਿ 19 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਚੌਥੇ ਪੱਧਰ ਦੀ ਦੋ ਸਾਲਾਂ ਦੀ ਲਚਕੀਲੀ ‘ਐਸੋਸੀਏਟ ਕਾਲਜ ਡਿਗਰੀ’ ਦੀ ਵਿਵਸਥਾ ਕੀਤੀ ਜਾ ਸਕਦੀ ਹੈ । ਡਾ. ਸੁਜਿੰਦਰ ਸਿੰਘ ਸੰਘਾ ਦਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਇਹ ਤਜਵੀਜ਼ ਵਿਦਿਆ, ਸਿਖਲਾਈ ਤੇ ਅਮਲੀ ਕਲਾਵਾਂ ਦੇ ਖੇਤਰ ਵਿਚ ਬਰਾਬਰ-ਰੁਤਬੇ ਵਾਲੀਆਂ ਯੋਗਤਾਵਾਂ ਨੂੰ ਉਤਸ਼ਾਹਿਤ ਕਰ ਸਕਦੀ ਹੈ। ਉਨ੍ਹਾਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੀ ਪੜ੍ਹਾਈ-ਸਿਖਲਾਈ ਸਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ। ਤਸਵੀਰ: ਲੰਡਨ ਪਿਕ 4 ਪ੍ਰਿੰਸੀਪਲ ਸੁਜਿੰਦਰ ਸਿੰਘ ਸੰਘਾ